ਪਾਰੀ ਬੰਗਲੌਰ ਦੇ ਇੱਕ ਨਿੱਜੀ ਸਕੂਲ ਵਿੱਚ ਪਾਰੀ-ਗਤੀਵਿਧੀਆਂ ਬਾਰੇ ਇੱਕ ਪੇਸ਼ਕਾਰੀ ਵਿੱਚ ਰੁੱਝੀ ਹੋਈ ਹੈ। "ਅਸਮਾਨਤਾ ਵਿੱਚ ਕੀ ਬੁਰਾਈ ਹੈ?" ਉੱਥੇ ਬੈਠੇ ਇੱਕ ਵਿਦਿਆਰਥੀ ਨੇ ਉਲਝਣ ਵਿੱਚ ਪੁੱਛਿਆ।
"ਕਰਿਆਨੇ ਵਾਲ਼ੇ ਦੀ ਆਪਣੀ ਛੋਟੀ ਜਿਹੀ ਦੁਕਾਨ ਹੈ ਤੇ ਅੰਬਾਨੀ ਦਾ ਵੱਡਾ ਕਾਰੋਬਾਰ ਹੈ। ਉਸਨੂੰ ਉਹਦੀ ਮਿਹਨਤ ਮੁਤਾਬਕ ਨਤੀਜਾ ਮਿਲ਼ਦਾ ਹੈ ਜੋ ਸਖਤ ਮਿਹਨਤ ਕਰਦੇ ਹਨ ਉਹ ਸਫ਼ਲ ਹੁੰਦੇ ਹਨ," ਉਨ੍ਹਾਂ ਨੇ ਆਪਣੇ ਤਰਕ 'ਤੇ ਭਰੋਸਾ ਕਰਦਿਆਂ ਕਿਹਾ।
'ਸਫ਼ਲਤਾ' ਦਾ ਮਤਲਬ ਸਿੱਖਿਆ, ਸਿਹਤ ਅਤੇ ਨਿਆਂ ਤੱਕ ਪਹੁੰਚ ਵਿੱਚ ਅਸਮਾਨਤਾ ਬਾਰੇ ਪਾਰੀ ਦੇ ਲੇਖਾਂ ਦੁਆਰਾ ਸਮਝਾਇਆ ਜਾ ਸਕਦਾ ਹੈ। ਕਲਾਸਰੂਮਾਂ ਵਿੱਚ, ਅਸੀਂ ਖੇਤੀਬਾੜੀ ਵਾਲ਼ੀਆਂ ਜ਼ਮੀਨਾਂ, ਜੰਗਲਾਂ ਅਤੇ ਸ਼ਹਿਰਾਂ ਦੇ ਕਿਨਾਰਿਆਂ 'ਤੇ ਰਹਿਣ ਵਾਲ਼ੇ ਕਿਰਤੀ ਲੋਕਾਂ ਦੇ ਜੀਵਨ ਨੂੰ ਸਾਂਝਾ ਕਰਦੇ ਹਾਂ।
ਸਾਡਾ ਸਿੱਖਿਆ ਪ੍ਰੋਗਰਾਮ ਪੱਤਰਕਾਰਾਂ ਨੂੰ ਪਾਰੀ ਮਲਟੀ-ਮੀਡੀਆ ਪਲੇਟਫਾਰਮ ਤੋਂ ਕਲਾਸ ਤੱਕ ਲੈ ਜਾਂਦਾ ਹੈ ਤਾਂ ਜੋ ਆਮ ਆਦਮੀ ਦੇ ਮੌਜੂਦਾ ਜੀਵਨ ਨਾਲ਼ ਵਿਦਿਆਰਥੀਆਂ ਨੂੰ ਰੂਬਰੂ ਕੀਤਾ ਜਾ ਸਕੇ। ਪੇਂਡੂ ਭਾਰਤ ਅਤੇ ਸ਼ਹਿਰਾਂ ਦੇ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ, ਅਸੀਂ ਆਪਣੇ ਲੇਖਾਂ, ਫ਼ੋਟੋਆਂ, ਫ਼ਿਲਮਾਂ, ਸੰਗੀਤ ਅਤੇ ਕਲਾ ਦੇ ਭੰਡਾਰ ਰਾਹੀਂ ਵੱਖੋ ਵੱਖਰੀਆਂ ਹਕੀਕਤਾਂ ਦਿਖਾਉਂਦੇ ਹਾਂ।
ਚੇਨਈ ਦੇ ਹਾਈ ਸਕੂਲ ਦੇ ਵਿਦਿਆਰਥੀ ਅਰਨਵ ਕਹਿੰਦੇ ਹਨ, "ਅਸੀਂ ਉਨ੍ਹਾਂ ਨੂੰ (ਸਮਾਜਿਕ-ਆਰਥਿਕ ਸਮੂਹ ਤੋਂ ਹੇਠਲੇ ਤਬਕੇ ਨੂੰ) ਅੰਕੜਿਆਂ ਵਜੋਂ ਦੇਖਦੇ ਹਾਂ ਨਾ ਕਿ ਮੁਸੀਬਤਾਂ ਕੇ ਕੰਗਾਲੀ ਦਾ ਸਾਹਮਣਾ ਕਰਨ ਵਾਲ਼ੇ ਆਮ ਇਨਸਾਨ ਵਜੋਂ।''
ਖੱਬੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਮੁੱਖ ਧਾਰਾ ਦੇ ਮੀਡੀਆ ਅੰਦਰ ਪੇਂਡੂ ਕਹਾਣੀਆਂ ਦੀ ਲੋੜ ਬਾਰੇ ਆਯੋਜਿਤ ਇੱਕ ਸੈਸ਼ਨ ਦੌਰਾਨ। ਸੱਜੇ: ਰਾਜਸਥਾਨ ਦੇ ਭੀਮ ਵਿੱਚ ਸਕੂਲ ਫਾਰ ਡੈਮੋਕ੍ਰੇਸੀ ਵਿਖੇ ਨੌਜਵਾਨਾਂ ਨਾਲ਼ ਇੱਕ ਵਰਕਸ਼ਾਪ ਵਿੱਚ ਹਾਸ਼ੀਏ 'ਤੇ ਪਏ ਲੋਕਾਂ ਬਾਰੇ ਲਿਖਣ ਦੀ ਸਿਖਲਾਈ
ਸਮਾਜਿਕ ਮੁੱਦੇ ਗੁੰਝਲਦਾਰ ਹੁੰਦੇ ਹਨ, ਪਰ ਉਨ੍ਹਾਂ ਬਾਰੇ ਜਾਣਨ ਲਈ ਇੱਕ ਰਿਪੋਰਟ ਕਾਫ਼ੀ ਹੈ। ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਖੇਤ ਮਜ਼ਦੂਰਾਂ ਦੀ ਕਹਾਣੀ ਦੱਸਦੀ ਇਹ ਰਿਪੋਰਟ: Cutting cane for 2,000 hours ਅਜਿਹੀ ਹੀ ਅੱਖਾਂ ਖੋਲ੍ਹਣ ਵਾਲ਼ੀ ਮਿਸਾਲ ਹੈ। ਇਹ ਮਜ਼ਦੂਰ ਦੂਰ-ਦੁਰਾਡੇ ਤੋਂ ਇੱਥੇ ਆਉਂਦੇ ਹਨ ਅਤੇ ਖੜ੍ਹੇ ਗੰਨੇ ਨੂੰ ਕੱਟਣ ਲਈ ਦਿਨ ਦੇ ਚੌਦਾਂ-ਚੌਦਾਂ ਘੰਟੇ ਕੰਮ ਕਰਦੇ ਹਨ। ਲੇਖ ਵਿੱਚ ਵੱਖਰੀ ਜਾਣਕਾਰੀ ਹੈ। ਇਸ ਅੰਦਰ ਅਜਿਹੀਆਂ ਸ਼ਕਤੀਸ਼ਾਲੀ ਤਸਵੀਰਾਂ ਵੀ ਹਨ ਜੋ ਉਨ੍ਹਾਂ ਦੇ ਕੰਮ ਦੀ ਜ਼ਰੂਰਤ ਵੱਲ ਇਸ਼ਾਰਾ ਕਰਦੀਆਂ ਹਨ। ਲੇਖ ਤੋਂ ਪਤਾ ਲੱਗਦਾ ਹੈ ਕਿ ਮਰਾਠਵਾੜਾ ਤੋਂ 6 ਲੱਖ ਖੇਤ ਮਜ਼ਦੂਰ ਹਰ ਸਾਲ ਗੰਨਾ ਕੱਟਣ ਜਾਂਦੇ ਹਨ।
ਗੰਨਾ ਮਜ਼ਦੂਰ ਖੇਤੀ ਸੰਕਟ ਦੀ ਕਹਾਣੀ ਦੱਸਦੇ ਹਨ, ਜੋ ਕਈ ਕਾਰਕਾਂ ਜਿਵੇਂ ਕਿ ਮਾੜੀਆਂ ਨੀਤੀਆਂ, ਵਧਦੀ ਲਾਗਤ ਅਤੇ ਜਲਵਾਯੂ ਤਬਦੀਲੀ ਦੀ ਅਨਿਸ਼ਚਿਤਤਾ ਕਾਰਨ ਤੇਜ਼ ਹੋ ਰਿਹਾ ਹੈ। ਇਨ੍ਹਾਂ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਵੀ ਕੰਮ 'ਤੇ ਆਪਣੇ ਨਾਲ਼ ਲੈ ਕੇ ਜਾਣਾ ਪੈਂਦਾ ਹੈ। ਨਤੀਜੇ ਵਜੋਂ ਉਹ ਕਈ ਦਿਨਾਂ ਤੱਕ ਸਕੂਲ ਨਹੀਂ ਜਾ ਪਾਉਂਦੇ। ਭਵਿੱਖ ਅਨਿਸ਼ਚਿਤ ਹੋ ਜਾਂਦਾ ਹੈ ਅਤੇ ਉਹ ਆਪਣੇ ਮਾਪਿਆਂ ਦੀ ਜ਼ਿੰਦਗੀ ਚੁਣਨ ਲਈ ਹੀ ਮਜ਼ਬੂਰ ਹੋ ਕੇ ਰਹਿ ਜਾਂਦੇ ਹਨ।
'ਗ਼ਰੀਬੀ ਦਾ ਕੁਚੱਕਰ' ਅਸਲ ਜ਼ਿੰਦਗੀ ਦੀ ਨਾਜ਼ੀਰ ਹੈ, ਉਹ ਸ਼ਬਦ ਹੈ ਜੋ ਬੱਚੇ ਅਕਸਰ ਕਿਤਾਬਾਂ ਵਿੱਚ ਪੜ੍ਹਦੇ ਹਨ, ਹੁਣ ਇੱਕ ਮਾਨਵੀ ਕਥਨ ਬਣ ਕੇ ਰਹਿ ਗਿਆ ਹੈ ਜਿਸ ਬਾਰੇ ਕਲਾਸਰੂਮ ਵਿੱਚ ਬੱਚਿਆਂ ਨਾਲ਼ ਗੱਲ ਕੀਤੀ ਜਾਂਦੀ ਰਹੀ ਹੈ।
ਅਜਿਹੇ ਲੇਖ ਉਸ ਅੰਧਵਿਸ਼ਵਾਸ ਨੂੰ ਦੂਰ ਕਰਨ ਵਿੱਚ ਮਦਦ ਕਰਨਗੇ ਕਿ ਆਰਥਿਕ ਸਫ਼ਲਤਾ ਕਿਰਤ ਅਤੇ ਹੁਨਰ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ।
ਹੁਣ ਕਲਾਸਰੂਮ ਵਿੱਚ 'ਸਫ਼ਲਤਾ' ਦੇ ਇਸ ਘੜ੍ਹੇ ਅਰਥ ਤੋਂ ਇਨਕਾਰ ਕਰਦਿਆਂ, ਇੱਕ ਬੱਚਾ ਕਹਿੰਦਾ ਹੈ, "ਰਿਕਸ਼ਾ ਚਾਲਕ ਵੀ ਸਖ਼ਤ ਮਿਹਨਤ ਕਰਦਾ ਹੈ।''
ਸਾਡਾ ਉਦੇਸ਼ ਨਾ ਸਿਰਫ਼ ਸਾਡੇ ਲੇਖਾਂ, ਸੂਝ-ਬੂਝ ਅਤੇ ਤਸਦੀਕ ਕੀਤੀ ਜਾਣਕਾਰੀ ਰਾਹੀਂ ਇੱਕ ਭਾਈਚਾਰੇ-ਵਿਸ਼ੇਸ਼ ਬਾਰੇ ਖੋਜ ਸੋਚ ਪ੍ਰਦਾਨ ਕਰਨਾ ਹੈ, ਬਲਕਿ ਸਾਡਾ ਉਦੇਸ਼ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਕਰਨਾ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਸੁਰੱਖਿਆ ਘੇਰੇ ਅੰਦਰ ਬਣਾਈ ਰੱਖਣਾ ਵੀ ਹੁੰਦਾ ਹੈ। "ਤੁਸੀਂ ਸਾਨੂੰ ਸਾਡੇ ਦਿੱਸਹੱਦਿਆਂ ਤੋਂ ਪਾਰ ਜ਼ਿੰਦਗੀ ਦੇਖਣ ਨੂੰ ਪ੍ਰੇਰਿਤ ਕੀਤਾ ਹੈ," ਦਿੱਲੀ ਦੇ ਇੱਕ ਕਾਲਜ ਵਿਦਿਆਰਥੀ ਨੇ ਸਾਨੂੰ ਦੱਸਿਆ।
ਗੰਨਾ ਕਾਮੇ ਮਾੜੀਆਂ ਨੀਤੀਆਂ ਅਤੇ ਅਨਿਸ਼ਚਿਤ ਮੌਸਮ ਕਾਰਨ ਪੈਦਾ ਹੋਏ ਖੇਤੀ ਸੰਕਟ ਤੋਂ ਪ੍ਰਭਾਵਿਤ ਹੋਏ ਹਨ। ਯਾਤਰਾ ਕਾਰਨ ਉਨ੍ਹਾਂ ਦੇ ਬੱਚੇ ਸਕੂਲ ਨਹੀਂ ਜਾ ਪਾਉਂਦੇ। 'ਸਫ਼ਲਤਾ' ਸਿਰਫ਼ ਸਖ਼ਤ ਮਿਹਨਤ ਨਾਲ਼ ਨਹੀਂ ਮਿਲ਼ਦੀ
ਅਸੀਂ ਅਧਿਆਪਕਾਂ ਨਾਲ਼ ਵੀ ਇਸੇ ਤਰੀਕੇ ਨਾਲ਼ ਹੀ ਕੰਮ ਕਰਦੇ ਹਾਂ ਕਿ ਅਸੀਂ ਜਿੱਥੋਂ ਗੱਲ ਛੱਡੀਏ ਉੱਥੇ ਅੱਗੋਂ ਉਹ ਜਾਰੀ ਰੱਖ ਸਕਣ। ਉਹ ਆਪਣੇ ਸਬਕ ਲਈ ਥਰਮਲ ਅਤੇ ਹਰੀ ਊਰਜਾ ਨੂੰ ਪਾਰੀ (ਉਦਾਹਰਨ ਲਈ) ਵਿੱਚੋਂ ਭਾਲ਼ਦੇ ਹਨ ਅਤੇ ਜੀਵਨ ਅਤੇ ਸਭਿਆਚਾਰਾਂ ਨੂੰ ਦਰਸਾਉਂਦੇ ਛੋਟੇ ਵੀਡੀਓ ਦਿਖਾਉਂਦੇ ਹਨ। ਭਾਸ਼ਾ ਦੇ ਅਧਿਆਪਕ ਅਨੁਵਾਦ ਲੇਖਾਂ ਨੂੰ ਵੇਖ ਕੇ ਉਤਸੁਕ ਹੋ ਉੱਠਦੇ ਹਨ ਕਿ ਇਸੇ ਸਮੱਗਰੀ ਨੂੰ ਅਧਿਆਪਨ ਡੇਟਾ ਵਜੋਂ ਵਰਤਿਆ ਜਾ ਸਕਦਾ ਹੈ: "ਕੀ ਇਸ ਲੇਖ ਦਾ ਕੋਈ ਪੰਜਾਬੀ ਅਨੁਵਾਦ ਹੈ?" ਉਹ ਪੁੱਛਦੇ ਹਨ। ਹਾਂ, ਸਾਡੇ ਕੋਲ਼ ਹੈ! ਇੱਕ ਨਹੀਂ, ਦੋ ਨਹੀਂ, ਬਲਕਿ 14 ਭਾਸ਼ਾਵਾਂ। ਯੂਨੀਵਰਸਿਟੀ ਦੇ ਪ੍ਰੋਫੈਸਰ, ਪਾਰੀ ਲਾਈਬ੍ਰੇਰੀ ਨੂੰ ਖੰਘਾਲਣ ਤੇ ਉਸ ਵੱਲੋਂ ਪ੍ਰਦਾਨ ਕੀਤੇ ਗਏ ਹੋਰ ਅੰਕੜਿਆਂ ਨੂੰ ਦੇਖਣ ਲਈ ਸੁਤੰਤਰ ਹਨ।
*****
2023 ਦੇ ਵਰਲਡ ਪ੍ਰੈੱਸ ਫ੍ਰੀਡਮ ਇੰਡੈਕਸ 'ਚ ਭਾਰਤ 161ਵੇਂ ਸਥਾਨ 'ਤੇ ਖਿਸਕ ਗਿਆ ਹੈ। ਗਲੋਬਲ ਮੀਡੀਆ ਵਾਚਡੌਗ, ਰਿਪੋਰਟਰਸ ਵਿਦਾਊਟ ਬਾਰਡਰਜ਼ (ਆਰਐੱਸਐੱਫ) ਦੀ ਇੱਕ ਰਿਪੋਰਟ ਮੁਤਾਬਕ ਇਸ ਵਿੱਚ ਕੁੱਲ 180 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਤੁਸੀਂ ਇਸ ਚਿੰਤਾਜਨਕ 'ਲੋਕਤੰਤਰ ਵਿਰੋਧੀ' ਸੱਚ ਨੂੰ ਨੌਜਵਾਨਾਂ ਤੱਕ ਕਿਵੇਂ ਪਹੁੰਚਾ ਸਕਦੇ ਹੋ ਜੋ ਸੋਸ਼ਲ ਮੀਡੀਆ 'ਤੇ ਲਗਾਤਾਰ ਜਾਅਲੀ ਖ਼ਬਰਾਂ ਦੇ ਹਮਲੇ ਦਾ ਸਾਹਮਣਾ ਕਰ ਰਹੇ ਹਨ, ਅਸਲ ਪੱਤਰਕਾਰਾਂ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰ ਰਹੇ ਹਨ?
ਇਸ ਵਿੱਚ ਯੂਨੀਵਰਸਿਟੀਆਂ ਦੇ ਨਾਲ਼-ਨਾਲ਼ ਸਕੂਲ ਦੇ ਕਮਰਿਆਂ ਵਿੱਚ ਵੀ ਜਗ੍ਹਾ ਹੈ ਤੇ ਸਾਨੂੰ ਜਾਣਾ ਪਵੇਗਾ।
ਪਾਰੀ ਵਿੱਚ ਅਸੀਂ ਆਪਣੀਆਂ ਸਟੋਰੀਆਂ ਵਿੱਚ ਪ੍ਰਭਾਵਸ਼ਾਲੀ ਫ਼ੋਟੋਆਂ, ਵੀਡੀਓ ਅਤੇ ਰਿਪੋਰਟਾਂ ਪ੍ਰਕਾਸ਼ਤ ਕਰਕੇ ਇਹ ਦਰਸਾ ਰਹੇ ਹਾਂ ਕਿ ਕਿਵੇਂ ਚੰਗੀ ਪੱਤਰਕਾਰੀ ਸੱਤਾਧਾਰੀਆਂ ਦੀ ਸੱਚਾਈ ਨੂੰ ਪ੍ਰਗਟ ਕਰ ਸਕਦੀ ਹੈ ਅਤੇ ਸੱਚ ਲਿਖਣ ਵਾਲ਼ਿਆਂ ਨੂੰ ਸ਼ਕਤੀਸ਼ਾਲੀ ਬਣਾ ਸਕਦੀ ਹੈ।
ਲੋਕ ਕਲਾਕਾਰਾਂ, ਡਾਕੀਆਂ, ਸਥਾਨਕ ਸੰਭਾਲ਼ਕਰਤਾਵਾਂ, ਰਬੜ ਟੈਪਰਾਂ, ਕੋਲੇ ਦੇ ਟੁਕੜੇ ਇਕੱਠੇ ਕਰਨ ਵਾਲ਼ੀਆਂ ਔਰਤਾਂ ਅਤੇ ਹੁਨਰਮੰਦ ਕਾਰੀਗਰਾਂ ਬਾਰੇ ਕਹਾਣੀਆਂ ਵਿਦਿਆਰਥੀਆਂ ਨੂੰ ਪਾਠ ਪੁਸਤਕ ਤੋਂ ਪਰ੍ਹੇ ਵੱਸਦੀ ਦੁਨੀਆ ਦੀ ਅਵਾਜ਼ ਸੁਣਨ ਅਤੇ ਉਨ੍ਹਾਂ ਦੇ ਜੀਵਨ ਨੂੰ ਸਮਝਣ, ਗਿਆਨ ਪ੍ਰਣਾਲੀਆਂ ਬਾਰੇ ਧਾਰਨਾਵਾਂ 'ਤੇ ਸਵਾਲ ਚੁੱਕਣ ਯੋਗ ਬਣਾਉਂਦੀਆਂ ਹਨ।
(ਖੱਬੇ) ਪਾਰੀ ਚੰਡੀਗੜ੍ਹ ਚਿਲਡਰਨਜ਼ ਲਿਟਰੇਚਰ ਫੈਸਟੀਵਲ ਵਿੱਚ, ਪੇਂਡੂ ਭਾਰਤ ਦੇ ਲੋਕਾਂ ਦੀਆਂ ਕਹਾਣੀਆਂ 'ਤੇ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਬਾਰੇ ਇੱਕ ਪ੍ਰੋਗਰਾਮ। (ਸੱਜੇ) ਸ਼ਿਲਾਂਗ, ਮੇਘਾਲਿਆ ਵਿੱਚ ਸੋਲਰ ਸਿਸਟਮ ਫਾਊਂਡੇਸ਼ਨ ਦੇ ਸਹਿਯੋਗ ਨਾਲ਼ ਲੋਕਤੰਤਰ ਵਿੱਚ ਮੀਡੀਆ ਦੀ ਭੂਮਿਕਾ ਬਾਰੇ ਇੱਕ ਸੈਸ਼ਨ ਆਯੋਜਿਤ ਕਰਨ ਤੋਂ ਬਾਅਦ
ਅਸੀਂ ਆਪਣੇ ਆਪ ਨੂੰ ਵਿਸ਼ਾ ਮਾਹਰ ਨਹੀਂ ਕਹਿੰਦੇ। ਕਲਾਸਰੂਮ ਵਿੱਚ ਪੱਤਰਕਾਰਾਂ ਵਜੋਂ ਸਾਡਾ ਟੀਚਾ ਇੱਕ ਅਜਿਹੇ ਵਾਤਾਵਰਣ ਨੂੰ ਉਤਸ਼ਾਹਤ ਕਰਨਾ ਹੈ ਜਿਸ ਵਿੱਚ ਨੌਜਵਾਨ ਰਾਜ ਦੇ ਅਧਿਕਾਰ 'ਤੇ ਸਵਾਲ ਉਠਾਉਂਦੇ ਹਨ, ਖ਼ਬਰਾਂ ਦੀ ਕਵਰੇਜ ਵਿੱਚ ਰੂੜੀਵਾਦੀ ਪੈਟਰਨਾਂ ਅਤੇ ਪੱਖਪਾਤ 'ਤੇ ਸਵਾਲ ਉਠਾਉਂਦੇ ਹਨ, ਜਾਤੀ ਅਤੇ ਜਮਾਤੀ ਵਿਸ਼ੇਸ਼ ਅਧਿਕਾਰਾਂ ਦੀ ਮੰਗ ਕਰਦੇ ਹਨ - ਤਾਂ ਜੋ ਉਹ ਵਿਰਾਸਤ ਵਿੱਚ ਮਿਲੀ ਦੁਨੀਆ ਬਾਰੇ ਸਿੱਖਣ ਦਾ ਇੱਕ ਤਰੀਕਾ ਤਿਆਰ ਕਰ ਸਕਣ।
ਕਈ ਵਾਰ ਸਕੂਲ ਦਾ ਸਟਾਫ਼ ਸਾਡੇ ਨਾਲ਼ ਸਹਿਯੋਗ ਨਹੀਂ ਕਰ ਪਾਉਂਦਾ। ਉਹ ਕਲਾਸਰੂਮਾਂ ਵਿੱਚ ਜਾਤੀ ਦੇ ਮੁੱਦਿਆਂ ਨੂੰ ਪੇਸ਼ ਕਰਨ ਤੋਂ ਝਿਜਕਦੇ ਹਨ।
ਪਰ, ਇਨ੍ਹਾਂ ਕਹਾਣੀਆਂ ਨੂੰ ਨਾ ਦੱਸਣਾ ਅਤੇ ਇਨ੍ਹਾਂ ਨੂੰ ਸਕੂਲ ਦੇ ਕਲਾਸਰੂਮਾਂ ਤੋਂ ਬਾਹਰ ਰੱਖਣਾ ਕੱਲ੍ਹ ਦੇ ਨਾਗਰਿਕਾਂ ਲਈ ਜਾਤ ਦੀ ਸਪੱਸ਼ਟ ਅਤੇ ਸੂਖਮ ਕਰੂਰਤਾ ਪ੍ਰਤੀ ਉਦਾਸੀਨ ਹੋਣ ਅਤੇ ਇਸ ਤੋਂ ਅਣਜਾਣ ਰਹਿਣ ਲਈ ਇੱਕ ਪਲੇਟਫਾਰਮ ਤਿਆਰ ਕਰੇਗਾ।
‘No life should end in the gutter’ ਸਿਰਲੇਖ ਵਾਲ਼ੀ ਸਾਡੀ ਰਿਪੋਰਟ ਵਿੱਚ ਵਿਦਿਆਰਥੀਆਂ ਨੂੰ ਇੱਕ ਮਜ਼ਦੂਰ ਦੀ ਕਹਾਣੀ ਦੱਸੀ ਗਈ ਹੈ, ਜਿਸ ਦੀ ਮੌਤ ਦੇਸ਼ ਦੀ ਰਾਜਧਾਨੀ ਦੇ ਮਸ਼ਹੂਰ ਬਾਜ਼ਾਰ ਖੇਤਰ ਵਸੰਤ ਕੁੰਜ ਮਾਲ ਨੇੜੇ ਇੱਕ ਗਟਰ ਦੀ ਸਫ਼ਾਈ ਦੌਰਾਨ ਹੋਈ ਸੀ। ਬੱਚੇ ਨਾ ਸਿਰਫ਼ ਅਜਿਹੇ ਗ਼ੈਰ-ਕਾਨੂੰਨੀ ਅਤੇ ਘਾਤਕ ਕੰਮ ਦੀ ਪ੍ਰਕਿਰਤੀ ਬਾਰੇ ਜਾਣ ਕੇ ਦੰਗ ਰਹਿ ਗਏ, ਬਲਕਿ ਅਜਿਹੀਆਂ ਘਟਨਾਵਾਂ ਦੇ ਵਰਤਾਰੇ ਤੋਂ ਵੀ ਘੱਟ ਹੈਰਾਨ ਨਹੀਂ ਸਨ। ਇਹ ਘਟਨਾ ਉਨ੍ਹਾਂ ਦੇ ਸਕੂਲ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਵਾਪਰੀ ਸੀ।
ਆਪਣੇ ਕਲਾਸਰੂਮਾਂ ਵਿੱਚ ਅਜਿਹੇ ਮੁੱਦਿਆਂ ਨੂੰ 'ਲੁਕਾ ਕੇ' ਜਾਂ 'ਅਣਗੌਲਿਆ' ਕਰਕੇ, ਅਸੀਂ ਵੀ ਇਸ ਝੂਠੇ ਅਕਸ ਵਿੱਚ ਯੋਗਦਾਨ ਪਾਉਂਦੇ ਹਾਂ ਕਿ 'ਭਾਰਤ ਚਮਕ ਰਿਹਾ ਹੈ'।
ਜਦੋਂ ਅਸੀਂ ਵਿਦਿਆਰਥੀਆਂ ਨੂੰ ਅਜਿਹੀਆਂ ਕਹਾਣੀਆਂ ਦਿਖਾਉਂਦੇ ਹਾਂ ਤਾਂ ਉਹ ਹਮੇਸ਼ਾ ਸਾਨੂੰ ਪੁੱਛਦੇ ਹਨ ਕਿ ਉਹ ਸਾਡੀ ਮਦਦ ਕਿਵੇਂ ਕਰ ਸਕਦੇ ਹਨ।
ਖੱਬੇ: ਵਸੰਤ ਕੁੰਜ ਮਾਲ ਨੇੜੇ ਇੱਕ ਗਟਰ ਦੀ ਸਫ਼ਾਈ ਦੌਰਾਨ ਮਰਨ ਵਾਲ਼ੇ ਇੱਕ ਮਜ਼ਦੂਰ ਦੀ ਕਹਾਣੀ ਸੁਣਾਈ ਗਈ ਜਿਹਦਾ ਸਿਰਲੇਖ ਹੈ: ‘No life should end in the gutter’ । ਸੱਜੇ: ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੀ ਪੋਸਟ ਗ੍ਰੈਜੂਏਟ ਵਿਦਿਆਰਥਣ ਦੀਪਸ਼ਿਖਾ ਸਿੰਘ ਔਰਤਾਂ ਦੀਆਂ ਸਮੱਸਿਆਵਾਂ ਦੀ ਡੂੰਘਾਈ ਤੱਕ ਪਹੁੰਚ ਗਈ ਹਨ। ਉਨ੍ਹਾਂ ਦੀ ਸਟੋਰੀ ਬਿਹਾਰ ਵਿੱਚ ਮਹਿਲਾ ਡਾਂਸਰਾਂ ਦੇ ਸੰਘਰਸ਼ਾਂ ਨੂੰ ਉਜਾਗਰ ਕਰਦੀ ਹੈ
ਅਸੀਂ ਫੀਲਡ ਰਿਪੋਰਟਰਾਂ ਅਤੇ ਪੱਤਰਕਾਰਾਂ ਵਜੋਂ ਤੁਰੰਤ ਹੱਲ ਲੱਭਣ ਲਈ ਉਨ੍ਹਾਂ ਦੇ ਜੋਸ਼ ਦੀ ਸ਼ਲਾਘਾ ਕਰਦੇ ਹਾਂ, ਹਾਲਾਂਕਿ, ਸਾਡਾ ਟੀਚਾ ਉਨ੍ਹਾਂ ਦੇ ਆਲ਼ੇ-ਦੁਆਲ਼ੇ ਦੇ ਜੀਵਨ ਦਾ ਨਿਰੀਖਣ ਕਰਨ ਅਤੇ ਜਲਦੀ ਹੱਲ ਪ੍ਰਦਾਨ ਕਰਨ ਦੀ ਬਜਾਏ ਆਪਣੇ ਦ੍ਰਿਸ਼ਟੀਕੋਣ 'ਤੇ ਮੁੜ ਵਿਚਾਰ ਕਰਨ ਦੀ ਉਨ੍ਹਾਂ ਦੀ ਭੁੱਖ ਨੂੰ ਵਧਾਉਣਾ ਹੈ।
ਅਸੀਂ ਵਿਦਿਆਰਥੀਆਂ ਨੂੰ ਸਿਰਫ਼ ਕਹਾਣੀਆਂ ਹੀ ਨਹੀਂ ਸੁਣਾਉਂਦੇ। ਅਸੀਂ ਉਨ੍ਹਾਂ ਨੂੰ ਗਭਰੇਟ ਉਮਰੇ ਬਾਹਰ ਜਾਣ ਅਤੇ ਉਨ੍ਹਾਂ ਚੀਜ਼ਾਂ ਦਾ ਦਸਤਾਵੇਜ਼ ਬਣਾਉਣ ਲਈ ਉਤਸ਼ਾਹਤ ਕਰਦੇ ਹਾਂ ਜੋ ਉਹ ਦੇਖਦੇ ਹਨ। 2018 ਵਿੱਚ ਆਪਣੀ ਸਥਾਪਨਾ ਤੋਂ ਬਾਅਦ, ਪਾਰੀ ਐਜੂਕੇਸ਼ਨ 200 ਤੋਂ ਵੱਧ ਸੰਸਥਾਵਾਂ ਅਤੇ ਹਜ਼ਾਰਾਂ ਵਿਦਿਆਰਥੀਆਂ ਨਾਲ਼ ਕੰਮ ਕਰ ਰਹੀ ਹੈ। ਅਸੀਂ ਪੂਰੇ ਭਾਰਤ ਤੋਂ ਲੇਖ ਪ੍ਰਕਾਸ਼ਤ ਕਰਦੇ ਹਾਂ। ਇਸ ਕੰਮ ਨੂੰ ਕਰਨ ਨਾਲ਼ ਪੋਸਟ ਗ੍ਰੈਜੂਏਟ ਵਿਦਿਆਰਥੀ ਅਤੇ ਹਾਇਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸਿੱਖਦੇ ਜਾਂਦੇ ਹਨ। ਤੁਸੀਂ ਉਨ੍ਹਾਂ ਦੇ ਕੰਮਾਂ ਨੂੰ ਪਾਰੀ ਵਿੱਚ ਪੜ੍ਹ ਸਕਦੇ ਹੋ।
ਆਪਣੇ ਬਾਰੇ ਬਲੌਗਿੰਗ ਕਰਨ ਦੀ ਬਜਾਏ, ਅਸੀਂ ਦੂਜਿਆਂ ਦੇ ਜੀਵਨ ਦਾ ਦਸਤਾਵੇਜ਼ ਬਣਾਏ ਜਾਣ ਦਾ ਤਰੀਕਾ ਸਿਖਾਉਂਦੇ ਹਾਂ, ਉਨ੍ਹਾਂ ਦੀਆਂ ਆਵਾਜ਼ਾਂ ਨੂੰ ਸੁਣਨਯੋਗ ਬਣਾਉਂਦੇ ਹਾਂ ਅਤੇ ਉਨ੍ਹਾਂ ਦੇ ਜੀਵਨ ਅਤੇ ਰੋਜ਼ੀਰੋਟੀ ਦੇ ਵਸੀਲਿਆਂ ਦਾ ਦਸਤਾਵੇਜੀਕਰਨ ਕਰਦੇ ਹਾਂ।
ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੀ ਪੋਸਟ ਗ੍ਰੈਜੂਏਟ ਵਿਦਿਆਰਥਣ ਦੀਪਸ਼ਿਖਾ ਸਿੰਘ ਨੇ ਬਿਹਾਰ ਦੇ ਵਿਆਹਾਂ ਵਿੱਚ ਨੱਚਣ ਵਾਲ਼ੀਆਂ ਔਰਤਾਂ ਨੂੰ ਦਰਪੇਸ਼ ਦੁੱਖਾਂ ਬਾਰੇ ਲਿਖਿਆ ਹੈ। ਉਹ ਬਾਲੀਵੁੱਡ ਦੇ ਭੜਕੀਲੇ ਗੀਤਾਂ 'ਤੇ ਪੇਸ਼ਕਾਰੀ ਕਰਦੀਆਂ ਹਨ। "ਪੁਰਸ਼ ਸਾਡੀ ਕਮਰ 'ਤੇ ਹੱਥ ਰੱਖਦੇ ਸਨ ਜਾਂ ਸਾਡੇ ਕੱਪੜਿਆਂ ਵਿੱਚ ਹੱਥ ਵਾੜ੍ਹਨ ਦੀ ਕੋਸ਼ਿਸ਼ ਕਰਦੇ ਸਨ। ਇੱਥੇ ਇਹ ਆਮ ਗੱਲ ਹੈ," ਇੱਕ ਮਹਿਲਾ ਡਾਂਸਰ ਕਹਿੰਦੀ ਹੈ , ਜੋ ਸਮਾਜਿਕ-ਆਰਥਿਕ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਰੱਖਦੀ ਹੈ।
ਦੀਪਸ਼ਿਖਾ, ਜੋ ਹੁਣ ਸਮਾਜਿਕ ਖੇਤਰ ਵਿੱਚ ਕੰਮ ਕਰਦੀ ਹਨ, ਡਾਂਸਰਾਂ ਨੂੰ ਮਿਲ਼ਣ, ਸਵਾਲ ਪੁੱਛਣ ਅਤੇ ਗੱਲਬਾਤ ਕਰਨ ਦੀ ਪ੍ਰਕਿਰਿਆ ਸਿੱਖ ਰਹੀ ਹਨ: "ਇਹ ਤਜ਼ਰਬਾ [ਦਸਤਾਵੇਜ਼] ਮੇਰੀ ਲਿਖਣ-ਯਾਤਰਾ ਵਿੱਚ ਇੱਕ ਮੀਲ਼ ਪੱਥਰ ਹੈ ਅਤੇ ਇਸਨੇ ਮੈਨੂੰ ਮਹੱਤਵਪੂਰਨ ਕਹਾਣੀਆਂ ਸਾਂਝੀਆਂ ਕਰਨਾ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਹੈ ... ਮੈਨੂੰ ਉਮੀਦ ਹੈ ਕਿ ਮੈਂ ਪਾਰੀ ਦੇ ਮਿਸ਼ਨ 'ਚ ਹੋਰ ਯੋਗਦਾਨ ਦੇਵਾਂਗੀ।
ਪਾਰੀ ਐਜੂਕੇਸ਼ਨ, ਪੇਂਡੂ ਸਕੂਲਾਂ ਅਤੇ ਵਿਦਿਆਰਥੀਆਂ ਦੇ ਨਾਲ, ਉਨ੍ਹਾਂ ਮੁੱਦਿਆਂ ਨੂੰ ਦਸਤਾਵੇਜ਼ ਬੱਧ ਕਰਨ ਵਿੱਚ ਵੀ ਮਦਦ ਕਰਦੀ ਹੈ ਜੋ ਉਹ ਆਪਣੀ ਭਾਸ਼ਾ ਵਿੱਚ ਲਿਖਦੇ ਹਨ। ਨੌਜਵਾਨਾਂ ਦੇ ਇੱਕ ਸਮੂਹ ਨੇ ਓਡੀਸ਼ਾ ਦੇ ਜੁਰੂਡੀ ਵਿਖੇ ਹਫ਼ਤਾਵਾਰੀ ਬਾਜ਼ਾਰ ਬਾਰੇ ਰਿਪੋਰਟ ਤਿਆਰ ਕੀਤੀ। ਉਨ੍ਹਾਂ ਨੇ ਆਪਣੀ ਰਿਪੋਰਟ ਤਿਆਰ ਕਰਨ ਲਈ ਕਈ ਵਾਰ ਬਾਜ਼ਾਰ ਦਾ ਦੌਰਾ ਕੀਤਾ ਅਤੇ ਖ਼ਰੀਦਦਾਰਾਂ ਤੇ ਵਿਕਰੇਤਾਵਾਂ ਦੀ ਇੰਟਰਵਿਊ ਕੀਤੀ।
ਖੱਬੇ: ਓਡੀਸ਼ਾ ਦੇ ਜੁਰੂਡੀ ਵਿਖੇ, ਸਕੂਲੀ ਪੱਤਰਕਾਰ ਲੋਕਾਂ ਦੇ ਜੀਵਨ ਦਾ ਦਸਤਾਵੇਜ਼ ਬਣਾਉਂਦੇ ਹੋਏ ਅਤੇ ਜੀਵੰਤ ਹਫ਼ਤਾਵਾਰੀ ਹਾਟ (ਬਾਜ਼ਾਰ) ਵਿੱਚ ਲੋਕਾਂ ਦੁਆਰਾ ਵੇਚੇ ਜਾਣ ਵਾਲ਼ੇ ਉਤਪਾਦਾਂ ਨੂੰ ਰਿਕਾਰਡ ਕਰਦੇ ਹੋਏ: ਇੱਕ ਵਿਦਿਆਰਥੀ ਰਿਪੋਰਟਰ, ਆਇਸ਼ਾ ਜੋਇਸ ਨੇ ਤਿਰੂਵਨੰਤਪੁਰਮ ਦੀ ਕੂੜਾ ਚੁਗਣ ਵਾਲ਼ੀ ਤੇ ਖੁੱਲ੍ਹੀ ਰਸੋਈ ਚਲਾਉਣ ਵਾਲ਼ੀ ਐੱਨ ਸਾਰੰਮਾ ਦੀ ਜ਼ਿੰਦਗੀ ਬਾਰੇ ਲਿਖਿਆ ਹੈ। ਸਾਰੰਮਾ ਦੀ ਕਹਾਣੀ ਨੇ ਭਾਰਤ ਭਰ ਦੇ ਹਜ਼ਾਰਾਂ ਪਾਠਕਾਂ ਨੂੰ ਵਲੂੰਧਰ ਸੁੱਟਿਆ, ਬਹੁਤ ਸਾਰੇ ਦਾਨੀ ਉਨ੍ਹਾਂ ਦੇ ਕੰਮ ਦਾ ਸਮਰਥਨ ਕਰਨ ਲਈ ਅੱਗੇ ਆਏ
ਅਨੰਨਿਆ ਟੋਪਨੋ, ਰੋਹਿਤ ਗਾਗਰਾਈ, ਆਕਾਸ਼ ਏਕਾ ਅਤੇ ਪਲਾਬੀ ਲੁਗੁਨ ਨੇ ਪਾਰੀ ਨਾਲ਼ ਆਪਣੇ ਤਜ਼ਰਬੇ ਸਾਂਝੇ ਕੀਤੇ: "ਅਜਿਹਾ (ਖੋਜ) ਕੰਮ ਕਰਨਾ ਸਾਡੇ ਲਈ ਕੁਝ ਨਵਾਂ ਹੈ। ਅਸੀਂ ਲੋਕਾਂ ਨੂੰ ਸਬਜ਼ੀ ਵਿਕਰੇਤਾਵਾਂ ਨਾਲ਼ ਸੌਦੇਬਾਜ਼ੀ ਕਰਦੇ ਦੇਖਿਆ। ਪਰ ਅਸੀਂ ਜਾਣਦੇ ਹਾਂ ਕਿ ਸਬਜ਼ੀਆਂ ਉਗਾਉਣਾ ਕਿੰਨਾ ਮੁਸ਼ਕਲ ਹੈ। ਅਸੀਂ ਹੈਰਾਨ ਸਾਂ ਕਿ ਲੋਕ ਭਾਅ ਪਿੱਛੇ ਕਿਸਾਨਾਂ ਨਾਲ਼ ਬਹਿਸਬਾਜ਼ੀ ਕਰ ਰਹੇ ਹਨ?''
ਜਿਹੜੇ ਵਿਦਿਆਰਥੀ ਪੇਂਡੂ ਇਲਾਕਿਆਂ ਵਿੱਚ ਨਹੀਂ ਵੀ ਜਾਂਦੇ ਉਨ੍ਹਾਂ ਨੂੰ ਵੀ ਇੱਥੇ ਐੱਨ ਸਾਰੰਮਾ ਵਰਗੇ ਲੋਕਾਂ ਦੀਆਂ ਕਹਾਣੀਆਂ ਮਿਲ਼ ਜਾਂਦੀਆਂ ਹਨ। ਕੂੜਾ ਚੁਗਣ ਵਾਲ਼ੀ ਐੱਨ. ਸਾਰੰਮਾ ਤਿਰੂਵਨੰਤਪੁਰਮ ਵਿੱਚ ਖੁੱਲ੍ਹੀ ਰਸੋਈ ਚਲਾਉਂਦੀ ਹਨ। "ਮੈਂ ਇਸ ਨੇਮ ਦਾ ਸਖ਼ਤੀ ਨਾਲ਼ ਪਾਲਣ ਕਰਦੀ ਹਾਂ ਕਿ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣਾ ਚਾਹੀਦਾ। ਕਿਉਂਕਿ ਮੈਂ ਬਚਪਨ ਤੋਂ ਹੀ ਬਹੁਤ ਗ਼ਰੀਬੀ ਵੇਖੀ ਹੈ," ਸਾਰੰਮਾ ਕਹਿੰਦੀ ਹਨ।
ਇਹ ਰਿਪੋਰਟ ਆਇਸ਼ਾ ਜੋਇਸ ਨੇ ਲਿਖੀ ਸੀ। ਬਹੁਤ ਸਾਰੇ ਦਾਨੀ ਸਾਰੰਮਾ ਦੀ ਮਦਦ ਲਈ ਅੱਗੇ ਆਏ। ਰਿਪੋਰਟ ਨੂੰ ਹਜ਼ਾਰਾਂ ਲਾਈਕਸ ਅਤੇ ਟਿੱਪਣੀਆਂ ਮਿਲ਼ੀਆਂ। ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਦੀ ਬੇਟੀ ਵੀ ਇਹੀ ਕੰਮ ਜਾਰੀ ਰੱਖੇਗੀ ਤਾਂ ਜਵਾਬ ਵਿੱਚ ਸਾਰੰਮਾ ਨੇ ਕਿਹਾ, ''ਦਲਿਤਾਂ ਨੂੰ ਨੌਕਰੀ ਕੌਣ ਦੇਵੇਗਾ? ਲੋਕ ਤੁਹਾਡੀ ਹਰ ਪਾਸਿਓਂ ਜਾਂਚ-ਪੜਤਾਲ਼ ਕਰਦੇ ਹਨ ਕਿ ਤੁਹਾਡਾ ਕਿਸੇ ਹੋਰ ਨਾਲ਼ ਕੀ ਰਿਸ਼ਤਾ ਹੈ। ਭਾਵੇਂ ਅਸੀਂ ਕਿੰਨੇ ਵੀ ਬੁੱਧੀਮਾਨ ਕਿਉਂ ਨਾ ਹੋਈਏ, ਅਸੀਂ ਕੁਝ ਵੀ ਕਰੀਏ, ਅਸੀਂ ਇਸ ਤੋਂ ਬਚ ਨਹੀਂ ਸਕਦੇ," ਸਾਰੰਮਾ ਨੇ ਆਪਣੀ ਗੱਲ ਮੁਕਾਈ।
ਅਸੀਂ ਇੰਟਰਵਿਊ ਦੀਆਂ ਤਕਨੀਕਾਂ ਵੀ ਸਿਖਾਉਂਦੇ ਹਾਂ। ਅਸੀਂ ਇੰਟਰਵਿਊ ਲੈਣ ਵਾਲ਼ਿਆਂ ਨੂੰ ਸਹਿਮਤੀ ਪ੍ਰਾਪਤ ਕਰਨ ਅਤੇ ਕ੍ਰਾਸ-ਸੈਕਸ਼ਨਲ ਡੇਟਾ ਨੂੰ ਇਸ ਤਰੀਕੇ ਨਾਲ਼ ਇਕੱਤਰ ਕਰਨ ਲਈ ਸਿਖਲਾਈ ਦਿੰਦੇ ਹਾਂ ਜੋ ਪਾਠਕ ਨੂੰ ਅਪੀਲ ਕਰਦਾ ਹੋਵੇ। ਮਹੱਤਵਪੂਰਣ ਗੱਲ ਇਹ ਹੈ ਕਿ ਵਿਦਿਆਰਥੀ ਇਨ੍ਹਾਂ ਨੂੰ ਇਸ ਤਰੀਕੇ ਨਾਲ਼ ਡਿਜ਼ਾਈਨ ਕਰਨਾ ਵੀ ਸਿੱਖਦੇ ਹਨ ਕਿ ਉਨ੍ਹਾਂ ਨੂੰ ਨਿੱਜੀ ਪੋਸਟਾਂ ਦੀ ਦਿੱਖ ਦਿੱਤੇ ਬਿਨਾਂ, ਲੇਖਾਂ ਵਜੋਂ ਲਿਖਿਆ ਜਾ ਸਕੇ।
ਅਸੀਂ ਵਿਦਿਆਰਥੀਆਂ ਨੂੰ ਲੋਕਾਂ ਬਾਰੇ ਸਧਾਰਣ ਜਾਣ-ਪਛਾਣ ਲਿਖਣ ਦੀ ਸਲਾਹ ਦਿੰਦੇ ਹਾਂ, ਜਦੋਂ ਕਿ ਇਹ ਇੱਕ ਲੰਬਾ ਅਧਿਐਨ ਸੰਦੇਸ਼ ਹੈ ਜਿਸ ਵਿੱਚ ਕਈ ਸਰੋਤਾਂ ਤੋਂ ਲਏ ਗਏ ਕਈ ਤਰ੍ਹਾਂ ਦੇ ਡੇਟਾ ਸ਼ਾਮਲ ਹੁੰਦੇ ਹਨ। ਇਹ ਜਾਣ-ਪਛਾਣ ਆਮ ਆਦਮੀ ਦੇ ਰੋਜ਼ਮੱਰਾ ਤਜ਼ਰਬਿਆਂ, ਉਨ੍ਹਾਂ ਦੇ ਕੰਮ, ਕੰਮ ਦੇ ਘੰਟਿਆਂ, ਉਨ੍ਹਾਂ ਨੂੰ ਮਿਲ਼ਣ ਵਾਲ਼ੀਆਂ ਖੁਸ਼ੀਆਂ, ਨਿਰੰਤਰ ਦ੍ਰਿੜਸੰਕਲਪ, ਆਰਥਿਕਤਾ ਅਤੇ ਬੱਚਿਆਂ ਲਈ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਦਾ ਦਸਤਾਵੇਜ਼ ਤਿਆਰ ਕਰਦੀ ਹੈ।
ਪਾਰੀ ਐਜੂਕੇਸ਼ਨ ਦੀ ਕੋਸ਼ਿਸ਼ ਨੌਜਵਾਨਾਂ ਨੂੰ ਇੱਕ ਇਮਾਨਦਾਰ ਪੱਤਰਕਾਰ ਦੇ ਦ੍ਰਿਸ਼ਟੀਕੋਣ ਤੋਂ ਸਮਾਜਿਕ ਮੁੱਦਿਆਂ ਦੀ ਸਹੀ ਪਛਾਣ ਕਰਨਾ ਅਤੇ ਉਨ੍ਹਾਂ ਤੱਕ ਪਹੁੰਚ ਕਰਨਾ ਸਿਖਾਉਣਾ ਹੈ। ਲੋਕਾਂ ਅਤੇ ਉਨ੍ਹਾਂ ਦੀਆਂ ਕਹਾਣੀਆਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਵਿਦਿਆਰਥੀ ਪੱਤਰਕਾਰੀ ਜ਼ਰੀਏ ਕਲਾਸਰੂਮਾਂ ਵਿੱਚ ਮਨੁੱਖਤਾ ਨੂੰ ਲਿਆ ਖੜ੍ਹਾ ਕਰਦੇ ਹਨ।
ਜੇ ਤੁਸੀਂ ਚਾਹੁੰਦੇ ਹੋ ਕਿ ਪਾਰੀ ਤੁਹਾਡੀ ਸੰਸਥਾ ਨਾਲ਼ ਵੀ ਕੰਮ ਕਰੇ , ਤਾਂ ਕਿਰਪਾ ਕਰਕੇ contact@ruralindiaonline.org ਲਿਖੋ।
ਇਸ ਲੇਖ ਦੀਆਂ ਸਾਰੀਆਂ ਤਸਵੀਰਾਂ ਪਾਰੀ ਦੀ ਫ਼ੋਟੋ ਸੰਪਾਦਕ ਬਿਨੋਇਫਰ ਭਰੂਚਾ ਨੇ ਲਈਆਂ ਹਨ।
ਤਰਜਮਾ: ਕਮਲਜੀਤ ਕੌਰ