30 ਅਪ੍ਰੈਲ, 2023 ਨੂੰ, ਹਿਮਾਲਿਆ ਦੀ ਧੌਲਾਧਾਰ ਲੜੀ ਵਿੱਚ ਪੈਂਦੇ ਧਰਮਸ਼ਾਲਾ ਕਸਬੇ ਨੇ ਆਪਣੀ ਪਹਿਲੀ ਪ੍ਰਾਈਡ ਪਰੇਡ ਦੇਖੀ।
ਲੋਕਾਂ ਦੇ ਹੱਥਾਂ ਵਿੱਚ ਤਖ਼ਤੀਆਂ ਸਨ, ਜਿਨ੍ਹਾਂ 'ਤੇ ਲਿਖਿਆ ਸੀ, 'ਦਿਸ ਹੋਮ ਇਜ਼ ਫ਼ਾਰ ਯੂ, ਮੀ, ਹਿਮ, ਹਰ, ਦੇ, ਦੇਮ (ਇਹ ਘਰ ਤੁਹਾਡੇ, ਮੇਰੇ, ਉਨ੍ਹਾਂ ਲਈ ਹੈ)।' ਇਨ੍ਹਾਂ ਨੂੰ ਫੜ੍ਹੀ ਲੋਕ ਮੁੱਖ ਬਜ਼ਾਰ ਤੋਂ ਮੈਕਲੌੜਗੰਜ ਵਿਖੇ ਦਲਾਈ ਲਾਮਾ ਮੰਦਰ ਵੱਲ ਤੁਰ ਰਹੇ ਸਨ। ਇਸ ਤੋਂ ਬਾਅਦ ਜਲੂਸ ਧਰਮਸ਼ਾਲਾ ਕਸਬੇ ਦੇ ਭੀੜ-ਭੜੱਕੇ ਵਾਲ਼ੇ ਇਲਾਕੇ ਕੋਤਵਾਲੀ ਬਾਜ਼ਾਰ ਵਿਖੇ ਰਵਾਨਾ ਹੋਇਆ। ਇਹ ਹਿਮਾਚਲ ਪ੍ਰਦੇਸ਼ ਵਿੱਚ LGBTQIA+ ਭਾਈਚਾਰੇ ਲਈ ਸਮਰਥਨ ਜ਼ਾਹਰ ਕਰਨ ਲਈ ਆਯੋਜਿਤ ਕੀਤੀ ਗਈ ਪਹਿਲੀ ਜਨਤਕ ਰੈਲੀ ਸੀ। ਜਿਸ ਵਿੱਚ ਰਾਜ ਭਰ ਦੇ ਪਿੰਡਾਂ ਤੇ ਛੋਟੇ ਸ਼ਹਿਰਾਂ ਦੇ ਵੀ ਕਈ ਲੋਕਾਂ ਨੇ ਹਿੱਸਾ ਲਿਆ।
ਹਿਮਾਚਲ ਕੁਇਅਰ ਫਾਊਂਡੇਸ਼ਨ ਦੇ ਸਹਿ-ਸੰਥਾਪਕ, ਡਾਨ ਹਸਰ, ਇਸ ਰੈਲੀ ਦਾ ਅਯੋਜਕਾਂ ਵਿੱਚੋਂ ਇੱਕ ਹਨ। ਉਨ੍ਹਾਂ ਦਾ ਕਹਿਣਾ ਹੈ, "ਅਸੀਂ ਮਾਣ ਨਾਲ਼ ਇਸ ਅਜੀਬ ਸ਼ਬਦ ਦੀ ਵਰਤੋਂ ਕਰਦੇ ਹਾਂ।'' ਇਸ ਸ਼ਬਦ ਦੀ ਆਪਣੀ ਚੋਣ ਬਾਰੇ ਦੱਸਦੇ ਹੋਏ, 30-ਸਾਲਾ ਹਸਰ ਕਹਿੰਦੇ ਹਨ, "ਅਸੀਂ ਕੁਇਅਰ ਪਛਾਣ ਦੀ ਵਿਆਖਿਆ ਲਈ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਪਰ ਹਿੰਦੀ ਅਤੇ ਖੇਤਰੀ ਉਪਭਾਸ਼ਾਵਾਂ ਵਿੱਚ ਕਿਹੜੇ ਸ਼ਬਦ ਦੀ ਵਰਤੋਂ ਕਰਨੀ ਚਾਹੀਦੀ ਹੈ? ਅਸੀਂ ਮੁਕਾਮੀ ਬੋਲੀਆਂ ਵਿੱਚ ਗਾਣਿਆਂ ਤੇ ਕਹਾਣੀਆਂ ਰਾਹੀਂ ਕੁਇਅਰ ਪਛਾਣ ਤੇ ਇਹਦੀ ਤਰਲਤਾ ਨੂੰ ਲੈ ਕੇ ਗੱਲ ਕਰਦੇ ਹਾਂ।''
ਦਿੱਲੀ, ਚੰਡੀਗੜ੍ਹ, ਕੋਲਕਾਤਾ, ਮੁੰਬਈ ਅਤੇ ਸੂਬੇ ਦੇ ਛੋਟੇ ਸ਼ਹਿਰਾਂ ਤੋਂ ਲਗਭਗ 300 ਲੋਕ ਮਾਰਚ ਦਾ ਹਿੱਸਾ ਬਣਨ ਲਈ ਆਏ ਸਨ। ਇਸ ਪ੍ਰਾਈਡ ਮਾਰਚ ਵਿੱਚ ਹਿੱਸਾ ਲੈਣ ਵਾਲੇ ਸ਼ਿਮਲਾ ਦੇ ਇੱਕ 20 ਸਾਲਾ ਯੂਨੀਵਰਸਿਟੀ ਵਿਦਿਆਰਥੀ ਆਯੁਸ਼ ਕਹਿੰਦੇ ਹਨ, "ਇੱਥੇ (ਹਿਮਾਚਲ ਪ੍ਰਦੇਸ਼ ਵਿੱਚ) ਕੋਈ ਵੀ ਇਸ ਬਾਰੇ ਗੱਲ ਨਹੀਂ ਕਰਦਾ। ਆਯੁਸ਼ ਲਈ ਸਕੂਲ ਦੇ ਸਮੇਂ ਦੌਰਾਨ ਟਾਇਲਟ ਜਾਣਾ ਮੁਸ਼ਕਲ ਸੀ। "ਮੇਰੀ ਕਲਾਸ ਦੇ ਮੁੰਡੇ ਮੇਰਾ ਮਜ਼ਾਕ ਉਡਾਉਂਦੇ ਸਨ ਅਤੇ ਮੈਨੂੰ ਪਰੇਸ਼ਾਨ ਕਰਦੇ ਸਨ। ਜਦ ਮੈਂ ਇਸ ਭਾਈਚਾਰੇ ਦੇ ਨਾਲ਼ ਔਨਲਾਈਨ ਸੰਪਰਕ ਵਿੱਚ ਆਇਆ, ਤਾਂ ਮੈਂ ਸੁਰੱਖਿਆ ਦੀ ਭਾਵਨਾ ਮਹਿਸੂਸ ਕੀਤੀ। ਇਸ ਨੇ ਮੈਨੂੰ ਉਨ੍ਹਾਂ ਲੋਕਾਂ ਨਾਲ਼ ਰਹਿਣ ਦਾ ਮੌਕਾ ਦਿੱਤਾ ਜਿਹੜੇ ਮੈਨੂੰ ਸਮਝਦੇ ਸਨ।"
ਆਯੁਸ਼ ਕਾਲਜ ਵਿੱਚ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹਦੇ ਵਾਸਤੇ ਉਹ ਸੰਵਾਦ ਮੰਚਾਂ ਦਾ ਅਯੋਜਨ ਕਰਦੇ ਹਨ, ਜਿਸ ਵਿੱਚ ਉਨ੍ਹਾਂ ਦੇ ਇੱਕ ਪ੍ਰੋਫ਼ੈਸਰ ਸਲਾਹਕਾਰ ਦੇ ਰੂਪ ਵਿੱਚ ਉਨ੍ਹਾਂ ਦੀ ਮਦਦ ਕਰ ਰਹੇ ਹਨ। ਲੋਕ ਜੈਂਡਰ ਤੇ ਸੈਕਸੁਐਲਿਟੀ ਬਾਰੇ ਜਾਣਨ, ਕੁਝ ਸਾਂਝਾ ਕਰਨ ਤੇ ਸਵਾਲ ਪੁੱਛਣ ਲਈ ਇਕੱਠੇ ਹੁੰਦੇ ਹਨ।

ਉਹ ਲੋਕ ਜਿਨ੍ਹਾਂ ਨੇ 30 ਅਪ੍ਰੈਲ, 2023 ਨੂੰ ਧਰਮਸ਼ਾਲਾ ਵਿੱਚ ਪਹਿਲੀ ਪ੍ਰਾਈਡ ਪਰੇਡ ਵਿੱਚ ਹਿੱਸਾ ਲਿਆ ਸੀ, ਨੇ LGBTQIA+ (LGBTQIA+) ਭਾਈਚਾਰੇ ਦਾ ਸਮਰਥਨ ਕਰਨ ਵਾਲੀ ਇੱਕ ਤਖ਼ਤੀ ਫੜੀ ਹੋਈ ਹੈ
![Ayush is a 20-year-old student from Shimla. They say, ' No one talks about this [being queer] here [in Himachal Pradesh]'](/media/images/03-DSC_0171-SD.max-1400x1120.jpg)
ਆਯੁਸ਼ ਸ਼ਿਮਲਾ ਦੇ ਰਹਿਣ ਵਾਲ਼ੇ 20 ਸਾਲਾ ਵਿਦਿਆਰਥੀ ਹਨ। ਉਹ ਕਹਿੰਦੇ ਹਨ, 'ਇੱਥੇ [ਹਿਮਾਚਲ ਪ੍ਰਦੇਸ਼ ਵਿੱਚ] ਕੋਈ ਵੀ ਇਸ ਬਾਰੇ ਗੱਲ ਨਹੀਂ ਕਰਦਾ [ਕੁਇਅਰ ਹੋਣਾ]
ਸ਼ਸ਼ਾਂਕ ਹਿਮਾਚਲ ਕੁਇਅਰ ਫਾਊਂਡੇਸ਼ਨ (ਐੱਚਕਿਊਐੱਫ) ਦੇ ਸਹਿ-ਸੰਥਾਪਕ ਹਨ ਤੇ ਕਾਂਗੜਾ ਜ਼ਿਲ੍ਹੇ ਦੀ ਪਾਲਮਪੁਰ ਤਹਿਸੀਲ ਦੇ ਇੱਕ ਪਿੰਡ ਦੇ ਰਹਿਣ ਵਾਲ਼ੇ ਹਨ। ਸ਼ਸ਼ਾਂਕ ਮੁਤਾਬਕ,''ਮੈਂ ਸਦਾ ਖ਼ੁਦ ਨੂੰ ਸਾਰਿਆਂ ਨਾਲ਼ੋਂ ਅਲੱਗ-ਥਲੱਗ ਮਹਿਸੂਸ ਕਰਦਾ ਸਾਂ। ਅਖ਼ੀਰ ਵਿੱਚ, ਸੋਸ਼ਲ ਮੀਡੀਆ ਰਾਹੀਂ ਮੈਂ ਅਜਿਹੇ ਹੋਰਨਾਂ ਲੋਕਾਂ ਨਾਲ਼ ਮਿਲ਼ਿਆ ਜੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਉਨ੍ਹਾਂ ਵਿੱਚੋਂ ਕਈ ਸ਼ਰਮਿੰਦਗੀ ਤੇ ਅਪਰਾਧੀ ਹੋਣ ਜਿਹੀਆਂ ਭਾਵਨਾਵਾਂ ਤੋਂ ਪੀੜਤ ਸਨ। ਇੱਥੋਂ ਤੱਕ ਕਿ ਮੈਂ ਜਦੋਂ ਡੇਟ (ਰੋਮਾਂਟਿਕ ਮੁਲਾਕਾਤ) 'ਤੇ ਜਾਂਦਾ ਸਾਂ, ਤਦ ਵੀ ਅਸੀਂ ਇਹੀ ਗੱਲ ਕਰਦੇ ਸਾਂ ਕਿ ਅਸੀਂ ਸਾਰੇ ਕਿੰਨਾ ਅਲੱਗ-ਥਲੱਗ ਮਹਿਸੂਸ ਕਰਦੇ ਸਾਂ।'' ਇਨ੍ਹਾਂ ਤਜ਼ਰਬਿਆਂ ਦੇ ਕਾਰਨ ਸ਼ਸ਼ਾਂਕ ਨੇ 2020 ਵਿੱਚ ਇੱਕ ਕ੍ਰਾਇਸਿਸ (ਸੰਕਟਕਾਲੀਨ) ਹੈਲਪਲਾਈਨ ਦੀ ਸ਼ੁਰੂਆਤ ਕੀਤੀ।
ਸ਼ਸ਼ਾਂਕ ਨੇ ਇੱਕ ਬੇਹੱਦ ਜ਼ਰੂਰੀ ਗੱਲ ਕਹੀ,''ਪਿੰਡਾਂ ਵਿੱਚ ਰਹਿਣ ਵਾਲ਼ੇ ਕੁਇਅਰ ਲੋਕਾਂ ਦੀ ਅਵਾਜ਼ ਕਿੱਥੇ ਹੈ?'' ਉਹ ਇਸ ਗੱਲ ਨੂੰ ਲੈ ਕੇ ਸ਼ਿਮਲਾ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਨ ਵਾਲ਼ੇ ਹਨ ਕਿ ਹਿਮਾਚਲ ਪ੍ਰਦੇਸ਼ ਵਿਖੇ ਟ੍ਰਾਂਸਜੈਂਡਰ ਵਿਅਕਤੀ (ਅਧਿਕਾਰਾਂ ਦਾ ਸੰਰਖਣ) ਐਕਟ, 2019 ਦੇ ਕੁਝ ਪ੍ਰੋਵੀਜ਼ਨਾਂ ਨੂੰ ਲਾਕੂ ਨਹੀਂ ਕੀਤਾ ਗਿਆ ਹੈ।
ਉਹ ਦੱਸਦੇ ਹਨ ਕਿ ਇਸ ਰੈਲੀ ਦੇ ਅਯੋਜਨ ਵਾਸਤੇ ਹਿਮਾਚਲ ਪ੍ਰਦੇਸ਼ ਦੇ ਅੱਡੋ-ਅੱਡ ਹਿੱਸਿਆਂ ਤੋਂ 13 ਲੋਕਾਂ ਨੇ ਇੱਕ ਅਯੋਜਨ ਕਮੇਟੀ ਬਣਾਈ। ਡਾਨ, ਜੋ ਕਿ ਕੋਲਕਾਤਾ ਦੇ ਰਹਿਣ ਵਾਲ਼ੇ ਹਨ, ਦੱਸਦੇ ਹਨ,''ਅਸੀਂ ਦੋ ਹਫ਼ਤਿਆਂ ਦੇ ਅੰਦਰ-ਅੰਦਰ ਪੂਰਾ ਬੰਦੋਬਸਤ ਕੀਤਾ।'' ਧਰਮਸ਼ਾਲਾ ਦੀ ਇੱਕ ਤਿੱਬਤੀ ਬਸਤੀ, ਮੈਕਲੌੜਗੰਜ, ਵਿਖੇ ਰੈਲੀ ਕੱਢਣ ਵਾਸਤੇ ਅਯੋਜਕਾਂ ਨੇ ਸਾਰਿਆਂ ਤੋਂ ਪਹਿਲਾਂ ਜ਼ਿਲ੍ਹਾ ਅਧਿਕਾਰੀ ਤੋਂ ਇਹਦੀ ਆਗਿਆ ਹਾਸਲ ਕੀਤਾ।
ਐੱਚਕਿਊਐੱਫ਼ ਨੇ ਉਹਦੇ ਬਾਅਦ ਸੋਸ਼ਲ ਮੀਡੀਆ 'ਤੇ ਪੋਸਟ ਪਾਏ, ਜਿਹਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ਼ਿਆ। ਮਨੀਸ਼ ਥਾਪਾ, ਜੋ ਮਾਰਚ ਦੇ ਅਯੋਜਕਾਂ ਵਿੱਚੋਂ ਇੱਕ ਹਨ, ਕਹਿੰਦੇ ਹਨ,''ਪ੍ਰਾਈਡ ਵਿੱਚ ਹਿੱਸਾ ਲੈਣਾ ਸਾਹਸ ਦੀ ਗੱਲ ਹੈ। ਅਸੀਂ ਇੱਥੇ (ਛੋਟੇ ਸ਼ਹਿਰਾਂ ਵਿੱਚ) ਗੱਲਬਾਤ ਸ਼ੁਰੂ ਕਰਨਾ ਚਾਹੁੰਦੇ ਸਾਂ।''
ਡਾਨ ਮੁਤਾਬਕ ਉਨ੍ਹਾਂ ਨੇ ਜਾਤੀ ਤੇ ਜਮਾਤ ਦੇ ਲਤਾੜੇ ਬੇਜ਼ਮੀਨੇ ਅਤੇ ਰਾਜੋਂ-ਸੱਖਣੇ ਲੋਕਾਂ ਦੇ ਸਮਰਥਨ ਵਿੱਚ ਪਰੇਡ ਕੀਤੀ ਹੈ। ਜਿਵੇਂ ਕਿ ਇੱਕ ਤਖ਼ਤੀ 'ਤੇ ਲਿਖਿਆ ਸੀ, 'ਜਾਤੀ ਕੁਈਰ (ਹੋਮੋਸੈਕਸੂਅਲ) ਬਗ਼ੈਰ ਕਿਅਰ ਲੋਕਾਂ ਦੀ ਅਜ਼ਾਦੀ ਸੰਭਵ ਨਹੀਂ। ਜੈ ਭੀਮ!'

ਅਯੋਜਕ ਕਹਿੰਦੇ ਹਨ ਕਿ ਕੁਈਰ ਭਾਈਚਾਰੇ ਦੇ ਨਾਲ਼-ਨਾਲ਼ ਉਹ ਜਾਤੀ ਤੇ ਜਮਾਤ ਦੇ ਲਤਾੜੇ ਬੇਜ਼ਮੀਨੇ ਅਤੇ ਰਾਜੋਂ-ਸੱਖਣੇ ਲੋਕਾਂ ਦੇ ਸਮਰਥਨ ਵਿੱਚ ਪਰੇਡ ਕੀਤੀ ਹੈ

ਅਨੰਤ ਦਿਆਲ, ਸਾਨਯਾ ਜੈਨ, ਮਨੀਸ਼ ਥਾਪਾ, ਡਾਨ ਹਸਰ ਤੇ ਸ਼ਸ਼ਾਂਕ (ਖੱਬਿਓਂ ਸੱਜੇ) ਨੇ ਰਲ਼ ਕੇ ਇਸ ਪ੍ਰਾਈਡ ਮਾਰਚ ਦਾ ਅਯੋਜਨ ਕੀਤਾ
ਐਤਵਾਰ ਦੇ ਦਿਨ ਇਸ ਪ੍ਰਾਈਡ ਰੈਲੀ ਦਾ ਅਯੋਜਨ ਕੀਤਾ ਗਿਆ ਸੀ, ਜਿਹਨੇ ਸ਼ਹਿਰ ਦੇ ਕਾਰੋਬਾਰੀ ਇਲਾਕਿਆਂ ਥਾਣੀਂ ਹੁੰਦੇ ਹੋਏ 90 ਮਿੰਟ ਵਿੱਚ 1.2 ਕਿ.ਮੀ. ਦੂਰੀ ਤੈਅ ਕੀਤੀ ਸੀ। ਉਹ ਵਿੱਚ-ਵਿਚਾਲੇ ਨੱਚਣ ਤੇ ਗੱਲ ਕਰਨ ਲਈ ਰੁੱਕ ਰਹੇ ਸਨ। ਇਸ ਰਸਤੇ ਬਾਰੇ ਪੁੱਛਣ 'ਤੇ ਮਨੀਸ਼ ਥਾਪਾ ਕਹਿੰਦੇ ਹਨ,''ਬਜ਼ਾਰ ਵਿੱਚ ਕਰੀਬ 300 ਛੋਟੀਆਂ ਦੁਕਾਨਾਂ ਹਨ। ਸਾਡੇ ਲਈ ਜ਼ਰੂਰੀ ਸੀ ਕਿ ਅਸੀਂ ਮੁੱਖ ਸੜਕ ਵੱਲੋਂ ਦੀ ਹੋ ਕੇ ਜਾਈਏ, ਤਾਂਕਿ ਲੋਕ ਸਾਨੂੰ ਦੇਖ ਸਕਣ।''
ਨੈਸ਼ਨਲ ਪੋਰਟਲ ਫ਼ਾਰ ਟ੍ਰਾਂਸਜੈਂਡਰ ਪਰਸਨਸ ਤੋਂ ਪਤਾ ਚੱਲਦਾ ਹੈ ਕਿ 2019 ਵਿੱਚ ਇਹਦੀ ਸਥਾਪਨਾ ਕਰਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਨੇ ਸਿਰਫ਼ 17 ਟ੍ਰਾਂਸ ਪਛਾਣ ਪੱਤਰ ਜਾਰੀ ਕੀਤੇ ਹਨ।
ਡਾਨ ਮੁਤਾਬਕ,''ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦਾ ਮੈਂ ਪਹਿਲਾ ਇਨਸਾਨ ਸਾਂ, ਜਿਹਨੂੰ ਟ੍ਰਾਂਸ ਪਛਾਣ ਪੱਤਰ ਜਾਰੀ ਕੀਤਾ ਗਿਆ ਸੀ। ਇਹਦੇ ਵਾਸਤੇ ਮੈਨੂੰ ਕਾਫ਼ੀ ਭੱਜਨੱਸ ਕਰਨੀ ਪਈ। ਪਰ ਉਨ੍ਹਾਂ ਲੋਕਾਂ ਦਾ ਕੀ ਹੋਊ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਆਪਣੇ ਹੱਕ ਕਿਵੇਂ ਲਏ ਜਾਣ? ਕੋਈ ਰਾਜ ਕਲਿਆਣ ਬੋਰਡ ਨਹੀਂ ਹੈ; ਸੁਰੱਖਿਅਤ ਅਵਾਸ ਤੇ ਕਲਿਆਣਕਾਰੀ ਯੋਜਨਾਵਾਂ ਕਿੱਥੇ ਹਨ? ਸਰਕਾਰੀ ਅਧਿਕਾਰੀ ਇਹਨੂੰ ਲੈ ਕੇ ਸੰਜੀਦਾ ਕਿਉਂ ਨਹੀਂ ਹਨ?''
ਪ੍ਰਾਈਡ ਰੈਲੀ ਨੂੰ ਦੂਰੋਂ ਦੇਖ ਰਹੇ ਕਾਫ਼ੀ ਸਾਰੇ ਮੁਕਾਮੀ ਲੋਕਾਂ ਦਰਮਿਆਨ ਜਾਗਰੂਕਤਾ ਦੀ ਘਾਟ ਨਜ਼ਰ ਆਈ। ਅਕਾਸ਼ ਭਾਰਦਵਾਜ ਕੋਤਵਾਲੀ ਬਜ਼ਾਰ ਵਿਖੇ ਇੱਕ ਕਿਰਾਏ ਦੀ ਦੁਕਾਨ ਚਲਾਉਂਦੇ ਹਨ, ਜਿੱਥੇ ਉਹ ਇਲੈਕਟ੍ਰਾਨਿਕਸ ਅਤੇ ਸਟੇਸ਼ਨਰੀ ਦਾ ਸਮਾਨ ਵੇਚਦੇ ਹਨ। ਉਹ ਉਸ ਦਿਨ ਦੂਰੋਂ ਹੀ ਰੈਲੀ ਨੂੰ ਦੇਖ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ,''ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਦਫ਼ਾ ਇਹ ਰੈਲੀ ਦੇਖੀ ਹੈ ਤੇ ਮੈਨੂੰ ਠੀਕ-ਠੀਕ ਨਹੀਂ ਪਤਾ ਕਿ ਉਹ ਲੋਕ ਕਰ ਕੀ ਰਹੇ ਹਨ, ਪਰ ਉਨ੍ਹਾਂ ਨੂੰ ਨੱਚਦਿਆਂ ਦੇਖ ਚੰਗਾ ਲੱਗਾ। ਮੈਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ।''


ਖੱਬੇ ਪਾਸੇ: ਤਿੱਬਤ ਦੀ ਪਹਿਲੀ ਟ੍ਰਾਂਸਵੂਮੈਨ ਤੇਨਜ਼ਿਨ ਮਾਰਿਕੋ ਨੇ ਇਸ ਪ੍ਰਾਈਡ ਰੈਲੀ ਵਿੱਚ ਹਿੱਸਾ ਲਿਆ ਸੀ। ਸੱਜੇ ਪਾਸੇ:ਭਗਤੀ ਸਿੰਘ ਦੇ ਬੁੱਤ ਮਗਰ ਰੈਲੀ ਵਿੱਚ ਸ਼ਾਮਲ ਲੋਕ
ਨਵਨੀਤ ਕੋਠੀਵਾਲ, ਜੋ ਪਿਛਲੇ 56 ਸਾਲਾਂ ਤੋਂ ਧਰਮਸ਼ਾਲਾ ਵਿੱਚ ਰਹਿ ਰਹੇ ਹਨ, ਨੂੰ ਰੈਲੀ ਵਿੱਚ ਲੋਕਾਂ ਨੂੰ ਨੱਚਦਿਆਂ ਦੇਖ ਕੇ ਬੜਾ ਚੰਗਾ ਲੱਗਿਆ। ''ਇਹ ਸਭ ਪਹਿਲੀ ਵਾਰੀਂ ਦੇਖਿਆ ਹੈ ਤੇ ਦੇਖ ਕੇ ਬੜਾ ਚੰਗਾ ਲੱਗਿਆ।''
ਹਾਲਾਂਕਿ, ਜਦੋਂ ਉਨ੍ਹਾਂ ਨੂੰ ਰੈਲੀ ਦੇ ਮਕਸਦ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਦਾ ਮਨ ਬਦਲ ਗਿਆ। ਉਹ ਕਹਿੰਦੇ ਹਨ,''ਮੈਨੂੰ ਨਹੀਂ ਲੱਗਦਾ ਕਿ ਇਹ ਸਭ ਸਹੀ ਹੈ। ਉਨ੍ਹਾਂ ਨੂੰ ਇਸ ਸਭ ਵਾਸਤੇ ਅਵਾਜ਼ ਚੁੱਕਣੀ ਨਹੀਂ ਚਾਹੀਦੀ, ਕਿਉਂਕਿ ਉਹ ਜੋ ਮੰਗ ਰਹੇ ਹਨ ਉਹ ਗ਼ੈਰ-ਕੁਦਰਤੀ ਹੈ। ਉਨ੍ਹਾਂ ਦੇ ਬੱਚੇ ਕਿਵੇਂ ਜੰਮਣਗੇ?''
ਡਾਨ ਕਹਿੰਦੀ ਹਨ,''ਅਸੀਂ ਮਾਰਿਕੋ (ਤਿੱਬਤ ਦੀ ਪਹਿਲੀ ਟ੍ਰਾਂਸਵੂਮੈਨ) ਦੇ ਆਉਣ 'ਤੇ ਖ਼ੁਸ਼ ਸਾਂ।''
ਰੈਲੀ ਜਦੋਂ ਦਲਾਈ ਲਾਮਾ ਮੰਦਰ ਅੱਪੜੀ ਤਾਂ ਉੱਥੇ ਇੱਕ ਤਿੱਬਤੀ ਭਿਕਸ਼ੂ ਸੈਰਿੰਗ ਦੂਰੋਂ ਖੜ੍ਹੇ ਰੈਲੀ ਨੂੰ ਲੰਘਦਿਆਂ ਦੇਖ ਰਹੇ ਸਨ। ਉਹ ਕਹਿੰਦੇ ਹਨ,''ਉਹ ਆਪਣੇ ਹੱਕਾਂ ਵਾਸਤੇ ਲੜ ਰਹੇ ਹਨ ਤੇ ਕਈ ਦੇਸ਼ਾਂ ਨੇ ਉਨ੍ਹਾਂ ਨੂੰ ਵਿਆਹ ਕਰਨ ਦੇ ਹੱਕ ਦੇ ਦਿੱਤੇ ਹਨ। ਹੁਣ ਵੇਲ਼ਾ ਆ ਗਿਆ ਹੈ ਕਿ ਭਾਰਤ ਵਿੱਚ ਵੀ ਇੰਝ ਹੋ ਜਾਵੇ।''
ਭਾਵੇਂ ਕਿ 2018 ਵਿੱਚ ਧਾਰਾ 377 ਨੂੰ ਰੱਦ ਕਰ ਦਿੱਤਾ ਗਿਆ, ਪਰ ਅਜੇ ਵੀ ਸਮਲਿੰਗਕ ਜੋੜਿਆਂ ਦੇ ਵਿਆਹ ਨੂੰ ਕਨੂੰਨੀ ਮਾਨਤਾ ਪ੍ਰਾਪਤ ਨਹੀਂ ਹੈ। ਭਾਰਤ ਦੇ ਸੁਪਰੀਮ ਕੋਰਟ ਨੇ ਇਸੇ ਮਹੀਨੇ ਸਮਲਿੰਗਕ ਵਿਆਹ ਨੂੰ ਲੈ ਕੇ ਦਾਇਰ ਅਰਜ਼ੀਆਂ 'ਤੇ ਸੁਣਵਾਈ ਖ਼ਤਮ ਕਰ ਦਿੱਤਾ ਹੈ ਤੇ ਹਾਲੇ ਫ਼ੈਸਲਾ ਆਉਣਾ ਬਾਕੀ ਹੈ।
ਇੱਕ ਪੁਲਿਸਕਰਮੀ, ਨੀਲਮ ਕਪੂਰ, ਰੈਲੀ ਦੌਰਾਨ ਭੀੜ ਨੂੰ ਕਾਬੂ ਕਰ ਰਹੀ ਸਨ। ਉਹ ਕਹਿੰਦੀ ਹਨ,''ਆਪਣੇ ਹੱਕਾਂ ਲਈ ਲੜਨਾ ਚੰਗੀ ਗੱਲ ਹੈ। ਸਾਰਿਆਂ ਨੂੰ ਆਪਣੇ ਬਾਰੇ ਸੋਚਣਾ ਹੀ ਚਾਹੀਦਾ ਹੈ। ਕਿਤਿਓਂ ਤਾਂ ਇਹਦੀ ਸ਼ੁਰੂਆਤ ਹੋਣੀ ਹੈ ਤਾਂ ਕਿਉਂ ਨਾ ਇੱਥੋਂ ਹੀ ਹੋ ਜਾਵੇ?''

ਅਨੰਤ ਦਿਆਲ ਜੋ ਮਾਰਚ ਦੇ ਅਯੋਜਕ ਸਨ, ਉਨ੍ਹਾਂ ਦੇ ਹੱਥ ਵਿੱਚ ਟ੍ਰਾਂਸ ਭਾਈਚਾਰੇ ਦੇ ਹੱਕਾਂ ਨੂੰ ਪ੍ਰਦਰਸ਼ਤ ਕਰਦਾ ਇੱਕ ਝੰਡਾ ਹੈ

ਡਾਨ (ਚਿੱਟੀ ਸਾੜੀ ਵਿੱਚ ਮਲਬੂਸ) ਕਹਿੰਦੇ ਹਨ, ' ਅਸੀਂ ਰੈਲੀ ਦੀ ਸਾਰੀ ਤਿਆਰੀ ਦੋ ਹਫ਼ਤਿਆਂ ਅੰਦਰ ਕੀਤੀ '

ਲੋਕ ਮੁੱਖ ਬਜ਼ਾਰੋਂ ਮੈਕਲੌੜਗੰਜ ਵਿਖੇ ਦਲਾਈ ਲਾਮਾ ਮੰਦਰ ਵੱਲ ਨਿਕਲ਼ੇ। ਮੈਕਲੌੜਗੰਜ, ਧਰਮਸ਼ਾਲਾ ਦੀ ਇੱਕ ਤਿੱਬਤੀ ਬਸਤੀ ਹੈ

ਬਾਅਦ ਵਿੱਚ ਲੋਕ ਪਰੇਡ ਕਰਦਿਆਂ ਧਰਮਸ਼ਾਲਾ ਦੇ ਕੋਤਵਾਲੀ ਬਜ਼ਾਰ ਅੱਪੜ ਗਏ, ਜੋ ਇੱਕ ਭੀੜ ਵਾਲ਼ਾ ਇਲਾਕਾ ਹੈ

ਪ੍ਰਾਈਡ ਰੈਲੀ ਨੂੰ ਦੂਰੋਂ ਦੇਖ ਰਹੇ ਲੋਕ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਰੈਲੀ ਦੇ ਇੱਕ ਅਯੋਜਕ, ਮਨੀਸ਼ ਥਾਪਾ, ਕਹਿੰਦੇ ਹਨ, ' ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਮੁੱਖ ਸੜਕ ਵੱਲੋਂ ਦੀ ਹੋ ਕੇ ਜਾਈਏ ਤਾਂਕਿ ਲੋਕ ਸਾਨੂੰ ਦੇਖ ਸਕਣ '

ਮਨੀਸ਼ ਥਾਪਾ (ਮਾਈਕ ਫੜ੍ਹੀ) ਪ੍ਰਾਈਡ ਰੈਲੀ ਦੌਰਾਨ ਭਾਸ਼ਣ ਦਿੰਦੇ ਹੋਏ

ਰੈਲੀ ਵਿੱਚ ਸ਼ਾਮਲ ਲੋਕ ਡਾਂਸ ਕਰਨ ਲਈ ਰੁਕੇ ਹੋਏ ਹਨ

ਪ੍ਰਾਈਡ ਰੈਲੀ ਨੇ 90 ਮਿੰਟਾਂ ਵਿੱਚ 1.2 ਕਿਲੋਮੀਟਰ ਦੂਰੀ ਤੈਅ ਕੀਤੀ
![Monk Tsering looking at the parade. 'They are fighting for their rights and many other countries have given these rights [to marriage] to their people, maybe it's time for India to follow,' he says](/media/images/15-DSC_0088-SD.max-1400x1120.jpg)
ਭਿਕਸ਼ੂ ਸੈਰਿੰਗ ਰੈਲੀ ਨੂੰ ਦੇਖਦੇ ਹੋਏ। ਉਹ ਕਹਿੰਦੇ ਹਨ, ' ਉਹ ਆਪਣੇ ਹੱਕਾਂ ਵਾਸਤੇ ਲੜ ਰਹੇ ਹਨ ਤੇ ਕਈ ਦੇਸ਼ਾਂ ਨੇ ਉਨ੍ਹਾਂ ਨੂੰ (ਵਿਆਹ ਕਰਨ ਦੇ) ਹੱਕ ਦੇ ਦਿੱਤੇ ਹਨ। ਹੁਣ ਵੇਲ਼ਾ ਆ ਗਿਆ ਹੈ ਕਿ ਭਾਰਤ ਵਿੱਚ ਵੀ ਇੰਝ ਹੋਵੇ '

ਸ਼ਸ਼ਾਂਕ, ਇੱਕ ਮਹਿਲਾ ਪੁਲਿਸਕਰਮੀ ਨੀਲਮ ਕਪੂਰ ਨਾਲ਼ ਗੱਲ ਕਰਦੇ ਹੋਏ, ਜੋ ਟ੍ਰੈਫਿਕ ਸੰਭਾਲ਼ ਰਹੀ ਸਨ। ਨੀਲਮ ਕਹਿੰਦੀ ਹਨ, ' ਆਪਣੇ ਹੱਕਾਂ ਲਈ ਲੜਨਾ ਚੰਗੀ ਗੱਲ ਹੈ। ਸਾਰਿਆਂ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਹੈ '

ਡਾਨ ਹਸਰ (ਖੜ੍ਹਨ ਹਨ) ਤੇ ਸ਼ਸ਼ਾਂਕ (ਬੈਠੇ ਹੋਏ) ਹਿਮਾਚਲ ਕਿਯਰ ਫਾਊਂਡੇਸ਼ਨ (ਐੱਚਕਿਊਐੱਫ) ਦੇ ਮੋਢੀ ਹਨ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਖੇ ਡਾਨ ਹਸਰ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੂੰ ਟ੍ਰਾਂਸ ਪਛਾਣ ਪੱਤਰ ਮਿਲ਼ਿਆ। ਉਹ ਪੁੱਛਦੇ ਹਨ, ' ਇਹਦੇ ਵਾਸਤੇ ਮੈਨੂੰ ਕਾਫ਼ੀ ਭੱਜਨੱਸ ਕਰਨੀ ਪਈ। ਪਰ ਉਨ੍ਹਾਂ ਲੋਕਾਂ ਦਾ ਕੀ ਹੋਊ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਆਪਣੇ ਹੱਕ ਕਿਵੇਂ ਲਏ ਜਾਣ ? '

ਮਾਰਚ ਦੌਰਾਨ ਪੁੱਲ ' ਤੇ ਲਹਿਰਾਉਂਦਾ ਹੋਇਆ ਪ੍ਰਾਈਡ ਪਰੇਡ ਦਾ ਸਤਰੰਗੀ ਝੰਡਾ

ਬੇਹੱਦ ਘੱਟ ਸਮੇਂ ਵਿੱਚ ਅਯੋਜਿਤ ਕੀਤੇ ਗਏ ਇਸ ਮਾਰਚ ਵਿੱਚ ਸ਼ਾਮਲ ਹੋਣ ਵਾਸਤੇ ਦਿੱਲੀ, ਚੰਡੀਗੜ੍ਹ, ਕੋਲਕਾਤਾ, ਮੁੰਬਈ ਵਰਗੇ ਸ਼ਹਿਰਾਂ ਤੇ ਰਾਜਾਂ ਦੇ ਛੋਟੇ-ਛੋਟੇ ਕਸਬਿਆਂ ਤੋਂ 300 ਦੇ ਕਰੀਬ ਲੋਕ ਆਏ ਸਨ

ਮਾਰਚ ਦੌਰਾਨ ਕੁਇਅਰ ਭਾਈਚਾਰੇ ਦੇ ਸਮਰਥਨ ਵਿੱਚ ਬਣਾਏ ਗਏ ਕੁਝ ਪੋਸਟਰ

ਮਾਰਚ ਵਿੱਚ ਸ਼ਾਮਲ ਹੋਏ ਕੁਝ ਲੋਕਾਂ ਦੇ ਨਾਲ਼ ਸਾਂਝੀ ਤਸਵੀਰ
ਤਰਜਮਾ: ਕਮਲਜੀਤ ਕੌਰ