“ਅੱਗੋਂ ਖੱਬੇ ਮੁੜ ਕੇ ਥੋੜ੍ਹਾ ਅੱਗੇ ਜਾਇਓ ਤੁਹਾਨੂੰ ਇੱਕ ਕਾਲ਼ੇ ਪਿੱਲਰ ਤੇ ਫ਼ੌਜੀ ਦੀ ਫ਼ੋਟੋ ਦਿਖਾਈ ਦਊਗੀ। ਬਸ ਉਹੀ ਉਸਦਾ ਘਰ ਏ।” ਰਾਮਗੜ੍ਹ ਸਰਦਾਰਾਂ ਵਿਖੇ ਸਾਈਕਲਾਂ ਦੀ ਮੁਰੰਮਤ ਕਰਨ ਵਾਲ਼ੇ ਇੱਕ ਬਜ਼ੁਰਗ ਅਗਲੇ ਮੋੜ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ। ਪਿੰਡ ਦੇ ਲੋਕ ਅਜੈ ਕੁਮਾਰ ਨੂੰ ਫ਼ੌਜੀ ਜਾਂ ਸ਼ਹੀਦ ਕਹਿ ਕੇ ਸੱਦਦੇ ਹਨ।

ਪਰ ਭਾਰਤ ਸਰਕਾਰ ਦੀਆਂ ਨਜ਼ਰਾਂ ਵਿੱਚ ਉਹ ਇਹਨਾਂ ਦੋਵਾਂ ਵਿੱਚੋਂ ਕੁਝ ਵੀ ਨਹੀਂ।

ਉਹਨਾਂ ਨੂੰ ਇਸ ਗੱਲ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਕਿ ਇਸ 23 ਸਾਲਾ ਨੌਜਵਾਨ ਨੇ ਅੱਤਵਾਦੀਆਂ ਹੱਥੋਂ ਜੰਮੂ ਕਸ਼ਮੀਰ ਨੂੰ ਬਚਾਉਣ ਲਈ ਖ਼ੂਨ ਦੀ ਆਖ਼ਰੀ ਬੂੰਦ ਤੱਕ ਵਹਾ ਦਿੱਤੀ। ਉਸ ਦੇ ਬੇਜ਼ਮੀਨੇ ਦਲਿਤ ਮਾਪੇ ਪੈਨਸ਼ਨ ਜਾਂ ਆਪਣੇ ਬੇਟੇ ਲਈ ਸ਼ਹੀਦ ਦੇ ਰੁਤਬੇ ਦੀ ਆਸ ਵੀ ਨਹੀਂ ਰੱਖ ਸਕਦੇ। ਉਹਨਾਂ ਨੂੰ ਐਕਸ-ਸਰਵਿਸਮੈਨ ਯੋਗਦਾਨ ਸਿਹਤ ਸਕੀਮ ਜਾਂ ਕੰਨਟੀਨ ਸਟੋਰ ਡਿਪਾਰਟਮੈਂਟ ਛੋਟ ਦਾ ਕੋਈ ਵੀ ਲਾਭ ਨਹੀਂ ਮਿਲ਼ਣਾ। ਕਿਉਂਕਿ ਅਧਿਕਾਰਕ ਰਿਕਾਰਡ ਅਨੁਸਾਰ ਨਾ ਤਾਂ ਅਜੈ ਕੁਮਾਰ ਫ਼ੌਜੀ ਸੀ ਤੇ ਨਾ ਹੀ ਸ਼ਹੀਦ।

ਉਹ ਸਿਰਫ਼ ਇੱਕ ਅਗਨੀਵੀਰ ਸੀ।

ਪਰ ਲੁਧਿਆਣਾ ਜ਼ਿਲ੍ਹੇ ਦੇ ਇਸ ਪਿੰਡ ਵਿੱਚ ਸਰਕਾਰੀ ਰਿਕਾਰਡ ਵੀ ਕੋਈ ਬਹੁਤੀ ਗੱਲ ਨਹੀਂ ਕਰਦੇ। ਜੀ.ਟੀ. ਰੋਡ ਤੋਂ 45 ਮਿੰਟਾਂ ਦੀ ਦੂਰੀ 'ਤੇ ਸਰ੍ਹੋਂ ਦੇ ਮਨ ਮੋਹ ਲੈਣ ਵਾਲ਼ੇ ਖੇਤਾਂ ਨਾਲ਼ ਘਿਰਿਆ ਰਸਤਾ ਰਾਮਗੜ੍ਹ ਸਰਦਾਰਾਂ ਨੂੰ ਜਾਂਦਾ ਹੈ ਜਿੱਥੋਂ ਦੀਆਂ ਕੰਧਾਂ 'ਤੇ ਇੱਕ ਵੱਖਰਾ ਹੀ ਰਿਕਾਰਡ ਲਿਖਿਆ ਹੋਇਆ ਹੈ। ਇਹਨਾਂ 'ਤੇ ਨੌਜਵਾਨ, ਅਜੈ ਦੀਆਂ ਫ਼ੌਜੀ ਵਰਦੀ ਵਿੱਚ ਤਸਵੀਰਾਂ, ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਦੇ ਨਾਲ਼ ਲੱਗੀਆਂ ਹਨ, ਕੋਈ ਨੌਂ ਦਹਾਕੇ ਪਹਿਲਾਂ ਭਗਤ ਸਿੰਘ ਤੇ ਸਾਥੀਆਂ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ ਪਰ ਉਹਨਾਂ ਨੂੰ ਵੀ ਬਾਅਦ ਦੀਆਂ ਸਰਕਾਰਾਂ ਨੇ ਸ਼ਹੀਦ ਦਾ ਰੁਤਬਾ ਨਹੀਂ ਦਿੱਤਾ।

ਪਿੰਡ ਵਿੱਚ ਇੱਕ ਬੋਰਡ 'ਤੇ ਲਿਖਿਆ ਹੈ:

ਨੌਜਵਾਨ ਜਦ ਉੱਠਦੇ ਨੇ
ਤਾਂ ਨਿਜ਼ਾਮ ਬਦਲ ਜਾਂਦੇ ਨੇ ,
ਭਗਤ ਸਿੰਘ ਅੱਜ ਵੀ ਪੈਦਾ ਹੁੰਦੇ ਨੇ ,
ਬਸ ਨਾਮ ਬਦਲ ਜਾਂਦੇ ਨੇ ...

PHOTO • Vishav Bharti
PHOTO • Vishav Bharti

ਖੱਬੇ : ਅਜੈ ਕੁਮਾਰ ਦੇ ਘਰ ਅੰਦਰ ਵੜ੍ਹਦਿਆਂ ਹੀ ਇੱਕ ਕਾਲ਼ੇ ਰੰਗੇ ਖੰਭੇ ' ਤੇ ਉਨ੍ਹਾਂ ਦੀ ਤਸਵੀਰ ਲੱਗੀ ਹੈ। ਸੱਜੇ : ਰਾਮਗੜ੍ਹ ਸਰਦਾਰਾਂ ਪਿੰਡ ਵਿਖੇ ਇੱਕ ਬੋਰਡ ' ਤੇ ਉਪਰੋਕਤ ਲਾਈਨਾਂ ਲਿਖੀਆਂ ਹੋਈਆਂ ਹਨ

ਜਨਵਰੀ 2024 ਨੂੰ ਜੰਮੂ ਕਸ਼ਮੀਰ ਵਿਖੇ ਅਜੈ ਕੁਮਾਰ ਨੇ ਆਪਣੀ ਜਾਨ ਦੇਸ਼ ਦੇ ਲੇਖੇ ਲਾ ਦਿੱਤੀ ਸੀ। ਆਪਣੇ ਨਾਨਾ ਹਵਲਦਾਰ ਪਿਆਰਾ ਲਾਲ ਤੋਂ ਪ੍ਰਭਾਵਿਤ ਅਜੈ ਬਚਪਨ ਤੋਂ ਹੀ ਭਾਰਤੀ ਫ਼ੌਜ ਦਾ ਹਿੱਸਾ ਬਣਨਾ ਚਾਹੁੰਦੇ ਸਨ। “ਉਸਨੇ ਦਸਵੀਂ ਪਾਸ ਕਰਦਿਆਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ,” ਉਹਨਾਂ ਦੇ ਪਿਤਾ ਚਰਨਜੀਤ ਸਿੰਘ ਦੱਸਦੇ ਹਨ।

“ਪਰ ਭਰਤੀ ਵੇਲੇ ਉਸ ਨੂੰ ਇੱਕ ਅਗਨੀਵੀਰ ਤੇ ਇੱਕ ਫ਼ੌਜੀ ਵਿਚਕਾਰ ਅੰਤਰ ਦਾ ਪਤਾ ਨਹੀਂ ਸੀ,” ਉਹਨਾਂ ਦਾ ਕਹਿਣਾ ਹੈ। ਹੁਣ ਉਹਨਾਂ ਦੀ ਸ਼ਹਾਦਤ ਪਿੱਛੋਂ ਨਾ ਸਿਰਫ਼ ਉਹਨਾਂ ਦੇ ਪਰਿਵਾਰ ਨੂੰ ਬਲਕਿ ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਪਤਾ ਚੱਲ ਗਿਆ ਹੈ ਕਿ ‘ਠੇਕੇ 'ਤੇ ਫ਼ੌਜੀ’ ਹੋਣ ਦਾ ਕੀ ਮਤਲਬ ਹੁੰਦਾ ਹੈ।

ਸਾਡੀ ਨਾਲ਼ ਹੋਈ ਬਦਸਲੂਕੀ ਤੇ ਬੇਕਦਰੀ ਨੂੰ ਦੇਖਦਿਆਂ ਨੌਜਵਾਨਾਂ ਦੇ ਹੌਂਸਲੇ ਪਸਤ ਹੋ ਗਏ ਨੇ,” ਅਜੈ ਦੀਆਂ ਛੇ ਭੈਣਾਂ ਵਿੱਚੋਂ ਸਭ ਤੋਂ ਛੋਟੀ, 22 ਸਾਲ ਅੰਜਲੀ ਦੇਵੀ ਦੱਸਦੇ ਹਨ। “ਹੁਣ ਸਭ ਨੂੰ ਪਤਾ ਏ ਕਿ ਸ਼ਹੀਦੀ ਤੋਂ ਬਾਅਦ ਵੀ ਜੋ ਸਹੂਲਤਾਂ ਦੂਜੇ ਸ਼ਹੀਦ ਫ਼ੌਜੀ ਪਰਿਵਾਰਾਂ ਨੂੰ ਮਿਲ਼ਦੀਆਂ ਹਨ, ਅਗਨੀਵੀਰਾਂ ਦੇ ਪਰਿਵਾਰਾਂ ਨੂੰ ਨਹੀਂ ਮਿਲ਼ਣੀਆਂ।”

ਅੰਜਲੀ ਦੇ ਚਿਹਰੇ 'ਤੇ ਗੁੱਸੇ ਅਤੇ ਪੀੜ੍ਹ ਦੇ ਰਲ਼ੇ-ਮਿਲ਼ੇ ਭਾਵ ਹਨ। “ਉਹ ਅਗਨੀਵੀਰਾਂ ਨੂੰ ਇੱਕ ਢਾਲ਼ ਵਾਂਗ ਵਰਤਦੇ ਨੇ ਕਿਉਂਕਿ ਇੱਕ ਅਗਨੀਵੀਰ ਦੇ ਮਰਨ 'ਤੇ ਸਰਕਾਰ ਇਓਂ ਪੱਲਾ ਝਾੜਦੀ ਆ ਜਿਓਂ ਉਹਦੀ ਜਾਨ ਦੀ ਕੋਈ ਕੀਮਤ ਹੀ ਨਾ ਹੋਵੇ।”

ਅਗਨੀਵੀਰਾਂ ਨਾਲ਼ ਹੁੰਦੀ ਇਸ ਬੇਇਨਸਾਫ਼ੀ ਨੇ ਅੰਗਰੇਜ਼ ਰਾਜ ਵੇਲੇ ਤੋਂ ਆਪਣੇ ਬੱਚਿਆਂ ਨੂੰ ਫ਼ੌਜ ਵਿੱਚ ਭੇਜਣ ਲਈ ਜਾਣੇ ਜਾਂਦੇ ਇਸ ਸੂਬੇ ਵਿੱਚ ਭਰਤੀ ਦੇ ਇੱਛੁਕ ਹੋਰ ਨੌਜਵਾਨਾਂ ਦੇ ਹੌਂਸਲੇ ਨੂੰ ਢਾਹ ਲਈ ਹੈ। 103 ਸਾਲ ਪਹਿਲਾਂ 1918 ਵਿੱਚ ਖ਼ਤਮ ਹੋਈ ਪਹਿਲੀ ਸੰਸਾਰ ਜੰਗ ਵਿੱਚ ਬ੍ਰਿਟਿਸ਼ ਭਾਰਤੀ ਫ਼ੌਜ ਵਿੱਚ ਹਰ ਦੂਜਾ ਫ਼ੌਜੀ ਪੰਜਾਬ ਤੋਂ ਸੀ ਜਿਸ ਵਿੱਚ ਅੱਜ ਦੇ ਸਮੇਂ ਦੇ ਹਰਿਆਣਾ ਅਤੇ ਪਾਕਿਸਤਾਨ ਦਾ ਪੱਛਮੀ ਪੰਜਾਬ ਵੀ ਸ਼ਾਮਿਲ਼ ਸੀ। 1929 ਵਿੱਚ 1,39,200 ਦੀ ਗਿਣਤੀ ਵਾਲ਼ੀ ਫ਼ੌਜ ਵਿੱਚ 86,000 ਤਾਂ ਸਿਰਫ਼ ਪੰਜਾਬੀ ਫ਼ੌਜੀ ਹੀ ਸਨ।

ਇਹ ਰੁਝਾਨ ਕੁਝ ਸਾਲ ਪਹਿਲਾਂ ਤੱਕ ਇਵੇਂ ਹੀ ਰਿਹਾ। 15 ਮਾਰਚ 2021 ਨੂੰ ਪਾਰਲੀਮੈਂਟ ਵਿੱਚ ਰੱਖਿਆ ਮੰਤਰਾਲੇ ਵੱਲੋਂ ਪੇਸ਼ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੋਈਆਂ ਕੁੱਲ 89,000 ਭਰਤੀਆਂ ਦੀ ਗੱਲ ਕਰੀਏ ਤਾਂ ਪੰਜਾਬ ਦੂਜੇ ਨੰਬਰ 'ਤੇ ਹੈ। [ਪੰਜਾਬ ਨਾਲ਼ੋਂ ਸਾਢੇ ਸੱਤ ਗੁਣਾ ਵੱਧ ਅਬਾਦੀ ਵਾਲ਼ਾ ਉੱਤਰ ਪ੍ਰਦੇਸ਼ ਪਹਿਲੇ ਨੰਬਰ 'ਤੇ ਹੈ]। ਭਾਰਤੀ ਅਬਾਦੀ ਦਾ ਸਿਰਫ਼ 2.3 ਪ੍ਰਤੀਸ਼ਤ ਹੋਣ ਦੇ ਬਾਵਜੂਦ ਫ਼ੌਜ ਵਿੱਚ ਪੰਜਾਬ ਦਾ ਹਿੱਸਾ 7.7 ਪ੍ਰਤੀਸ਼ਤ ਹੈ। ਯੂਪੀ ਦਾ ਫ਼ੌਜ ਵਿੱਚ ਹਿੱਸਾ 14.5 ਪ੍ਰਤੀਸ਼ਤ ਹੈ ਜਦਕਿ ਇਹ ਸੂਬਾ ਭਾਰਤ ਦੀ ਅਬਾਦੀ ਦਾ 16.5 ਪ੍ਰਤੀਸ਼ਤ ਹੈ।

PHOTO • Courtesy: Surinder Singh

ਸਾਲ 2022 ਦੇ ਸੰਗਰੂਰ ਜ਼ਿਲ੍ਹੇ ਦੇ ਫਿਜ਼ੀਕਲ ਅਕੈਡਮੀ ਲਹਿਰਾਗਾਗਾ ਵਿਖੇ ਹਥਿਆਰਬੰਦ ਬਲਾਂ ਦੇ ਉਮੀਦਵਾਰਾਂ ਦੀ ਤਸਵੀਰ, ਦੋ ਸਾਲ ਪਹਿਲਾਂ ਆਈ ਅਗਨੀਵੀਰ ਸਕੀਮ ਦੇ ਬਾਅਦ ਇਹ ਅਕੈਡਮੀ ਬੰਦ ਹੋ ਗਈ ਸੀ

ਅਗਨੀਵੀਰ ਸਕੀਮ ਲਾਗੂ ਹੋ ਗਈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਕਹਿੰਦੀ ਹੈ। ਸੂਬੇ ਵਿੱਚ ਛੋਟੇ ਵੱਡੇ ਕਸਬਿਆਂ ਵਿੱਚ ਫ਼ੌਜ ਵਿੱਚ ਭਰਤੀ ਲਈ ਬਣੇ ਸਿਖਲਾਈ ਸੈਂਟਰ ਆਮ ਦੇਖੇ ਜਾ ਸਕਦੇ ਸਨ। ਪਰ ਪਿਛਲੇ ਦੋ ਸਾਲਾਂ ਵਿੱਚ ਭਰਤੀ ਹੋਣ ਦੀ ਚਾਹ ਰੱਖਣ ਵਾਲ਼ੇ ਉਮੀਦਵਾਰਾਂ ਦੇ ਮੋਹਭੰਗ ਹੋਣ ਕਾਰਨ ਇਹਨਾਂ ਵਿੱਚੋਂ ਜ਼ਿਆਦਾਤਰ ਸੈਂਟਰ ਬੰਦ ਹੋ ਚੁੱਕੇ ਹਨ।

ਸੁਰਿੰਦਰ ਸਿੰਘ ਨੇ ਸੰਗਰੂਰ ਜ਼ਿਲ੍ਹੇ ਵਿੱਚ ਪਿਛਲੇ ਇੱਕ ਦਹਾਕੇ ਤੋਂ ਲਹਿਰਾਗਾਗਾ ਫ਼ੌਜ ਵਿੱਚ ਭਰਤੀ ਦੀ ਟ੍ਰੇਨਿੰਗ ਲਈ ਖੋਲ੍ਹਿਆ ਸੈਂਟਰ ‘ਫਿਜ਼ੀਕਲ ਅਕੈਡਮੀ’ ਬੰਦ ਕਰ ਦਿੱਤਾ। ਉਹਨਾਂ ਨੇ ਪਾਰੀ ਨੂੰ ਦੱਸਿਆ ਕਿ ਹਰ ਸਾਲ ਅਕੈਡਮੀ ਵਿੱਚ ਪਟਿਆਲਾ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ ਅਤੇ ਮਾਨਸਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ। ਪਰ ਜਿਸ ਸਾਲ ਅਗਨੀਵੀਰ ਸਕੀਮ ਲਾਗੂ ਕੀਤੀ ਗਈ ਉਮੀਦਵਾਰਾਂ ਦੀ ਗਿਣਤੀ ਘੱਟ ਕੇ 50 ਹੀ ਰਹਿ ਗਈ। “ਸਾਡਾ ਤਾਂ ਖਰਚਾ ਵੀ ਪੂਰਾ ਨਹੀਂ ਸੀ ਹੁੰਦਾ, ਇਸ ਲਈ ਸੈਂਟਰ ਬੰਦ ਕਰਨਾ ਪਿਆ,” ਦੁਖੀ ਹਿਰਦੇ ਨਾਲ਼ ਉਹ ਕਹਿੰਦੇ ਹਨ।

2011 ਵਿੱਚ ਸ਼ੁਰੂ ਹੋਏ ਤੇ 2022 ਵਿੱਚ ਬੰਦ ਹੋਣ ਤੀਕਰ ਇਸ ਸੈਂਟਰ ਨੇ “ਲਗਭਗ 1,400 ਤੋਂ 1,500 ਨੌਜਵਾਨਾਂ ਨੂੰ ਫ਼ੌਜ ਵਿੱਚ ਭਰਤੀ ਲਈ ਟ੍ਰੇਨਿੰਗ ਦਿੱਤੀ ਗਈ,” ਉਹ ਦੱਸਦੇ ਹਨ।

ਸੁਰਿੰਦਰ ਸਿੰਘ ਦੱਸਦੇ ਹਨ ਕਿ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਹੋਰ ਸਰੀਰਿਕ ਸਿਖਲਾਈ ਕੇਂਦਰਾਂ ਦਾ ਵੀ ਇਹੀ ਹਾਲ ਹੈ। “ਲਗਭਗ 80 ਪ੍ਰਤੀਸ਼ਤ ਬੰਦ ਹੋ ਚੁੱਕੇ ਹਨ,” ਉਹ ਕਹਿੰਦੇ ਹਨ ਅਤੇ ਜੋ 20 ਪ੍ਰਤੀਸ਼ਤ ਹਾਲੇ ਵੀ ਚਾਲੂ ਹਨ ਉਹਨਾਂ ਨੇ ਆਪਣਾ ਧਿਆਨ ਪੁਲਿਸ ਅਤੇ ਅਰਧਸੈਨਿਕ ਬਲਾਂ ਲਈ ਸਿਖਲਾਈ ਦੇਣ 'ਤੇ ਕੇਂਦਰਿਤ ਕਰ ਲਿਆ ਹੈ।

“ਅਗਨੀਵੀਰ ਸਕੀਮ ਦੇ ਅਸਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਪਹਿਲਾਂ ਪਿੰਡ ਵਿੱਚੋਂ 50 ਤੋਂ 100 ਨੌਜਵਾਨ ਫ਼ੌਜ ਵਿੱਚ ਭਰਤੀ ਦੇ ਇੱਛੁਕ ਹੁੰਦੇ ਸਨ ਉੱਥੇ ਇਹ ਗਿਣਤੀ ਘੱਟ ਕੇ  ਦੋ ਤੋਂ ਪੰਜ ਦੀ ਹੀ ਰਹਿ ਗਈ ਹੈ,” ਉਹਨਾਂ ਦਾ ਕਹਿਣਾ ਹੈ।

ਕਰਮਜੀਤ ਸਿੰਘ ਜੋ ਕਦੇ ਪਟਿਆਲਾ ਜ਼ਿਲ੍ਹੇ ਦੇ ਨਾਭਾ ਕਸਬੇ ਵਿੱਚ ਨਿਊ ਸੈਨਿਕ ਪਬਲਿਕ ਅਕੈਡਮੀ ਚਲਾਉਂਦੇ ਸਨ, ਦਾ ਦੱਸਣਾ ਹੈ ਕਿ 2023 ਵਿੱਚ 60 ਉਮੀਦਵਾਰਾਂ ਨੇ ਸੁਰੱਖਿਆ ਬਲ ਵਿੱਚ ਭਰਤੀ ਲਈ ਲਿਖਤੀ ਇਮਤਿਹਾਨ ਪਾਸ ਕੀਤਾ ਸੀ। ਪਰ ਜਦ ਉਹਨਾਂ ਨੂੰ ਇਸ ਨਵੀਂ ਸਕੀਮ ਦੇ ਨਤੀਜੇ ਸਾਫ਼ ਹੋਣੇ ਸ਼ੁਰੂ ਹੋਏ ਤਾਂ ਸਰੀਰਿਕ ਸਿਖਲਾਈ ਲਈ ਸਿਰਫ਼ ਕੁਝ ਕੁ ਹੀ ਉਮੀਦਵਾਰ ਵਾਪਿਸ ਆਏ। ਅਖ਼ੀਰ ਅਕੈਡਮੀ ਬੰਦ ਕਰਨੀ ਪਈ।

PHOTO • Courtesy: Surinder Singh
PHOTO • Courtesy: Surinder Singh

ਸੂਬੇ ਭਰ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਸੰਗਰੂਰ ਜਿਹੇ ਫ਼ੌਜ ਭਰਤੀ ਸਿਖਲਾਈ ਕੇਂਦਰ ਬੰਦ ਹੋ ਗਏ ਹਨ ਕਿਉਂਕਿ ਹਥਿਆਰਬੰਦ ਬਲਾਂ ਦੇ ਉਮੀਦਵਾਰਾਂ ਦੀ ਗਿਣਤੀ ਵਿੱਚ ਅਚਾਨਕ ਗਿਰਾਵਟ ਆਈ ਹੈ

ਸੰਗਰੂਰ ਜ਼ਿਲ੍ਹੇ ਦੇ ਪਿੰਡ ਅਲੀਪੁਰ ਖਾਲਸਾ ਦੇ ਜਗਸੀਰ ਗਰਗ ਉਹਨਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਲਿਖਤੀ ਇਮਤਿਹਾਨ ਪਾਸ ਤਾਂ ਕੀਤਾ ਪਰ ਸਰੀਰਿਕ ਇਮਤਿਹਾਨ ਲਈ ਵਾਪਿਸ ਨਹੀਂ ਗਏ। ਵਜ੍ਹਾ? ''ਮੇਰੇ ਮਾਤਾ ਪਿਤਾ ਦਾ ਕਹਿਣਾ ਸੀ ਕਿ ਸਿਰਫ਼ ਚਾਰ ਸਾਲਾਂ ਦੀ ਨੌਕਰੀ ਲਈ ਆਪਣੀ ਜਾਨ ਜੋਖ਼ਮ ਵਿੱਚ ਪਾਉਣ ਦਾ ਕੋਈ ਫਾਇਦਾ ਨਹੀਂ। ਜੇ ਕੁਝ ਹੋ ਗਿਆ ਤਾਂ ਪਰਿਵਾਰ ਨੂੰ ਕੁਝ ਵੀ ਨਹੀਂ ਮਿਲ਼ਣਾ। ਮੇਰੇ ਨਾਲ਼ ਦੇ ਕਈ ਮੁੰਡੇ ਸਨ ਜੋ ਲਿਖਤੀ ਇਮਤਿਹਾਨ ਪਾਸ ਕਰਨ ਦੇ ਬਾਵਜੂਦ ਸਰੀਰਿਕ ਇਮਤਿਹਾਨ ਦੇਣ ਨਹੀਂ ਗਏ,” ਉਹ ਕਹਿੰਦੇ ਹਨ। ਜਗਸੀਰ ਹੁਣ ਪੁਰਾਣੇ ਮੋਟਰਸਾਈਕਲ ਖਰੀਦਣ ਅਤੇ ਵੇਚਣ ਦਾ ਕੰਮ ਕਰਦੇ ਹਨ।

ਲੰਬੇ ਸਮੇਂ ਤੋਂ ਆਪਣੇ ਬੱਚਿਆਂ ਨੂੰ ਫ਼ੌਜ ਵਿੱਚ ਭੇਜਣ ਦੀ ਪ੍ਰਥਾ ਹੋਣ ਕਾਰਨ ਪੰਜਾਬ ਦੇ ਵੱਡੇ ਸ਼ਹਿਰਾਂ ਅਤੇ ਛੋਟੇ ਕਸਬਿਆਂ ਵਿੱਚ ਸਭ ਥਾਈਂ ਭਰਤੀ ਲਈ ਸਿਖਲਾਈ ਕੇਂਦਰ ਖੁੱਲ੍ਹ ਗਏ ਸਨ। ਸੁਰਿੰਦਰ ਸਿੰਘ ਦੇ ਦੱਸਣ ਅਨੁਸਾਰ ਅੱਜ ਇਹਨਾਂ ਵਿੱਚੋਂ ਜ਼ਿਆਦਾਤਰ ਜਾਂ ਤਾਂ ਬੰਦ ਹੋ ਚੁੱਕੇ ਹਨ ਅਤੇ ਜਾਂ ਪੁਲਿਸ ਭਰਤੀ ਸਿਖਲਾਈ ਕੇਂਦਰ ਵਿੱਚ ਤਬਦੀਲ ਹੋ ਚੁੱਕੇ ਹਨ। ਪਹਿਲਾਂ, ਕੋਵਿਡ ਕਾਰਨ ਮਾਰਚ 2020 ਅਤੇ ਮਾਰਚ 2022 ਦੌਰਾਨ ਇਹਨਾਂ ਕੇਂਦਰਾਂ 'ਤੇ ਰੋਕ ਲੱਗੀ ਰਹੀ, ਫਿਰ ਪੇਪਰ ਲੀਕ ਹੋਣ ਕਾਰਨ ਦੋਬਾਰਾ ਰੋਕ ਦਾ ਸਾਹਮਣਾ ਕਰਨਾ ਪਿਆ, ਜਿਹਨੇ ਖ਼ਾਸਾ ਅਸਰ ਛੱਡਿਆ।

ਫਿਰ 2022 ਨੂੰ ਸਰਕਾਰ ਅਗਨੀਪੱਥ ਸਕੀਮ ਲੈ ਕੇ ਆਈ। 14 ਜੂਨ 2022 ਨੂੰ ਕੇਂਦਰੀ ਕੈਬਿਨੇਟ ਨੇ ਇਸ ਨੂੰ ਇੱਕ 'ਆਕਰਸ਼ਕ' ਭਰਤੀ ਸਕੀਮ ਕਹਿ ਕੇ ਐਲਾਨਿਆ। ਇਸ ਸਕੀਮ ਤਹਿਤ ਨੌਜਵਾਨਾਂ ਨੂੰ ਫ਼ੌਜ ਵਿੱਚ ਸਿਰਫ਼ ਚਾਰ ਸਾਲਾਂ ਲਈ ਭਰਤੀ ਕੀਤਾ ਜਾਵੇਗਾ ਜਦਕਿ ਰੈਗੂਲਰ ਕਾਡਰ ਵਿੱਚ ਨੌਕਰੀ ਘੱਟੋ ਘੱਟ 15 ਸਾਲਾਂ ਲਈ ਹੁੰਦੀ ਹੈ।

ਸਰਕਾਰ ਨੇ ਇਸ ਸਕੀਮ ਦੀ ਰੱਜਵੀਂ ਤਾਰੀਫ ਕਰਦਿਆਂ ਕਿਹਾ ਕਿ ਇਹ “ਤਿੰਨੋਂ ਸੇਵਾਵਾਂ ਵਿੱਚ ਮਨੁੱਖੀ ਸਰੋਤ ਨੀਤੀ ਵਿੱਚ ਇੱਕ ਨਵਾਂ ਮੀਲਪੱਥਰ ਕਾਇਮ ਕਰੇਗੀ।” ਪਾਰੀ ਦੇ ਪੱਤਰਕਾਰਾਂ ਨੇ ਪਹਿਲਾਂ ਵੀ ਆਪਣੇ ਲੇਖਾਂ ਵਿੱਚ ਇਹ ਗੱਲ ਉਜਾਗਰ ਕੀਤੀ ਹੈ: ਸਾਲ 2020 ਤੱਕ ਫ਼ੌਜ ਵਿੱਚ ਔਸਤ ਸਲਾਨਾ ਭਰਤੀ ਲਗਭਗ 61,000 ਸੀ। ਪਰ ਅਗਨੀਪੱਥ ਸਕੀਮ ਤਹਿਤ ਇਹ ਗਿਣਤੀ ਘੱਟ ਕੇ 46,000 ਹੀ ਰਹਿ ਜਾਣ ਵਾਲ਼ੀ ਹੈ।

ਇਹ ਗਿਰਾਵਟ ਉਨ੍ਹਾਂ ਨੌਜਵਾਨਾਂ ਦੇ ਸੁਪਨਿਆਂ ਦੇ ਚੂਰ-ਚੂਰ ਹੋ ਜਾਣ ਵੱਲ ਵੀ ਇਸ਼ਾਰਾ ਕਰਦੀ ਹੈ ਜਿਨ੍ਹਾਂ ਫ਼ੌਜ ਵਿੱਚ ਭਰਤੀ ਹੋਣਾ ਸੀ। ਹੁਣ ਤੋਂ ਉਹਨਾਂ ਕੋਲ਼ ਸਿਰਫ਼ ਚਾਰ ਸਾਲਾਂ ਦੀ ਨੌਕਰੀ ਹੋਵੇਗੀ ਜਿਸ ਤੋਂ ਬਾਅਦ ਇਹਨਾਂ ਵਿੱਚੋਂ ਚੌਥਾ ਹਿੱਸਾ ਫ਼ੌਜ ਦੇ ਨਿਯਮਿਤ ਕਾਡਰ ਵਿੱਚ ਸ਼ਾਮਿਲ ਹੋ ਜਾਵੇਗਾ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੁਰੱਖਿਆ ਅਤੇ ਰਣਨੀਤੀ ਸਿੱਖਿਆ ਵਿਭਾਗ ਦੇ ਪੂਰਵ ਮੁਖੀ ਡਾ. ਉਮਰਾਓ ਸਿੰਘ ਦੱਸਦੇ ਹਨ ਕਿ ਪੰਜਾਬੀਆਂ ਅੰਦਰ ਫ਼ੌਜ ਵਿੱਚ ਭਰਤੀ ਹੋਣ ਮਗਰ ਜੇਕਰ ਉਤਸ਼ਾਹ ਦੀ ਗੱਲ ਕਰੀਏ ਤਾਂ ਇੱਕ ਤਾਂ ਪੇਂਡੂ ਸਮਾਜ ਵਿੱਚ ਸੁਰੱਖਿਆ ਬਲਾਂ ਵਿੱਚ ਨੌਕਰੀ ਕਰਨ ਵਾਲ਼ਿਆਂ ਨੂੰ ਮਿਲ਼ਦੀ ਇੱਜ਼ਤ ਤੇ ਰਸੂਖ ਅਤੇ ਦੂਜਾ, ਕੰਮ ਕਰਨ ਦਾ ਚੰਗਾ ਮਾਹੌਲ।

PHOTO • Courtesy: Surinder Singh
PHOTO • Courtesy: Surinder Singh

ਲੰਬੇ ਸਮੇਂ ਤੋਂ ਆਪਣੇ ਬੱਚਿਆਂ ਨੂੰ ਫ਼ੌਜ ਵਿੱਚ ਭੇਜਣ ਦੀ ਪ੍ਰਥਾ ਹੋਣ ਕਾਰਨ ਪੰਜਾਬ ਦੇ ਵੱਡੇ ਸ਼ਹਿਰਾਂ ਅਤੇ ਛੋਟੇ ਕਸਬਿਆਂ ਵਿੱਚ ਸਭ ਥਾਈਂ ਭਰਤੀ ਲਈ ਸਿਖਲਾਈ ਕੇਂਦਰ ਖੁੱਲ੍ਹ ਗਏ ਸਨ

“ਅਗਨੀਵੀਰ ਸਕੀਮ ਦੇ ਆਉਣ ਤੋਂ ਬਾਅਦ ਇਸ ਨੌਕਰੀ ਨਾਲ਼ ਜੁੜੇ ਰਸੂਖ ਨੂੰ ਵੱਡਾ ਝਟਕਾ ਲੱਗਿਆ। ਹੁਣ ਇਹਨਾਂ ਨੂੰ ਠੇਕੇ ਵਾਲ਼ੇ ਫ਼ੌਜੀ ਕਹਿ ਕੇ ਬੁਲਾਇਆ ਜਾਂਦਾ ਹੈ। ਇੱਜ਼ਤ ਘਟਣ ਕਾਰਨ ਹੀ ਭਰਤੀ ਲਈ ਉਮੀਦਵਾਰਾਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਸਕੀਮ ਦੇ ਆਉਣ ਤੋਂ ਬਾਅਦ ਵਿਦੇਸ਼ ਜਾਣ ਵਾਲ਼ੇ ਨੌਜਵਾਨਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪਰ ਕੈਨੇਡਾ ਨਾਲ਼ ਰਿਸ਼ਤਿਆਂ ਵਿੱਚ ਆਈ ਖਟਾਸ ਕਾਰਨ ਹੁਣ ਉਹ ਪੰਧ ਵੀ ਬਿਖੜਾ ਹੋ ਗਿਆ। ਪਹਿਲਾਂ ਤੋਂ ਹੀ ਖੇਤੀ ਸੰਕਟ ਨਾਲ਼ ਜੂਝ ਰਿਹਾ ਪੰਜਾਬ ਦਾ ਪੇਂਡੂ ਸਮਾਜ ਤਬਾਹੀ ਵੱਲ ਨੂੰ ਵਧਦਾ ਨਜ਼ਰ ਆ ਰਿਹਾ ਹੈ,” ਡਾ. ਸਿੰਘ ਦਾ ਕਹਿਣਾ ਹੈ।

ਭਰਤੀ ਲਈ ਆਉਣ ਵਾਲ਼ੇ ਉਮੀਦਵਾਰਾਂ ਵਿੱਚ ਜ਼ਿਆਦਾ ਗਿਣਤੀ ਕਿਸਾਨੀ ਪਰਿਵਾਰ ਜਾਂ ਬੇਜ਼ਮੀਨੇ  ਦਲਿਤ ਪਰਿਵਾਰਾਂ ਵਿੱਚੋਂ ਆਉਣ ਵਾਲ਼ੇ ਨੌਜਵਾਨਾਂ ਦੀ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਰੰਗੜਿਆਲ ਵਿੱਚ ਫ਼ੌਜ ਵਿੱਚ ਭਰਤੀ ਲਈ ਲਿਖਤੀ ਇਮਤਿਹਾਨ ਦੀ ਤਿਆਰੀ ਕਰਵਾਉਣ ਵਾਲ਼ੇ ਯਾਦਵਿੰਦਰ ਸਿੰਘ ਕਹਿੰਦੇ ਹਨ: “ਪਹਿਲਾਂ ਪੰਜ ਸੱਤ ਕਿੱਲੇ ਜ਼ਮੀਨ ਵਾਲ਼ੇ ਪਰਿਵਾਰਾਂ ਦੇ ਲੜਕਿਆਂ ਵਿੱਚ ਫ਼ੌਜ ਵਿੱਚ ਭਰਤੀ ਦਾ ਬਹੁਤ ਚਾਅ ਹੁੰਦਾ ਸੀ ਪਰ ਹੁਣ ਕਿਸਾਨੀ ਪਿੱਠਭੂਮੀ ਵਾਲ਼ੇ ਉਮੀਦਵਾਰਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਹੁਣ ਸਿਰਫ਼ ਦਲਿਤ ਪਰਿਵਾਰਾਂ ਦੇ ਨੌਜਵਾਨ ਹੀ ਭਰਤੀ ਵਿੱਚ ਰੁਚੀ ਦਿਖਾਉਂਦੇ ਹਨ ਜਿਨ੍ਹਾਂ ਕੋਲ਼ ਹੋਰ ਕੋਈ ਰਾਹ ਨਹੀਂ।”

ਅਜੈ ਕੁਮਾਰ ਵੀ ਅਜਿਹੇ ਬੇਜ਼ਮੀਨੇ ਦਲਿਤ ਪਰਿਵਾਰ ਨਾਲ਼ ਸਬੰਧ ਰੱਖਦੇ ਸਨ। “ਆਪਣਾ ਸੁਪਨਾ ਪੂਰਾ ਕਰਨ ਲਈ ਉਸਨੇ ਕਈ ਸਾਲ ਦਿਹਾੜੀ-ਧੱਪਾ ਕੀਤਾ ਅਤੇ ਉਸਦੀ ਮਾਂ ਨੇ ਵੀ ਕਦੇ ਗੋਹਾ ਕੂੜਾ ਚੱਕਿਆ ਤੇ ਕਦੇ ਨਰੇਗਾ ਦਾ ਕੰਮ,” ਉਹਨਾਂ ਦੇ ਪਿਤਾ ਚਰਨਜੀਤ ਸਿੰਘ ਦੱਸਦੇ ਹਨ,“ਅਤੇ ਬਦਲੇ ਵਿੱਚ ਸਾਨੂੰ ਕੀ ਮਿਲ਼ਿਆ? ਪੈਸਾ? ਪੈਸਾ ਤਾਂ ਹੈ ਹੀ ਹੱਥ ਦੀ ਮੈਲ਼।” [ਉਹ ਬੀਮੇ ਦੇ ਪੈਸਿਆਂ ਦੀ ਗੱਲ ਕਰ ਰਹੇ ਹਨ, ਨਾ ਕਿ ਮੁਆਵਜ਼ੇ ਦੇ ਪੈਸਿਆਂ ਦੀ ਕਿਉਂਕਿ ਅਜੈ ਨੂੰ ਇਸ ਦੇ ਯੋਗ ਹੀ ਨਹੀਂ ਸਮਝਿਆ ਗਿਆ]।

ਚਰਨਜੀਤ ਵਲੂੰਧਰੇ ਦਿਲ ਨਾਲ਼ ਉਸ ਕਾਲ਼ੇ ਟਰੰਕ ਵੱਲ ਇਸ਼ਾਰਾ ਕਰਦੇ ਹਨ ਜੋ ਸਾਵਧਾਨੀ ਨਾਲ਼ ਰੱਖਿਆ ਹੋਇਆ ਹੈ ਤੇ ਜਿਸ ’ਤੇ ਚਿੱਟੇ ਰੰਗ ਨਾਲ਼ ਤਿਰਛੇ ਅੱਖਰਾਂ ਵਿੱਚ ਲਿਖਿਆ ਹੈ,‘ਅਗਨੀਵੀਰ ਅਜੈ ਕੁਮਾਰ’। ਇਹ ਮਹਿਜ ਤਿੰਨ ਅੱਖਰ ਨਹੀਂ ਇਹ ਤਾਂ ਦਾਸਤਾਨ ਹਨ ਅਜੈ ਵਰਗੇ ਪੰਜਾਬ ਦੇ ਨੌਜਵਾਨਾਂ ਦੇ ਟੁੱਟੇ ਹੋਏ ਸੁਪਨਿਆਂ ਦੀ।

PHOTO • Vishav Bharti
PHOTO • Vishav Bharti

ਖੱਬੇ : ਅਗਨੀਵੀਰ ਅਜੈ ਕੁਮਾਰ ਦੇ ਘਰ ਲੱਗੀ ਉਨ੍ਹਾਂ ਦੀ ਤਸਵੀਰ। ਸੱਜੇ : 25 ਵੀਂ ਇਨਫੈਂਟਰੀ ਡਿਵੀਜ਼ਨ ਦੇ ਜਨਰਲ ਅਫਟਸਰ ਕਮਾਂਡਿੰਗ ਮੇਜਰ ਜਨਰਲ ਗੌਰਵ ਰਿਸ਼ੀ ਨੇ ਪਰਿਵਾਰ ਨੂੰ ਸ਼ੋਕ ਸੰਦੇਸ਼ ਭੇਜਿਆ , ਡਿਵੀਜ਼ਨ, ਜਿਸ ਲਈ ਅਜੈ ਨੇ ਲੜਾਈ ਲੜੀ

PHOTO • Vishav Bharti
PHOTO • Vishav Bharti

ਖੱਬੇ : ਕਮਰੇ ਵਿੱਚ ਪਿਆ ਅਗਨੀਵੀਰ ਅਜੈ ਕੁਮਾਰ ਦਾ ਟਰੰਕ। ਸੱਜੇ : ਅਗਨੀਵੀਰ ਅਜੈ ਕੁਮਾਰ ਦੇ ਮਾਪੇ ਚਰਨਜੀਤ ਸਿੰਘ ਤੇ ਮਨਜੀਤ ਕੌਰ, ਜਿਨ੍ਹਾਂ ਦੇ ਮਗਰਲੇ ਪਾਸੇ ਲੱਗੇ ਫਲੈਕਸ ' ਤੇ ਲਿਖੀਆਂ ਮਾਤਭੂਮੀ ਲਈ ਜਾਨ ਵਾਰਨ ਦਾ ਜੋਸ਼ ਭਰਦੀਆਂ ਸਤਰਾਂ (ਹੇਠਾਂ)

ਅਜੈ ਦੇ ਘਰ ਵਿੱਚ ਨਵਾਂ ਬਣਿਆ ਇੱਕ ਕਮਰਾ ਅਤੀਤ ਦੀਆਂ ਯਾਦਾਂ ਨਾਲ਼ ਭਰ ਗਿਆ ਹੈ, ਇੱਕ ਕਮਰਾ ਜਿਸ ਵਿੱਚ ਇਕਲੌਤੇ ਪੁੱਤਰ ਅਤੇ ਛੇ ਭੈਣਾਂ- ਜਿਸ ਵਿੱਚੋਂ ਦੋ ਹਾਲੇ ਕੁਆਰੀਆਂ ਹਨ- ਦੇ ਇਕੱਲੇ ਭਰਾ ਦੀਆਂ ਯਾਦਾਂ ਹਨ- ਉਸ ਦੀ ਇਸਤ੍ਰੀ ਕੀਤੀ ਹੋਈ ਵਰਦੀ, ਸਲੀਕੇ ਨਾਲ਼ ਰੱਖੀ ਉਸ ਦੀ ਪੱਗ, ਉਸ ਦੇ ਪਾਲਸ਼ ਕੀਤੇ ਬੂਟ ਅਤੇ ਉਸ ਦੀਆਂ ਫਰੇਮ ਕੀਤੀਆਂ ਤਸਵੀਰਾਂ।

ਗੱਲਬਾਤ ਦੌਰਾਨ ਪਸਰੀ ਲੰਬੀ ਖਾਮੋਸ਼ੀ ਵਿੱਚ ਅਸੀਂ ਅਜੈ ਦੇ ਪਿਤਾ ਨੂੰ ਇੱਕ ਸੁਭਾਵਿਕ ਸਵਾਲ ਪੁੱਛ ਬੈਠਦੇ ਹਾਂ: ਕੀ ਉਹ ਹਾਲੇ ਵੀ ਪਿੰਡ ਦੇ ਹੋਰ ਮੁੰਡਿਆਂ ਨੂੰ ਫ਼ੌਜ ਵਿੱਚ ਜਾਣ ਦੀ ਸਲਾਹ ਦੇਣਗੇ? “ਮੈਂ ਅਜਿਹਾ ਕਿਉਂ ਕਰਾਂਗਾ? ਮੇਰਾ ਪੁੱਤਰ ਤਾਂ ਭੰਗ ਦੇ ਭਾਣੇ ਚਲਾ ਗਿਆ। ਕਿਸੇ ਹੋਰ ਦੇ ਪੁੱਤਰ ਨਾਲ਼ ਇੰਝ ਕਿਉਂ ਹੋਵੇ?” ਉਹ ਪੁੱਛਦੇ ਹਨ।

ਮਗਰ ਕੰਧ ’ਤੇ ਲੱਗੇ ਫਲੈਕਸ ’ਤੇ ਅਜੈ ਦੀ ਫ਼ੋਟੋ ਲੱਗੀ ਹੈ ਤੇ ਨਾਲ਼ ਹੀ ਲਿਖਿਆ ਹੈ:

ਲਿਖ ਦਿਉ ਲਹੂ ਨਾਲ਼ ਅਮਰ ਕਹਾਣੀ , ਵਤਨ ਦੀ ਖ਼ਾਤਰ
ਕਰ ਦਿਉ ਕੁਰਬਾਨ ਇਹ ਜਵਾਨੀ , ਵਤਨ ਦੀ ਖ਼ਾਤਰ

ਯਾਦਾਂ ਦੇ ਸਮੁੰਦਰ ਵਿੱਚ ਗੁਆਚੇ ਚਰਨਜੀਤ ਸਿੰਘ ਦੀਆਂ ਅੱਖਾਂ ਵਿੱਚ ਇੱਕ ਹੀ ਸਵਾਲ ਤੈਰ ਰਿਹਾ ਹੈ: ਪੁੱਤਰ ਬਦਲੇ ਮਾਤਭੂਮੀ ਉਹਨਾਂ ਨੂੰ ਕੀ ਦੇਵੇਗੀ?

ਪੋਸਟਸਕ੍ਰਿਪਟ:

24 ਜਨਵਰੀ 2025 ਨੂੰ ਇੱਕ ਹੋਰ ਕਹਿਰ ਟੁੱਟਿਆ, ਜਦੋਂ ਤਿਰੰਗੇ ਝੰਡੇ ਵਿੱਚ ਲਿਪਟੇ 24 ਸਾਲਾ ਅਗਨੀਵੀਰ ਲਵਪ੍ਰੀਤ ਸਿੰਘ ਦੀ ਦੇਹ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਅਕਲਿਆ ਪਿੰਡ ਪਹੁੰਚੀ। ਬੀਤੇ 15 ਮਹੀਨਿਆਂ ਵਿੱਚ ਇਹ ਤੀਸਰਾ ਅਗਨੀਵੀਰ ਹੈ ਜੋ ਦੇਸ਼ ਦੀ ਸਰਹੱਦ ਦੀ ਰਾਖੀ ਕਰਦਿਆਂ ਸ਼ਹੀਦ ਹੋਇਆ।

ਇਹ ਸਾਰੇ ਅਗਨੀਵੀਰ ਕਸ਼ਮੀਰ ਵਿਖੇ ਹੀ ਸ਼ਹੀਦ ਹੋਏ। ਅਕਤੂਬਰ 2023 ਨੂੰ ਸਭ ਤੋਂ ਪਹਿਲੀ ਸ਼ਹੀਦੀ ਅੰਮ੍ਰਿਤਪਾਲ ਸਿੰਘ ਦੀ ਹੋਈ, ਇਸ ਤੋਂ ਬਾਅਦ ਜਨਵਰੀ 2024 ਨੂੰ ਅਜੈ ਕੁਮਾਰ ਸ਼ਹੀਦ ਹੋਏ, ਜਿੰਨਾ ਬਾਰੇ ਆਪਾਂ ਗੱਲ ਕਰ ਰਹੇ ਹਾਂ। ਅਜੈ ਕੁਮਾਰ ਦੇ ਪਰਿਵਾਰ ਵਾਂਗਰ ਹੀ ਲਵਪ੍ਰੀਤ ਦੇ ਪਿਤਾ ਬੇਅੰਤ ਸਿੰਘ ਦੇ ਪੱਲੇ ਵੀ ਸਿਰਫ਼ ਯਾਦਾਂ ਹੀ ਰਹਿ ਗਈਆਂ।

"ਲਵਪ੍ਰੀਤ ਨੇ ਘੜੀ ਮੰਗਵਾਈ ਸੀ ਜੋ ਘਰ ਪਹੁੰਚ ਗਈ, ਪਰ ਉਹ ਖ਼ੁਦ ਘਰ ਨਾ ਪੁੱਜਿਆ," ਮੀਡਿਆ ਨਾਲ਼ ਗੱਲ ਕਰਦੇ ਬੇਅੰਤ ਸਿੰਘ ਦੀਆਂ ਭੁੱਬਾਂ ਨਿਕਲ਼ ਗਈਆਂ।

ਪਰ, ਹਰ ਸ਼ਹੀਦ ਹੁੰਦੇ ਨੌਜਵਾਨ ਦੀ ਬਲ਼ਦੀ ਚਿਖਾ ਦੇ ਸੇਕ ਨਾਲ਼ ਪੰਜਾਬ ਵਿੱਚ ਅਗਨੀਵੀਰਾਂ ਦੇ ਸਨਮਾਨ ਅਤੇ ਹੁੰਦੀ ਧੱਕੇਸ਼ਾਹੀ ਖ਼ਿਲਾਫ਼ ਹਾਅ ਦਾ ਨਾਅਰਾ ਬੁਲੰਦ ਹੁੰਦਾ ਜਾਂਦਾ ਹੈ।

ਤਰਜਮਾ: ਨਵਨੀਤ ਕੌਰ ਧਾਲੀਵਾਲ

Vishav Bharti

Vishav Bharti is a journalist based in Chandigarh who has been covering Punjab’s agrarian crisis and resistance movements for the past two decades.

Other stories by Vishav Bharti
Editor : P. Sainath
psainath@gmail.com

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Navneet Kaur Dhaliwal

Navneet Kaur Dhaliwal is an agriculture scientist based in Punjab. She believes in the creation of a humane society, conservation of natural resources and preserving heritage and traditional knowledge.

Other stories by Navneet Kaur Dhaliwal