ਪਿਛਲੇ ਸਾਲ ਮਈ 2023 ਵਿੱਚ ਪਾਰਵਤੀ ਨੂੰ ਮਨਰੇਗਾ ਤਹਿਤ ਕੰਮ ਮਿਲ਼ਿਆਂ ਸਾਲ ਬੀਤ ਗਿਆ। ਉਹ ਕੰਮ ਵੀ ਸਿਰਫ਼ 5 ਦਿਨਾਂ ਦਾ ਹੀ ਸੀ।
ਕੰਮ ਦੌਰਾਨ ਪਾਰਵਤੀ (ਛੋਟਾ ਨਾਮ ਹੀ ਵਰਤਦੀ) ਨੇ ਆਪਣੇ ਪਿੰਡ ਗੌਰ ਮਧੂਕਰ ਸ਼ਾਹਪੁਰ ਦੀ ਸੜਕ ਪੱਧਰੀ ਕੀਤੀ। ਸਾਲ ਦੇ 100 ਦਿਨ ਦੇ ਰੁਜ਼ਗਾਰ ਗਰੰਟੀ ਨਾਲ਼ ਲਾਂਚ ਕੀਤੀ ਗਈ ਮਨਰੇਗਾ ਨੇ ਇਸ ਦਿਹਾੜੀਦਾਰ ਨਾਲ਼ ਕਦੇ ਵੀ ਵਾਅਦਾ ਨਹੀਂ ਪੁਗਾਇਆ। 45 ਸਾਲਾ ਪਾਰਵਤੀ ਜਾਟਵ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹਨ, ਜੋ ਇੱਕ ਪਿਛੜੀ ਜਾਤੀ ਹੈ। ''ਸਾਨੂੰ ਆਪਣਾ ਅੱਧਾ ਕੁ ਢਿੱਡ ਭਰਨ ਲਈ ਵੀ ਇੰਨੇ ਜਫਰ ਜਾਲਣੇ ਪੈਂਦੇ ਨੇ,'' ਉਹ ਕਹਿੰਦੀ ਹਨ।
ਰਾਜ ਨੇ ਇੱਕ ਵਾਰ ਫਿਰ ਤੋਂ ਪਾਰਵਤੀ ਨੂੰ ਨਿਰਾਸ਼ ਕਰ ਸੁੱਟਿਆ, ਉਹ ਇੰਝ ਕਿ ਪਤੀ-ਪਤਨੀ ਨੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਘਰ ਵਾਸਤੇ ਅਰਜ਼ੀ ਲਾਈ ਸੀ, ਜੋ 2020 ਵਿੱਚ ਖ਼ਾਰਜ ਕਰ ਦਿੱਤੀ ਗਈ। ਨਿਰਾਸ਼ਾਵੱਸ ਪਏ ਪਤੀ-ਪਤਨੀ ਦੇ ਸਬਰ ਦਾ ਪਿਆਲਾ ਭਰ ਗਿਆ ਤਾਂ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਪਾਸੋਂ 90,000 ਦਾ ਕਰਜਾ ਲਿਆ ਤੇ ਦੋ-ਕਮਰਿਆ ਦਾ ਪੱਕਾ ਘਰ ਉਸਾਰ ਲਿਆ।
''ਜਦੋਂ ਕੋਈ ਵੋਟ ਮੰਗਣ ਆਇਆ, ਮੈਂ ਉਹਨੂੰ ਜ਼ਰੂਰ ਪੁੱਛੂਗੀ ਜੇ ਘਰ ਲੈਣ ਵੇਲ਼ੇ ਮੇਰਾ ਨਾਮ ਗਾਇਬ ਸੀ ਤਾਂ ਵੋਟਾਂ ਦੀ ਸੂਚੀ ਵਿੱਚ ਕਿਵੇਂ ਆ ਗਿਆ ਭਲ਼ਾ?'' ਪਰੇਸ਼ਾਨ ਹੋ ਚੁੱਕੀ ਪਾਰਵਤੀ ਕਹਿੰਦੀ ਹਨ। ਉਨ੍ਹਾਂ ਦੇ ਪਤੀ, ਛੋਟੇ ਲਾਲ ਵੀ ਕਦੇ ਮਨਰੇਗਾ ਹੇਠ ਕੰਮ ਕਰਿਆ ਕਰਦੇ ਸਨ ਪਰ ਪੰਜ ਸਾਲ ਪਹਿਲਾਂ ਆਏ ਅਧਰੰਗ ਦੇ ਦੌਰੇ ਤੋਂ ਬਾਅਦ ਉਹ ਕੰਮ ਨਾ ਕਰ ਸਕੇ। ਹੁਣ ਉਹ ਕਦੇ-ਕਦਾਈਂ ਵਾਰਾਨਸੀ ਦੀ ਮਜ਼ਦੂਰ ਮੰਡੀ ਜਾਂਦੇ ਹਨ ਜਿੱਥੇ ਜੇ ਦਿਹਾੜੀ ਮਿਲ਼ ਜਾਵੇ ਤਾਂ 400-500 ਰੁਪਏ ਹੱਥ ਆ ਜਾਂਦੇ ਹਨ।
ਮਨਰੇਗਾ ਸਕੀਮ ਪਿੰਡਾਂ ਦੇ ਬੇਹੁਨਰ ਮਜ਼ਦੂਰਾਂ ਨੂੰ ਸਾਲ ਦੇ 100 ਦਿਨਾਂ ਦੇ ਰੁਜ਼ਗਾਰ ਦੇਣ ਦੇ ਵਾਅਦੇ ਨਾਲ਼ ਮੈਦਾਨ ਵਿੱਚ ਉਤਰੀ ਸੀ। ਪਰ ਵਾਰਾਨਸੀ ਦੇ ਪਿੰਡਾਂ ਵਿੱਚ ਇੱਕ ਆਮ ਸ਼ਿਕਾਇਤ ਹੈ ਕਿ ਸਰਪੰਚ ਦੇ ''ਪਿਛਲੇ ਦੋ ਪ੍ਰਧਾਨੀ/ਕਾਰਜਕਾਲਾਂ'' ਦੌਰਾਨ ਸਾਲ ਦੇ ਮਹਿਜ 20-25 ਦਿਨ ਹੀ ਕੰਮ ਮਿਲ਼ਦਾ ਰਿਹਾ ਹੈ। ਉਹ ਪਿਛਲੇ 10 ਸਾਲਾਂ ਦਾ ਹਵਾਲਾ ਦੇ ਰਹੇ ਹਨ।
ਇਸ ਸਮੇਂ ਪਾਰਵਤੀ ਅਜਿਹੇ ਕਰਜੇ ਦੇ ਬੋਝ ਹੇਠ ਹੈ ਜੋ ਉਨ੍ਹਾਂ ਕਦੇ ਸੋਚਿਆ ਨਹੀਂ ਸੀ। ਜਦੋਂ ਰਾਜ ਵੱਲੋਂ ਕਿਸੇ ਕਿਸਮ ਦੀ ਮਦਦ ਨਾ ਮਿਲੀ ਤਾਂ ਉਹ ਠਾਕੁਰ ਭਾਈਚਾਰੇ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਨੂੰ ਮਜ਼ਬੂਰ ਹੋ ਕੇ ਰਹਿ ਗਈ, ਜੋ ਬਿਜਾਈ ਤੇ ਵਾਢੀ ਵੇਲ਼ੇ 15 ਦਿਹਾੜੀਆਂ ਦੇ ਮਿਹਨਤਾਨੇ ਬਦਲ 10 ਕਿਲੋ ਦਾਣੇ ਦੇ ਕੇ ਕੰਮ ਸਾਰ ਲੈਂਦਾ ਹੈ।


ਪਾਰਵਤੀ (ਖੱਬੇ) ਉੱਤਰ ਪ੍ਰਦੇਸ਼ ਦੇ ਵਾਰਾਨਸੀ ਜ਼ਿਲ੍ਹੇ ਦੇ ਪਿੰਡ ਗੌਰ ਮਧੂਕਰ ਸ਼ਾਹਪੁਰ ਦੀ ਵਾਸੀ ਹਨ। ਉਹ ਕਹਿੰਦੀ ਹਨ ਕਿ ਮਨਰੇਗਾ ਨੇ ਸਾਲ ਦੇ 100 ਦਿਨ ਰੁਜ਼ਗਾਰ ਦੇਣ ਵਾਲ਼ਾ ਵਾਅਦਾ ਕਦੇ ਨਹੀਂ ਪੁਗਾਇਆ। ਆਪਣੇ ਪਤੀ, ਛੋਟੇ ਲਾਲ (ਸੱਜੇ) ਦੇ ਨਾਲ਼ ਘਰ ਦੇ ਬਾਹਰ
ਰਾਜਾ ਤਲਾਬ ਤਹਿਸੀਲ ਵਿੱਚ ਪੈਂਦੇ ਪਿੰਡ ਗੌਰ ਮਧੂਕਰ ਸ਼ਾਹਪੁਰ ਵਿਖੇ 1,200 ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਵਿੱਚ ਪਿਛੜੀ ਜਾਤੀ ਤੇ ਹੋਰਨਾ ਪਿਛੜੀਆਂ ਜਾਤਾਂ ਦੇ ਲੋਕ ਸ਼ਾਮਲ ਹਨ। ਇਹ ਲੋਕ ਛੋਟੀਆਂ-ਛੋਟੀਆਂ ਜੋਤਾਂ 'ਤੇ ਸਿਰਫ਼ ਆਪਣੇ ਗੁਜ਼ਾਰੇ ਜੋਗੀ ਖੇਤੀ ਕਰਦੇ ਹਨ ਤੇ ਬਾਕੀ ਖਰਚਿਆਂ ਵਾਸਤੇ ਖੇਤ ਮਜ਼ਦੂਰੀ ਕਰਦੇ ਹਨ।
ਇਹ ਪਿੰਡ ਵਾਰਾਨਸੀ ਸ਼ਹਿਰ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਅਤੇ ਵਾਰਾਨਸੀ ਲੋਕ ਸਭਾ ਹਲਕੇ ਦੇ ਹੇਠ ਆਉਂਦਾ ਹੈ ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਵਿੱਚ ਤੀਜੀ ਵਾਰ ਚੋਣ ਲੜ ਰਹੇ ਹਨ। ਉਹ 2014 ਤੇ 2019ਵਿੱਚ ਇੱਥੋਂ ਜਿੱਤ ਚੁੱਕੇ ਹਨ।
ਇੱਥੇ 1 ਜੂਨ ਨੂੰ ਵੋਟਾਂ ਪੈਣੀਆਂ ਹਨ ਤੇ ਵਾਰਾਨਸੀ ਉਨ੍ਹਾਂ ਚੋਣ-ਹਲਕਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਵੱਲ ਸਭ ਦੀ ਨਜ਼ਰ ਹੈ। 'ਹਰ ਦਿਲ ਮੇਂ ਮੋਦੀ' ਵਾਲ਼ੇ ਕੇਸਰੀ ਪੋਸਟਰ ਹਰ ਨੁੱਕਰ ਹਰ ਖੂੰਜੇ, ਈ-ਰਿਕਸ਼ਿਆਂ ਦੇ ਮਗਰਲੇ ਪਾਸੇ ਤੇ ਗਲ਼ੀਆਂ ਦੀਆਂ ਲਾਈਟਾਂ 'ਤੇ ਚਿਪਕੇ ਦੇਖੇ ਜਾ ਸਕਦੇ ਹਨ। ਹਾਈ-ਪ੍ਰੋਫਾਈਲ ਉਮੀਦਵਾਰ ਦੇ ਭਾਸ਼ਣ ਤੇ ਸੱਜਰੇ ਉਸਰੇ ਰਾਮ ਮੰਦਰ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਆਟੋਆਂ 'ਤੇ ਟੰਗੇ ਸਪੀਕਰ ਚੀਕਾਂ ਮਾਰਦੇ ਸੁਣੇ ਜਾ ਸਕਦੇ ਹਨ।
ਪਰ ਇੱਥੇ ਗੌਰ ਮਧੂਕਰ ਸ਼ਾਹਪੁਰ ਵਿਖੇ ਕਿਤੇ ਕੋਈ ਪ੍ਰਚਾਰ ਪੋਸਟਰ ਨਹੀਂ ਚਿਪਕਿਆ। ਅਯੋਧਿਆ ਰਾਮ ਮੰਦਰ ਸਥਾਪਨ ਸਮਾਰੋਹ ਵੇਲ਼ੇ ਦੀ ਮੋਦੀ ਦੀ ਇੱਕ ਤਸਵੀਰ ਇਸ ਬਸਤੀ ਦੇ ਹਨੂੰਮਾਨ ਮੰਦਰ ਦੇ ਬਾਹਰ ਜ਼ਰੂਰ ਚਿਪਕੀ ਹੋਈ ਹੈ।
ਪਰ ਬਸਤੀ ਦੀ ਵਸਨੀਕ, ਪਾਰਵਤੀ ਬੀਐੱਸਪੀ (ਬਹੁਜਨ ਸਮਾਜ ਪਾਰਟੀ) ਨੇ ਨੀਲਾ ਝੰਡਾ ਲਹਿਰਾਉਣ ਦਾ ਇਰਾਦਾ ਕੀਤਾ ਹੈ, ਕਿਉਂਕਿ ਉਨ੍ਹਾਂ ਲਈ ਆਪਣੇ ਪੰਜ ਮੈਂਬਰੀ ਪਰਿਵਾਰ ਦਾ ਢਿੱਡ ਭਰਨਾ ਸਭ ਤੋਂ ਵੱਡਾ ਮਸਲਾ ਹੈ। ਉਹ ਇਸ ਗੱਲੋਂ ਹੈਰਾਨ ਹਨ ਕਿ ਰਾਜ ਨੇ ਉਨ੍ਹਾਂ ਦੀ ਬਾਂਹ ਨਹੀਂ ਫੜ੍ਹੀ,''ਜਦੋਂ ਕਿ ਸਰਕਾਰ ਆਧਾਰ ਕਾਰਡ ਜਾਰੀ ਕਰਦੀ ਹੈ ਤੇ ਹਰ ਕਿਸੇ ਦੀ ਜਾਣਕਾਰੀ ਵੀ ਰੱਖਦੀ ਹੈ, ਫਿਰ ਭਲ਼ਾ ਸਾਡੀ ਗ਼ਰੀਬੀ ਬਾਬਤ ਇਨ੍ਹਾਂ ਨੂੰ ਕਿਵੇਂ ਪਤਾ ਨਹੀਂ ਚੱਲ਼ਦਾ?''


ਗੌਰ ਪਿੰਡ ਦੇ ਹਰੀਜਨ ਬਸਤੀ ਦੇ ਹਨੂੰਮਾਨ ਮੰਦਰ ਦੇ ਬਾਹਰ ਚਿਪਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਾ ਪੋਸਟਰ (ਖੱਬੇ)। ਪਿੰਡ ਦੇ 1,200 ਪਰਿਵਾਰਾਂ ਵਿੱਚੋਂ ਬਹੁਤੇਰੇ ਲੋਕੀਂ ਪਿਛੜੀ ਜਾਤ ਤੋ ਹੋਰ ਪਿਛੜੀ ਜਾਤਾਂ ਨਾਲ਼ ਤਾਅਲੁੱਕ ਰੱਖਦੇ ਹਨ। ਪਾਰਵਤੀ ਦੇ ਘਰ ' ਤੇ ਝੂਲ਼ਦਾ ਬਹੁਜਨ ਸਮਾਜ ਪਾਰਟੀ (ਸੱਜੇ) ਦਾ ਨੀਲ਼ਾ ਝੰਡਾ


ਖੱਬੇ: ਮਨਰੇਗਾ ਮਜ਼ਦੂਰ ਯੂਨੀਅਨ ਦੀ ਕੋਆਰਡੀਨੇਟਰ, ਰੇਣੂ ਦੇਵੀ ਕਹਿੰਦੀ ਹਨ ਕਿ ਮਨਰੇਗਾ ਦਾ ਕੰਮ ਘੱਟ ਰਿਹਾ ਹੈ। ਮੋਦੀ ਦੇ ਪੋਸਟਰ ਸ਼ਹਿਰ ਅਤੇ ਪੂਰੇ ਜ਼ਿਲ੍ਹੇ ਵਿੱਚ ਲੱਗੇ ਹੋਏ ਹਨ ਜਿੱਥੋਂ ਪ੍ਰਧਾਨ ਮੰਤਰੀ ਤੀਜੀ ਵਾਰ ਚੋਣ ਲੜ ਰਹੇ ਹਨ
ਪੇਂਡੂ ਗਰੰਟੀ ਸਕੀਮ ਤਹਿਤ ਕੰਮ ਵਿੱਚ ਆਈ ਗਿਰਾਵਟ ਦੀ ਪੁਸ਼ਟੀ ਮਨਰੇਗਾ ਮਜ਼ਦੂਰ ਯੂਨੀਅਨ ਦੀ ਰੇਣੂ ਦੇਵੀ ਨੇ ਕੀਤੀ ਤੇ ਪਾਰੀ ਨੂੰ ਦੱਸਿਆ,''2019 ਤੋਂ ਹੀ ਮਨਰੇਗਾ ਦਾ ਬੇੜਾ-ਗਰਕ ਹੁੰਦਾ ਚਲਾ ਗਿਆ। ਪਹਿਲਾਂ ਜਦੋਂ ਅਸੀਂ ਪਿੰਡ ਵਾਸੀਆਂ ਵੱਲੋਂ ਅਰਜ਼ੀਆਂ ਲਿਖਦੇ ਤਾਂ ਪੂਰੇ ਹਫ਼ਤੇ ਦੇ ਕੰਮ ਦਿੱਤੇ ਜਾਂਦੇ। ਪਰ ਹੁਣ ਸਾਲ ਵਿੱਚ ਸੱਤ ਦਿਨ ਕੰਮ ਮਿਲ਼ਣਾ ਵੀ ਮੁਸ਼ਕਿਲ ਹੋਇਆ ਪਿਆ।''
ਇਕੱਲੇ 2021 ਦੇ ਅੰਦਰ, ਮਨਰੇਗਾ ਮਜ਼ਦੂਰ ਯੂਨੀਅਨ ਦੇ ਮੁਕਾਮੀ ਵਲੰਟੀਅਰਾਂ ਨੇ ਵਾਰਾਨਸੀ ਦੇ ਬਲਾਕ ਪੱਧਰੀ ਅਫ਼ਸਰਾਂ ਨੂੰ ਕੋਈ 24 ਚਿੱਠੀਆਂ ਲਿਖੀਆਂ ਤੇ ਵੱਖੋ-ਵੱਖ ਪਿੰਡਾਂ ਵਿੱਚ ਕੰਮ ਮੁਹੱਈਆ ਕਰਾਉਣ ਦੀ ਦਰਖ਼ਾਸਤ ਕੀਤੀ।
ਜੂਨ 2021 ਵਿੱਚ ਹੀ ਜੀਰਾ ਦੇਵੀ ਨੂੰ ਮਨਰੇਗਾ ਵਿੱਚ ਅਖ਼ੀਰਲਾ ਕੰਮ ਮਿਲ਼ਿਆ ਸੀ।
ਜੀਰਾ ਵੀ ਗੌਰ ਮਧੂਕਰ ਸ਼ਾਹਪੁਰ ਪਿੰਡ ਦੀ ਉਸੇ ਬਸਤੀ ਵਿੱਚ ਰਹਿੰਦੀ ਹਨ। 45 ਸਾਲਾ ਇਹ ਦਿਹਾੜੀਦਾਰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤੋਂ ਮਿਲ਼ਿਆ ਝੋਲ਼ਾ ਬਾਹਰ ਕੱਢਦੀ ਹੈ ਜਿਸ 'ਤੇ ਪ੍ਰਧਾਨ ਮੰਤਰੀ ਦੀ ਤਸਵੀਰ ਲੱਗੀ ਹੈ। ਵਿਡੰਬਨਾ ਦੇਖੋ, ਇਸੇ ਝੋਲ਼ੇ ਅੰਦਰ ਉਨ੍ਹਾਂ ਯੋਜਨਾਵਾਂ ਸਬੰਧੀ ਕਾਗ਼ਜ਼ਾਤ ਹਨ ਜਿਨ੍ਹਾਂ ਦੇ ਲਾਭ ਤੋਂ ਉਹ ਸੱਖਣੀ ਹੀ ਰਹੀ। ''ਜਿੱਥੋਂ ਤੱਕ ਮੋਦੀ ਦਾ ਸਵਾਲ ਹੈ, ਸਾਨੂੰ ਪਹਿਲਾਂ ਉਸ ਹੈਲੀਕਾਪਟਰ ਦਾ ਪਤਾ ਲਾਉਣਾ ਪੈਣਾ ਜਿਸ 'ਤੇ ਉਹ ਸਵਾਰ ਨੇ,'' ਉਹ ਮੁਸਕਰਾਉਂਦੀ ਹਨ।
ਜੀਰਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ-ਪੇਂਡੂ ਤਹਿਤ ਘਰ ਲੈਣ ਲਈ ਮੁਕਾਮੀ ਪ੍ਰਧਾਨ ਨੇ ਉਨ੍ਹਾਂ ਤੋਂ 10,000 ਰੁਪਏ ਦੀ ਰਿਸ਼ਵਤ ਮੰਗੀ। ਉਨ੍ਹਾਂ ਨੇ ਤਾਂ ਵਾਰਾਨਸੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਚਿੱਠੀ ਵੀ ਲਿਖੀ... ਪਰ ਕੋਈ ਅਸਰ ਨਾ ਪਿਆ। ''ਬੋਰੀਆਂ ਤੇ ਪੋਸਟਰਾਂ ਤੋਂ ਬਣੀਆਂ ਮੇਰੇ ਘਰ ਦੀਆਂ ਕੰਧਾਂ ਦੇਖੋ!'' ਕਾਨਿਆਂ ਦੀ ਛੱਤ ਹੇਠਾਂ ਬੈਠੀ ਜੀਰਾ ਕਹਿੰਦੀ ਹਨ।
ਇਸ ਦਿਹਾੜੀਦਾਰ ਮਜ਼ਦੂਰ ਵਾਸਤੇ ਮਨਰੇਗਾ ਕੰਮ ਦਾ ਨਾ ਮਿਲ਼ਣਾ ਵੱਡਾ ਨੁਕਸਾਨ ਹੈ। ਪਰਿਵਾਰ ਕੋਲ਼ ਏਕੜ ਦੇ ਦਸਵੇਂ ਹਿੱਸੇ ਤੋਂ ਵੀ ਘੱਟ ਜ਼ਮੀਨ ਹੈ। ਜੀਰਾ ਦੀ ਕਮਾਈ 'ਤੇ ਉਨ੍ਹਾਂ ਦੇ ਪਤੀ, ਰਾਮ ਲਾਲ ਤੇ ਬੇਟਾ, ਸ਼ਿਵਮ ਨਿਰਭਰ ਰਹਿੰਦੇ ਪਰ ਹੁਣ 40 ਸਾਲ ਦੀ ਉਮਰੇ ਉਨ੍ਹਾਂ ਨੂੰ ਸਿਹਤ ਸਬੰਧੀ ਕਈ ਦਿੱਕਤਾਂ ਉਭਰ ਆਈਆਂ ਹਨ। ''ਮੇਰਾ ਸਿਰ ਬਹੁਤ ਦੁਖਦਾ ਹੈ ਤੇ ਪੂਰਾ ਸਰੀਰ ਜਕੜਿਆ ਜਾਂਦਾ ਹੈ ਸੋ ਮੈਂ ਗਾਰਾ (ਮਨਰੇਗਾ ਦੇ ਕੰਮ ਦਾ ਹਿੱਸਾ) ਵਗੈਰਾ ਹੋਰ ਨਹੀਂ ਚੁੱਕ ਸਕਦੀ।''


ਮਨਰੇਗਾ ਦੇ ਕੰਮ ਤੋਂ ਬਿਨਾ ਜੀਰਾ ਲਈ ਆਪਣਾ ਪਰਿਵਾਰ ਪਾਲਣਾ ਮੁਸ਼ਕਲ ਹੋ ਰਿਹਾ ਹੈ। ਉਹ ਕਹਿੰਦੀ ਹਨ ਕਿ ਮੇਰੀ ਗ਼ਰੀਬੀ ਜਗਜ਼ਾਹਰ ਹੈ, ਬਾਵਜੂਦ ਇਹਦੇ ਰਾਜ ਨੇ ਯੋਜਨਾਵਾਂ ਤਹਿਤ ਮੈਨੂੰ ਘਰ ਦੇਣ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਉਨ੍ਹਾਂ ਦਾ ਝੋਲ਼ਾ ਚੀਕ-ਚੀਕ ਕੇ ਇਨ੍ਹਾਂ ਯੋਜਨਾਵਾਂ ਦਾ ਪ੍ਰਚਾਰ ਕਰਦਾ ਹੈ (ਸੱਜੇ)


ਗੌਰ ਮਧੂਕਰ ਸ਼ਾਹਪੁਰ ਪਿੰਡ ਦੀ ਹਰੀਜਨ ਬਸਤੀ ਵਿਖੇ ਜੀਰਾ ਦੇਵੀ ਆਪਣੇ ਬੇਟੇ ਸ਼ਿਵਮ (ਖੱਬੇ) ਅਤੇ ਆਪਣੇ ਕੱਚੇ ਘਰ ਅਤੇ ਕੱਚੀ ਰਸੋਈ (ਸੱਜੇ) ਨਾਲ਼
ਪਰਿਵਾਰ ਬਿੰਦ/ਮਲਾਹ ਭਾਈਚਾਰੇ ਤੋਂ ਹੈ ਜੋ ਉੱਤਰ ਪ੍ਰਦੇਸ਼ ਵਿਖੇ ਹੋਰ ਪਿਛੜੇ ਵਰਗ ਵਜੋਂ ਸੂਚੀਬੱਧ ਹੈ। ਜੀਰਾ ਦੇ ਪਤੀ ਹੁਣ ਕੰਮ ਨਹੀਂ ਕਰਦੇ ਤੇ ਬੇਟਾ ਦ੍ਰਿਸ਼ਟੀਹੀਣ ਹੈ, ਜਿਹਨੂੰ ਪਹਿਲਾਂ ਅਪੰਗਤਾ ਪੈਨਸ਼ਨ ਮਿਲ਼ਿਆ ਕਰਦੀ ਸੀ ਪਰ ਪਿਛਲੇ ਸਾਲ ਹੀ ਅਚਾਨਕ ਬੰਦ ਹੋ ਗਈ। ਉਹ ਚਾਹ ਕੇ ਵੀ ਉਸਨੂੰ ਬਹਾਲ ਨਾ ਕਰਵਾ ਸਕੇ।
ਆਪਣੀ ਦਿਹਾੜੀ ਬਦਲੇ ਮਿਲ਼ੇ ਲਸਣ ਦੇ ਡੰਠਲਾਂ ਨੂੰ ਫੜ੍ਹੀ ਜੀਰਾ ਦੇਵੀ ਐਲਾਨੀਆ ਲਹਿਜੇ ਵਿੱਚ ਇਸ ਰਿਪੋਰਟਰ ਤੇ ਸਾਡੇ ਆਲ਼ੇ-ਦੁਆਲ਼ੇ ਇਕੱਠੇ ਹੋਏ ਲੋਕਾਂ ਨੂੰ ਦੱਸਦੀ ਹਨ,''ਮੈਂ ਉਸ ਔਰਤ ਨੂੰ ਵੋਟ ਦਿਆਂਗੀ ਜੋ ਸਾਡੇ ਜਿਹੇ ਲੋਕਾਂ ਦੀ ਬਾਂਹ ਫੜ੍ਹਦੀ ਹੈ- ਮਾਇਆਵਤੀ!''
ਇਸ ਹਾਈ ਪ੍ਰੋਫਾਈਲ ਚੋਣ-ਹਲਕੇ ਦੇ ਲੋਕਾਂ ਦਾ ਮਿਜਾਜ਼ ਥੋੜ੍ਹਾ ਸਖ਼ਤ ਹੈ।
ਪਰ ਇਸ ਮਾਮਲੇ ਵਿੱਚ ਜੀਰਾ ਤੇ ਪਾਰਵਤੀ ਇਕੱਲੀਆਂ ਨਹੀਂ ਹਨ। ''ਮੈਂ ਹਾਲੇ ਸੋਚਿਆ ਨਹੀਂ (ਕਿਹਨੂੰ ਵੋਟ ਪਾਉਣੀ)। ਪਰ ਅਸੀਂ ਮੋਦੀ ਜੀ ਦੇ ਕੰਮ ਤੋਂ ਖ਼ੁਸ਼ ਨਹੀਂ ਹਾਂ,'' ਅਸ਼ੋਕ ਕਹਿੰਦੇ ਹਨ, ਜੋ ਉਸੇ ਪਿੰਡ ਵਿਖੇ ਦਿਹਾੜੀਦਾਰ ਮਜ਼ਦੂਰ ਹਨ।
ਉਨ੍ਹਾਂ ਦੀ ਪਤਨੀ, ਸੁਨੀਤਾ ਨੂੰ ਹਾਲ ਹੀ ਵਿੱਚ ਮਨਰੇਗਾ ਤਹਿਤ ਤਿੰਨ ਦਿਨ ਤੇ ਪਿਛਲੇ ਸਾਲ (2023) ਪੰਜ ਦਿਨ ਕੰਮ ਮਿਲ਼ਿਆ ਸੀ। ਪਤੀ-ਪਤਨੀ ਗੌਰ ਮਧੂਕਰ ਸ਼ਾਹਪੁਰ ਵਿਖੇ ਆਪਣੇ ਤਿੰਨ ਬੱਚਿਆਂ- ਸੰਜਨਾ (14 ਸਾਲਾ), ਰੰਜਨਾ (12 ਸਾਲਾ) ਤੇ ਰਾਜਨ (10 ਸਾਲਾ) ਨਾਲ਼ ਰਹਿੰਦੇ ਹਨ।
ਕਦੇ ਅਸ਼ੋਕ ਮਹਿੰਗੀਆਂ ਬਨਾਰਸੀ ਸਾੜੀਆਂ ਬੁਣਿਆ ਕਰਦੇ, ਪਰ ਉਸ ਕੰਮ ਤੋਂ ਕਮਾਈ ਇੰਨੀ ਵੀ ਨਾ ਹੁੰਦੀ ਕਿ ਪਰਿਵਾਰ ਪਾਲਿਆ ਜਾ ਸਕੇ। ਬੁਣਾਈ ਦਾ ਕੰਮ ਛੱਡ ਉਹ ਉਸਾਰੀ ਵਾਲ਼ੀਆਂ ਥਾਵਾਂ 'ਤੇ ਮਜ਼ਦੂਰੀ ਕਰਨ ਲੱਗੇ ਤੇ ਵਾਰਾਨਸੀ ਦੀ ਮਜ਼ਦੂਰ ਮੰਡੀ ਜਾਣ ਲੱਗੇ ਉਨ੍ਹਾਂ ਨੂੰ ਮਹੀਨੇ ਦੇ 20-25 ਦਿਨ ਹੀ ਕੰਮ ਮਿਲ਼ਦਾ ਹੈ ਤੇ 500 ਰੁਪਏ ਦਿਹਾੜੀ ਮਿਲ਼ਦੀ ਹੈ। ''ਜਿਵੇਂ-ਕਿਵੇਂ ਅਸੀਂ ਡੰਗ ਟਪਾ ਰਹੇ ਹਾਂ,'' 45 ਸਾਲਾ ਮਜ਼ਦੂਰ ਨੇ ਹਰੀਜਨ ਬਸਤੀ ਸਥਿਤ ਆਪਣੇ ਘਰੋਂ ਬਾਹਰ ਨਿਕਲ਼ਦਿਆਂ ਕਿਹਾ ਤੇ ਗਲ਼ੀ ਵਿੱਚ ਪਏ ਮਿੱਟੀ ਦੇ ਪੁਰਾਣੇ ਭਾਂਡਿਆਂ ਤੇ ਲਾਲ ਝੰਡਿਆਂ ਨੂੰ ਪਾਰ ਕਰਦਿਆਂ ਮਜ਼ਦੂਰ ਮੰਡੀ ਦੇ ਰਾਹ ਪੈ ਗਿਆ।


ਅਸ਼ੋਕ ਨੇ ਕੁਝ ਸਾਲ ਪਹਿਲਾਂ ਮਨਰੇਗਾ ਤਹਿਤ ਕੰਮ ਕਰਨਾ ਬੰਦ ਕਰ ਦਿੱਤਾ ਸੀ। ਕਦੇ ਬਨਾਰਸੀ ਸਾੜੀਆਂ ਦੇ ਬੁਣਕਰ ਰਹੇ ਅਸ਼ੋਕ ਹੁਣ ਦਿਹਾੜੀ-ਧੱਪਾ ਕਰਦੇ ਹਨ। ਰਖੌਨਾ ਪਿੰਡ ' ਚ ਲੱਗੇ ਮੋਦੀ ਦੇ ਪੋਸਟਰ


ਰਖੌਨਾ ਪਿੰਡ ਦੀ ਸੰਥਾਰਾ ਦੇਵੀ ਨੂੰ ਵੀ ਮਨਰੇਗਾ ਤਹਿਤ ਕੰਮ ਨਹੀਂ ਮਿਲਿਆ। ਉਹ ਹੁਣ ਆਪਣੇ ਘਰੇ ਹੀ ਰੁਦਰਕਸ਼ ਦੇ ਮਣਕਿਆਂ ਨੂੰ ਪਰੋਣ ਦਾ ਕੰਮ ਕਰਦੀ ਹਨ ਅਤੇ ਹਰ ਕੁਝ ਮਹੀਨਿਆਂ ਵਿੱਚ ਲਗਭਗ 2 , 000-5 , 000 ਰੁਪਏ ਕਮਾਉਂਦੀ ਹਨ
ਵਾਰਾਨਸੀ ਜ਼ਿਲ੍ਹੇ ਦੇ ਰਖੌਨਾ ਪਿੰਡ 'ਚ ਘਰਾਂ ਦੇ ਬੂਹਿਆਂ 'ਤੇ ਨੀਲੇ ਰੰਗ ਦੇ ਸਟਿੱਕਰ ਲੱਗੇ ਹਨ, ਜਿਨ੍ਹਾਂ 'ਤੇ ਲਿਖਿਆ ਹੈ ਕਿ 'ਮੈਂ ਹਾਂ ਮੋਦੀ ਦਾ ਪਰਿਵਾਰ'। ਸੰਥਾਰਾ ਦੇਵੀ ਦੇ ਘਰ ਇੱਕ ਪੋਸਟਰ ਪਿਆ ਹੈ, ਜਿਸ 'ਚ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਚਿਹਰਾ 'ਡਬਲ ਇੰਜਣ ਸਰਕਾਰ' ਦੇ ਰੂਪ 'ਚ ਉਭਾਰਿਆ ਗਿਆ ਹੈ ਜੋ ਪਤਾ ਨਹੀਂ ਕਿਹੜੀਆਂ ਪ੍ਰਾਪਤੀਆਂ ਦਾ ਐਲਾਨ ਕਰ ਰਿਹਾ ਹੈ।
ਰੁਦਰਾਕਸ਼ ਦੇ ਮਣਕਿਆਂ ਦੀ ਮਾਲ਼ਾ (ਹਾਰ) ਬੁਣਨ ਵਿੱਚ ਰੁੱਝੀ ਉਹ ਭੁੰਜੇ ਬੈਠੀ ਹੈ; ਮੱਖੀਆਂ ਦੇ ਝੁੰਡ ਨੇ ਉਨ੍ਹਾਂ ਦੇ ਸਾਧਾਰਨ ਜਿਹੇ ਘਰ ਨੂੰ ਘੇਰਿਆ ਹੋਇਆ ਹੈ, ਸਿਰਫ਼ ਕਾਨਿਆਂ ਦੀ ਇੱਕ ਛੱਤ ਹੀ ਹੈ ਜੋ ਛੇ ਮੈਂਬਰੀਂ ਇਸ ਪਰਿਵਾਰ ਨੂੰ ਗਰਮੀਆਂ ਦੀ ਲੂੰਹਦੀ ਧੁੱਪ ਤੋਂ ਬਚਾਉਂਦੀ ਹੈ। ਉਹ ਇਸ ਰਿਪੋਰਟਰ ਨੂੰ ਦੱਸਦੀ ਹਨ, "ਸਾਡੇ ਕੋਲ਼ ਨਾ ਤਾਂ ਖੇਤੀ ਵਾਲ਼ੀ ਜ਼ਮੀਨ ਹੈ ਅਤੇ ਨਾ ਹੀ ਕੋਈ ਬਾਗ਼। ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਆਪਣਾ ਢਿੱਡ ਕਿਵੇਂ ਭਰਾਂਗੇ?"
ਮਨਰੇਗਾ ਮਜ਼ਦੂਰ ਵਜੋਂ ਰਜਿਸਟਰਡ, ਸੰਥਾਰਾ ਨੂੰ ਪਿਛਲੇ ਅਗਸਤ (2023) ਵਿੱਚ ਪੋਖਰੀ (ਛੱਪੜ) ਖੋਦਣ ਲਈ ਅੱਠ ਦਿਹਾੜੀਆਂ ਦਾ ਕੰਮ ਮਿਲਿਆ। ਮਨਰੇਗਾ ਤਹਿਤ ਕੰਮ ਨਾ ਮਿਲ਼ਣ ਨਾਲ਼ ਪੈਂਦੇ ਘਾਟੇ ਦੀ ਪੂਰਤੀ ਲਈ, ਸੰਥਾਰਾ ਵਰਗੀਆਂ ਔਰਤਾਂ ਨੇ ਹੋਰ ਘੱਟ ਤਨਖਾਹ ਵਾਲ਼ੀਆਂ ਨੌਕਰੀਆਂ ਦਾ ਸਹਾਰਾ ਲਿਆ ਹੈ – ਰੁਦਰਾਕਸ਼ ਮਾਲ਼ਾ ਬਣਾਉਣ ਨਾਲ਼ ਉਨ੍ਹਾਂ ਨੂੰ ਹਰ ਕੁਝ ਮਹੀਨਿਆਂ ਬਾਅਦ 2,000-5,000 ਰੁਪਏ ਮਿਲ਼ਦੇ ਹਨ। "ਸਾਨੂੰ ਇੱਕ ਦਰਜਨ ਮਾਲ਼ਾਵਾਂ ਪਰੋਣ ਬਦਲੇ 25 ਰੁਪਏ ਮਿਲ਼ਦੇ ਹਨ। ਥੋਕ ਵਿਕਰੇਤਾ ਸਾਨੂੰ ਇਕੱਠਿਆਂ 20-25 ਕਿਲੋ ਰੁਦਰਾਕਸ਼ ਦੇ ਮਣਕੇ ਦਿੰਦਾ ਹੈ," ਉਹ ਅੱਗੇ ਕਹਿੰਦੀ ਹਨ।
ਸੰਥਾਰਾ ਦੀ ਗੁਆਂਢਣ, 50 ਸਾਲਾ ਮੁਨਕਾ ਦੇਵੀ ਦੇ ਸਾਲ ਤੋਂ ਇਹ ਸੁਣਨ ਲਈ ਕੰਨ ਤਰਸੇ ਪਏ ਹਨ ਕਿ ਰੁਜ਼ਗਾਰ ਸਹਾਇਕ (ਜੋ ਰਿਕਾਰਡਾਂ ਵਿੱਚ ਮਦਦ ਕਰਦੇ ਹਨ) ਮਨਰੇਗਾ ਕੰਮ ਲਈ ਅਵਾਜ਼ ਮਾਰੇਗਾ। ਮੁਨਕਾ ਕੋਲ਼ ਆਪਣੇ ਪਤੀ ਦੇ ਨਾਮ 'ਤੇ 1.5 ਬੀਘਾ ਜ਼ਮੀਨ ਹੈ ਅਤੇ ਉਹ ਸਬਜ਼ੀਆਂ ਉਗਾਉਂਦੀ ਤੇ ਵੇਚਦੀ ਹਨ, ਪਰ ਦੂਜਿਆਂ ਦੇ ਖੇਤਾਂ ਵਿੱਚ ਵੀ ਕੰਮ ਕਰਦੀ ਹਨ। "ਇਸ ਨਾਲ਼ ਚਲੋ ਮੇਰੇ ਪਰਿਵਾਰ ਨੂੰ ਘੱਟੋ-ਘੱਟ ਲੂਣ-ਤੇਲ ਤਾਂ ਮਿਲ਼ ਈ ਜਾਂਦਾ ਹੈ," ਉਹ ਖਾਣ ਪੀਣ ਦੀਆਂ ਮੁੱਢਲੀਆਂ ਚੀਜ਼ਾਂ ਦਾ ਹਵਾਲਾ ਦਿੰਦਿਆਂ ਕਹਿੰਦੀ ਹਨ।


ਮਨਰੇਗਾ ਜੌਬ ਕਾਰਡ (ਖੱਬੇ)। ਸ਼ਕੁੰਤਲਾ ਦੇਵੀ ਨੇ ਦੇਖਿਆ ਕਿ ਗ਼ਲਤ ਤਰੀਕੇ ਨਾਲ਼ ਉਨ੍ਹਾਂ ਦਾ ਨਾਮ ਮਨਰੇਗਾ ਸੂਚੀ ਤੋਂ ਕੱਟ ਦਿੱਤਾ ਗਿਆ ਸੀ। ਉਹ ਹੁਣ ਪੱਥਰ ਦੀਆਂ ਮੂਰਤਾਂ ਪਾਲਿਸ਼ ਕਰਦੀ ਹਨ ਤੇ ਉਨ੍ਹਾਂ ਦੇ ਹੱਥ ਚੀਰੇ ਹੀ ਰਹਿੰਦੇ ਹਨ


ਮੁਨਕਾ ਦੇਵੀ (ਖੱਬੇ) ਆਪਣੇ ਨਵੇਂ ਬਣੇ ਘਰ ਦੇ ਬਾਹਰ। ਸ਼ੀਲਾ (ਸੱਜੇ) ਕਹਿੰਦੀ ਹਨ ਕਿ ' ਮੋਦੀ ਨੇ ਸਾਡਾ ਨਰੇਗਾ ਦਾ ਕੰਮ ਖੋਹ ਲਿਆ '
ਖੇਵਾਲੀ ਪਿੰਡ ਦੀ ਸ਼ਕੁੰਤਲਾ ਨੇ ਇਸ ਵਾਰ ਵੋਟ ਨਾ ਪਾਉਣ ਦਾ ਫੈਸਲਾ ਕੀਤਾ ਹੈ। "ਕਿਉਂਕਿ ਸਰਕਾਰ ਨੇ ਮੈਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ, ਇਸ ਲਈ ਮੈਂ ਕਿਸੇ ਨੂੰ ਵੋਟ ਨਹੀਂ ਦਿਆਂਗੀ," ਉਹ ਐਲਾਨ ਕਰਦੀ ਹਨ। ਸ਼ਕੁੰਤਲਾ ਇਸ ਪਿੰਡ ਦੀਆਂ ਉਨ੍ਹਾਂ 12 ਔਰਤਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦੇ ਨਾਮ ਜੌਬ ਕਾਰਡ ਸੂਚੀ ਵਿੱਚੋਂ ਕੱਟ ਦਿੱਤੇ ਗਏ ਹਨ, ਇਹ ਅਜਿਹੀ ਕਲੈਰੀਕਲ ਊਣਤਾਈ ਹੈ ਜੋ ਜਾਅਲੀ ਮਨਰੇਗਾ ਮਜ਼ਦੂਰਾਂ ਦੇ ਨਾਮ ਹਟਾਉਣ ਵੇਲੇ ਕਰ ਦਿੱਤੀ ਜਾਂਦੀ ਹੈ।
"ਮੋਦੀ ਨੇ ਸਾਡਾ ਨਰੇਗਾ ਦਾ ਕੰਮ ਖੋਹ ਲਿਆ। ਸਾਨੂੰ ਘੱਟੋ ਘੱਟ ਦੋ ਮਹੀਨੇ ਦਾ ਨਿਯਮਤ ਕੰਮ ਅਤੇ 800 ਰੁਪਏ ਦਿਹਾੜੀ ਚਾਹੁੰਦੀ ਹੈ," ਖੇਵਾਲੀ ਦੀ ਇੱਕ ਹੋਰ ਵਸਨੀਕ, ਸ਼ੀਲਾ ਕਹਿੰਦੀ ਹਨ। ''ਮੁਫ਼ਤ ਰਾਸ਼ਨ ਸਕੀਮ ਦੇ ਹਿੱਸੇ ਵਜੋਂ ਕਣਕ, ਚਾਵਲ ਤੋਂ ਇਲਾਵਾ ਦਾਲਾਂ, ਲੂਣ ਅਤੇ ਤੇਲ ਵੀ ਦਿੱਤਾ ਜਾਣਾ ਚਾਹੀਦਾ ਹੈ।''
ਨੰਦੀ (ਪਵਿੱਤਰ ਬਲਦ) ਦੀਆਂ ਮੂਰਤਾਂ, ਉਨ੍ਹਾਂ ਦੇ ਘਰ ਦੀ ਖੁੱਲ੍ਹੀ ਜਗ੍ਹਾ ਨੂੰ ਸਜਾਉਂਦੀਆਂ ਹਨ। "ਇਨ੍ਹਾਂ ਨੂੰ ਪਾਲਿਸ਼ ਕਰਨ ਨਾਲ਼ ਮੇਰੇ ਹੱਥਾਂ 'ਤੇ ਚੀਰੇ ਪੈ ਜਾਂਦੇ ਹਨ ਪਰ ਇੱਕ ਮੂਰਤ ਬਦਲੇ ਮੈਂ 150-200 ਰੁਪਏ ਕਮਾ ਲੈਂਦੀ ਹਾਂ।'' ਉਨ੍ਹਾਂ ਦੀਆਂ ਉਂਗਲਾਂ ਦੀ ਇਹ ਸੋਜ ਮਨਰੇਗਾ ਗਰੰਟੀ ਤਹਿਤ ਕੰਮ ਨਾ ਮਿਲ਼ਣ ਤੇ ਢਿੱਡ ਪਾਲਣ ਦੀਆਂ ਛੋਟੀਆਂ-ਮੋਟੀਆਂ ਕੋਸ਼ਿਸ਼ਾਂ ਦਾ ਸਬੂਤ ਭਰ ਹਨ।
ਤਰਜਮਾ: ਕਮਲਜੀਤ ਕੌਰ