ਜਿਵੇਂ-ਜਿਵੇਂ ਅਸੀਂ ਕਰੀਬ 200 ਸਾਲ ਪੁਰਾਣੀ ਇਮਾਰਤ ਦੇ ਹੇਠਾਂ ਪੌੜੀਆਂ ਉੱਤਰਦੇ ਜਾਂਦੇ ਹਾਂ, ਸ਼੍ਰੀ ਭਾਦਰੀਆ ਮਾਤਾ ਜੀ ਮੰਦਿਰ ਦੀ ਡਿਊਢੀ 'ਤੇ ਬੈਠੇ ਸੰਗੀਤਵਾਦਕਾਂ ਦੀਆਂ ਅਵਾਜ਼ਾਂ ਮੱਧਮ ਪੈਂਦੀਆਂ ਜਾਂਦੀਆਂ ਹਨ। ਇੱਕਦਮ ਹਰ ਅਵਾਜ਼ ਸੁਣਾਈ ਦੇਣੀ ਬੰਦ ਹੋ ਜਾਂਦੀ ਹੈ - ਅਸੀਂ ਹੁਣ ਜ਼ਮੀਨ ਦੇ 20 ਫੁੱਟ ਹੇਠਾਂ ਹਾਂ।
ਸਾਹਮਣੇ 15000 ਵਰਗ ਫੁੱਟ 'ਚ ਫੈਲੀ ਵਿਸ਼ਾਲ ਲਾਇਬ੍ਰੇਰੀ ਦਿਖਾਈ ਦਿੰਦੀ ਹੈ ਜੋ ਕਿਸੇ ਭੁੱਲ-ਭਲੱਈਏ ਤੋਂ ਘੱਟ ਨਹੀਂ ਜਾਪਦੀ।। ਭੀੜੇ ਗਲਿਆਰਿਆਂ 'ਚ ਥੋੜ੍ਹੀ-ਥੋੜ੍ਹੀ ਵਿੱਥ 'ਤੇ ਬਣੀਆਂ 562 ਅਲਮਾਰੀਆਂ 'ਚ ਦੋ ਲੱਖ ਕਿਤਾਬਾਂ ਹਨ। ਹਿੰਦੂਤਵ, ਇਸਲਾਮ, ਇਸਾਈਅਤ ਅਤੇ ਹੋਰਨਾਂ ਧਰਮਾਂ 'ਤੇ ਲਿਖੀਆਂ ਚਮੜੇ ਦੀ ਜਿਲਦ ਵਾਲੀਆਂ ਕਿਤਾਬਾਂ, ਛਿੱਲ 'ਤੇ ਲਿਖਿਆ ਇੱਕ ਖਰੜਾ, ਪੁਰਾਣੀਆਂ ਜਿਲਦਾਂ ਤੇ ਪੇਪਰਬੈਕ ਜਿਲਦਾਂ ਤੋਂ ਲੈ ਕੇ ਕਾਨੂੰਨ, ਦਵਾਈਆਂ, ਦਰਸ਼ਨ, ਭੂਗੋਲ, ਇਤਿਹਾਸ ਅਤੇ ਹੋਰਨਾਂ ਵਿਸ਼ਿਆਂ 'ਤੇ ਨਵੀਆਂ ਨਕੋਰ ਕਿਤਾਬਾਂ। ਗਲਪ ਵਾਲਾ ਹਿੱਸਾ ਵੀ ਸ਼ਾਹਕਾਰਾਂ ਤੇ ਹਾਲੀਆ ਨਾਵਲਾਂ ਨਾਲ ਭਰਪੂਰ ਹੈ। ਜ਼ਿਆਦਾਤਰ ਕਿਤਾਬਾਂ ਹਿੰਦੀ 'ਚ ਹਨ, ਜਦਕਿ ਕੁਝ ਅੰਗਰੇਜ਼ੀ ਅਤੇ ਸੰਸਕ੍ਰਿਤ 'ਚ ਹਨ।
ਲਾਇਬ੍ਰੇਰੀ ਬਣਾਉਣ ਦਾ ਖਿਆਲ ਪੰਜਾਬ ਦੇ ਇੱਕ ਧਾਰਮਿਕ ਵਿਦਵਾਨ, ਹਰਵੰਸ਼ ਸਿੰਘ ਨਿਰਮਲ ਦਾ ਸੀ। ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਮੰਦਿਰ ਦੇ ਪਰਿਸਰ 'ਚ 25 ਸਾਲ ਇੱਕ ਗੁਫਾ ਅੰਦਰ ਇਕਾਂਤਵਾਸ 'ਚ ਰਹੇ ਅਤੇ ਉਹਨਾਂ ਨੇ ਇਸਦੇ ਹੇਠਾਂ ਲਾਇਬ੍ਰੇਰੀ ਬਣਾਉਣ ਦਾ ਫੈਸਲਾ ਕੀਤਾ। ਨਿਰਮਲ ਦੀ 2010 'ਚ ਮੌਤ ਹੋ ਗਈ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਸਿੱਖਿਆ ਅਤੇ ਜਾਨਵਰਾਂ ਦੀ ਦੇਖਭਾਲ ਲਈ ਪੈਸਾ ਇਕੱਠਾ ਕੀਤਾ।
"ਉਹ ਮਾਨਵਤਾਵਾਦੀ ਸਨ। ਸਾਰੇ ਧਰਮਾਂ ਦਾ ਇੱਕੋ ਹੀ ਸੁਨੇਹਾ ਹੈ : ਕਿ ਇਨਸਾਨਾਂ ਦੀ ਚਮੜੀ ਭਾਵੇਂ ਵੱਖੋ-ਵੱਖਰੀ ਹੋਵੇ, ਵਾਲ ਵੱਖਰੇ ਹੋਣ, ਪਰ ਅੰਦਰੋਂ ਅਸੀਂ ਸਭ ਇੱਕੋ ਹਾਂ," ਮੰਦਿਰ ਅਤੇ ਲਾਇਬ੍ਰੇਰੀ ਦਾ ਪ੍ਰਬੰਧ ਚਲਾਉਣ ਵਾਲੀ, ਅਤੇ 40,000 ਤੋਂ ਵੱਧ ਗਾਵਾਂ ਲਈ ਗਊਸ਼ਾਲਾ ਚਲਾਉਣ ਵਾਲੀ ਸ਼੍ਰੀ ਜਗਦੰਬਾ ਸੇਵਾ ਸਮਿਤੀ ਦੇ ਸਕੱਤਰ ਜੁਗਲ ਕਿਸ਼ੋਰ ਨੇ ਕਿਹਾ।

ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਢੋਲੀਆ ਨੇੜੇ ਸ਼੍ਰੀ ਭਾਦਰੀਆ ਮਾਤਾ ਜੀ ਮੰਦਿਰ ਦੀ ਭੂਮੀਗਤ ਲਾਇਬ੍ਰੇਰੀ


ਖੱਬੇ: ਸਵਰਗੀ ਸ਼੍ਰੀ ਹਰਵੰਸ਼ ਸਿੰਘ ਨਿਰਮਲ ਇੱਕ ਧਾਰਮਿਕ ਵਿਦਵਾਨ ਸਨ ਜਿਹਨਾਂ ਨੇ ਲਾਇਬ੍ਰੇਰੀ ਦੀ ਸਥਾਪਨਾ ਕੀਤੀ। ਸੱਜੇ : ਸ਼੍ਰੀ ਜਗਦੰਬਾ ਸੇਵਾ ਸਮਿਤੀ ਟਰੱਸਟ ਜੋ ਮੰਦਿਰ, ਲਾਇਬ੍ਰੇਰੀ ਅਤੇ ਗਊਸ਼ਾਲਾ ਚਲਾਉਂਦਾ ਹੈ, ਉਸਦੇ ਸਕੱਤਰ ਜੁਗਲ ਕਿਸ਼ੋਰ
ਲਾਇਬ੍ਰੇਰੀ ਬਣਾਉਣ ਦਾ ਕੰਮ 1983 'ਚ ਸ਼ੁਰੂ ਹੋਇਆ ਅਤੇ ਇਮਾਰਤ 1998 'ਚ ਬਣ ਕੇ ਤਿਆਰ ਹੋ ਗਈ। ਉਸ ਤੋਂ ਬਾਅਦ ਕਿਤਾਬਾਂ ਦੀ ਭਾਲ ਸ਼ੁਰੂ ਹੋਈ। "ਉਹ (ਨਿਰਮਲ) ਇਸਨੂੰ ਇੱਕ ਗਿਆਨ ਦਾ ਕੇਂਦਰ, ਇੱਕ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਸਨ," ਕਿਸ਼ੋਰ ਨੇ ਕਿਹਾ, "ਮਹਾਰਾਜਾ ਜੀ ਚਾਹੁੰਦੇ ਸਨ ਕਿ ਲੋਕ ਇਸ ਜਗ੍ਹਾ ਆਉਣ ਅਤੇ ਦੇਖਣ ਕਿ ਗਿਆਨ ਦੀ ਤਲਾਸ਼ 'ਚ ਆਉਂਦੇ ਲੋਕਾਂ ਦੀ ਭਾਲ ਇੱਥੇ ਮੁੱਕਦੀ ਹੈ।”
ਲਾਇਬ੍ਰੇਰੀ ਦੇ ਪ੍ਰਬੰਧਕਾਂ ਮੁਤਾਬਕ ਜ਼ਮੀਂਦੋਜ਼ (ਭੂਮੀਗਤ) ਜਗ੍ਹਾ ਨੁਕਸਾਨ ਤੇ ਧੂੜ ਨੂੰ ਘੱਟ ਕਰਨ ਲਈ ਚੁਣੀ ਗਈ - ਭਾਰਤੀ ਫੌਜ ਦੀ ਫਾਇਰਿੰਗ ਰੇਂਜ, ਪੋਖਰਣ ਇੱਥੋਂ 10 ਕਿਲੋਮੀਟਰ ਦੂਰ ਹੈ ਅਤੇ ਜਦੋਂ ਰਾਜਸਥਾਨ ਦੀਆਂ ਚਰਾਗਾਹਾਂ 'ਚ ਹਵਾਵਾਂ ਚਲਦੀਆਂ ਹਨ, ਤਾਂ ਹਰ ਪਾਸੇ ਧੂੜ ਉੱਠਦੀ ਹੈ।
ਅਸ਼ੋਕ ਕੁਮਾਰ ਦੇਵਪਾਲ ਲਾਇਬ੍ਰੇਰੀ ਦੀ ਸਾਂਭ-ਸੰਭਾਲ ਵਾਲੀ ਟੀਮ 'ਚ ਹਨ। ਉਹਨਾਂ ਨੇ ਦੱਸਿਆ ਕਿ ਇਸਨੂੰ 6 ਵੱਡੇ ਨਿਕਾਸ ਵਾਲੇ ਪੱਖਿਆਂ ਨਾਲ ਖੁਸ਼ਕ ਰੱਖਿਆ ਜਾਂਦਾ ਹੈ; ਸਮੇਂ-ਸਮੇਂ 'ਤੇ ਹਵਾ ਨੂੰ ਖੁਸ਼ਕ ਕਰਨ ਲਈ ਕਪੂਰ ਜਲਾਇਆ ਜਾਂਦਾ ਹੈ। ਉੱਲੀ ਲੱਗਣ ਤੋਂ ਰੋਕਣ ਲਈ, "ਅਸੀਂ ਕਿਤਾਬਾਂ ਨੂੰ ਖੋਲ੍ਹ ਕੇ ਹਵਾ ਲਗਵਾਉਂਦੇ ਹਾਂ। ਸਾਡੇ ਵਿੱਚੋਂ 7-8 ਜਣੇ ਹਰ ਦੋ ਮਹੀਨੇ ਤੱਕ ਇਹੀ ਕੰਮ ਕਰਦੇ ਹਨ।"


ਖੱਬੇ : ਕਿਤਾਬਾਂ ਦਾ ਸੰਗ੍ਰਹਿ। ਸੱਜੇ : ਅਸ਼ੋਕ ਕੁਮਾਰ ਲਾਇਬ੍ਰੇਰੀ ਦੀ ਸਾਂਭ-ਸੰਭਾਲ ਵਾਲੀ ਟੀਮ ਵਿੱਚ ਕੰਮ ਕਰਦੇ ਹਨ
ਮੰਦਿਰ ਦੇ ਟਰੱਸਟ ਕੋਲ 1.25 ਲੱਖ ਬਿੱਘੇ (ਤਕਰੀਬਨ 20,000 ਏਕੜ) ਜ਼ਮੀਨ ਦੀ ਮਾਲਕੀ ਹੈ, ਜੋ ਭਾਦਰੀਆ ਓਰਨ (ਪਵਿੱਤਰ ਵਣ) ਹੈ, ਜਿੱਥੇ ਰਵਾਇਤ ਇਹ ਹੈ ਕਿ "ਮਹਿਜ਼ ਇੱਕ ਟਾਹਣੀ ਵੀ ਨਹੀਂ ਵੱਢੀ ਜਾ ਸਕਦੀ," 70 ਸਾਲ ਦੀ ਉਮਰ 'ਚ ਟਰੱਸਟ ਦੀ ਗਊਸ਼ਾਲਾ ’ਚ 40,000 ਤੋਂ ਵੱਧ ਗਾਵਾਂ ਦੀ ਸੰਭਾਲ ਕਰਨ ਵਾਲੇ ਕਿਸ਼ੋਰ ਨੇ ਦੱਸਿਆ। ਇੱਕ ਸਾਲ ਵਿੱਚ, ਤਕਰੀਬਨ 2-3 ਲੱਖ ਲੋਕ ਆਉਂਦੇ ਹਨ; ਚਾਰ ਸਲਾਨਾ ਤਿਉਹਾਰਾਂ ਦੌਰਾਨ ਆਉਣ ਵਾਲੇ ਲੋਕਾਂ 'ਚ ਸਭ ਤੋਂ ਵੱਧ ਰਾਜਪੂਤ, ਬਿਸ਼ਨੋਈ ਅਤੇ ਜੈਨ ਭਾਈਚਾਰਿਆਂ ਦੇ ਲੋਕ ਸ਼ਾਮਲ ਹਨ। ਇਸ ਸਮੇਂ, ਜਦ ਤੱਕ ਲਾਇਬ੍ਰੇਰੀ ਦਾ ਉਦਘਾਟਨ ਨਹੀਂ ਹੁੰਦਾ, ਇਹ ਸਾਰੇ ਉਹ ਲੋਕ ਨੇ ਜੋ ਇੱਕ ਨਜ਼ਰ ਦੇਖਣ ਲਈ ਪੌੜੀਆਂ ਉੱਤਰਦੇ ਹਨ।
ਲਾਇਬ੍ਰੇਰੀ ਦੇ ਨਾਲ ਹੀ, 150 ਮੁਲਾਜ਼ਮਾਂ ਦੁਆਰਾ ਚਲਾਈ ਜਾਂਦੀ ਇੱਕ ਵੱਡੀ ਗਊਸ਼ਾਲਾ ਹੈ। ਵੱਖ-ਵੱਖ ਕਿਸਮਾਂ - ਗਿਰ, ਥਾਰਪਾਰਕਰ, ਰਾਠੀ ਅਤੇ ਨਗੋਰੀ - ਦੀਆਂ ਕਈ ਦਹਿ ਹਜ਼ਾਰ ਗਾਵਾਂ ਤੇ ਬਲਦ। "ਓਰਨ ਪੰਛੀਆਂ ਅਤੇ ਜਾਨਵਰਾਂ ਲਈ ਹੈ," ਟਰੱਸਟ ਦੇ ਪ੍ਰਬੰਧਕ ਅਸ਼ੋਕ ਸੋਡਾਨੀ ਨੇ ਕਿਹਾ। ਜਾਨਵਰਾਂ ਨੂੰ ਉਸ ਵੇਲੇ ਇੱਥੇ ਲਿਆਂਦਾ ਜਾਂਦਾ ਹੈ, ਜਦ ਉਹ ਕੰਮ ਲਾਇਕ ਨਹੀਂ ਰਹਿੰਦੇ ਅਤੇ 90 ਫ਼ੀਸਦ ਨਰ ਹੁੰਦੇ ਹਨ। "ਸਾਡੇ ਕੋਲ ਗਊਸ਼ਾਲਾ ਲਈ 14 ਟਿਊਬਵੈਲ ਹਨ ਅਤੇ ਟਰੱਸਟ ਵੱਲੋਂ ਹਰ ਸਾਲ ਚਾਰੇ ਲਈ ਤਕਰੀਬਨ 25 ਕਰੋੜ ਰੁਪਏ ਖਰਚ ਕੀਤੇ ਜਾਂਦੇ ਹਨ," ਸੋਡਾਨੀ ਨੇ ਦੱਸਿਆ ਅਤੇ ਕਿਹਾ, "ਹਰ ਦਿਨ 3-4 ਟਰੱਕ ਭਰ ਕੇ ਹਰਿਆਣਾ, ਪੰਜਾਬ ਅਤੇ ਮੱਧ ਪ੍ਰਦੇਸ਼ ਤੋਂ ਆਉਂਦੇ ਹਨ।" ਉਹਨਾਂ ਮੁਤਾਬਕ ਇਸ ਸਭ ਦੇ ਪ੍ਰਬੰਧ ਲਈ ਸਾਰਾ ਪੈਸਾ ਦਾਨ ਤੋਂ ਆਉਂਦਾ ਹੈ।
ਜਿਵੇਂ ਹੀ ਅਸੀਂ ਸੂਰਜ ਦੀ ਰੌਸ਼ਨੀ 'ਚ ਪਹੁੰਚਦੇ ਹਾਂ, ਢੋਲੀ ਭਾਈਚਾਰੇ ਦੇ ਪ੍ਰੇਮ ਚੌਹਾਨ ਅਤੇ ਲਛਮਣ ਚੌਹਾਨ ਅਜੇ ਵੀ ਸ਼੍ਰੀ ਭਾਦਰੀਆ ਮਾਤਾ ਬਾਰੇ ਹਾਰਮੋਨੀਅਮ 'ਤੇ ਗਾਇਨ ਕਰ ਰਹੇ ਹਨ, ਜੋ ਇਸ ਮੰਦਿਰ 'ਤੇ, ਅਤੇ ਇਸ ਦੇ ਆਲੇ-ਦੁਆਲੇ ਅਤੇ ਹੇਠਾਂ ਵੀ ਰਾਜ ਕਰਦੀ ਹੈ।

ਮੰਦਿਰ ਚ ਪੂਰਾ ਸਾਲ ਵੱਡੀ ਗਿਣਤੀ ਚ ਸ਼ਰਧਾਲੂ ਆਉਂਦੇ ਹਨ, ਅਤੇ ਉਹਨਾਂ ਚੋਂ ਕੁਝ ਲਾਇਬ੍ਰੇਰੀ ਚ ਵੀ ਫੇਰੀ ਲਾਉਂਦੇ ਹਨ

ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਚ ਸ਼੍ਰੀ ਭਾਦਰੀਆ ਮਾਤਾ ਜੀ ਮੰਦਿਰ ਦੇ ਦੁਆਰ ’ ਤੇ

ਮੰਦਿਰ ’ ਚ ਆਉਂਦੇ ਸ਼ਰਧਾਲੂ ਲਾਇਬ੍ਰੇਰੀ ’ ਚ ਵੀ ਚਲੇ ਜਾਂਦੇ ਹਨ, ਜੋ ਹੁਣ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਹੈ

ਲਾਇਬ੍ਰੇਰੀ 15000 ਵਰਗ ਫੁੱਟ ' ਚ ਫੈਲੀ ਹੋਈ ਹੈ; ਇਸਦੇ ਭੀੜੇ ਗਲਿਆਰਿਆਂ ' ਚ ਥੋੜ੍ਹੀ- ਥੋੜ੍ਹੀ ਵਿੱਥ ' ਤੇ ਬਣੀਆਂ 562 ਅਲਮਾਰੀਆਂ ' ਚ ਦੋ ਲੱਖ ਕਿਤਾਬਾਂ ਹਨ

ਪੁਰਾਣੀਆਂ ਜਿਲਦਾਂ ਤਾਲੇ ਲਾ ਕੇ ਰੱਖੀਆਂ ਗਈਆਂ ਹਨ

1000 ਸਾਲ ਪੁਰਾਣੇ ਕੁਝ ਖਰੜੇ ਡੱਬਿਆਂ ’ ਚ ਰੱਖੇ ਹਨ, ਜੋ ਸਿਰਫ਼ ਲਾਇਬ੍ਰੇਰੀ ਸਟਾਫ ਦੀ ਪਹੁੰਚ ਵਿੱਚ ਹਨ

ਹਿੰਦੂਤਵ, ਇਸਲਾਮ, ਇਸਾਈਅਤ ਅਤੇ ਹੋਰਾਨਾਂ ਧਰਮਾਂ ' ਤੇ ਲਿਖੀਆਂ ਧਾਰਮਿਕ ਕਿਤਾਬਾਂ

ਕੁਰਾਨ ਦੀਆਂ ਨਕਲਾਂ ਅਤੇ ਹਿੰਦੀ, ਉਰਦੂ ਅਤੇ ਅੰਗਰੇਜ਼ੀ ’ ਚ ਲਿਖੀਆਂ ਹੋਰ ਕਿਤਾਬਾਂ

ਪ੍ਰੇਮਚੰਦ ਦੀਆਂ ਕਿਤਾਬਾਂ ਦਾ ਸੰਗ੍ਰਹਿ

ਅਮਰੀਕਾ ਅਤੇ ਇੰਗਲੈਂਡ ਦੇ ਇਤਿਹਾਸ ਬਾਰੇ ਕਿਤਾਬਾਂ

ਮੀਡੀਆ ਅਤੇ ਪੱਤਰਕਾਰਤਾ ਬਾਰੇ ਕਿਤਾਬਾਂ

ਲਾਇਬ੍ਰੇਰੀ ਦੇ ਸੰਸਥਾਪਕ ਹਰਵੰਸ਼ ਸਿੰਘ ਨਿਰਮਲ ਦੀ ਸਮਾਧੀ

ਲਾਇਬ੍ਰੇਰੀ ਦੇ ਸੰਸਥਾਪਕ ਹਰਵੰਸ਼ ਸਿੰਘ ਨਿਰਮਲ ਵੱਲੋਂ ਦਸਤਖ਼ਤ ਕੀਤੀ ਇੱਕ ਚਿੱਠੀ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੀ ਗਈ ਹੈ

ਗਊਸ਼ਾਲਾ ਵਿੱਚ ਵੱਖ- ਵੱਖ ਕਿਸਮਾਂ - ਗਿਰ, ਥਾਰਪਾਰਕਰ, ਰਾਠੀ ਅਤੇ ਨਗੋਰੀ - ਦੇ ਕਰੀਬ 44000 ਗਾਵਾਂ ਅਤੇ ਬਲਦ ਹਨ

ਮੰਦਿਰ
ਦੇ
ਬਾਹਰ
ਇੱਕ
ਛੋਟਾ
ਜਿਹਾ
ਬਜ਼ਾਰ
ਹੈ,
ਜਿੱਥੇ
ਪੂਜਾ
ਲਈ
ਵਸਤਾਂ,
ਖਿਡੌਣੇ
ਅਤੇ
ਖਾਣ-
ਪੀਣ
ਦੀਆਂ
ਚੀਜ਼ਾਂ
ਦੀ
ਵਿਕਰੀ
ਹੁੰਦੀ
ਹੈ
ਤਰਜਮਾ: ਅਰਸ਼ਦੀਪ ਅਰਸ਼ੀ