ਉੱਤਰੀ ਕੋਲਕਾਤਾ ਵਿੱਚ ਕੁਮੌਰਟੁਲੀ ਦੀਆਂ ਗਲੀਆਂ ਇੰਨੀਆਂ ਭੀੜੀਆਂ ਹਨ ਕਿ ਇੱਥੋਂ ਹੱਥ ਨਾਲ ਖਿੱਚਿਆ ਜਾਣ ਵਾਲਾ ਰਿਕਸ਼ਾ ਮਸਾਂ ਹੀ ਲੰਘਦਾ ਹੈ। ਇੱਥੇ ਮਿਲਣ ਵਾਲੇ ਜਿਆਦਾਤਰ ਲੋਕ ਕੁਮੌਰ ਹੁੰਦੇ ਹਨ ਜੋ ਕਿ ਸ਼ਹਿਰ ਦੇ ਮੂਰਤੀਕਾਰ ਹਨ। ਹਰ ਸਾਲ ਕੋਲਕਾਤਾ ਵਿੱਚ ਜਾਣ ਵਾਲੀਆਂ ਦੁਰਗਾ ਮਾਤਾ ਅਤੇ ਹੋਰ ਦੇਵਤਿਆਂ ਦੀਆਂ ਮੂਰਤੀਆਂ ਇੱਥੋਂ ਹੀ ਬਣ ਕੇ ਜਾਂਦੀਆਂ ਹਨ।
ਕਾਰਤਿਕ ਪਾਲ ਦੀ ਇੱਥੇ ਬਰੌਜੇਸ਼ੌਰ ਐਂਡ ਸੰਸ (ਉਸ ਦੇ ਪਿਤਾ ਜੀ ਦੇ ਨਾਮ ਤੇ) ਨਾਮ ਦੀ ਬਾਂਸ ਅਤੇ ਪਲਾਸਟਿਕ ਸ਼ੀਟਾਂ ਦੀ ਵਰਕਸ਼ਾਪ ਹੈ। ਉਹ ਮੂਰਤੀ ਬਣਾਉਣ ਦੀ ਲੰਬੀ ਅਤੇ ਕਈ ਪੜਾਵਾਂ ਵਾਲੀ ਪ੍ਰਕਿਰਿਆ ਬਾਰੇ ਦੱਸਦੇ ਹਨ। ਮੂਰਤੀ ਘੜ੍ਹਨ ਦੇ ਵੱਖ ਵੱਖ ਪੜਾਵਾਂ ਤੇ ਵੱਖ ਵੱਖ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਗੌਂਗਾ ਮਾਟੀ (ਨਦੀ ਦੇ ਕਿਨਾਰੇ ਤੋਂ ਲਿਆਂਦੀ ਮਿੱਟੀ) ਅਤੇ ਪਾਟ ਮਾਟੀ (ਜੂਟ ਦੇ ਰੇਸ਼ੇ ਅਤੇ ਗੌਂਗਾ ਮਾਟੀ ਦਾ ਮਿਸ਼ਰਣ) ਦੀ ਵਰਤੋਂ ਹੁੰਦੀ ਹੈ।

ਕੁਮੌਰਟੁਲੀ ਵਿਖੇ ਆਪਣੀ ਵਰਕਸ਼ਾਪ ਵਿੱਚ ਕਾਰਤਿਕ ਪਾਲ
ਸਾਡੀ ਗੱਲਬਾਤ ਦੌਰਾਨ ਪਾਲ ਗਿੱਲੀ ਮਿੱਟੀ ਨਾਲ ਭਗਵਾਨ ਕਾਰਤਿਕ ਦਾ ਮੁਖੜਾ ਘੜ੍ਹ ਰਹੇ ਸਨ ਅਤੇ ਬੜੀ ਮਹਾਰਤ ਨਾਲ ਆਪਣੇ ਹੱਥਾਂ ਨਾਲ ਬਰੀਕੀਆਂ ਘੜ੍ਹ ਰਹੇ ਹਨ। ਉਹ ਇੱਕ ਪੇਂਟ ਬੁਰਸ਼ ਅਤੇ ਚਿਆੜੀ (ਬਾਂਸ ਦਾ ਬਣਿਆ ਮੂਰਤੀ ਬਣਾਉਣ ਵਿੱਚ ਕੰਮ ਵਾਲਾ ਸੰਦ) ਦੀ ਵਰਤੋਂ ਕਰਦੇ ਹਨ।
ਨੇੜੇ ਹੀ ਇੱਕ ਹੋਰ ਵਰਕਸ਼ਾਪ ਵਿੱਚ ਗੋਪਾਲ ਪਾਲ ਨੇ ਇੱਕ ਮਹੀਨ ਤੌਲੀਏ ਵਰਗੇ ਕੱਪੜੇ ਨੂੰ ਮਿੱਟੀ ਦੀ ਮੂਰਤ ਤੇ ਲਗਾਉਣ ਲਈ ਇੱਕ ਗੂੰਦ ਬਣਾਈ ਹੈ ਜਿਸ ਨਾਲ ਮੂਰਤੀ ਚਮੜੀ ਵਰਗੀ ਹੀ ਦਿਖਾਈ ਦਿੰਦੀ ਹੈ। ਗੋਪਾਲ ਉੱਤਰੀ ਕੋਲਕਾਤਾ ਤੋਂ 120 ਕਿਲੋਮੀਟਰ ਦੂਰ ਨੌਦੀਆ ਜਿਲ੍ਹੇ ਦੇ ਕ੍ਰਿਸ਼ਨੋਨੌਗਰ ਤੋਂ ਹਨ। ਇੱਥੇ ਕੰਮ ਕਰਨ ਵਾਲੇ ਜਿਆਦਾਤਰ ਆਦਮੀ ਹਨ ਜੋ ਇੱਕੋ ਜਿਲ੍ਹੇ ਤੋਂ ਹਨ ਅਤੇ ਇਹਨਾਂ ਵਿੱਚੋਂ ਜਿਆਦਾਤਰ ਵਰਕਸ਼ਾਪ ਮਾਲਕਾਂ ਵੱਲੋਂ ਇੱਕੋ ਹੀ ਇਲਾਕੇ ਵਿੱਚ ਦਿੱਤੇ ਗਏ ਕੁਆਟਰਾਂ ਵਿੱਚ ਰਹਿੰਦੇ ਹਨ। ਕੰਮ ਦੇ ਸੀਜ਼ਨ ਤੋਂ ਮਹੀਨਿਆਂ ਪਹਿਲਾਂ ਹੀ ਇਹਨਾਂ ਨੂੰ ਕੰਮ ਤੇ ਰੱਖਿਆ ਜਾਂਦਾ ਹੈ। ਇਹ ਅੱਠ ਘੰਟਿਆਂ ਦੀ ਸ਼ਿਫਟ ਵਿੱਚ ਕੰਮ ਕਰਦੇ ਹਨ ਪਰ ਪਤਝੜ ਦੇ ਤਿਉਹਾਰ ਤੋਂ ਪਹਿਲਾਂ ਕਾਰੀਗਰ ਸਾਰੀ ਸਾਰੀ ਰਾਤ ਵੀ ਓਵਰਟੈਮ ਤੇ ਕੰਮ ਕਰਦੇ ਹਨ।
ਕੁਮੌਰਟੁਲੀ ਵਿੱਚ ਸਭ ਤੋਂ ਪਹਿਲੇ ਘੁਮਿਆਰ ਲਗਭਗ 300 ਸਾਲ ਪਹਿਲਾਂ ਕ੍ਰਿਸ਼ਨੋਨੌਗਰ ਤੋਂ ਆਏ ਸਨ। ਉਸ ਸਮੇਂ ਉਹ ਕੁਝ ਮਹੀਨੇ ਬਾਗਬਾਜ਼ਾਰ ਘਾਟ ਨੇੜੇ ਨਵੇਂ ਬਣ ਰਹੇ ਕੁਮੌਰਟੁਲੀ ਵਿੱਚ ਰਹੇ ਤਾਂ ਜੋ ਨਦੀ ਤੋਂ ਮਿੱਟੀ ਅਸਾਨੀ ਨਾਲ ਮਿਲ ਸਕੇ। ਉਹ ਜੌਮੀਂਦਾਰਾਂ ਦੇ ਘਰਾਂ ਵਿੱਚ ਹੀ ਕੰਮ ਕਰਦੇ ਸਨ, ਅਤੇ ਦੁਰਗਾ ਪੂਜੋ ਤੋਂ ਕਈ ਹਫ਼ਤੇ ਪਹਿਲਾਂ ਹੀ ਠਾਕੁਰਦਾਲਾਨ (ਜੌਮੀਂਦਾਰਾਂ ਦੇ ਘਰਾਂ ਵਿੱਚ ਹੀ ਧਾਰਮਿਕ ਤਿਉਹਾਰਾਂ ਲਈ ਨਿਯਤ ਥਾਂ) ਵਿੱਚ ਮੂਰਤੀ ਬਣਾਉਂਦੇ ਸਨ।
1905 ਵਿੱਚ ਬੰਗਾਲ ਦੇ ਵਿਭਾਜਨ ਅਤੇ ਇਸ ਤੋਂ ਪਹਿਲਾਂ ਵੀ ਬੰਗਲਾਦੇਸ਼ ਦੇ ਢਾਕਾ, ਬਿਕਰੌਮਪੁਰ, ਫ਼ੌਰੀਦਪੁਰ ਤੋਂ ਮਾਹਿਰ ਕਾਰੀਗਰ ਕੁਮੌਰਟੁਲੀ ਆ ਗਏ। ਭਾਰਤ ਦੀ ਅਜ਼ਾਦੀ ਤੋਂ ਬਾਅਦ ਜੌਮੀਂਦਾਰੀ ਸਿਸਟਮ ਖਤਮ ਹੋਣ ਦੇ ਨਾਲ ਸੌਰਬੋਜੋਨੀਨ ਜਾਂ ਭਾਈਚਾਰਿਕ ਪੂਜਾ ਦਾ ਪ੍ਰਚਲਨ ਵਧ ਗਿਆ। ਇਹ ਹੀ ਉਹ ਸਮਾਂ ਸੀ ਜਦ ਮਾਂ ਦੁਰਗਾ ਤੰਗ ਠਾਕੁਰਦਾਲਾਨਾਂ ਤੋਂ ਨਿਕਲ ਕੇ ਸੜਕ ਕਿਨਾਰੇ ਖੁੱਲੇ ਪੰਡਾਲ ਵਿੱਚ ਆ ਗਈ ਜਿੱਥੇ ਹੋਰ ਦੇਵੀ ਦੇਵਤਿਆਂ ਲਈ ਵੀ ਵੱਡੇ ਆਕਰਸ਼ਕ ਅਤੇ ਅਲੱਗ ਥਾਂ ਤਿਆਰ ਕੀਤੇ ਜਾਂਦੇ ਸਨ।

ਕਾਰੀਗਰ ਜੂਟ ਦੇ ਰੇਸ਼ੇ ਨੂੰ ਗੰਗਾ ਦੀ ਈਟੇਲ ਮਾਟੀ ਵਿੱਚ ਮਿਲਾ ਕੇ ਪਾਟ ਮਾਟੀ ਬਣਾਉਂਦੇ ਹੋਏ


ਖੱਬੇ: ਮੂਰਤੀ ਬਣਾਉਣ ਦੀ ਪ੍ਰਕਿਰਿਆ ‘ਕਾਠਾਮੋ’ ਇੱਕ ਬਾਂਸ ਦਾ ਢਾਂਚਾ ਖੜਾ ਕਰਨ ਨਾਲ ਸ਼ੁਰੂ ਹੁੰਦੀ ਹੈ । ਸੱਜੇ: ਜਦ ਬਾਂਸ ਦਾ ਢਾਂਚਾ ਖੜਾ ਹੋ ਜਾਂਦਾ ਹੈ ਤਾਂ ਵਿਧੀਵਤ ਤਰੀਕੇ ਨਾਲ ਪਰਾਲੀ ਇਸ ਨਾਲ ਬੰਨੀ ਜਾਂਦੀ ਹੈ ਤਾਂ ਜੋ ਸਹੀ ਆਕਾਰ ਦਿੱਤਾ ਜਾਂ ਸਕੇ; ਇਸ ਕੰਮ ਲਈ ਕੱਚਾ ਮਾਲ ਬਾਗਬਾਜ਼ਾਰ ਦੇ ਬਜ਼ਾਰ ਤੋਂ ਆਉਂਦਾ ਹੈ

ਪਰਾਲੀ ਨਾਲ ਤਿਆਰ ਢਾਂਚੇ ਉੱਪਰ ਕਾਲੀ ਮਿੱਟੀ ਦੀ ਲਿਪਾਈ ਕਰਦ ਹੋਇਆ ਕਾਰੀਗਰ ਜਿਸ ਨਾਲ ਮੂਰਤੀ ਨੂੰ ਅੰਤਿਮ ਆਕਾਰ ਮਿਲੇਗਾ; ਫਿਰ ਮਿੱਟੀ ਨਾਲ ਤਿਆਰ ਢਾਂਚੇ ਨੂੰ ਧੁੱਪ ਵਿੱਚ 3 ਤੋਂ 4 ਦਿਨਾਂ ਲਈ ਸੁਕਾਇਆ ਜਾਵੇਗਾ

ਪੇਂਟ ਕਰਨ ਵਾਲੇ ਬੁਰਸ਼ ਅਤੇ ਬਾਂਸ ਦੇ ਇੱਕ ਸੰਦ ਨਾਲ ਬਰੀਕੀਆਂ ਘੜ੍ਹੀਆਂ ਜਾਂਦੀਆਂ ਹਨ

ਨੇੜੇ ਹੀ ਇੱਕ ਵਰਕਸ਼ਾਪ ਵਿੱਚ ਗੋਪਾਲ ਪਾਲ ਮਹੀਨ ਤੋਲੀਏ ਵਰਗੇ ਕੱਪੜੇ ਨਾਲ ਮੂਰਤੀਆਂ ਨੂੰ ਚਮੜੀ ਵਰਗੀ ਦਿੱਖ ਦਿੰਦੇ ਹੋਏ

ਮੌਹਾਲੌਇਆ ਦੇ ਪਵਿੱਤਰ ਦਿਨ ਮਾਂ ਦੁਰਗਾ ਦੀਆਂ ਅੱਖਾਂ ਬਣਨ ਨਾਲ ਮਿੱਟੀ ਦੀ ਮੂਰਤ ਵਿੱਚ ਜਾਨ ਪੈ ਜਾਂਦੀ ਹੈ
ਐਲਬਮ ਦੇਖੋ: ਕੁਮੌਰਟੁਲੀ ਵਿੱਚੋਂ ਲੰਘਦਿਆਂ
ਸਿੰਚਿਤਾ ਮਾਜੀ ਨੇ ਇਹ ਵੀਡਿਓ ਸਟੋਰੀ ਸਾਲ 2015-16 ਦੀ ਪਾਰੀ ਫ਼ੈਲੋਸ਼ਿਪ ਤਹਿਤ ਦਰਜ ਕੀਤੀ ਸੀ।
ਤਰਜਮਾ: ਨਵਨੀਤ ਕੌਰ ਧਾਲੀਵਾਲ