ਮੇਰਾ ਘਰ ਇੰਦਰਾ ਕਾਲੋਨੀ ਨਾਮਕ ਇੱਕ ਆਦਿਵਾਸੀ ਪਿੰਡ ਵਿੱਚ ਹੈ। ਇੱਥੇ ਅੱਡੋ-ਅੱਡ ਭਾਈਚਾਰਿਆਂ ਦੇ ਕੁੱਲ 25 ਪਰਿਵਾਰ ਰਹਿੰਦੇ ਹਨ। ਸਾਡੇ ਪਿੰਡ ਵਿੱਚ ਪਾਣੀ ਦੀ ਇੱਕ ਟੈਂਕੀ ਅਤੇ ਇੱਕ ਪਖ਼ਾਨਾ (ਸਾਂਝਾ ਗ਼ੁਸਲ) ਬਣਿਆ ਹੋਇਆ ਹੈ ਤੇ ਪੀਣ ਦੇ ਪਾਣੀ ਵਾਸਤੇ ਖ਼ੂਹ ਹੈ।
ਪਿੰਡ ਦੇ ਕੁਝ ਲੋਕਾਂ ਕੋਲ਼ ਖੇਤੀਯੋਗ ਜ਼ਮੀਨ ਹੈ। ਇਸ 'ਤੇ ਉਹ ਝੋਨਾ, ਬੈਂਗਣ, ਮੱਕੀ, ਜੁਲਨਾ , ਭਿੰਡੀ, ਕਰੇਲਾ, ਕੱਦੂ ਤੋਂ ਇਲਾਵਾ ਕੋਲਥਾ (ਹਾਰਸ ਗ੍ਰਾਮ), ਕੰਡੁਲਾ (ਅਰਹਰ ਦਾਲ), ਮੂੰਗੀ ਜਿਹੀਆਂ ਦਾਲ਼ਾਂ ਉਗਾਉਂਦੇ ਹਨ। ਜ਼ਿਆਦਾਤਰ ਲੋਕ ਆਪਣੀ ਲੋੜ ਪੂਰੀ ਕਰਨ ਲਈ ਝੋਨਾ ਬੀਜਦੇ ਹਨ। ਝੋਨਾ ਦੀ ਕਾਸ਼ਤ ਮਾਨਸੂਨ ਦੇ ਮੌਸਮ ਵਿੱਚ ਹੁੰਦੀ ਹੈ।
ਵਾਢੀ ਦੌਰਾਨ ਅਸੀਂ ਆਪਣੀ ਖਪਤ ਜੋਗਾ ਝੋਨਾ ਰੱਖ ਕੇ, ਬਾਕੀ ਝੋਨੇ ਨੂੰ ਬਜ਼ਾਰ ਵੇਚ ਦਿੰਦੇ ਹਾਂ। ਉਪਜ ਵੇਚ ਕੇ ਸਾਨੂੰ ਜੋ ਵੀ ਪੈਸਾ ਮਿਲ਼ਦਾ ਹੈ ਉਸ ਵਿੱਚੋਂ ਖਾਦ ਦਾ ਖ਼ਰਚਾ ਤੇ ਹੋਰ ਲਾਗਤਾਂ ਕੱਢਣ ਤੋਂ ਬਾਅਦ ਜੋ ਕੁਝ ਬੱਚਦਾ ਹੈ ਉਹੀ ਸਾਡੀ ਕਮਾਈ ਹੁੰਦੀ ਹੈ।
ਸਾਡੇ ਪਿੰਡ ਦੇ ਕੁਝ ਘਰ ਫੂਸ ਦੇ ਬਣੇ ਹਨ। ਫੂਸ ਧੁੱਪ, ਮੀਂਹ ਤੇ ਸਰਦੀ ਤੋਂ ਸਾਡਾ ਬਚਾਅ ਕਰਦੀ ਹੈ। ਹਰ ਸਾਲ ਜਾਂ ਦੋ ਸਾਲ ਵਿੱਚ ਇੱਕ ਵਾਰੀਂ ਫੂਸ ਨੂੰ ਬਦਲਣਾ ਪੈਂਦਾ ਹੈ। ਘਰ ਦੀ ਮੁਰੰਮਤ ਵਿੱਚ ਅਸੀਂ ਅਗੁਲੀ ਘਾਹ, ਸਾਲੁਆ , ਬਾਂਸ, ਲਾਹੀ ਤੇ ਜੰਗਲੀ ਲੱਕੜ ਦਾ ਇਸਤੇਮਾਲ ਕਰਦੇ ਹਾਂ।


ਖੱਬੇ ਪਾਸੇ : ਮਾਧਵ, ਇੰਦਰਾ ਕਲੋਨੀ ਵਿਖੇ ਪੈਂਦੇ ਆਪਣੇ ਘਰ ਦੇ ਬਾਹਰ। ਸੱਜੇ ਪਾਸੇ : ਪਿੰਡ ਵਿਖੇ ਚਰਦੇ ਡੰਗਰ


ਖੱਬੇ ਪਾਸੇ : ਮੁਰਗੀਆਂ, ਗਾਂ ਤੇ ਬਲ਼ਦ ਪਾਲਣ ਤੋਂ ਇਲਾਵਾ ਲੋਕ ਬੱਕਰੀਆਂ ਵੀ ਪਾਲ਼ਦੇ ਹਨ। ਸੱਜੇ ਪਾਸੇ : ਕੇਂਦੂ ਦੇ ਸੁੱਕੇ ਪੱਤੇ, ਜਿਨ੍ਹਾਂ ਨੂੰ ਇਕੱਠਾ ਕੀਤਾ ਜਾਣਾ ਹੈ
ਫੂਸ ਦੇ ਘਰ ਬਣਾਉਣ ਵਾਸਤੇ ਬਗੁਲੀ ਘਾਹ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਘਾਹ ਨੂੰ ਅਸੀਂ ਜੰਗਲ 'ਚੋਂ ਵੱਢਦੇ ਹਾਂ। ਫਿਰ ਇਹਨੂੰ ਦੋ-ਤਿੰਨ ਮਹੀਨਿਆਂ ਲਈ ਧੁੱਪੇ ਸੁਕਾਇਆ ਜਾਂਦਾ ਹੈ। ਇਹਦੇ ਬਾਅਦ, ਸਾਨੂੰ ਉਹਨੂੰ ਕੁਝ ਹੋਰ ਸਮੇਂ ਤੱਕ ਮੀਂਹ ਵਿੱਚ ਖ਼ਰਾਬ ਹੋਣ ਤੋਂ ਬਚਾਉਣਾ ਹੁੰਦਾ ਹੈ। ਘਰ ਦੀ ਛੱਤ ਪਾਉਣ ਵਾਸਤੇ ਅਸੀਂ ਮਿੱਟੀ ਦੀਆਂ ਖਪਰੈਲਾਂ ਦਾ ਇਸਤੇਮਾਲ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਆਪਣੇ ਪਿੰਡ ਵਿੱਚ ਹੀ ਤਿਆਰ ਕਰਦੇ ਹਾਂ।
ਸਾਡੇ ਗੱਡਿਆਂ ਵਿੱਚ ਪਹੀਏ ਨੂੰ ਛੱਡ ਕੇ ਬਾਕੀ ਹਰ ਹਿੱਸਾ ਲੱਕੜ ਦਾ ਬਣਿਆ ਹੁੰਦਾ ਹੈ। ਇਸ ਗੱਡ ਦਾ ਇਸਤੇਮਾਲ ਅਸੀਂ ਖੇਤਾਂ ਵਿੱਚੋਂ ਝੋਨਾ ਤੇ ਜੰਗਲ ਵਿੱਚੋਂ ਲੱਕੜ ਲਿਆਉਣ ਲਈ ਕਰਦੇ ਹਾਂ। ਇਹਦਾ ਇਸਤੇਮਾਲ ਅਸੀਂ ਖੇਤ ਵਿੱਚ ਖਾਦ ਪਹੁੰਚਾਉਣ ਲਈ ਵੀ ਕਰਦੇ ਹਾਂ। ਪਰ, ਸਮੇਂ ਦੇ ਬੀਤਣ ਨਾਲ਼ ਹੁਣ ਇਨ੍ਹਾਂ ਗੱਡਾਂ ਦਾ ਇਸਤੇਮਾਲ ਘੱਟ ਹੁੰਦਾ ਜਾਂਦਾ ਹੈ।
ਮੇਰੇ ਪਿੰਡ ਦੇ ਬਹੁਤੇਰੇ ਲੋਕੀਂ ਗਾਂ, ਬੈਲ਼, ਬੱਕਰੀ ਤੇ ਮੁਰਗੀਆਂ ਪਾਲ਼ਦੇ ਹਨ। ਦਿਨ ਵੇਲ਼ੇ ਅਸੀਂ ਡੰਗਰਾਂ ਨੂੰ ਰਿੱਝੇ ਚੌਲਾਂ ਦਾ ਪਾਣੀ (ਪਿੱਛ), ਫੱਕ ਤੇ ਮੂੰਗੀ ਦਿੰਦੇ ਹਾਂ ਤੇ ਰਾਤ ਵੇਲ਼ੇ ਸੁੱਕਾ ਚਾਰਾ ਦਿੰਦੇ ਹਾਂ। ਗਾਵਾਂ ਤੇ ਬਲ਼ਦਾਂ ਨੂੰ ਚਰਾਉਣ ਵਾਸਤੇ ਅਸੀਂ ਜੰਗਲ ਜਾਂ ਖੇਤਾਂ ਵਿੱਚ ਲਿਜਾਂਦੇ ਹਾਂ। ਮੀਂਹ ਦੇ ਮੌਸਮ ਵਿੱਚ ਮੈਦਾਨਾਂ ਵਿੱਚ ਹਰਾ ਘਾਹ ਉੱਗ ਆਉਂਦਾ ਹੈ ਤੇ ਗਰਮੀਆਂ ਦੇ ਦਿਨਾਂ ਵਿੱਚ ਸੁੱਕ ਜਾਂਦਾ ਹੈ, ਜਿਸ ਕਾਰਨ ਗਾਵਾਂ ਤੇ ਬਲ਼ਦਾਂ ਨੂੰ ਲੋੜੀਂਦਾ ਚਾਰਾ ਮਿਲ਼ ਨਹੀਂ ਪਾਉਂਦਾ।


ਖੱਬੇ ਪਾਸੇ : ਰੰਜਨ ਕੁਮਾਰ ਨਾਇਕ ਇੱਕ ਠੇਕੇਦਾਰ ਹਨ, ਜੋ ਪਿੰਡ ਦੇ ਲੋਕਾਂ ਕੋਲ਼ੋਂ ਕੇਂਦੂ ਦੇ ਪੱਤੇ ਖਰੀਦਦੇ ਹਨ। ਸੱਜੇ ਪਾਸੇ : ਪਿੰਡ ਵਿੱਚ ਫੂਸ ਦਾ ਇੱਕ ਘਰ
ਗੋਹੇ ਦਾ ਇਸਤੇਮਾਲ ਅਸੀਂ ਆਪਣੇ ਖੇਤਾਂ ਵਿੱਚ ਕਰਦੇ ਹਾਂ ਤੇ ਬੀਜਾਈ ਤੋਂ ਪਹਿਲਾਂ ਰੂੜੀ (ਗੋਹੇ ਦੀ ਖਾਦ) ਨੂੰ ਪੂਰੇ ਖੇਤ ਵਿੱਚ ਖਿਲਾਰਦੇ ਹਾਂ। ਪਿੰਡ ਦੇ ਲੋਕੀਂ ਗਾਂ ਤੇ ਬਲ਼ਦ ਵੇਚ ਕੇ ਕਮਾਈ ਕਰਦੇ ਹਨ। ਆਮ ਤੌਰ 'ਤੇ ਇੱਕ ਗਾਂ ਦੀ ਕੀਮਤ 10,000 ਰੁਪਏ ਹੁੰਦੀ ਹੈ।
ਪਿੰਡ ਦੀਆਂ ਕੁਝ ਔਰਤਾਂ ਵਾਧੂ ਕਮਾਈ ਵਾਸਤੇ ਕੇਂਦੂ ਦੇ ਪੱਤੇ, ਸਾਲ ਦੇ ਪੱਤੇ ਤੇ ਮਹੂਆ ਤੋੜਨ ਦਾ ਕੰਮ ਕਰਦੀਆਂ ਹਨ।
ਇਹ ਮਹੂਏ ਦਾ ਸੁੱਕਾ ਫੁੱਲ ਹੈ। ਪਿੰਡ ਦੀਆਂ ਔਰਤਾਂ ਸਵੇਰ ਵੇਲ਼ੇ ਜੰਗਲ ਜਾਂਦੀਆਂ ਹਨ ਤੇ 11 ਵਜੇ ਤੱਕ ਉਨ੍ਹਾਂ ਨੂੰ ਤੋੜ ਕੇ ਘਰ ਵਾਪਸ ਆ ਜਾਂਦੀਆਂ ਹਨ। ਇਸ ਤੋਂ ਬਾਅਦ, ਇਕੱਠੇ ਕੀਤੇ ਗਏ ਫੁੱਲਾਂ ਨੂੰ ਛੇ ਦਿਨਾਂ ਤੱਕ ਧੁੱਪੇ ਸੁਕਾਇਆ ਜਾਂਦਾ ਹੈ। ਫਿਰ ਉਨ੍ਹਾਂ ਨੂੰ ਦੋ ਜਾਂ ਤਿੰਨ ਮਹੀਨਿਆਂ ਤੱਕ ਬੋਰੀਆਂ ਵਿੱਚ ਸੁੱਕਣ ਵਾਸਤੇ ਰੱਖਿਆ ਜਾਂਦਾ ਹੈ। ਅਸੀਂ ਮਹੂਏ ਦਾ ਰਸ 60 ਰੁਪਏ ਪ੍ਰਤੀ ਮੱਗ ਦੇ ਹਿਸਾਬ ਨਾਲ਼ ਵੇਚਦੇ ਹਾਂ ਤੇ ਮਹੂਏ ਦੇ ਫੁੱਲਾਂ ਦਾ ਇੱਕ ਭਰਿਆ ਮੱਗ 50 ਰੁਪਏ ਵਿੱਚ ਵੇਚਿਆ ਜਾਂਦਾ ਹੈ। ਹਾਲਾਂਕਿ ਮਹੂਏ ਦੇ ਫੁੱਲਾਂ ਨੂੰ ਇਕੱਠਾ ਕਰਨਾ ਬੜਾ ਮੁਸ਼ਕਲ ਹੁੰਦਾ ਹੈ।
ਸਾਡੇ ਭਾਈਚਾਰੇ ਦੋ ਲੋਕ ਇੱਕ ਪਰਿਵਾਰ ਵਾਂਗਰ ਇਕਜੁੱਟ ਹੋ ਕੇ ਰਹਿੰਦੇ ਹਨ ਤੇ ਇੱਕ-ਦੂਜੇ ਦੀ ਮਦਦ ਕਰਦੇ ਹਨ।
ਪਾਰੀ ਐਜੁਕੇਸ਼ਨ ਦੀ ਟੀਮ, ਇਸ ਸਟੋਰੀ ਨੂੰ ਦਰਜ ਕਰਨ ਵਿੱਚ ਮਦਦ ਦੇਣ ਲਈ ਗ੍ਰਾਮ ਵਿਕਾਸ ਰਿਹਾਇਸ਼ੀ ਸਕੂਲ ਦੀ ਇਨੋਵੇਸ਼ਨ ਐਂਡ ਸਟ੍ਰੈਟੇਜੀ ਮੈਨੇਜਰ, ਸ਼ਰਬਾਨੀ ਚਟੋਰਾਜ ਤੇ ਸੰਤੋਸ਼ ਗੌੜਾ ਦਾ ਸ਼ੁਕਰੀਆ ਅਦਾ ਕਰਦੀ ਹਨ।
ਤਰਜਮਾ: ਕਮਲਜੀਤ ਕੌਰ