ਖੇਲਾ ਹੋਬੇ ਅਤੇ ਅਬਕੀ ਬਾਰ 400 ਪਾਰ ਦੇ ਦਾਅਵਿਆਂ ਦੇ ਵਿਚਕਾਰ ਉਲਝਿਆ ਸਾਡਾ ਗ੍ਰਹਿ ਰਾਜ ਆਪਣੇ ਛੋਟੇ ਰੂਪ ਵਿੱਚ ਭਾਰਤ ਦਾ ਪ੍ਰਤੀਬਿੰਬ ਜਾਪਦਾ ਹੈ, ਜਿੱਥੇ ਸਰਕਾਰੀ ਯੋਜਨਾਵਾਂ, ਸਿੰਡੀਕੇਟ ਮਾਫੀਆ, ਸਰਕਾਰੀ ਗ੍ਰਾਂਟਾਂ ਅਤੇ ਅਧਿਕਾਰ ਅੰਦੋਲਨਾਂ ਦਾ ਮਿਲ਼ਗੋਭਾ ਬਣਿਆ ਰਹਿੰਦਾ ਹੈ।
ਸਾਡੀ ਨਾਉਮੀਦ ਧਰਤੀ ਬੇਘਰੇ ਪ੍ਰਵਾਸੀਆਂ ਅਤੇ ਨੌਕਰੀਆਂ ਵਿੱਚ ਫਸੇ ਬੇਰੁਜ਼ਗਾਰ ਨੌਜਵਾਨਾਂ ਨਾਲ਼ ਭਰੀ ਪਈ ਹੈ, ਕੇਂਦਰ ਬਨਾਮ ਰਾਜ ਦੀ ਲੜਾਈ ਵਿੱਚ ਪਿਸਦੇ ਆਮ ਲੋਕ ਹਨ, ਜਲਵਾਯੂ ਤਬਦੀਲੀ ਦੀ ਮਾਰ ਝੱਲਦੇ ਕਿਸਾਨ ਹਨ ਅਤੇ ਕੱਟੜਪੰਥੀ ਬਿਆਨਬਾਜ਼ੀ ਦਾ ਸਾਹਮਣਾ ਕਰਦੇ ਘੱਟ ਗਿਣਤੀ ਭਾਈਚਾਰੇ ਹਨ। ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ, ਸਰੀਰ ਬੇਜਾਨ ਹੋ ਰਿਹਾ ਹੈ। ਜਾਤ, ਵਰਗ, ਲਿੰਗ, ਭਾਸ਼ਾ, ਨਸਲ, ਧਰਮ ਜਿਨ੍ਹਾਂ ਚੌਰਾਹਿਆਂ 'ਤੇ ਟਕਰਾਉਂਦੇ ਹਨ, ਉੱਥੇ ਹੀ ਹੜਕੰਪ ਮੱਚ ਜਾਂਦਾ ਹੈ।
ਇਸ ਹੰਗਾਮੇ ਦੇ ਵਿਚਕਾਰ ਡੁੱਬਦੇ-ਤਰਦੇ, ਅਸੀਂ ਉਨ੍ਹਾਂ ਲੋਕਾਂ ਦੀਆਂ ਆਵਾਜ਼ਾਂ ਸੁਣਦੇ ਹਾਂ ਜੋ ਦੁਚਿੱਤੀ ਵਿੱਚ ਹਨ, ਬੇਸਹਾਰਾ, ਉਦਾਸੀਨ ਹਨ ਅਤੇ ਜਿਨ੍ਹਾਂ ਨੇ ਸੱਤਾ ਦੇ ਝੂਠ ਨੂੰ ਫੜ੍ਹਨਾ ਸਿੱਖ ਲਿਆ ਹੈ। ਸੰਦੇਸ਼ਖਾਲੀ ਤੋਂ ਲੈ ਕੇ ਹਿਮਾਲਿਆ ਦੀਆਂ ਪਹਾੜੀਆਂ ਦੇ ਚਾਹ-ਬਗ਼ਾਨਾਂ ਤੱਕ, ਕੋਲਕਾਤਾ ਤੋਂ ਲੈ ਕੇ ਰਾਰ ਦੇ ਭੁੱਲੇ-ਵਿਸਰੇ ਖੇਤਰਾਂ ਤੱਕ, ਅਸੀਂ- ਇੱਕ ਰਿਪੋਰਟਰ ਅਤੇ ਇੱਕ ਕਵੀ-ਘੁੰਮੇ ਫਿਰੇ। ਹਰ ਕਿਸੇ ਦੀ ਗੱਲ ਸੁਣੀ, ਜੋ ਕੁਝ ਦੇਖਿਆ, ਉਸ ਨੂੰ ਰਿਕਾਰਡ ਕੀਤਾ, ਤਸਵੀਰਾਂ ਖਿੱਚੀਆਂ ਅਤੇ ਗੱਲਾਂ ਕੀਤੀਆਂ।
ਅਸੀਂ ਸੰਦੇਸ਼ਖਲੀ ਤੋਂ ਸ਼ੁਰੂਆਤ ਕੀਤੀ, ਜੋ ਪੱਛਮੀ ਬੰਗਾਲ ਦੇ ਸੁੰਦਰਬਨ ਖੇਤਰ ਦਾ ਲਗਭਗ ਗੁਮਨਾਮ ਜਿਹਾ ਟਾਪੂ ਹੈ, ਪਰ ਅਕਸਰ ਜ਼ਮੀਨ ਅਤੇ ਔਰਤਾਂ ਦੇ ਸਰੀਰਾਂ ਨੂੰ ਨਿਯੰਤਰਣ ਕਰਨ ਦੀ ਰਾਜਨੀਤਿਕ ਲੜਾਈ ਵਿੱਚ ਉਲਝਿਆ ਰਹਿੰਦਾ ਹੈ।
ਸ਼ਤਰੰਜ
ਫੂੰ-ਫੂੰ
ਕਰਦਾ ਜਿੱਤਣ ਆਇਆ
ਮਗਰ
ਆਪਣੇ ਈਡੀ ਵੀ ਲਿਆਇਆ।
ਸੰਦੇਸ਼ਖਲੀ
ਇੱਕ ਪਿੰਡ ਸੀ ਥਿਆਇਆ -
ਰਾਤ
ਨੇ ਅਜੇ ਉਬਾਸੀ ਹੈ ਭਰੀ,
ਗਿਰਵੀ
ਹੈ ਜਿੱਥੇ ਹਰ ਇੱਕ ਨਾਰੀ,
ਟੀਵੀ
ਐਂਕਰ ਚੀਕਣ,''ਰਾਮ ਰਾਮ, ਅਲੀ ਅਲੀ!''

ਮੁਰਸ਼ਿਦਬਾਦ ਵਿਖੇ ਟੀਐੱਮਸੀ ਦਾ ਕੰਧ ਪੋਸਟਰ, ਜਿਸ ਵਿੱਚ ਲਿਖਿਆ ਹੈ, ' ਖੇਲਾ ਹੋਬੇ '

ਮੁਰਸ਼ਿਦਾਬਾਦ ਦੇ ਕੰਧ ਚਿੱਤਰ ' ਤੇ ਲਿਖਿਆ ਹੈ: ' ਤੁਸੀਂ ਕੋਲ਼ਾ ਨਿਗਲ਼ਿਆ , ਸਾਰੀਆਂ ਗਊਆਂ ਚੋਰੀ ਕੀਤੀਆਂ , ਅਸੀਂ ਸਮਝ ਸਕਦੇ ਹਾਂ। ਪਰ ਤੁਸਾਂ ਨਦੀ ਕੰਢੇ ਇੱਕ ਕਿਣਕਾ ਰੇਤ ਵੀ ਨਾ ਛੱਡੀ , ਸਾਡੀਆਂ ਪਤਨੀਆਂ ਅਤੇ ਧੀਆਂ ਨੂੰ ਵੀ ਨਹੀਂ ਬਖਸ਼ਿਆ- ਕਹਿੰਦਾ ਹੈ ਸੰਦੇਸ਼ਖਲੀ '


ਖੱਬੇ: ਉੱਤਰੀ ਕੋਲਕਾਤਾ ਵਿੱਚ ਲੱਗਿਆ ਪੂਜਾ ਪੰਡਾਲ ਔਰਤਾਂ ਵਿਰੁੱਧ ਹਿੰਸਾ ਦੇ ਮੁੱਦੇ ਨੂੰ ਆਵਾਜ਼ ਦਿੰਦਾ ਹੈ: ਫਾਂਦੀ ਕੋਰੇ ਬਾਂਦੀ ਕਾਰੋ (ਤੁਸੀਂ ਮੈਨੂੰ ਬੰਧੂਆ ਬਣਾ ਦਿੱਤਾ ਹੈ)। ਸੱਜੇ: ਸੁੰਦਰਬਨ ਦੇ ਬਾਲੀ ਟਾਪੂ ਵਿੱਚ ਸਥਿਤ ਇੱਕ ਪ੍ਰਾਇਮਰੀ ਸਕੂਲ ਦੇ ਇੱਕ ਵਿਦਿਆਰਥੀ ਦੁਆਰਾ ਬਣਾਇਆ ਗਿਆ ਪੋਸਟਰ , ਔਰਤਾਂ ਵਿਰੁੱਧ ਹਿੰਸਾ ਦੇ ਮੁੱਦੇ ਨੂੰ ਚੁੱਕਦਾ ਹੈ। ਆਮਰਾ ਨਾਰੀ, ਆਮਰਾ ਨਾਰੀ-ਨਿਰਜਾਤਨ ਬੰਧੋ ਕੋਰਤੇ ਪਰੀ (ਅਸੀਂ ਔਰਤਾਂ ਹਾਂ। ਅਸੀਂ ਔਰਤਾਂ ਵਿਰੁੱਧ ਹੋਣ ਵਾਲ਼ੀ ਹਿੰਸਾ ਨੂੰ ਖ਼ਤਮ ਕਰ ਸਕਦੀਆਂ ਹਾਂ)
*****
ਜੰਗਲ ਮਹਿਲ ਵਜੋਂ ਜਾਣੇ ਜਾਂਦੇ ਇਸ ਖੇਤਰ ਦੇ ਬਾਂਕੁਰਾ, ਪੁਰੂਲੀਆ, ਪੱਛਮੀ ਮੇਦਿਨੀਪੁਰ ਅਤੇ ਝਾਰਗ੍ਰਾਮ ਜਿਹੇ ਜ਼ਿਲ੍ਹਿਆਂ ਵਿੱਚੋਂ ਲੰਘਦੇ ਹੋਏ, ਅਸੀਂ ਮਹਿਲਾ ਕਿਸਾਨਾਂ ਅਤੇ ਪ੍ਰਵਾਸੀ ਖੇਤ ਮਜ਼ਦੂਰਾਂ ਨੂੰ ਮਿਲੇ।
ਝੁਮੁਰ
ਰੇਤ
ਦੇ ਟਿੱਲਿਆਂ ਦੇ ਹੇਠਾਂ
ਦਫ਼ਨ
ਹੈ ਪ੍ਰਵਾਸੀ ਮਜ਼ਦੂਰ ਦੀ ਢਾਣੀ,
ਟੇਰਾਕੋਟਾ
ਭੋਇੰ ਦੀ ਇੰਨੀ ਹੈ ਕਹਾਣੀ।
'ਪਾਣੀ' ਕਹਿਣਾ ਜਿਓਂ ਕੁਫ਼ਰ ਤੋਲਣਾ
ਕੋਈ,
'ਜਲ' ਕਹੋ ਤਾਂ ਹੈ ਮਨਜ਼ੂਰ!
ਜੰਗਲ
ਮਹਿਲ ਦੀ ਕੇਹੀ ਹੈ ਪਿਆਸ।


ਪੁਰੂਲੀਆ ਵਿੱਚ , ਮਹਿਲਾ ਕਿਸਾਨ ਪਾਣੀ ਦੀ ਭਾਰੀ ਕਿੱਲਤ , ਖੇਤੀ ਵਿੱਚ ਗਿਰਾਵਟ ਅਤੇ ਰੋਜ਼ੀ-ਰੋਟੀ ਦੀਆਂ ਸਮੱਸਿਆਵਾਂ ਨਾਲ਼ ਜੂਝਦਿਆਂ ਢਿੱਡ ਭਰਨ ਲਈ ਜਫਰ ਜਾਲ ਰਹੀਆਂ ਹਨ
*****
ਦਾਰਜੀਲਿੰਗ ਦੁਨੀਆ ਲਈ 'ਪਹਾੜਾਂ ਦੀ ਰਾਣੀ' ਹੋਵੇਗਾ, ਪਰ ਇੱਥੋਂ ਦੇ ਸੁੰਦਰ ਬਗ਼ਾਨਾਂ ਵਿੱਚ ਮਿਹਨਤ ਕਰਨ ਵਾਲ਼ੀਆਂ ਆਦਿਵਾਸੀ ਔਰਤਾਂ ਲਈ ਨਹੀਂ, ਜਿਨ੍ਹਾਂ ਕੋਲ਼ ਸ਼ੌਚ ਕਰਨ ਲਈ ਪਖਾਨਾ ਤੱਕ ਨਹੀਂ ਹੁੰਦਾ। ਇਸ ਖੇਤਰ ਦੀਆਂ ਔਰਤਾਂ ਨੂੰ ਦਰਪੇਸ਼ ਭੇਦਭਾਵ ਅਤੇ ਡੰਗ ਟਪਾਉਣ ਲਈ ਜਾਰੀ ਉਨ੍ਹਾਂ ਦੇ ਸੰਘਰਸ਼ ਦਾ ਮਤਲਬ ਹੈ ਕਿ ਉਨ੍ਹਾਂ ਦਾ ਭਵਿੱਖ, ਕੰਧ 'ਤੇ ਲਿਖੀ ਇਬਾਰਤ ਵਰਗਾ ਹੈ!
ਬਲੱਡੀ ਮੈਰੀ
ਕੀ
ਤੁਸੀਂ ਚਾਹ ਪੀਓਗੇ ਇੱਕ ਕੱਪ?
ਵ੍ਹਾਈਟ
ਪੇਓਨੀ, ਊਲੋਂਗ ਚਾਹ?
ਭੁੱਜੀ,
ਸੇਕੀ, ਧਨਾਢਾਂ ਦੀ ਚਾਹ।
ਜਾਂ
ਤੁਸੀਂ ਖੂਨ ਪੀਣਾ ਚਾਹੋਗੇ?
ਕਿਸੇ
ਆਦਿਵਾਸੀ ਕੁੜੀ ਨੂੰ ਨਿਗਲ਼ਣਾ?
ਹੱਡ-ਤੋੜਦੀ,
ਉਬਲ਼ਦੀ,''ਹੈ ਹੱਕ ਸਾਡਾ! ਹੈ ਹੱਕ ਸਾਡਾ!''

ਚਾਹੁੰਦੇ ਹੋਏ ਵੀ ਤੁਸੀਂ ਦਾਰਜਲਿੰਗ ਦਾ ਇਹ ਕੰਧ ਚਿੱਤਰ ਦੇਖੇ ਬਗ਼ੈਰ ਨਹੀਂ ਲੰਘ ਸਕਦੇ
*****
ਮੁਰਸ਼ਿਦਾਬਾਦ ਨਾ ਸਿਰਫ਼ ਬੰਗਾਲ ਦੇ ਕੇਂਦਰ ਵਿੱਚ ਹੈ, ਬਲਕਿ ਇੱਕ ਵੱਖਰੇ ਤਰ੍ਹਾਂ ਦੇ ਤੂਫਾਨ ਦਾ ਵੀ ਸਾਹਮਣਾ ਕਰ ਰਿਹਾ ਹੈ, ਜੋ ਨਕਦੀ ਬਦਲੇ ਸਕੂਲੀ ਨੌਕਰੀ ਦੇ ਰੂਪ ਵਿੱਚ ਆਇਆ ਸੀ। ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਦੁਆਰਾ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ਼ ਦੀਆਂ ਜਾਅਲੀ ਨਿਯੁਕਤੀਆਂ ਨੂੰ ਰੱਦ ਕਰਨ ਦੇ ਹਾਈ ਕੋਰਟ ਦੇ ਆਦੇਸ਼ ਨੇ ਨੌਜਵਾਨਾਂ ਨੂੰ ਸ਼ੱਕ ਵਿੱਚ ਪਾ ਦਿੱਤਾ ਹੈ। ਬੀੜੀ ਬਣਾਉਣ ਵਾਲੀਆਂ ਇਕਾਈਆਂ ਵਿੱਚ ਕੰਮ ਕਰਨ ਵਾਲੇ ਨੌਜਵਾਨ ਮੁੰਡੇ, ਜਿਨ੍ਹਾਂ ਦੀ ਉਮਰ 18 ਸਾਲ ਵੀ ਨਹੀਂ ਹੈ, ਨੂੰ ਸਿੱਖਿਆ ਪ੍ਰਣਾਲੀ ਅਤੇ ਭਵਿੱਖ ਨੂੰ ਆਕਾਰ ਦੇਣ ਦੀ ਇਸ ਦੀ ਯੋਗਤਾ 'ਤੇ ਬਹੁਤ ਘੱਟ ਭਰੋਸਾ ਹੈ। ਉਨ੍ਹਾਂ ਨੂੰ ਛੋਟੀ ਉਮਰ ਵਿੱਚ ਕੰਮ ਕਰਨਾ ਅਤੇ ਬਿਹਤਰ ਮੌਕਿਆਂ ਦੀ ਭਾਲ਼ ਵਿੱਚ ਪਰਵਾਸ ਕਰਨਾ ਇੱਕ ਬਿਹਤਰ ਵਿਕਲਪ ਲੱਗਦਾ ਹੈ।
ਯੋਗ ਉਮੀਦਵਾਰ
ਉਹ
ਧਰਨੇ 'ਤੇ ਬੈਠੇ ਨੇ,
'ਤਾਨਾਸ਼ਾਹੀ ਨਹੀਂ ਚਲੇਗੀ!'
ਫ਼ੌਜੀ
ਬੂਟ ਪਾਈ ਤੜ-ਤੜ ਕਰਦੀ ਪੁਲਿਸੀ ਆਈ ਹੈ-
ਸਰਕਾਰੀ
ਨੌਕਰੀ,
ਮੁਫ਼ਤ
ਵਿੱਚ ਨਹੀਂ ਮਿਲ਼ਦੀ!
ਡੰਡੇ
ਤੇ ਚੋਣਾਂ ਦੀ ਸਭ ਮਿਲ਼ੀਭੁਗਤ ਹੈ।

ਸਕੂਲ ਛੱਡਣ ਵਾਲੇ ਬਹੁਤ ਸਾਰੇ ਮੁਰਸ਼ਿਦਾਬਾਦ ਦੀ ਬੀੜੀ ਫੈਕਟਰੀ ਵਿੱਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ਼ ਵੱਡੀਆਂ ਡਿਗਰੀਆਂ ਹਨ, ਉਹ ਬੇਕਾਰ ਬੈਠੇ ਹਨ। ਚੁਣੇ ਗਏ ਲੋਕਾਂ ਨੂੰ ਨਿਯੁਕਤੀ-ਪੱਤਰ ਨਹੀਂ ਮਿਲੇ ਅਤੇ ਹੁਣ ਉਹ ਐੱਸਐੱਸਸੀ ਅਧੀਨ ਬਕਾਇਆ ਨੌਕਰੀਆਂ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਬੈਠੇ ਹਨ। ਅਸੀਂ ਅਜਿਹੀ ਪੜ੍ਹਾਈ ਦਾ ਅਚਾਰ ਪਾਉਣਾ?'
*****
ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਸਾਲ ਦਾ ਕਿਹੜਾ ਸਮਾਂ ਹੈ; ਸਾਨੂੰ ਕੋਲਕਾਤਾ ਦੀਆਂ ਭੀੜ-ਭੜੱਕੇ ਵਾਲੀਆਂ ਸੜਕਾਂ ਵਿੱਚੋਂ ਲੰਘਣਾ ਪੈਂਦਾ ਹੈ, ਜਿੱਥੇ ਪ੍ਰਦਰਸ਼ਨਕਾਰੀ ਔਰਤਾਂ ਵੱਡੀ ਗਿਣਤੀ ਵਿੱਚ ਵੇਖੀਆਂ ਜਾ ਸਕਦੀਆਂ ਹਨ। ਲੋਕ ਅਨਿਆਂਪੂਰਨ ਕਾਨੂੰਨਾਂ ਅਤੇ ਸਿਧਾਂਤਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਲਈ ਰਾਜ ਦੇ ਹਰ ਕੋਨੇ ਤੋਂ ਆਉਂਦੇ ਹਨ।
ਨਾਗਰਿਕਤਾ
ਕਾਗ਼ਜ਼ਾਂ
ਵਾਲ਼ਾ ਆਇਆ ਦੇਖੋ,
ਭੱਜੋ-ਭੱਜੋ,
ਜੇ ਕੁਝ ਕਰ ਸਕੋ,
ਬੰਗਲਾਦੇਸ਼ੀਓ! ਬੰਗਲਾਦੇਸ਼ੀਓ! ਆਪਦੀਆਂ ਸਿਰੀਆਂ ਬਚਾਓ!
ਸੀਏਏ
ਮੁਰਦਾਬਾਦ;
ਨਹੀਂ
ਅਸੀਂ ਭੱਜਣ ਵਾਲ਼ਿਆਂ ਚੋਂ,
ਬੰਗਲਾਦੇਸ਼ੀਓ! ਬੰਗਲਾਦੇਸ਼ੀਓ! ਰੋਟੀ ਛੱਡੋ ਸੰਦੇਸ਼ ਖਾਓ?

2019 ਵਿੱਚ, ਕੋਲਕਾਤਾ ਵਿੱਚ ਵੱਖ-ਵੱਖ ਮਹਿਲਾ ਸੰਗਠਨਾਂ ਦੁਆਰਾ ਆਯੋਜਿਤ ਮਹਿਲਾ ਮਾਰਚ ਲਈ ਕਟਆਊਟ ਬਣਾਏ ਗਏ ਸਨ

2019 ਵਿੱਚ ਕੋਲਕਾਤਾ ਵਿੱਚ ਆਯੋਜਿਤ ਮਹਿਲਾ ਮਾਰਚ: ਵੱਖ-ਵੱਖ ਸਮਾਜਿਕ ਪਿਛੋਕੜਾਂ ਦੀਆਂ ਔਰਤਾਂ ਧਰਮ, ਜਾਤ ਅਤੇ ਲਿੰਗ ਦੇ ਅਧਾਰ 'ਤੇ ਫੈਲੀ ਨਫ਼ਰਤ ਅਤੇ ਭੇਦਭਾਵ ਨੂੰ ਖਤਮ ਕਰਨ ਦੇ ਸੱਦੇ ਨਾਲ਼ ਸੜਕਾਂ 'ਤੇ ਉਤਰੀਆਂ

ਸੀਏਏ-ਐੱਨਆਰਸੀ ਅੰਦੋਲਨ ਵਿਰੁੱਧ ਦੇਸ਼ ਵਿਆਪੀ ਅੰਦੋਲਨ ਦੌਰਾਨ, ਕੋਲਕਾਤਾ ਦੇ ਪਾਰਕ ਸਰਕਸ ਮੈਦਾਨ ਵਿੱਚ ਮੁਸਲਿਮ ਔਰਤਾਂ ਦੁਆਰਾ ਧਰਨਾ ਪ੍ਰਦਰਸ਼ਨ ਕੀਤਾ ਗਿਆ
*****
ਬੀਰਭੂਮ ਦੇ ਖੇਤੀ ਵਾਲੇ ਪਿੰਡਾਂ ਵਿੱਚ, ਅਸੀਂ ਕੰਮ ਵਿੱਚ ਰੁੱਝੀਆਂ ਬੇਜ਼ਮੀਨੀਆਂ ਆਦਿਵਾਸੀ ਔਰਤਾਂ ਨਾਲ਼ ਮਿਲਦੇ ਹਾਂ। ਕੁਝ ਔਰਤਾਂ ਜਿਨ੍ਹਾਂ ਦੇ ਪਰਿਵਾਰਾਂ ਕੋਲ਼ ਜ਼ਮੀਨ ਸੀ, ਨੇ ਵੀ ਗੱਲ ਕੀਤੀ।
ਸ਼ੁਦਰਾਣੀ
ਓ ਬਾਬੂ,
ਦੇਖੋ ਤਾਂ ਲੀਰੋ-ਲੀਰ ਹੋਇਆ ਪੱਟਾ-
ਲੰਗਾਰਾ
ਖਾ ਗਿਆ ਕੋਈ ਲਾਲ ਦੁਪੱਟਾ।
ਬੁਰਕੀ
ਦਿਓ ਮੈਨੂੰ, ਤੇ ਦੱਸੋ ਜੀਵਨ ਕੀ ਐ,
ਸਿਰਫ਼
ਕਿਸਾਨ ਦੀ ਵਹੁਟੀ ਨਹੀਂ, ਕਿਸਾਨ ਆਂ ਮੈਂ,
ਮੇਰੀ
ਜ਼ਮੀਨ ਹੱਥੋਂ ਖੁੱਸੀ ਓ ਬਾਬੂ,
ਸੋਕੇ
ਦੀ ਮਾਰ ਹੇਠ ਗਈ ਓ ਬਾਬੂ...
ਹਾਂ
ਮੈਂ ਕਿਸਾਨ, ਅਜੇ ਵੀ, ਹੈ ਸਰਕਾਰ ਨੂੰ ਕੋਈ ਸ਼ੱਕ ਬਾਬੂ?


'ਮੇਰੇ ਕੋਲ਼ ਕੋਈ ਜ਼ਮੀਨ ਨਹੀਂ ਹੈ,' ਪੱਛਮੀ ਬੰਗਾਲ ਦੇ ਬੀਰਭੂਮ ਵਿੱਚ ਝੋਨੇ ਦੀ ਕਟਾਈ ਕਰਨ ਵਾਲ਼ੇ ਇੱਕ ਸੰਥਾਲੀ ਖੇਤ ਮਜ਼ਦੂਰ ਕਹਿੰਦੇ ਹਨ। ਅਸੀਂ ਖੇਤਾਂ ਵਿੱਚ ਕੰਮ ਕਰਦੇ ਹਾਂ, ਪਰ ਮੁੱਠੀ ਭਰ ਦਾਣਿਆਂ ਲਈ ਵਿਲ਼ਕਦੇ ਹਾਂ
*****
ਇੱਥੋਂ ਦੇ ਲੋਕ ਸੱਤਾਧਾਰੀਆਂ ਤੋਂ ਜਵਾਬ ਮੰਗਣ ਲਈ ਚੋਣਾਂ ਦੀ ਉਡੀਕ ਨਹੀਂ ਕਰਦੇ। ਮੁਰਸ਼ਿਦਾਬਾਦ, ਹੁਗਲੀ, ਨਾਦੀਆ ਦੀਆਂ ਔਰਤਾਂ ਅਤੇ ਕਿਸਾਨ ਵਾਰ-ਵਾਰ ਦੇਸ਼ ਵਿਆਪੀ ਅੰਦੋਲਨਾਂ ਦਾ ਸਮਰਥਨ ਕਰਨ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।
ਹਥੌੜੇ
ਓ
ਪਿਆਰੇ ਅੱਥਰੂ ਗੈਸ ਦੇ ਗੋਲ਼ਿਓ
ਕਿੰਨੀ
ਤਾਕਤ ਨਾਲ਼ ਜੋ ਬਾਹਰ ਆਉਂਦੇ ਓ -
ਕਾਰਖਾਨੇ
ਤਾਂ ਬੰਦ ਹੋ ਗਏ, ਭੂ-ਮਾਫ਼ੀਏ ਸਭ ਤਰ ਗਏ।
ਬੈਰੀਕੇਡ
ਸਭ ਤਬਾਹ ਹੋ ਗਏ।
ਕਿੱਥੇ
ਗਈ ਘੱਟੋ-ਘੱਟ ਉਜਰਤ -
ਭਗਵਾਧਾਰੀ
ਅੱਗੇ ਨਰੇਗਾ ਵੀ ਗੋਡੇ ਟੇਕ ਗਈ।


ਖੱਬੇ: 18 ਜਨਵਰੀ, 2021 ਨੂੰ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏਆਈਕੇਐੱਸਸੀਸੀ) ਦੁਆਰਾ ਆਯੋਜਿਤ ਮਹਿਲਾ ਕਿਸਾਨ ਦਿਵਸ ਰੈਲੀ। ਸੱਜੇ: 19 ਸਤੰਬਰ, 2023 ਨੂੰ ਆਲ ਇੰਡੀਆ ਕਿਸਾਨ ਸਭਾ (ਏਆਈਕੇਐੱਸ) ਦੁਆਰਾ ਆਯੋਜਿਤ ਇੱਕ ਰੈਲੀ ਵਿੱਚ, ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ, 'ਉਹ ਸਾਡੇ ਕੋਲ਼ ਤਾਂ ਨਹੀਂ ਆਉਂਦੇ। ਸੋ, ਅਸੀਂ ਖੁਦ ਇੱਥੇ ਉਨ੍ਹਾਂ ਨੂੰ ਦੱਸਣ ਆਏ ਹਾਂ ਕਿ ਅਸੀਂ ਕੀ ਚਾਹੁੰਦੇ ਹਾਂ!'
ਪੰਜਾਬੀ ਤਰਜਮਾ: ਕਮਲਜੀਤ ਕੌਰ