ਤਮਿਲਨਾਡੂ ਦੇ ਪਿੰਡ ਵਡਨਮੇਲੀ ਵਿਖੇ ਤਿਰਕਾਲਾਂ ਘਿਰ ਆਈਆਂ ਹਨ। ਸ੍ਰੀ ਪੋਨੀਅੰਮਨ ਤੇਰੂਕੂਤੁ ਮੰਡ੍ਰਮ ਦੇ ਮੈਂਬਰ ਕਲਾਕਾਰ ਕਾਰੀਅਕੋਤੂ ਪੇਸ਼ਕਾਰੀ ਲਈ ਤਿਆਰੀਆਂ ਕੱਸ ਰਹੇ ਹਨ। ਹਮੇਸ਼ਾਂ ਦੇ ਵਾਂਗਰ, ਇਹ ਵਾਲ਼ਾ ਨਾਟਕ ਵੀ ਤਿਰਕਾਲਾਂ ਤੋਂ ਪਹੁ-ਫੁਟਾਲ਼ੇ ਤੱਕ ਚੱਲਣਾ ਹੈ ਜਿਸ ਵਿੱਚ ਕਈ ਕਿਰਦਾਰ ਤੇ ਵੰਨ-ਸੁਵੰਨੇ ਕੱਪੜੇ ਬਦਲਣ ਦਾ ਪੂਰਾ ਇੱਕ ਦੌਰ ਚੱਲੇਗਾ।
ਮੰਚ ਦੇ ਮਗਰਲੇ ਪਾਸੇ 33 ਸਾਲਾ ਸ਼ਰਮੀ ਨੇ ਮੇਕਅੱਪ ਕਰਨਾ ਸ਼ੁਰੂ ਕਰ ਦਿੱਤਾ ਹੈ। ਲਾਲ ਸੁਰਖ ਪਾਊਡਰ ਨੂੰ ਤੇਲ਼ ਨਾਲ਼ ਰਲਾ ਕੇ ਸੁਰਖੀ ਬਣਾਉਂਦਿਆਂ ਉਹ ਦੱਸਦੀ ਹਨ ਕਿ ਅਰੀਤਾਰਾਮ (ਮੇਕਅੱਪ) ਦੇ ਆਪਣੇ ਕੁਝ ਬੁਨਿਆਦੀ ਨਿਯਮ ਹੁੰਦੇ ਹਨ: ''ਅਰੀਤਾਰਾਮ ਪੁਰਸ਼ ਤੇ ਮਹਿਲਾ ਲਈ ਅੱਡੋ-ਅੱਡ ਹੁੰਦਾ ਹੈ ਤੇ ਨਾਲ਼ੇ ਰੋਲ ਦੀ ਲੰਬਾਈ ਦੇ ਤੇ ਕਿਰਦਾਰ ਦੇ ਖਾਸੇ ਮੁਤਾਬਕ ਵੱਖ-ਵੱਖ ਤਰ੍ਹਾਂ ਕੀਤਾ ਜਾਂਦਾ ਹੈ।''
ਸ੍ਰੀ ਪੋਨੀਅੰਮਨ ਤੇਰੂਕੂਤੁ ਮੰਡ੍ਰਮ ਡਰਾਮਾ ਕੰਪਨੀ ਵਿੱਚ ਕੁੱਲ 17 ਕਲਾਕਾਰ ਹਨ ਤੇ ਸ਼ਰਮੀ ਇਸ ਵਿੱਚ ਸ਼ਾਮਲ ਚਾਰ ਦੁਵਲੰਗੀ ਕਲਾਕਾਰਾਂ ਵਿੱਚੋਂ ਇੱਕ ਹਨ। ਇਹ ਕੰਪਨੀ ਤਮਿਲਨਾਡੂ ਦੀਆਂ ਸਭ ਤੋਂ ਪੁਰਾਣੀਆਂ ਕਲਾਵਾਂ ਵਿੱਚੋਂ ਇੱਕ ਕਲਾ ਦਾ ਮੰਚਨ ਕਰਦੀ ਹੈ। ਸ਼ਰਮੀ ਕਹਿੰਦੀ ਹਨ,''ਮੇਰੀ ਪਿਛਲੀ ਪੀੜ੍ਹੀ ਦੇ ਲੋਕੀਂ ਵੀ ਤੇਰੂਕੂਤੁ ਪੇਸ਼ ਕਰਦੇ ਰਹੇ ਹਨ। ਮੈਂ ਠੀਕ-ਠੀਕ ਨਹੀਂ ਦੱਸ ਸਕਦੀ ਇਹ ਕਲਾ ਕਿੰਨੀ ਕੁ ਪੁਰਾਣੀ ਹੈ।''
ਤੇਰੂਕੂਤੁ, ਜੋ ਇੱਕ ਤਰ੍ਹਾਂ ਦਾ ਨੁੱਕੜ ਨਾਟਕ ਹੈ, ਮਹਾਂਭਾਰਤ ਤੇ ਰਮਾਇਣ ਜਿਹੇ ਮਹਾਂਕਾਵਾਂ 'ਤੇ ਅਧਾਰਤ ਹੁੰਦਾ ਹੈ। ਇਹਦੀ ਪੇਸ਼ਕਾਰੀ ਪੂਰੀ ਰਾਤ ਚੱਲਦੀ ਹੈ। ਤੇਰੂਕੂਤੁ ਮੌਸਮ ਪੰਗੁਨੀ (ਅਪ੍ਰੈਲ) ਅਤੇ ਪੂਰਤੱਸੀ (ਸਤੰਬਰ) ਵਿਚਾਲੇ ਪੈਂਦਾ ਹੈ। ਇਸ ਸਮੇਂ ਦੌਰਾਨ ਸ਼ਰਮੀ ਤੇ ਉਨ੍ਹਾਂ ਦੀ ਟੋਲੀ ਇੱਕ ਮਹੀਨੇ ਦੌਰਾਨ 15-20 ਪੇਸ਼ਕਾਰੀਆਂ ਕਰਦੇ ਹਨ। 700-800 ਵਿੱਚ ਇੱਕ ਪੇਸ਼ਕਾਰੀ ਕਰਨ ਵਾਲ਼ਾ ਹਰੇਕ ਕਲਾਕਾਰ ਮਹੀਨੇ ਦਾ 10,000-15,000 ਰੁਪਏ ਕਮਾਉਂਦਾ ਹੈ।
ਹਾਲਾਂਕਿ ਤੇਰੂਕੂਤੁ ਸੀਜ਼ਨ ਖਤਮ ਹੋਣ ਤੋਂ ਬਾਅਦ ਕਲਾਕਾਰਾਂ ਨੂੰ ਕਮਾਈ ਵਾਸਤੇ ਹੋਰ-ਹੋਰ ਵਸੀਲਿਆਂ 'ਤੇ ਨਿਰਭਰ ਰਹਿਣਾ ਪੈਂਦਾ ਹੈ ਜਿਸ ਵਿੱਚ ਕਾਰੀਆਕੁਤੂ ਵੀ ਸ਼ਾਮਲ ਹੈ, ਜੋ ਜ਼ਨਾਜਿਆਂ ਵੇਲ਼ੇ ਰਸਮ ਵਜੋਂ ਪੇਸ਼ ਕੀਤਾ ਜਾਂਦਾ ਹੈ। ਸ਼ਰਮੀ ਕਹਿੰਦੀ ਹਨ,''ਜਦੋਂ ਕਿਸੇ ਮੌਤ ਹੁੰਦੀ ਹੈ ਤਾਂ ਸਮਝੋ ਸਾਨੂੰ ਹਫ਼ਤੇ ਦੀਆਂ ਇੱਕ ਜਾਂ ਦੋ ਪੇਸ਼ਕਾਰੀਆਂ ਕਰਨ ਦਾ ਮੌਕਾ ਮਿਲ਼ ਜਾਂਦਾ ਹੈ।'' ਇਸ ਵੇਲ਼ੇ ਸ਼ਰਮੀ ਤੀਰੂਵੱਲੂਰ ਜ਼ਿਲ੍ਹੇ ਦੇ ਪੱਟਰਈਪੇਰੂੰਬੁਦੁਰ ਵਿਖੇ ਆਪਣੇ ਨਾਟਕ ਕੰਪਨੀ ਦੇ ਆਫਿਸ ਤੋਂ ਕਰੀਬ 60 ਕਿਲੋਮੀਟਰ ਦੂਰ ਸਥਿਤ ਵਡਨਮੇਲੀ ਵਿੱਚ ਕਾਰੀਆਕੁਤੂ ਦੇ ਮੰਚਨ ਦੀ ਤਿਆਰੀ ਕਰ ਰਹੀ ਹਨ।


ਸ਼ਰਮੀ ਵਡਨਮੇਲੀ ਪਿੰਡ ਵਿੱਚ ਹੋਣ ਵਾ ਲ਼ੇ ਤੇਰੂਕੂਤੁ ਸ਼ੋਅ ਦੀ ਤਿਆਰੀ ਕਰ ਰਹੀ ਹਨ । ਉਨ੍ਹਾਂ ਨੂੰ ਮਹਾਂਭਾਰਤ ਅਤੇ ਰਾਮਾਇਣ ਵਰਗੇ ਮਹਾਂਕਾਵਿਆਂ ਦੀਆਂ ਕਹਾਣੀਆਂ ਅਧਾਰਤ ਸਟ੍ਰੀਟ ਨਾਟਕ ਦਾ ਇੱਕ ਰੂਪ ਤੇਰੂਕੂਤੁ ਪੇਸ਼ ਕਰਨਾ ਸ਼ੁਰੂ ਕੀਤਿਆਂ ਚਾਰ ਸਾਲ ਹੋ ਗਏ ਹਨ


ਬੁੱਲ੍ਹਾਂ ' ਤੇ ਰੰਗ ਲਗਾਉਣ ਲਈ ਲਾਲ ਪਾਊਡਰ ਨੂੰ ਤੇਲ ਨਾਲ਼ ਮਿਲਾਉਂਦੇ ਹੋਏ , ਉਹ ਅਰੀਤਾਰਾਮ (ਮੇਕਅਪ) ਦੇ ਕੁਝ ਬੁਨਿਆਦੀ ਨਿਯਮਾਂ ਬਾਰੇ ਦੱਸਦੀ ਹਨ: ' ਮਰਦਾਂ ਅਤੇ ਔਰਤਾਂ ਦਾ ਅਰੀਤਾਰਾਮ ਵੱਖਰਾ ਹੁੰਦਾ ਹੈ। ਇਹ ਕਿਰਦਾਰ ਦੀ ਮਿਆਦ ਅਤੇ ਕਿਰਦਾਰ ਦੀ ਕਾਰਗੁਜ਼ਾਰੀ ਦੇ ਅਨੁਸਾਰ ਬਦਲਦਾ ਹੈ
ਕੁਤੂ ਲਈ 'ਸਟੇਜ' ਪੂਰੀ ਤਰ੍ਹਾਂ ਤਿਆਰ ਹੈ। ਮ੍ਰਿਤਕ ਦੇ ਘਰ ਦੇ ਬਾਹਰ ਕੱਪੜੇ ਦਾ ਟੈਂਟ ਲਗਾਇਆ ਗਿਆ ਹੈ। ਸੜਕ ਵਿੱਚ ਕਾਲ਼ਾ ਕਾਰਪੇਟ ਵਿਛਾਇਆ ਗਿਆ ਹੈ। ਘਰ ਦੇ ਸਾਹਮਣੇ ਮ੍ਰਿਤਕ ਦੀ ਫੋਟੋ ਲਗਾਈ ਗਈ ਹੈ ਅਤੇ ਇਸ ਦੇ ਆਲ਼ੇ-ਦੁਆਲ਼ੇ ਛੋਟੀਆਂ ਚਮਕਦਾਰ ਲਾਈਟਾਂ ਲਗਾਈਆਂ ਗਈਆਂ ਹਨ। ਸੜਕ 'ਤੇ ਲਾਏ ਬੈਂਚ, ਰੱਖੇ ਭਾਂਡੇ ਅਤੇ ਮੇਜ਼ ਦੁਪਹਿਰ ਦੇ ਖਾਣੇ ਦਾ ਸੱਦਾ ਹਨ।
ਸ਼ਰਮੀ ਅੱਗੇ ਦੱਸਦੀ ਹਨ,''ਜਦੋਂ ਪੂਰਾ ਪਿੰਡ ਸ਼ਾਂਤ ਹੋ ਜਾਂਦਾ ਹੈ ਤਾਂ ਅਸੀਂ ਆਪਣੇ ਸਾਜ ਤਿਆਰ ਕਰਨ ਲੱਗਦੇ ਹਾਂ। ਅਸੀਂ ਪੱਕਾ ਕਰਦੇ ਹਾਂ ਕਿ ਸਾਰੇ ਸਾਜਾਂ ਦੀਆਂ ਤਾਰਾਂ ਤੇ ਉਨ੍ਹਾਂ ਦਾ ਕਸਾਅ ਠੀਕ ਹੋਵੇ ਤਾਂਕਿ ਉਸ ਵਿੱਚੋਂ ਮਿੱਠੀ ਧੁਨੀ ਨਿਕਲ਼ੇ। ਇਹਦੇ ਨਾਲ਼ ਹੀ ਅਸੀਂ ਮੇਕਅੱਪ ਕਰਨਾ ਵੀ ਸ਼ੁਰੂ ਕਰ ਦਿੰਦੇ ਹਾਂ।'' ਕੂਤੁ ਰਾਤੀਂ 10 ਵਜੇ ਸ਼ੁਰੂ ਹੋ ਜਾਂਦਾ ਹੈ। ਮੁਡੀ (ਮੁਕੁਟ, ਮੰਚਨ ਲਈ ਇਸਤੇਮਾਲ ਕੀਤਾ ਜਾਣ ਵਾਲ਼ਾ ਇੱਕ ਤਰ੍ਹਾਂ ਦਾ ਗਹਿਣਾ) ਲਈ ਪੂਸਈ (ਆਹੂਤੀ) ਨਾਲ਼ ਸ਼ੁਰੂ ਹੁੰਦੀ ਹੈ। ਉਹ ਦੱਸਦੀ ਹਨ,''ਪੂਸਈ ਇੱਕ ਤਰ੍ਹਾਂ ਨਾਲ਼ ਨਾਟਕ ਪ੍ਰਤੀ ਸਨਮਾਨ ਪ੍ਰਗਟ ਕਰਨ ਲਈ ਕੀਤੀ ਜਾਂਦੀ ਹੈ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਨਾਟਕ ਸਫ਼ਲ ਹੋਵੇ ਤੇ ਕਲਾਕਾਰ ਸੁਰੱਖਿਅਤ ਆਪੋ-ਆਪਣੇ ਘਰਾਂ ਨੂੰ ਪਰਤ ਸਕਣ।''
ਅੱਜ ਸ਼ਾਮੀਂ, ਮਿੰਨਲੋਲੀ ਸ਼ਿਵਾ ਪੂਜਾ ਨਾਟਕ ਖੇਡਿਆ ਜਾਣਾ ਹੈ ਜਿਹਦੀ ਕਹਾਣੀ ਮਹਾਂਭਾਰਤ ਦੇ ਪਾਂਡਵ ਰਾਜਕੁਮਾਰ ਅਰਜੁਨ ਤੇ ਉਹਦੀਆਂ ਅੱਠ ਪਤਨੀਆਂ 'ਤੇ ਅਧਾਰਤ ਹੈ। "ਮੈਂ ਸਾਰੀਆਂ ਅੱਠ ਦੀਆਂ ਅੱਠ ਭੂਮਿਕਾਵਾਂ ਨਿਭਾ ਸਕਦੀ ਹਾਂ [ਪਰ] ਅੱਜ ਮੈਂ ਬੋਗਾਵਤੀ ਦਾ ਕਿਰਦਾਰ ਨਿਭਾ ਰਹੀ ਹਾਂ," ਸ਼ਰਮੀ ਮਹਾਂਕਾਵਿ ਦੇ ਕਿਰਦਾਰਾਂ ਅਤੇ ਉਨ੍ਹਾਂ ਦੀਆਂ ਪੇਚੀਦਗੀਆਂ ਬਾਰੇ ਦੱਸਦੇ ਹੋਏ ਕਹਿੰਦੀ ਹਨ।
ਇੰਨਾ ਕਹਿ ਸ਼ਰਮੀ ਕਹਾਣੀ ਸੁਣਾਉਣਾ ਸ਼ੁਰੂ ਕਰਦੀ ਹਨ ਕਿ ਮਿੰਨਲੋਲੀ (ਸ਼ਾਬਦਿਕ ਅਰਥ ਮਤਲਬ ਬਿਜਲੀ) ਅਰਜੁਨ ਦੀਆਂ ਅੱਠ ਪਤਨੀਆਂ ਵਿੱਚੋਂ ਇੱਕ ਸੀ। ਮਿੰਨਲੋਲੀ ਰਾਜਾ ਮੇਗਾਰਾਸਨ (ਬੱਦਲਾਂ ਦਾ ਰਾਜਾ) ਅਤੇ ਰਾਣੀ ਕੋਡਿਕਕਲਾਦੇਵੀ ਦੀ ਧੀ ਸੀ। ਪੰਜ ਸਾਲ ਦੀ ਉਮਰੇ ਉਹ ਅਰਜੁਨ ਨਾਲ਼ ਵਿਆਹੀ ਜਾਂਦੀ ਹੈ। ਜੁਆਨ ਹੋਣ ਤੋਂ ਬਾਅਦ, ਉਹ ਆਪਣੇ ਮਾਪਿਆਂ ਨੂੰ ਆਪਣੇ ਪਤੀ ਬਾਰੇ ਪੁੱਛਦੀ ਹੈ। ਫਿਰ ਮਿਲ਼ਾਪ ਤੋਂ ਪਹਿਲਾਂ ਉਹਨੂੰ 48 ਦਿਨਾਂ ਲਈ ਸ਼ਿਵਪੂਸਾਈ (ਸ਼ਿਵ ਪੂਜਾ) ਕਰਨ ਲਈ ਕਿਹਾ ਜਾਂਦਾ ਹੈ। ਮਿੰਨਲੋਲੀ ਬੜੀ ਸ਼ਰਧਾ ਨਾਲ਼ 47 ਦਿਨ ਪੂਜਾ ਕਰਦੀ ਹੈ। 48ਵੇਂ ਦਿਨ, ਪੂਸਾਈ ਦੇ ਸਮਾਪਣ ਤੋਂ ਪਹਿਲਾਂ ਹੀ ਅਰਜੁਨ ਉਸ ਨੂੰ ਮਿਲ਼ਣ ਆ ਜਾਂਦਾ ਹੈ। ਪਰ ਉਹ ਉਸ ਨੂੰ ਮਿਲ਼ਣ ਤੋਂ ਇਨਕਾਰ ਕਰ ਦਿੰਦੀ ਹੈ ਅਤੇ ਉਸਨੂੰ ਪੂਜਾ ਖ਼ਤਮ ਹੋਣ ਤੱਕ ਉਡੀਕ ਕਰਨ ਲਈ ਕਹਿੰਦੀ ਹੈ। ਅਰਜੁਨ ਕੋਈ ਗੱਲ ਸੁਣਨ ਨੂੰ ਰਾਜੀ ਨਹੀਂ ਹੁੰਦਾ। ਇਸ ਤਰ੍ਹਾਂ, ਪੂਰਾ ਐਪੀਸੋਡ ਇਸੇ ਘਟਨਾ ਦੁਆਲ਼ੇ ਘੁੰਮਦਾ ਹੈ। ਕਈ ਮੋੜਾਂ-ਘੋੜਾਂ 'ਚੋਂ ਨਿਕਲ਼ਣ ਤੋਂ ਬਾਅਦ, ਅਖੀਰ ਭਗਵਾਨ ਕ੍ਰਿਸ਼ਨ ਦੇ ਆਉਣ ਨਾਲ਼ ਮਿੰਨਲੋਲੀ ਤੇ ਅਰਜੁਨ ਮਿਲ਼ ਪੈਂਦੇ ਹਨ।


ਖੱਬੇ: ਸ਼ੋਅ ਵਿੱਚ ਪਹਿਨੇ ਜਾਣ ਵਾਲ਼ੇ ਗਹਿਣਿਆਂ ਵਿੱਚੋਂ ਇੱਕ , ਮੁਡੀ (ਮੁਕੁਟ) ਦੀ ਪੂਜਾ ਕਰਨ ਤੋਂ ਬਾਅਦ ਰਾਤੀਂ 10 ਵਜੇ ਨਾਟਕ ਸ਼ੁਰੂ ਹੁੰਦਾ ਹੈ। ਸੱਜਾ: ਤੇਰੂਕੂਤੁ ਲਈ ਸਟੇਜ ਤਿਆਰ ਹੈ
ਸ਼ਰਮੀ ਆਪਣੇ ਬੁੱਲ੍ਹਾਂ 'ਤੇ ਮਈ (ਕਾਲੀ ਸਿਆਹੀ) ਲਗਾਉਂਦੀ ਹੈ। ਉਹ ਕਹਿੰਦੀ ਹੈ, "ਮੈਨੂੰ ਆਪਣੇ ਬੁੱਲ੍ਹਾਂ 'ਤੇ ਮਈ ਲਗਾਉਂਦੇ ਦੇਖ ਕੇ, ਵਧੇਰੇ ਲੋਕਾਂ ਨੇ ਮਈ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕ ਮੇਰੇ ਪਹਿਰਾਵੇ ਨੂੰ ਦੇਖਦੇ ਹਨ ਅਤੇ ਮੈਨੂੰ ਪੁੱਛਦੇ ਹਨ ਕਿ ਕੀ ਮੈਂ ਇੱਕ ਔਰਤ ਹਾਂ। ਮੈਂ ਚਾਹੁੰਦੀ ਹਾਂ ਕਿ ਜਦੋਂ ਮੈਂ ਤਿਆਰ ਹੋ ਕੇ ਬਾਹਰ ਜਾਵਾਂ, ਤਾਂ ਪੁਰਸ਼ਾਂ ਦੀਆਂ ਨਜ਼ਰਾਂ ਮੇਰੇ ਤੋਂ ਹਟਣ ਹੀ ਨਾ।''
ਸ਼ਰਮੀ ਨੂੰ ਮੇਕਅੱਪ ਕਰਨ ਦਾ ''ਅਜਿਹਾ ਸ਼ੌਕ'' ਹੈ ਕਿ ਉਨ੍ਹਾਂ ਕੁਝ ਸਾਲ ਪਹਿਲਾਂ ਛੇ ਮਹੀਨੇ ਦਾ ਬਿਊਟੀਸ਼ੀਅਨ ਕੋਰਸ ਤੱਕ ਕਰ ਲਿਆ। "ਪਰ ਪਹਿਲਾਂ [ਲਿੰਗ ਤਬਦੀਲੀ ਤੋਂ], ਮੈਨੂੰ ਔਰਤਾਂ ਵਾਂਗ ਤਿਆਰ ਹੋਣ ਦੀ ਇਜਾਜ਼ਤ ਹੀ ਕਿੱਥੇ ਸੀ।''
ਸ਼ਰਮੀ ਨੂੰ ਅਰਿਤਾਰਾਮ ਕਰਨ ਵਿੱਚ ਲਗਭਗ ਡੇਢ ਘੰਟਾ ਲੱਗਦਾ ਹੈ। ਉਹ ਸਾੜੀ ਪਹਿਨ ਕੇ ਬੋਗਾਵਤੀ 'ਲੁੱਕ' ਨੂੰ ਪੂਰਾ ਕਰਦੀ ਹਨ। "ਕਿਸੇ ਨੇ ਵੀ ਮੈਨੂੰ ਸਾੜੀ ਪਹਿਨਣਾ ਨਹੀਂ ਸਿਖਾਇਆ। ਮੈਂ ਇਹ ਖੁਦ ਸਿੱਖਿਆ ਹੈ। ਮੈਂ ਖ਼ੁਦ ਹੀ ਨੱਕ ਅਤੇ ਕੰਨ ਵਿੰਨ੍ਹੇ। ਬਾਕੀ ਚੀਜਾਂ ਵੀ ਮੈਂ ਖੁਦ ਸਿੱਖੀਆਂ।''
23 ਸਾਲ ਦੀ ਉਮਰੇ ਹੋਈ ਜੈਂਡਰ (ਲਿੰਗ) ਪੁਸ਼ਟੀਕਰਨ ਸਰਜਰੀ ਬਾਰੇ ਗੱਲ ਕਰਦਿਆਂ, ਉਹ ਕਹਿੰਦੀ ਹਨ, "ਸਿਰਫ਼ ਮੇਰੀ ਸਰਜਰੀ ਹੀ ਡਾਕਟਰ ਦੁਆਰਾ ਕੀਤੀ ਗਈ ਸੀ। ਜੇ ਮੈਨੂੰ ਪਤਾ ਹੁੰਦਾ ਕਿ ਇਹ ਕਿਵੇਂ ਕਰਨਾ ਹੈ, ਤਾਂ ਮੈਂ ਆਪਣੀ ਸਰਜਰੀ ਵੀ ਆਪੇ ਹੀ ਕਰ ਲੈਂਦੀ। ਪਰ ਮੈਨੂੰ ਸਰਜਰੀ ਲਈ ਹਸਪਤਾਲ ਵਿੱਚ 50,000 ਰੁਪਏ ਖਰਚ ਕਰਨੇ ਪਏ।''
ਉਹ ਕਹਿੰਦੀ ਹਨ,''ਕਿਸੇ ਟ੍ਰਾਂਸ ਔਰਤ ਦਾ ਸਾੜੀ ਪਹਿਨਣਾ ਆਮ ਗੱਲ ਨਹੀਂ ਹੋ ਸਕੀ। ਹੋਰ ਔਰਤਾਂ ਦੇ ਉਲਟ, ਅਸੀਂ ਸਾੜੀ ਪਹਿਨ ਕੇ ਸੜਕ 'ਤੇ ਆਰਾਮ ਨਾਲ਼ ਨਹੀਂ ਚੱਲ ਸਕਦੇ," ਸ਼ਰਮਾ ਕਹਿੰਦੀ ਹਨ, ਜਿਨ੍ਹਾਂ ਨੂੰ ਆਪਣੇ ਪੇਸ਼ੇ ਕਾਰਨ ਸਮਾਜਿਕ ਧੱਕੇਸ਼ਾਹੀ ਅਤੇ ਪਰੇਸ਼ਾਨੀ ਤੋਂ ਕੁਝ ਸੁਰੱਖਿਆ ਜ਼ਰੂਰ ਮਿਲੀ ਹੈ, ਜਿਸ ਦਾ ਸਾਹਮਣਾ ਹੋਰ ਟ੍ਰਾਂਸ ਔਰਤਾਂ ਅਕਸਰ ਕਰਦੀਆਂ ਹਨ। ''ਲੋਕ ਮੇਰੀ ਇੱਜ਼ਤ ਸਿਰਫ਼ ਇਸਲਈ ਕਰਦੇ ਨੇ ਕਿਉਂਕਿ ਮੈਂ ਥੀਏਟਰ ਕਲਾਕਾਰ ਹਾਂ।''


ਸ਼ਰਮੀ ਨੂੰ ਮੇਕਅਪ ਕਰਨ ਵਿੱਚ ਲਗਭਗ ਡੇਢ ਘੰਟਾ (ਬਚਿਆ ਹੋਇਆ) ਲੱਗਦਾ ਹੈ। ' ਮੇਰੇ ਬੁੱਲ੍ਹਾਂ ' ਤੇ ਮਈ [ਕਾਲ਼ੀ ਸਿਆਹੀ] ਲੱਗੀ ਦੇਖ ਕਈ ਲੋਕਾਂ ਨੇ ਮਈ ਲਾਉਣੀ ਸ਼ੁਰੂ ਕਰ ਦਿੱਤੀ ਹੈ। ' ਇੰਨਾ ਕਹਿ ਉਹ ਹੋਰ ਕਲਾਕਾਰਾਂ ਦੇ ਮੇਕਅਪ ਵਿੱਚ ਮਦਦ ਕਰਨ ਲੱਗਦੀ ਹਨ


ਮੰਚਨ ਦੀ ਤਿਆਰੀ ਲਈ ਮੇਕਅਪ ਲਾਉਂਦੇ ਪੁਰਸ਼ ਕਲਾਕਾਰ
*****
ਸ਼ਰਮੀ ਆਪਣੇ ਟੋਪਾ (ਵਿੱਗ) ਨੂੰ ਕੰਘੀ ਨਾਲ਼ ਸੁਲਝਾਉਂਦਿਆਂ ਸਾਨੂੰ ਕਹਿੰਦੀ ਹਨ,''ਮੈਂ ਤਮਿਲਨਾਡੂ ਦੇ ਤੀਰਵੱਲੂਰ ਜ਼ਿਲ੍ਹੇ ਦੇ ਈਕੱਵਾਡੂ ਪਿੰਡ ਤੋਂ ਆਈ ਹਾਂ।'' ਉਨ੍ਹਾਂ ਨੂੰ ਚੇਤੇ ਹੈ ਕਿ ਬਚਪਨ ਤੋਂ ਹੀ ਉਨ੍ਹਾਂ ਵਿੱਚ ਗਾਉਣ ਤੇ ਸੰਵਾਦ ਕਰਨ ਦੀ ਕੁਦਰਤੀ ਬਖ਼ਸ਼ ਸੀ। ''ਬਚਪਨ ਤੋਂ ਹੀ ਮੈਨੂੰ ਥੀਏਟਰ ਨਾਲ਼ ਪ੍ਰੇਮ ਹੋ ਗਿਆ। ਮੈਨੂੰ ਇਸ ਵਿੱਚ ਕੀਤਾ ਜਾਣਾ ਵਾਲ਼ਾ ਹਰ ਇੱਕ ਕੰਮ ਪਸੰਦ ਹੈ- ਮੇਕਅੱਪ ਤੋਂ ਲੈ ਕੇ ਵੇਸ਼ਭੂਸਾ ਤੱਕ ਸਾਰਾ ਕੁਝ। ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਮੈਂ ਥੀਏਟਰ ਕਲਾਕਾਰ ਬਣਾਂਗੀ।''
ਉਹ ਦੱਸਦੀ ਹੈ ਕਿ ਕਿਵੇਂ ਉਨ੍ਹਾਂ ਦਾ ਥੀਏਟਰ ਸਫ਼ਰ 'ਰਾਜਾ ਰਾਣੀ ਨਾਚ' ਨਾਲ਼ ਸ਼ੁਰੂ ਹੋਇਆ, ਜੋ ਨਾਚ ਅਤੇ ਤਾਲ ਦਾ ਸੁਮੇਲ ਹੈ ਤੇ ਅਕਸਰ ਸੜਕਾਂ 'ਤੇ ਪਰਫਾਰਮ ਕੀਤਾ ਜਾਂਦਾ ਹੈ। "ਫਿਰ ਲਗਭਗ ਦਸ ਸਾਲਾਂ ਤੱਕ ਮੈਂ ਸਮਕਾਲੀ ਕਹਾਣੀਆਂ 'ਤੇ ਅਧਾਰਤ ਤੇਰੂਕੁਤੂ ਮੰਚਨ ਵਿੱਚ ਅਦਾਕਾਰੀ ਕਰਨੀ ਸ਼ੁਰੂ ਕੀਤੀ। ਮੈਨੂੰ ਤੇਰੂਕੂਤੁ ਪੇਸ਼ ਕਰਦਿਆਂ ਲਗਭਗ ਚਾਰ ਸਾਲ ਹੋ ਗਏ ਹਨ।''
ਮੰਚ ਦੇ ਪਿੱਛੇ, ਅਦਾਕਾਰਾਂ ਨੇ ਆਪਣੇ ਕਿਰਦਾਰ ਦੇ ਅਨੁਸਾਰ ਅਰੀਤਾਰਾਮ ਲਗਾਉਣਾ ਸ਼ੁਰੂ ਕਰ ਦਿੱਤਾ ਹੈ। "ਮੇਰਾ ਪਾਲਣ-ਪੋਸ਼ਣ ਮੇਰੇ ਪਰਿਵਾਰ ਨੇ ਇੱਕ ਲੜਕੀ ਵਜੋਂ ਕੀਤਾ ਸੀ।ਇਹ ਬੜਾ ਸੁਭਾਵਿਕ ਜਿਹਾ ਜਾਪਦਾ ਸੀ।'' ਉਸ ਵੇਲ਼ੇ ਉਹ ਚੌਥੀ ਜਮਾਤ ਵਿੱਚ ਸਨ ਜਦੋਂ ਉਨ੍ਹਾਂ ਨੂੰ ਆਪਣੀ ਟਰਾਂਸਜੈਂਡਰ ਪਛਾਣ ਦਾ ਅਹਿਸਾਸ ਹੋਇਆ। "ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਆਪਣੇ ਆਲ਼ੇ-ਦੁਆਲ਼ੇ ਦੇ ਲੋਕਾਂ ਨੂੰ ਇਹ ਸਭ ਕਿਵੇਂ ਦੱਸਾਂ।''
ਉਨ੍ਹਾਂ ਨੂੰ ਪਤਾ ਸੀ ਕਿ ਸਮਾਜ ਦੇ ਸਾਹਮਣੇ ਆਪਣੀ ਪਛਾਣ ਨੂੰ ਉਜਾਗਰ ਕਰਨਾ ਸੌਖਾ ਨਹੀਂ ਹੋਵੇਗਾ। ਸਕੂਲ ਵਿੱਚ ਆਪਣੇ ਨਾਲ਼ ਪੜ੍ਹ ਰਹੇ ਹੋਰ ਵਿਦਿਆਰਥੀਆਂ ਦੀ ਧੱਕੇਸ਼ਾਹੀ ਤੋਂ ਪਰੇਸ਼ਾਨ ਹੋ ਕੇ, ਉਨ੍ਹਾਂ ਨੇ ਦਸਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। "ਉਸ ਸਮੇਂ ਇੱਕ ਫ਼ਿਲਮ ਤਿਰੂਡਾ ਤਿਰੂਡੀ ਆਈ ਸੀ। ਮੇਰੀ ਕਲਾਸ ਦੇ ਮੁੰਡੇ ਮੇਰੇ ਆਲ਼ੇ-ਦੁਆਲ਼ੇ ਇਕੱਠੇ ਹੋ ਕੇ ਵੰਡਾਰਕੁਡਲੀ ਗੀਤ (ਇੱਕ ਪ੍ਰਸਿੱਧ ਗੀਤ ਜਿਸ ਵਿੱਚ ਟਰਾਂਸਜੈਂਡਰ ਵਿਅਕਤੀਆਂ ਬਾਰੇ ਭੱਦੀਆਂ ਟਿੱਪਣੀਆਂ ਹੁੰਦੀਆਂ ਹਨ) ਗਾ ਕੇ ਮੈਨੂੰ ਤੰਗ ਕਰਦੇ ਸਨ। ਇਸ ਤੋਂ ਬਾਅਦ ਮੈਂ ਸਕੂਲ ਜਾਣਾ ਬੰਦ ਕਰ ਦਿੱਤਾ।
"ਮੈਂ ਆਪਣੇ ਮਾਪਿਆਂ ਨੂੰ ਸਕੂਲ ਛੱਡਣ ਦਾ ਕਾਰਨ ਨਹੀਂ ਦੱਸ ਸਕੀ। ਉਹ ਸਮਝਣ ਦੀ ਸਥਿਤੀ ਵਿੱਚ ਨਹੀਂ ਸਨ। ਇਸਲਈ ਮੈਂ ਖਾਮੋਸ਼ ਹੀ ਰਹੀ।'' ਉਹ ਅੱਗੇ ਕਹਿੰਦੀ ਹਨ,"ਮੈਂ ਕਿਸ਼ੋਰ ਅਵਸਥਾ ਵਿੱਚ ਹੀ ਆਪਣੇ ਘਰੋਂ ਭੱਜ ਗਈ ਸੀ ਅਤੇ 15 ਸਾਲਾਂ ਬਾਅਦ ਵਾਪਸ ਆਈ।"
ਘਰ ਪਰਤਣਾ ਵੀ ਉਨ੍ਹਾਂ ਲਈ ਕੋਈ ਸੌਖਾ ਨਹੀਂ ਸੀ। ਜਦੋਂ ਉਹ ਘਰ ਤੋਂ ਦੂਰ ਸਨ, ਉਸ ਸਮੇਂ ਉਨ੍ਹਾਂ ਦਾ ਘਰ ਬੁਰੀ ਤਰ੍ਹਾਂ ਟੁੱਟ-ਭੱਜ ਗਿਆ ਅਤੇ ਰਹਿਣ ਦੇ ਯੋਗ ਨਾ ਰਿਹਾ। ਜਿਸ ਕਾਰਨ ਉਹ ਕਿਰਾਏ ਦੇ ਮਕਾਨ 'ਚ ਰਹਿਣ ਲਈ ਮਜ਼ਬੂਰ ਹੋ ਗਈ। ਸ਼ਰਮੀ ਕਹਿੰਦੀ ਹਨ,"ਮੈਂ ਇਸੇ ਪਿੰਡ ਵਿੱਚ ਪਲ਼ੀ ਹਾਂ, ਫਿਰ ਵੀ ਕਿਸੇ ਨੇ ਮੈਨੂੰ ਮਕਾਨ ਕਿਰਾਏ 'ਤੇ ਨਹੀਂ ਦਿੱਤਾ ਕਿਉਂਕਿ ਮੈਂ ਇੱਕ ਟਰਾਂਸਜੈਂਡਰ ਹਾਂ। ਉਹ (ਘਰ ਦੇ ਮਾਲਕ) ਸੋਚਦੇ ਹਨ ਕਿ ਅਸੀਂ ਘਰ ਵਿੱਚ ਸੈਕਸ ਵਰਕ ਕਰਾਂਗੇ।" ਆਖ਼ਰਕਾਰ ਉਨ੍ਹਾਂ ਨੂੰ ਪਿੰਡ ਤੋਂ ਬਹੁਤ ਦੂਰ ਕਿਰਾਏ ਦੇ ਮਕਾਨ ਵਿੱਚ ਰਹਿਣਾ ਪਿਆ।


' ਮੈਨੂੰ ਬਚਪਨ ਵਿੱਚ ਥੀਏਟਰ ਨਾਲ਼ ਪਿਆਰ ਹੋ ਗਿਆ ਸੀ। ਮੈਨੂੰ ਹਰ ਚੀਜ਼ ਪਸੰਦ ਹੈ ਜੋ ਇਸ ਵਿੱਚ ਕੀਤੀ ਜਾਂਦੀ ਹੈ - ਮੇਕਅੱਪ , ਪਹਿਰਾਵੇ ਦੀ ਚੋਣ , ਸਭ ਕੁਝ। ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਮੈਂ ਥੀਏਟਰ ਅਦਾਕਾਰ ਬਣਾਂਗੀ '


' ਮੇਰਾ ਪਾਲਣ-ਪੋਸ਼ਣ ਮੇਰੇ ਪਰਿਵਾਰ ਵਿੱਚ ਇੱਕ ਕੁੜੀ ਵਾਂਗ ਹੋਇਆ ਸੀ , ' ਉਹ ਯਾਦ ਕਰਦੀ ਹਨ। ' ਇਹ ਬੜਾ ਸੁਭਾਵਿਕ ਜਾਪਦਾ ਸੀ। ' ਉਨ੍ਹਾਂ ਨੇ ਸਕੂਲ ਵਿੱਚ ਆਪਣੇ ਨਾਲ਼ ਪੜ੍ਹ ਰਹੇ ਹੋਰ ਵਿਦਿਆਰਥੀਆਂ ਦੀ ਧੱਕੇਸ਼ਾਹੀ ਤੋਂ ਪਰੇਸ਼ਾਨ ਹੋ ਕੇ ਦਸਵੀਂ ਦੀ ਪੜ੍ਹਾਈ ਛੱਡ ਦਿੱਤੀ। ਸ਼ਰਮੀ ਹੁਣ ਆਪਣੀ 57 ਸਾਲਾ ਮਾਂ (ਸੱਜੇ) ਨਾਲ਼ ਰਹਿੰਦੀ ਹਨ ਅਤੇ ਉਨ੍ਹਾਂ ਕੋਲ਼ 10 ਬੱਕਰੀਆਂ ਵੀ ਹਨ। ਜਿਨ੍ਹਾਂ ਦਿਨਾਂ ਵਿੱਚ ਸ਼ਰਮੀ ਕੋਲ਼ ਤੇਰੂਕੁਤੂ ਦਾ ਕੰਮ ਨਹੀਂ ਹੁੰਦਾ , ਉਸ ਸਮੇਂ ਇਹੀ 10 ਬੱਕਰੀਆਂ ਰੋਜ਼ੀ-ਰੋਟੀ ਦਾ ਸਰੋਤ ਹੁੰਦੀਆਂ ਹਨ
ਸ਼ਰਮੀ, ਜੋ ਆਦਿ ਦ੍ਰਾਵਿੜ ਭਾਈਚਾਰੇ (ਅਨੁਸੂਚਿਤ ਜਾਤੀ ਵਜੋਂ ਸੂਚੀਬੱਧ) ਤੋਂ ਹਨ, ਹੁਣ ਆਪਣੀ 57 ਸਾਲਾ ਮਾਂ ਨਾਲ਼ ਰਹਿੰਦੀ ਹਨ ਅਤੇ ਕੋਲ਼ 10 ਬੱਕਰੀਆਂ ਵੀ ਹਨ। ਜਿਨ੍ਹਾਂ ਦਿਨਾਂ ਵਿੱਚ ਸ਼ਰਮੀ ਕੋਲ਼ ਤੇਰੂਕੁਤੂ ਦਾ ਕੰਮ ਨਹੀਂ ਹੁੰਦਾ, ਇਹ 10 ਬੱਕਰੀਆਂ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਰੋਤ ਹੁੰਦੀਆਂ ਹਨ।
"ਤੇਰੂਕੂਤੁ ਮੇਰਾ ਇਕਲੌਤਾ ਪੇਸ਼ਾ ਹੈ ਅਤੇ ਸਮਾਜ ਵਿੱਚ ਇਸਦਾ ਸਤਿਕਾਰ ਕੀਤਾ ਜਾਂਦਾ ਹੈ। ਮੈਨੂੰ ਖੁਸ਼ੀ ਹੈ ਕਿ ਲੋਕ ਮੇਰਾ ਆਦਰ ਕਰਦੇ ਹਨ। ਅਕਤੂਬਰ ਅਤੇ ਮਾਰਚ ਦੇ ਵਿਚਕਾਰ, ਜਦੋਂ ਤੇਰੂਕੂਤੁ ਦਾ ਮੰਚਨ ਨਹੀਂ ਹੁੰਦਾ ਤਾਂ ਗੁਜਾਰੇ ਵਾਸਤੇ ਮੈਂ ਆਪਣੀਆਂ ਬੱਕਰੀਆਂ ਵੇਚ ਦਿੰਦੀ ਹਾਂ। ਮੈਂ ਪਿਚਈ (ਭੀਖ ਮੰਗਣਾ) ਜਾਂ ਸੈਕਸ ਵਰਕ ਨਹੀਂ ਕਰਨਾ ਚਾਹੁੰਦੀ।''
ਸ਼ਰਮੀ ਨੂੰ ਨਰਸਿੰਗ ਵਿੱਚ ਵੀ ਡੂੰਘੀ ਦਿਲਚਸਪੀ ਹੈ। "ਜਦੋਂ ਮੇਰੀਆਂ ਬੱਕਰੀਆਂ ਬਿਮਾਰ ਪੈਂਦੀਆਂ ਹਨ, ਤਾਂ ਮੈਂ ਖੁਦ ਇਸਦਾ ਇਲਾਜ ਕਰਦੀ ਹਾਂ। ਇੱਥੋਂ ਤੱਕ ਕਿ ਜਦੋਂ ਕਿਸੇ ਬੱਕਰੀ ਦਾ ਬੱਚਾ ਪੈਦਾ ਹੁੰਦਾ ਹੈ ਤਾਂ ਵੀ ਮੈਂ ਮਦਦ ਕਰਦੀ ਹਾਂ। ਪਰ ਮੈਂ ਇੱਕ ਪੇਸ਼ੇਵਰ ਨਰਸ ਨਹੀਂ ਬਣ ਸਕਦੀ।''
*****
ਮੰਚਨ ਦੀ ਸ਼ੁਰੂਆਤ ਵਿੱਚ, ਇੱਕ ਜੋਕਰ ਦਰਸ਼ਕਾਂ ਦਾ ਧਿਆਨ ਖਿੱਚਣ ਲਈ ਗਾਉਂਦਾ ਹੈ ਅਤੇ ਚੁਟਕਲੇ ਸੁਣਾਉਂਦਾ ਹੈ। ਫਿਰ, ਮੁੱਖ ਕਿਰਦਾਰ ਨਿਭਾਉਣ ਵਾਲ਼ੇ ਪੁਰਸ਼ ਅਦਾਕਾਰ ਸਟੇਜ 'ਤੇ ਆਉਂਦੇ ਹਨ। ਮੇਗਰਾਸਨ ਅਤੇ ਕੋਡੀਕਲਾਦੇਵੀ ਸ਼ੁਰੂਆਤੀ ਗੀਤ ਪੇਸ਼ ਕਰਦੇ ਹਨ ਅਤੇ ਨਾਟਕ ਦੀ ਸ਼ੁਰੂਆਤ ਦਾ ਐਲਾਨ ਕਰਦੇ ਹਨ।


ਮਿੰਨਲੋਲੀ ਸ਼ਿਵ ਪੂਜਾ ਨਾਟਕ ਮਹਾਂਭਾਰਤ ਦੀ ਕਹਾਣੀ 'ਤੇ ਅਧਾਰਤ ਹੈ, ਜਿਸ ਵਿਚ ਪਾਂਡਵ ਰਾਜਕੁਮਾਰ ਅਰਜੁਨ ਅਤੇ ਉਸ ਦੀਆਂ ਅੱਠ ਪਤਨੀਆਂ ਸ਼ਾਮਲ ਹਨ। ਸ਼ਰਮੀ ਬੋਗਾਵਤੀ ਦਾ ਕਿਰਦਾਰ ਨਿਭਾ ਰਹੀ ਹਨ


ਨਾਟਕ ਦੌਰਾਨ ਸ਼ਰਮੀ ਅਤੇ ਹੋਰ ਕਲਾਕਾਰ ਲਗਭਗ 10 ਵਾਰ ਆਪਣੇ ਪਹਿਰਾਵੇ ਬਦਲਦੇ ਹਨ, ਜਿਸ ਨੂੰ ਦੇਖ ਕੇ ਦਰਸ਼ਕ ਦੰਗ ਰਹਿ ਜਾਂਦੇ ਹਨ
ਕਹਾਣੀ ਵਿੱਚ ਚੁਟਕਲੇ, ਗੀਤ ਅਤੇ ਸੋਗ ਗੀਤ ਸਭ ਇੱਕ ਤੋਂ ਬਾਅਦ ਇੱਕ ਤੇਜ਼ੀ ਨਾਲ਼ ਆਉਂਦੇ ਰਹਿੰਦੇ ਹਨ। ਜੋਕਰ ਦੀ ਭੂਮਿਕਾ ਵਿੱਚ, ਮੁਨੂਸਾਮੀ ਆਪਣੇ ਸ਼ਬਦਾਂ ਅਤੇ ਕਲਾਕਾਰੀ ਨਾਲ਼ ਲੋਕਾਂ ਦਾ ਦਿਲ ਜਿੱਤ ਲੈਂਦਾ ਹੈ ਅਤੇ ਲੋਕਾਂ ਨੂੰ ਉਦੋਂ ਤੱਕ ਹਸਾਉਂਦਾ ਹੈ ਜਦੋਂ ਤੱਕ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਆ ਜਾਂਦੇ। ਨਾਟਕ ਦੌਰਾਨ ਸ਼ਰਮੀ ਅਤੇ ਹੋਰ ਅਦਾਕਾਰ ਲਗਭਗ 10 ਵਾਰ ਆਪਣੇ ਪਹਿਰਾਵੇ ਬਦਲਦੇ ਹਨ, ਜਿਸ ਨੂੰ ਦੇਖ ਕੇ ਦਰਸ਼ਕ ਦੰਗ ਰਹਿ ਜਾਂਦੇ ਹਨ। ਪੂਰੇ ਨਾਟਕ ਵਿੱਚ ਥੋੜ੍ਹੇ-ਥੋੜ੍ਹੇ ਸਮੇਂ ਦੇ ਅੰਤਰਾਲਾਂ 'ਤੇ ਵਜਾਇਆ ਜਾਣ ਵਾਲ਼ਾ ਚਾਬੁਕ ਮੰਚਨ ਵਿੱਚ ਥੋੜ੍ਹਾ ਹੋਰ ਡਰਾਮਾ ਘੋਲ਼ ਦਿੰਦਾ ਹੈ ਅਤੇ ਦਰਸ਼ਕਾਂ ਦੀ ਨੀਂਦ ਭਜਾਉਣ ਵਿੱਚ ਵੀ ਕੰਮ ਕਰਦਾ ਹੈ।
ਤੜਕਸਾਰ ਕਰੀਬ 3:30 ਵਜੇ, ਮਿੰਨਲੋਲੀ, ਜਿਸ ਨੂੰ ਗੁੱਸੇ ਵਿੱਚ ਆਏ ਅਰਜੁਨ ਨੇ ਵਿਧਵਾ ਵਾਂਗ ਰਹਿਣ ਲਈ ਸਰਾਪ ਦਿੱਤਾ ਸੀ, ਸਟੇਜ 'ਤੇ ਆਉਂਦੀ ਹੈ। ਇਹ ਭੂਮਿਕਾ ਨਾਟਕਕਾਰ ਰੂਬਨ ਨਿਭਾਉਂਦੇ ਹਨ। ਓੱਪਾਰੀ (ਸੋਗ ਗੀਤ) ਦੀ ਉਨ੍ਹਾਂ ਦੀ ਪੇਸ਼ਕਾਰੀ ਬਹੁਤ ਸਾਰੇ ਦਰਸ਼ਕਾਂ ਨੂੰ ਰੋਣ ਲਈ ਮਜ਼ਬੂਰ ਕਰਦੀ ਹੈ। ਜਦੋਂ ਰੂਬਨ ਗਾ ਰਹੇ ਹੁੰਦੇ ਹਨ ਤਾਂ ਲੋਕ ਉਨ੍ਹਾਂ ਦੀ ਅਦਾਕਾਰੀ ਤੋਂ ਖੁਸ਼ ਹੋ ਕੇ ਉਨ੍ਹਾਂ ਦੇ ਹੱਥ 'ਚ ਪੈਸੇ ਦੇਣ ਲੱਗਦੇ ਹਨ। ਸੀਨ ਖ਼ਤਮ ਹੋਣ ਤੋਂ ਬਾਅਦ, ਜੋਕਰ ਸਟੇਜ 'ਤੇ ਵਾਪਸ ਆਉਂਦਾ ਹੈ ਅਤੇ ਉਦਾਸੀ ਭਰੇ ਮਾਹੌਲ ਨੂੰ ਥੋੜ੍ਹਾ ਹਲਕਾ ਕਰਨ ਦੀ ਕੋਸ਼ਿਸ਼ ਕਰਦਾ ਹੈ।
ਸੂਰਜ ਚੜ੍ਹਨ ਵਾਲ਼ਾ ਹੈ। ਮਿੰਨਲੋਲੀ ਅਤੇ ਅਰਜੁਨ ਦਾ ਮਿਲ਼ਾਪ ਹੋ ਚੁੱਕਿਆ ਹੈ। ਰੂਬਨ ਮ੍ਰਿਤਕ ਦਾ ਨਾਮ ਲੈਂਦੇ ਹਨ ਅਤੇ ਆਸ਼ੀਰਵਾਦ ਮੰਗਦੇ ਹਨ। ਫਿਰ ਉਹ ਦਰਸ਼ਕਾਂ ਦਾ ਧੰਨਵਾਦ ਕਰਦੇ ਹਨ ਅਤੇ ਮੰਚਨ ਦੇ ਖ਼ਤਮ ਹੋਣ ਦਾ ਐਲਾਨ ਕਰਦੇ ਹਨ। ਸਵੇਰ ਦੇ 6 ਵੱਜ ਚੁੱਕੇ ਹਨ ਅਤੇ ਹੁਣ ਵਾਪਸ ਜਾਣ ਦਾ ਸਮਾਂ ਆ ਗਿਆ ਹੈ।
ਅਦਾਕਾਰ ਘਰ ਜਾਣ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਹਾਲਾਂਕਿ, ਉਹ ਇਸ ਸਮੇਂ ਥੱਕੇ ਹੋਏ ਹਨ, ਪਰ ਖੁਸ਼ ਹਨ। ਪ੍ਰਦਰਸ਼ਨ ਸਫ਼ਲ ਰਿਹਾ ਅਤੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ। "ਕਈ ਵਾਰ ਲੋਕ ਸਾਨੂੰ ਸ਼ੋਅ ਬਾਰੇ ਪਰੇਸ਼ਾਨ ਕਰਦੇ ਹਨ। ਇੱਕ ਵਾਰ, ਜਦੋਂ ਮੈਂ ਇੱਕ ਆਦਮੀ ਨੂੰ ਆਪਣਾ ਨੰਬਰ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਉਸਨੇ ਮੈਨੂੰ ਚਾਕੂ ਨਾਲ਼ ਮਾਰਨ ਦੀ ਕੋਸ਼ਿਸ਼ ਕੀਤੀ," ਸ਼ਰਮੀ ਕਹਿੰਦੀ ਹਨ। "ਜਿਓਂ ਹੀ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਟ੍ਰਾਂਸ ਔਰਤਾਂ ਹਾਂ ਤਾਂ ਮਰਦ ਸਾਡੇ ਨਾਲ਼ ਦੁਰਵਿਵਹਾਰ ਕਰਦੇ ਹਨ ਅਤੇ ਸਾਨੂੰ ਸੈਕਸ ਕਰਨ ਲਈ ਵੀ ਕਹਿੰਦੇ ਹਨ। ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਵੀ ਇਨਸਾਨ ਹਾਂ। ਜੇ ਉਨ੍ਹਾਂ ਨੂੰ ਇੱਕ ਪਲ ਲਈ ਵੀ ਇਹ ਅਹਿਸਾਸ ਹੋ ਜਾਵੇ ਕਿ ਅਸੀਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਾਂ ਤਾਂ ਉਹ ਕਦੇ ਵੀ ਸਾਡੇ ਨਾਲ਼ ਅਜਿਹਾ ਸਲੂਕ ਨਹੀਂ ਕਰਨਗੇ।''


ਨਾਟਕ ਵਿੱਚ ਚੁਟਕਲੇ ਅਤੇ ਸੋਗ ਗੀਤ ਵੀ ਹਨ। ਸ਼ਰਮੀ, ਕ੍ਰਿਸ਼ਨ ਦਾ ਕਿਰਦਾਰ ਨਿਭਾਉਣ ਵਾਲ਼ੇ ਗੋਬੀ (ਸੱਜੇ) ਨਾਲ਼ ਪ੍ਰਦਰਸ਼ਨ ਕਰ ਰਹੀ ਹਨ


ਪ੍ਰਦਰਸ਼ਨ ਦੇ ਆਖਰੀ ਪਲਾਂ ਵਿੱਚ ਮਿੰਨਲੋਲੀ ਦਾ ਕਿਰਦਾਰ ਨਿਭਾ ਰਹੇ ਰੂਬਨ (ਖੱਬੇ) ਅਤੇ ਅਰਜੁਨਨ ਦਾ ਕਿਰਦਾਰ ਨਿਭਾ ਰਹੇ ਅੱਪਨ। ਸ਼ਰਮੀ (ਸੱਜੇ) ਨਾਟਕ ਤੋਂ ਬਾਅਦ ਤੇਲ ਲਗਾ ਕੇ ਆਪਣਾ ਮੇਕਅਪ ਹਟਾ ਰਹੀ ਹਨ
ਇਹ ਮੇਕਅਪ ਆਸਾਨੀ ਨਾਲ਼ ਨਹੀਂ ਨਿਕਲ਼ਦਾ, ਇਸ ਲਈ ਕਲਾਕਾਰ ਪਹਿਲਾਂ ਤੇਲ ਲਗਾਉਂਦੇ ਹਨ ਅਤੇ ਫਿਰ ਤੌਲੀਏ ਨਾਲ਼ ਪੂੰਝਦੇ ਹਨ। ਸ਼ਰਮੀ ਕਹਿੰਦੀ ਹਨ,"ਦੂਰੀ ਦੇ ਹਿਸਾਬ ਨਾਲ਼ ਸਾਨੂੰ ਆਪੋ-ਆਪਣੇ ਘਰੀਂ ਪਹੁੰਚਦਿਆਂ-ਪਹੁੰਚਿਆਂ 9 ਜਾਂ 10 ਵੱਜ ਜਾਂਦੇ ਹਨ। ਮੈਂ ਘਰ ਜਾ ਕੇ ਖਾਣਾ ਬਣਾਊਂਗੀ,ਖਾਊਂਗੀ ਤੇ ਸੌਂ ਜਾਊਂਗੀ। ਸ਼ਾਇਦ ਦੁਪਹਿਰੇ ਉੱਠ ਕੇ ਫਿਰ ਤੋਂ ਖਾਵਾਂ। ਜਾਂ ਹੋ ਸਕਦਾ ਹੈ ਮੈਂ ਸ਼ਾਮ ਤੱਕ ਸੌਂਦੀ ਹੀ ਰਹਾਂ। ਕੁਤੂ ਸੀਜ਼ਨ ਵਿੱਚ ਲਗਾਤਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਅਸੀਂ ਥੱਕਦੇ ਨਹੀਂ। ਪਰ ਜਦੋਂ ਸੀਜ਼ਨ ਨਹੀਂ ਹੁੰਦਾ ਤਾਂ ਪ੍ਰਦਰਸ਼ਨ ਕਰਨ ਤੋਂ ਬਾਅਦ ਵਧੇਰੇ ਥਕਾਵਟ ਹੁੰਦੀ ਹੈ, ਕਿਉਂਕਿ ਵਿਚਕਾਰ ਇੱਕ ਲੰਬਾ ਅੰਤਰ ਪੈ ਗਿਆ ਹੁੰਦਾ ਹੈ।
ਸ਼ਰਮੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ਼ ਅਰਾਮ ਕਰਨ ਜਾਂ ਘੱਟ ਕੰਮ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਤੇਰੂਕੂਤੁ ਕਲਾਕਾਰਾਂ ਲਈ ਉਮਰ ਇੱਕ ਮਹੱਤਵਪੂਰਨ ਪਹਿਲੂ ਹੈ। ਕਲਾਕਾਰ ਜਿੰਨੀ ਛੋਟੀ ਉਮਰ ਦਾ ਹੋਵੇਗਾ, ਉਹ ਓਨਾ ਹੀ ਸਿਹਤਮੰਦ ਹੋਵੇਗਾ, ਉਹਦੇ ਕੰਮ ਪ੍ਰਾਪਤ ਕਰਨ ਅਤੇ ਚੰਗਾ ਪੈਸਾ ਕਮਾਉਣ ਦੇ ਵਧੇਰੇ ਮੌਕੇ ਹੋਣਗੇ ਅਤੇ ਹਰ ਪ੍ਰਦਰਸ਼ਨ ਨਾਲ਼ ਉਹ 700 ਤੋਂ 800 ਰੁਪਏ ਤੱਕ ਕਮਾ ਸਕਦਾ ਹੈ। ਪਰ, ਜਿਵੇਂ-ਜਿਵੇਂ ਉਸ ਦੀ ਉਮਰ ਵਧੇਗੀ, ਉਸ ਦੇ ਪ੍ਰਦਰਸ਼ਨ ਦੇ ਮੌਕੇ ਘੱਟਦੇ ਜਾਣਗੇ ਤੇ ਕਮਾਈ ਘੱਟ ਕੇ ਪ੍ਰਤੀ ਸ਼ੋਅ 400 ਤੋਂ 500 ਰੁਪਏ ਤੱਕ ਡਿੱਗ ਜਾਵੇਗੀ।
ਸ਼ਰਮੀ ਕਹਿੰਦੀ ਹਨ, "ਥੀਏਟਰ ਕਲਾਕਾਰ ਹੋਣ ਦੇ ਨਾਤੇ, ਸਾਨੂੰ ਉਦੋਂ ਹੀ ਕੰਮ ਮਿਲ਼ਦਾ ਹੈ ਜਦੋਂ ਵਿਅਕਤੀ ਦਿੱਖ ਵਿੱਚ ਸੁੰਦਰ ਹੋਵੇ ਅਤੇ ਉਸਦੇ ਸਰੀਰ ਵਿੱਚ ਤਾਕਤ ਹੋਵੇ। ਇਸ ਤੋਂ ਪਹਿਲਾਂ ਕਿ ਮੇਰੀ ਉਮਰ ਢਲ਼ੇ ਮੇਰੀ ਸੁੰਦਰਤਾ, ਆਦਰ ਅਤੇ ਰੁਜ਼ਗਾਰ ਘਟੇ, ਮੈਂ ਇੰਨਾ ਕੁ ਕਮਾ ਲੈਣਾ ਚਾਹੁੰਦੀ ਹਾਂ ਕਿ ਇੱਕ ਘਰ ਬਣਾ ਸਕਾਂ ਤੇ ਆਪਣਾ ਢਿੱਡ ਭਰਨ ਲਈ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਸਕਾਂ!"
ਇਹ ਕਹਾਣੀ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮਐਮਐਫ) ਦੀ ਫੈਲੋਸ਼ਿਪ ਤਹਿਤ ਲਿਖੀ ਗਈ ਹੈ।
ਤਰਜਮਾ: ਕਮਲਜੀਤ ਕੌਰ