“ਇਹ ਇੱਕ ਧਾਗੇ ਨਾਲ ਸ਼ੁਰੂ ਹੋ ਕੇ ਇੱਕ ਧਾਗੇ ਨਾਲ ਹੀ ਖਤਮ ਹੁੰਦੀ ਹੈ,” ਰੇਖਾ ਬੇਨ ਵਾਘੇਲਾ ਹਲਕੀ ਜਿਹੀ ਮੁਸਕੁਰਾਹਟ ਨਾਲ ਦੱਸਦੇ ਹਨ। ਉਹ ਗੁਜਰਾਤ ਦੇ ਪਿੰਡ ਮੋਟਾ ਟਿੰਬਲਾ ਵਿੱਚ ਆਪਣੇ ਘਰ ਵਿੱਚ ਹੱਥ ਖੱਡੀ ਤੇ ਬੈਠੇ ਇਕਹਿਰਾ ਇਕਤ ਪਟੋਲੂ ਬੁਣ ਰਹੇ ਹਨ। “ਸਭ ਤੋਂ ਪਹਿਲਾਂ ਅਸੀਂ ਫਿਰਕੀ ਵਿੱਚ ਇਕਹਿਰਾ ਧਾਗਾ ਪਾਉਂਦੇ ਹਾਂ ਤੇ ਅਖੀਰ ਵਿੱਚ ਰੰਗਿਆ ਹੋਇਆ ਧਾਗਾ ਫਿਰਕੀ ਤੇ ਚੜ੍ਹਾਉਂਦੇ ਹਾਂ,” ਰੇਖਾ ਬੇਨ ਪਟੋਲਾ ਬੁਣਨ ਦੀ ਉਹ ਪ੍ਰਕਿਰਿਆ ਸਮਝਾਉਂਦੇ ਹਨ ਜੋ ਕਿ ਪੇਟੇ ਲਈ ਫਿਰਕੀ ਤਿਆਰ ਕਰਨ ਅਤੇ ਖੱਡੀ ਤੇ ਤਾਣਾ ਤਣਨ ਤੋਂ ਪਹਿਲਾਂ ਹੁੰਦੀ ਹੈ।
ਸੁਰੇਂਦਰਨਗਰ ਜਿਲੇ ਦੇ ਇਸ ਪਿੰਡ ਦੇ ਵੰਕਰਵਾਸ ਦੇ ਜਿਆਦਾਤਰ ਲੋਕ, ਸਿਲਕ ਦੀਆਂ ਮਸ਼ਹੂਰ ਸਾੜ੍ਹੀਆਂ ਜਿਨ੍ਹਾਂ ਨੂੰ ਪਟੋਲੂ ਵੀ ਕਹਿੰਦੇ ਹਨ, ਬਣਾਉਣ ਦੇ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੇ ਹੋਏ ਹਨ। ਪਰ ਉਮਰ ਦੇ ਚਾਲੀਵਿਆਂ ਵਿੱਚ ਰੇਖਾ ਬੇਨ ਲਿੰਬੜੀ ਤਾਲੁਕਾ ਵਿੱਚ ਇਕੱਲੀ ਦਲਿਤ ਔਰਤ ਹਨ ਜੋ ਕਿ ਇਕਹਿਰੀ ਅਤੇ ਦੂਹਰੀ ਇਕਤ ਪਟੋਲਾ ਬੁਣ ਲੈਂਦੇ ਹਨ। (ਦੇਖੋ: ਪਟੋਲੇ ਦੀ ਤਾਣੀ ਨੇ ਸੁਲਝਾਈ ਰਿਸ਼ਤਿਆਂ ਹੱਥੋਂ ਉਲਝੀ ਰੇਖਾ ਬੇਨ ਦੀ ਜ਼ਿੰਦਗੀ )
ਸੁਰੇਂਦਰਨਗਰ ਵਿੱਚ ਬਣਨ ਵਾਲੇ ਪਟੋਲਾ ਨੂੰ ਝਾਲਾਵਾੜ੍ਹੀ ਪਟੋਲਾ ਕਹਿ ਕੇ ਵੀ ਸੱਦਿਆ ਜਾਂਦਾ ਹੈ ਅਤੇ ਇਹ ਪਟਨ ਵਿੱਚ ਬੁਣੇ ਜਾਣ ਵਾਲੇ ਪਟੋਲਾ ਨਾਲੋਂ ਸਸਤਾ ਹੁੰਦਾ ਹੈ। ਝਾਲਾਵਾੜ ਦੇ ਵਨਕਾਰ (ਬੁਣਕਰ) ਅਸਲ ਵਿੱਚ ਇਕਹਿਰੇ ਇਕਤ ਪਟੋਲਾ ਲਈ ਮਸ਼ਹੂਰ ਸਨ ਅਤੇ ਹੁਣ ਉਹਨਾਂ ਨੇ ਦੂਹਰਾ ਇਕਤ ਵੀ ਬੁਣਨਾ ਸ਼ੁਰੂ ਕਰ ਦਿੱਤਾ ਹੈ। “ਇਕਹਿਰੇ ਇਕਤ ਵਿੱਚ ਡਿਜ਼ਾਇਨ ਸਿਰਫ਼ ਪੇਟੇ ਤੇ ਹੁੰਦਾ ਹੈ ਜਦਕਿ ਦੂਹਰੇ ਇਕਤ ਵਿੱਚ ਤਾਣੇ ਅਤੇ ਪੇਟੇ ਦੋਵਾਂ ਤੇ ਡਿਜ਼ਾਇਨ ਹੁੰਦਾ ਹੈ,” ਰੇਖਾ ਬੇਨ ਦੋਵੇਂ ਕਿਸਮ ਦੇ ਪਟੋਲਾ ਦਾ ਅੰਤਰ ਸਮਝਾਉਂਦਿਆਂ ਦੱਸਦੇ ਹਨ।
ਡਿਜ਼ਾਇਨ ਹੀ ਪੂਰੀ ਪ੍ਰਕਿਰਿਆ ਨੂੰ ਮੁਸ਼ਕਿਲ ਬਣਾਉਂਦਾ ਹੈ। ਰੇਖਾ ਬੇਨ ਇੱਕ ਵਾਰ ਫਿਰ ਸਾਰੀ ਪ੍ਰਕਿਰਿਆ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। “ਇਕਹਿਰੇ ਇਕਤ ਪਟੋਲੂ ਵਿੱਚ 3500 ਪੇਟੇ ਦੇ ਧਾਗੇ ਹੁੰਦੇ ਹਨ ਅਤੇ 13750 ਤਾਣੇ ਦੇ ਧਾਗੇ ਹੁੰਦੇ ਹਨ। ਜਦਕਿ ਦੂਹਰੇ ਇਕਤ ਵਿੱਚ ਤਾਣੇ ਦੇ 2220 ਅਤੇ ਪੇਟੇ ਦੇ 9870 ਧਾਗੇ ਹੁੰਦੇ ਹਨ,” ਉਹ ਪੇਟੇ ਦੇ ਧਾਗੇ ਵਾਲੀ ਫਿਰਕੀ ਨੂੰ ਸ਼ਟਲ ਵਿੱਚੋਂ ਟਪਾਉਂਦਿਆਂ ਕਹਿੰਦੇ ਹਨ।

‘ ਇਹ ਸਭ ਇੱਕ ਧਾਗੇ ਨਾਲ ਸ਼ੁਰੂ ਹੋ ਕੇ ਇੱਕ ਧਾਗੇ ਨਾਲ ਹੀ ਖਤਮ ਹੋ ਜਾਂਦਾ ਹੈ ,’ ਰੇਖਾ ਬੇਨ ਦੱਸਦੇ ਹਨ ਜੋ ਕਿ ਗੁਜਰਾਤ ਦੀ ਲਿੰਬੜੀ ਤਾਲੁਕਾ ਦੀ ਇਕਲੌਤੀ ਪਟੋਲਾ ਬੁਣਕਰ ਹਨ। ਉਹ ਸਾਰੀ ਪ੍ਰਕਿਰਿਆ ਸਮਝਾਉਂਦੇ ਹਨ ਜੋ ਕਿ ਰੇਸ਼ਮੀ ਧਾਗੇ ਦੇ ਲੱਛੇ ਤੋਂ ਸ਼ੁਰੂ ਹੋ ਕੇ ਆਖਰੀ ਧਾਗਾ 252 ਇੰਚ ਲੰਬੀ ਪਟੋਲਾ ਸਾੜ੍ਹੀ ਤੇ ਲੱਗਣ ਤੇ ਖਤਮ ਹੁੰਦੀ ਹੈ। ਇਸ ਕੰਮ ਵਿੱਚ ਛੇ ਮਹੀਨਿਆਂ ਤੋਂ ਵੀ ਜਿਆਦਾ ਸਮੇਂ ਦੀ ਸਖਤ ਮਿਹਨਤ ਲੱਗਦੀ ਹੈ
ਫਿਰਕੀ ਨੂੰ ਦੇਖ ਕੇ ਮੇਰੀਆਂ ਅੱਖਾਂ ਸਾਹਮਣੇ 55 ਸਾਲਾ ਗੰਗਾ ਬੇਨ ਪਰਮਾਰ ਦਾ ਚਿਹਰਾ ਤੈਰ ਜਾਂਦਾ ਹੈ। “ਪਹਿਲਾਂ ਅਸੀਂ ਲੱਕੜ ਦੀ ਚਰਖੀ ਤੇ ਧਾਗੇ ਦਾ ਲੱਛਾ ਚੜ੍ਹਾਉਂਦੇ ਹਾਂ ਤੇ ਫਿਰ ਚਰਖੇ ਨਾਲ ਫਿਰਕੀ ਤੇ ਧਾਗਾ ਚੜ੍ਹਾ ਦਿੰਦੇ ਹਾਂ,” ਉਹਨਾਂ ਨੇ ਲਿੰਬੜੀ ਘਗਰੇਟਿਆ ਪਿੰਡ ਵਿਖੇ ਆਪਣੇ ਘਰ ਵਿੱਚ ਕੰਮ ਕਰਦਿਆਂ ਦੱਸਿਆ।
“ਕਿੱਥੇ ਗਵਾਚ ਗਏ?” ਰੇਖਾ ਬੇਨ ਦੀ ਆਵਾਜ਼ ਮੈਨੂੰ ਸਾਡੀ ਪਟੋਲਾ ਧਾਗਿਆਂ ਦੀ ਚਰਚਾ ਵੱਲ ਦੁਬਾਰਾ ਖਿੱਚ ਲਿਆਈ, ਇੱਕ ਅਜਿਹੀ ਮੁਸ਼ਕਿਲ ਪ੍ਰਕਿਰਿਆ ਜੋ ਰੇਖਾ ਜੀ ਮੈਨੂੰ ਕਿੰਨੇ ਹੀ ਵਾਰੀ ਸਮਝਾ ਚੁੱਕੇ ਸੀ। ਮੇਰੀ ਕਾਪੀ ਤੇ ਨਜ਼ਰ ਗੱਡਿਆਂ ਉਹ ਮੈਨੂੰ ਲਿਖਣ ਦੀ ਤਾਕੀਦ ਕਰਦੇ ਹਨ। ਉਹ ਥੋੜ੍ਹੀ ਦੇਰ ਲਈ ਬੁਣਾਈ ਛੱਡ ਕੇ ਇਹ ਯਕੀਨੀ ਬਣਾਉਂਦੇ ਹਨ ਕਿ ਮੈਂ ਸਾਰੀ ਪ੍ਰਕਿਰਿਆ ਚੰਗੀ ਤਰ੍ਹਾਂ ਸਮਝ ਜਾਵਾਂ।
ਮੈਂ ਬੜੀ ਹੀ ਸਾਵਧਾਨੀ ਨਾਲ ਸਾਰੀ ਪ੍ਰਕਿਰਿਆ ਨੋਟ ਕਰ ਰਿਹਾ ਸੀ ਜਿਸ ਵਿੱਚ ਦਰਜਨ ਤੋਂ ਵੀ ਵਧੇਰੇ ਕੰਮ ਸ਼ਾਮਿਲ ਹਨ ਅਤੇ ਇਸ ਵਿੱਚ ਕਈ ਹਫ਼ਤੇ ਲੱਗ ਜਾਂਦੇ ਹਨ। ਇਸ ਸਾਰੀ ਪ੍ਰਕਿਰਿਆ ਵਿੱਚ ਬੁਣਕਰ ਤੋਂ ਇਲਾਵਾ ਹੋਰ ਵੀ ਕਈ ਕਾਮੇ ਸ਼ਾਮਿਲ ਹੁੰਦੇ ਹਨ। ਬੁਣਾਈ ਦਾ ਕੰਮ ਰੇਸ਼ਮੀ ਧਾਗੇ ਦੇ ਲੱਛੇ ਤੋਂ ਸ਼ੁਰੂ ਹੁੰਦਾ ਹੈ ਤੇ ਖਤਮ 252 ਇੰਚ ਲੰਬੀ ਪਟੋਲਾ ਸਾਡੀ ਵਿੱਚ ਆਖਰੀ ਧਾਗਾ ਜਾਂ ਤੇ ਖਤਮ ਹੁੰਦੀ ਹੈ, ਜਿਸ ਨੂੰ ਕਈ ਵਾਰ ਛੇ ਮਹੀਨੇ ਦਾ ਸਮਾਂ ਵੀ ਲੱਗ ਜਾਂਦਾ ਹੈ।
“ਕਿਸੇ ਵੀ ਕਦਮ ਤੇ ਛੋਟੀ ਜਿਹੀ ਗਲਤੀ ਵੀ ਸਾਰੇ ਪਟੋਲੂ ਨੂੰ ਖਰਾਬ ਕਰ ਸਕਦੀ ਹੈ,” ਉਹ ਦੱਸਦੇ ਹਨ।

ਘਗਰੋਟੀਆ ਪਿੰਡ ਦੇ 55 ਸਾਲਾ ਗੰਗਾਬੇਨ ਪਰਮਾਰ ਲੱਛੇ ਵਿੱਚੋਂ ਰੇਸ਼ਮੀ ਧਾਗੇ ਨੂੰ ਲੱਕੜ ਦੀ ਵੱਡੀ ਚਰਖੜੀ ਤੇ ਚੜ੍ਹਾਉਂਦੇ ਹਨ ਤੇ ਫਿਰ ਉੱਥੋਂ ਚਰਖੇ ਦੀ ਮਦਦ ਨਾਲ ਧਾਗਾ ਫਿਰਕੀ ਤੇ ਚੜ੍ਹਾ ਦਿੰਦੇ ਹਨ। ‘ ਮੈਂ ਤੀਹ ਸਾਲਾਂ ਤੋਂ ਕੰਮ ਕਰ ਰਹੀ ਹਾਂ। ਹੁਣ ਥੋੜ੍ਹੀ ਨਿਗਾਹ ਦੀ ਦਿੱਕਤ ਹੈ ਪਰ ਜੇ ਮੈਂ ਸਾਰਾ ਦਿਨ ਬੈਠ ਕੇ ਕੰਮ ਕਰਾਂ ਤਾਂ 20 ਜਾਂ 25 ਫਿਰਕੀਆਂ ਤੇ ਧਾਗਾ ਚੜ੍ਹਾ ਸਕਦੀ ਹਾਂ ’

ਮੋਟਾ ਟਿੰਬਲਾ ਦੇ ਗੌਤਮ ਭਾਈ ਵਾਘੇਲਾ ਫਿਰਕੀਆਂ ਤੋਂ ਧਾਗਾ ਖਿੱਚ ਕੇ ਵੱਡੇ ਲੱਕੜ ਦੇ ਫਰੇਮ ਤੇ ਚੜ੍ਹਾਉਂਦੇ ਹਨ ਜਿਸ ਨੂੰ ਆਡਾ ਕਹਿੰਦੇ ਹਨ , ਤਾਂ ਜੋ ਅਗਲੇ ਕੰਮ ਲਈ ਪਾਟੀ ( ਧਾਗਿਆਂ ਦਾ ਗੁੱਛਾ ) ਤਿਆਰ ਕੀਤੀ ਜਾ ਸਕੇ

ਆਡੇ ਉੱਪਰ ਰੇਸ਼ਮੀ ਧਾਗੇ ਚੜ੍ਹੇ ਹੋਏ ਜਿਸ ਨਾਲ ਡਿਜ਼ਾਇਨ ਪਾਉਣ ਵਿੱਚ ਸਹਾਇਤਾ ਮਿਲੇਗੀ

ਨਾਨਾ ਟਿੰਬਲਾ ਦੇ ਅਸ਼ੋਕ ਪਰਮਾਰ , 30, ਅਲੱਗ ਕੀਤੇ ਹੋਏ ਧਾਗਿਆਂ ਦੇ ਗੁੱਛਿਆਂ ਨੂੰ ਦੂਸਰੇ ਫਰੇਮ ਤੇ ਚੜ੍ਹਾਉਂਦੇ ਹੋਏ ਜਿੱਥੇ ਉਹਨਾਂ ਤੇ ਕੋਲੇ ਨਾਲ ਨਿਸ਼ਾਨੀ ਲਾਈ ਜਾਵੇਗੀ ਤੇ ਫਿਰ ਕਾਗਜ਼ ਤੇ ਬਣੇ ਡਿਜ਼ਾਇਨ ਦੇ ਹਿਸਾਬ ਨਾਲ ਬੰਨਿਆ ਜਾਵੇਗਾ

ਕਟਾਰੀਆ ਪਿੰਡ ਦੇ ਕਿਸ਼ੋਰ ਮਾਂਜੀ ਭਾਈ ਗੋਹਿਲ , 36, ਫਰੇਮ ਤੇ ਬੰਨੇ ਧਾਗਿਆਂ ਨਾਲ ਗਾਠ ( ਗੱਠਾਂ ) ਬਣਾਉਂਦੇ ਹੋਏ । ਇਸ ਵਿੱਚ ਰੇਸ਼ਮੀ ਧਾਗਿਆਂ ਦੇ ਗੁੱਛੇ ਨੂੰ ਸੂਤੀ ਧਾਗੇ ਨਾਲ ਬੰਨਿਆ ਜਾਂਦਾ ਹੈ ਜੋ ਕਿ ਪਟੋਲਾ ਬਣਾਉਣ ਵਿੱਚ ਰੰਗਾਈ ਕਰਨ ਦੀ ਇੱਕ ਕਲਾ ਹੈ। ਇਹਨਾਂ ਗੱਠਾਂ ਨਾਲ ਇਹ ਨਿਸ਼ਚਿਤ ਹੁੰਦਾ ਹੈ ਕਿ ਬੰਨੇ ਹੋਏ ਹਿੱਸਿਆਂ ਤੇ ਰੰਗ ਨਹੀਂ ਚੜਦਾ ਤੇ ਡਿਜ਼ਾਇਨ ਬਣ ਜਾਂਦਾ ਹੈ

ਮਹੇਂਦਰ ਵਾਘੇਲਾ , 25, ਰੰਗ ਦਿੱਤੇ ਹੋਏ ਧਾਗਿਆਂ ਦੇ ਬੰਨੇ ਹੋਏ ਗੁੱਛਿਆਂ ਨੂੰ ਦੂਜੀ ਵਾਰ ਰੰਗਾਈ ਲਈ ਲੈ ਕੇ ਜਾਂਦੇ ਹੋਏ । ਪਟੋਲੂ ਦੇ ਡਿਜ਼ਾਇਨ ਅਤੇ ਰੰਗਾਂ ਅਨੁਸਾਰ ਧਾਗਿਆਂ ਦੀ ਰੰਗਾਈ ਅਤੇ ਬੰਨਾਈ ਦਾ ਕੰਮ ਕਈ ਵਾਰ ਕੀਤਾ ਜਾਂਦਾ ਹੈ

ਮਹੇਂਦਰ ਵਾਘੇਲਾ ਪਹਿਲਾਂ ਤੋਂ ਬੰਨੇ ਅਤੇ ਰੰਗੇ ਹੋਏ ਧਾਗਿਆਂ ਨੂੰ ਹਾਇਡ੍ਰੋ ਮਿਲੇ ਹੋਏ ਉਬਲਦੇ ਪਾਣੀ ਵਿੱਚ ਡੁਬੋਉਂਦੇ ਹੋਏ । ‘ ਜਦੋਂ ਪਹਿਲਾਂ ਤੋਂ ਰੰਗੇ ਹੋਏ ਸੂਤ ਤੇ ਦੁਬਾਰਾ ਰੰਗ ਦੇਣ ਹੁੰਦਾ ਹੈ ਤਾਂ ਪਹਿਲਾਂ ਕੀਤੇ ਰੰਗ ਨੂੰ ਲਾਹੁਣ ਜਾਂ ਫਿੱਕਾ ਕਰਨ ਲਈ ਸੂਤ ਦੇ ਗੁੱਛਿਆਂ ਨੂੰ ਹਾਇਡ੍ਰੋ ( ਸੋਡਿਯਮ ਹਾਇਡ੍ਰੋ ਸਲਫਾਈਟ ) ਪਾ ਕੇ ਉਬਲਦੇ ਹੋਏ ਪਾਣੀ ਵਿੱਚ ਡੁਬੋਇਆ ਜਾਂਦਾ ਹੈ ,’ ਰੇਖਾ ਬੇਨ ਦੱਸਦੇ ਹਨ

‘ ਰੰਗ ਕਰਦੇ ਹੋਏ ਇਸ ਗੱਲ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ ਕਿ ਰੰਗ ਬੰਨੇ ਹੋਏ ਹਿੱਸਿਆਂ ਤੇ ਨ ਚੜੇ ,’ ਮਹੇਂਦਰ ਵਾਘੇਲਾ ਸੂਤ ਨੂੰ ਦੂਜੀ ਵਾਰ ਰੰਗਾਈ ਕਰਨ ਲਈ ਉਬਲਦੇ ਪਾਣੀ ਦੀ ਬਾਲਟੀ ਵਿੱਚ ਡੁਬੋਂਦਿਆਂ ਦੱਸਦੇ ਹਨ। ‘ ਕੰਮ ਕਰਨ ਵਾਲਿਆਂ ਨੂੰ ਤਜਰਬਾ ਹੁੰਦਾ ਹੈ ਕਿ ਕਦੋਂ ਰੰਗ ਗੱਠਾਂ ਤੱਕ ਪਹੁੰਚਦਾ ਹੈ , ਕਦੋਂ ਰੰਗ ਨੂੰ ਹਿਲਾਉਣਾ ਹੈ , ਤੇ ਕਿੰਨੇ ਸਮੇਂ ਤੱਕ ਸੂਤ ਨੂੰ ਪਾਣੀ ਵਿੱਚ ਡੁਬੋ ਕੇ ਰੱਖਣਾ ਹੈ ,’ ਉਹ ਕਹਿੰਦੇ ਹਨ

ਮਹੇਂਦਰ ਰੰਗੇ ਹੋਏ ਸੂਤ ਨੂੰ ਠੰਡੇ ਪਾਣੀ ਵਿੱਚ ਧੋਂਦੇ ਹਨ । ‘ ਪਟੋਲੂ ਦੇ ਇੱਕ ਇੱਕ ਰੇਸ਼ਮੀ ਧਾਗੇ ਤੇ ਕਈ ਰੰਗ ਹੁੰਦੇ ਹਨ ਤੇ ਇਹਨਾਂ ਰੰਗਾਂ ਨਾਲ ਹੀ ਡਿਜ਼ਾਇਨ ਸੋਹਣਾ ਲੱਗਦਾ ਹੈ। ਸਹੀ ਰੰਗਾਂ ਦਾ ਮੇਲ ਬਹੁਤ ਜ਼ਰੂਰੀ ਹੈ ਤੇ ਇਹ ਦਿਲ ਖਿੱਚਵੇਂ ਹੋਣੇ ਚਾਹੀਦੇ ਹਨ ,’ ਬੁਣਕਰ ਵਿਕਰਮ ਭਾਈ ਪਰਮਾਰ ਕਹਿੰਦੇ ਹਨ

ਰੰਗਾਈ ਤੋਂ ਬਾਦ ਸੂਤ ਨੂੰ ਨਿਚੋੜ ਕੇ ਸੁੱਕ ਲਿਆ ਜਾਂਦਾ ਹੈ । ਕਟਾਰੀਆ ਪਿੰਡ ਦੇ ਜਗਦੀਸ਼ ਰਘੂ ਭਾਈ ਗੋਹਿਲ ਰੰਗੇ ਹੋਏ ਸੂਤ ਨੂੰ ਛੋਟੇ ਲੱਕੜ ਦੇ ਫਰੇਮ ਤੇ ਰੱਖਦੇ ਹਨ ਤਾਂ ਜੋ ਗੱਠਾਂ ਖੋਲੀਆਂ ਜਾਣ

ਮੋਟਾ ਟਿੰਬਲਾ ਦੀ 75 ਸਾਲਾ ਵਲੀ ਬੇਨ ਵਾਘੇਲਾ ਛੋਟੀ ਸੂਈ ਨਾਲ ਗੱਠਾਂ ਖੋਲ੍ਹਦੇ ਹੋਏ । ਨਮੂਨੇ ਦੀ ਬਰੀਕੀ ਅਨੁਸਾਰ ਇੱਕ ਪਟੋਲੂ ਬਣਾਉਣ ਲਈ ਬੰਨਾਈ , ਰੰਗਾਈ ਤੇ ਦੁਬਾਰਾ ਗੱਠਾਂ ਖੋਲ੍ਹਣ ਦਾ ਕੰਮ ਕਈ ਵਾਰ ਕਰਨਾ ਪੈਂਦਾ ਹੈ

ਜਸੂ ਬੇਨ ਵਾਘੇਲਾ ਡਿਜ਼ਾਇਨ ਸਹਿਤ ਤਿਆਰ ਪੇਟੇ ਦੇ ਧਾਗੇ ਨੂੰ ਲੱਕੜ ਦੀ ਵੱਡੀ ਚਰਖੜੀ ਤੇ ਚੜ੍ਹਾਉਂਦੇ ਹੋਏ

ਕਟਾਰੀਆ ਪਿੰਡ ਦੀ 58 ਸਾਲਾ ਸ਼ਾਂਤੂ ਭਾਈ ਗੋਹਿਲ ਤਿਆਰ ਪੇਟੇ ਦੇ ਧਾਗਿਆਂ ਨੂੰ ਵੱਡੀ ਚਰਖੜੀ ਤੇ ਚੜ੍ਹਾਉਂਦੇ ਹੋਏ

ਕਟਾਰੀਆ ਦੀ ਹੀਰਾ ਬੇਨ ਗੋਹਿਲ , 56, ਚਰਖੜੀ ਤੋਂ ਰੰਗਿਆ ਧਾਗਾ ਉੱਤਰ ਕੇ ਫਿਰਕੀ ਤੇ ਚੜ੍ਹਾਉਂਦੇ ਹੋਏ । ਤਿਆਰ ਕੀਤੀਆਂ ਫਿਰਕੀਆਂ ਨੂੰ ਪਟੋਲਾ ਬੁਣਦੇ ਸਮੇਂ ਸ਼ਟਲ ਵਿੱਚ ਰੱਖਿਆ ਜਾਵੇਗਾ

ਰੰਗਾਈ ਤੋਂ ਬਾਦ ਮੋਟਾ ਟਿੰਬਲਾ ਦੇ ਬੁਣਕਰ ਸੂਤ ਨੂੰ ਖਿੱਚਦੇ ਹੋਏ । ਦੂਹਰੇ ਇਕਤ ਪਟੋਲੇ ਵਿੱਚ ਦੋਵੇਂ ਤਾਣਾ ਤੇ ਪੇਟਾ ਰੰਗਦਾਰ ਹੁੰਦੇ ਹਨ ਤੇ ਦੋਵਾਂ ਤੇ ਡਿਜ਼ਾਇਨ ਹੁੰਦਾ ਹੈ

ਮੋਟਾ ਟਿੰਬਲਾ ਦੇ ਬੁਣਕਰ ਤਾਣੇ ਦੇ ਸੂਤ ਨੂੰ ਖਿੱਚ ਕੇ ਮਜ਼ਬੂਤੀ ਦਿੰਦੇ ਹਨ

ਮੋਟਾ ਟਿੰਬਲਾ ਦੇ ਵਸਾਰਾਮ ਭਾਈ ਸੋਲੰਕੀ ਨਵਾਂ ਮਾਵਾ ਲੱਗੇ ਹੋਏ ਧਾਗਿਆਂ ਦੇ ਸਿਰਿਆਂ ਰੱਛ ਵਿੱਚੋਂ ਨਿਕਲਦੇ ਹੋਏ ਪੁਰਾਣੇ ਧਾਗਿਆਂ ਦੇ ਸਿਰਿਆਂ ਨਾਲ ਮੇਲਦੇ ਹਨ । ‘ ਰੇਸ਼ਮੀ ਧਾਗਿਆਂ ਨੂੰ ਆਪਸ ਵਿੱਚ ਮੇਲ਼ਣ ਲਈ ਸਵਾਹ ਦੀ ਵਰਤੋਂ ਕੀਤੀ ਜਾਂਦੀ ਹੈ ,’ ਉਹ ਕਹਿੰਦੇ ਹਨ

ਪੂੰਜਾ ਭਾਈ ਵਾਘੇਲਾ ਖੱਡੀ ਤੇ ਤਾਣੇ ਦੇ ਧਾਗਿਆਂ ਨਾਲ ਕੰਮ ਕਰਦਿਆਂ ਰੰਗਦਾਰ ਸੂਤ ਵਾਲੇ ਵਾੜੇ ਬੀਮ ਨੂੰ ਖੱਡੀ ਤੇ ਰੱਖਦੇ ਹਨ

ਕਟਾਰੀਆ ਪਿੰਡ ਵਿੱਚ ਪ੍ਰਵੀਨ ਭਾਈ ਗੋਹਿਲ , 50, ਅਤੇ ਪ੍ਰੇਮਿਲਾ ਬੇਨ ਗੋਹਿਲ ਇਕਹਿਰੇ ਇਕਤ ਪਟੋਲਾ ਦੀ ਬੁਣਾਈ ਕਰਦੇ ਹੋਏ। ਸਗਵਾਨ ਦੀ ਲੱਕੜ ਦੀ ਬਣੀ ਹੋਈ ਖੱਡੀ ਦੀ ਕੀਮਤ 35 ਤੋਂ 40 ਹਜ਼ਾਰ ਰੁਪਏ ਤੱਕ ਹੋ ਸਕਦੀ ਹੈ ਅਤੇ ਹਰ ਬੁਣਕਰ ਵਿੱਚ ਇਸ ਨੂੰ ਖਰੀਦਣ ਦੀ ਪਹੁੰਚ ਨਹੀਂ ਹੁੰਦੀ

ਦਾਨਾ ਭਾਈ ਦੁਲੇਰਾ ਉਹਨਾਂ ਕਾਰੀਗਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਕਟਾਰੀਆ ਦੇ ਦਲਿਤ ਭਾਈਚਾਰੇ ਨੂੰ ਪਟੋਲਾ ਕਲਾ ਦੀ ਜਾਗ ਲਗਾਈ

ਅਸ਼ੋਕ ਵਾਘੇਲਾ ਇਕਹਿਰਾ ਇਕਤ ਪਟੋਲੂ ਬੁਣਦੇ ਹੋਏ

ਮੋਟਾ ਟਿੰਬਲਾ ਦੇ ਭਾਵੇਸ਼ ਕੁਮਾਰ ਸੋਲੰਕੀ ਦੂਹਰਾ ਇਕਤ ਬੁਣਦੇ ਹੋਏ

ਦੂਹਰੇ ਇਕਤ ਵਿੱਚ ਤਾਣੇ ਅਤੇ ਪੇਟੇ ਦੋਵਾਂ ਤੇ ਡਿਜ਼ਾਇਨ ਹੁੰਦਾ ਹੈ , ਜਿੱਥੇ ਇਕਹਿਰੇ ਇਕਤ ਪਟੋਲੇ ਵਿੱਚ ਸਿਰਫ਼ ਪੇਟੇ ਦੇ ਧਾਗੇ ਤੇ ਡਿਜ਼ਾਇਨ ਹੁੰਦਾ ਹੈ

ਹੱਥ
ਨਾਲ
ਬੁਣਿਆ
ਰੇਸ਼ਮ
ਜਿਸ
ਨੂੰ
ਪਟੋਲਾ
ਕਿਹਾ
ਜਾਂਦਾ
ਹੈ
ਦੀਆਂ
ਸਾੜ੍ਹੀਆਂ
ਸਾਰੀ
ਦੁਨੀਆਂ
ਵਿੱਚ
ਆਪਣੇ
ਗੁੰਝਲਦਾਰ
ਦੂਹਰੇ
ਇਕਤ
ਦੀ
ਬੁਣਾਈ
ਲਈ
ਮਸ਼ਹੂਰ
ਹਨ
ਤਰਜਮਾ: ਨਵਨੀਤ ਕੌਰ ਧਾਲੀਵਾਲ