" ਆਓ ਆਓ ਸੁਨੋ ਅਪਨਾ ਭਵਿਸ਼ਯਬਾਨੀ , ਸੁਨੋ ਅਪਨੀ ਆਗੇ ਕੀ ਕਹਾਣੀ ..." ਇਹ ਆਵਾਜ਼ ਹਰ ਸ਼ਾਮ ਜੁਹੂ ਬੀਚ ਦੀ ਗਹਿਮਾ-ਗਹਿਮੀ ਵਿਚਾਲੇ ਕਿਸੇ ਰਹੱਸਮਈ ਮੰਤਰ ਵਾਂਗ ਗੂੰਜਦੀ ਹੈ। ਉਪਨਗਰ ਮੁੰਬਈ ਦੇ ਇਸ ਖੂਬਸੂਰਤ ਸਮੁੰਦਰੀ ਕੰਢੇ 'ਤੇ ਸੂਰਜ ਡੁੱਬਣ ਦਾ ਵੇਲ਼ਾ ਹੈ ਤੇ 27 ਸਾਲਾ ਉਦੈ ਕੁਮਾਰ ਲੋਕਾਂ ਨੂੰ ਆਪੋ-ਆਪਣਾ ਭਵਿੱਖ ਜਾਣਨ/ਪੁੱਛਣ ਦਾ ਸੱਦਾ ਦੇ ਰਹੇ ਹਨ।
ਇਹ ਕੋਈ ਸਿਖਲਾਈ ਪ੍ਰਾਪਤ ਜੋਤਸ਼ੀ ਨਹੀਂ ਹੈ ਤੇ ਨਾ ਹੀ ਕੋਈ ਹੱਥ ਦੀਆਂ ਲਕੀਰਾਂ ਪੜ੍ਹਨ ਵਾਲ਼ਾ ਜੋਗੀ... ਨਾ ਹੀ ਗਾਨੀ ਵਾਲ਼ੇ ਤੋਤੋ ਲਈ ਟੈਰੋ ਕਾਰਡ ਰੀਡਰ ਹੀ। ਉਹ ਤਾਂ ਉੱਥੇ ਚਾਰ ਫੁੱਟ ਉੱਚੇ ਫੋਲਡਿੰਗ ਟੇਬਲ 'ਤੇ ਰੱਖੇ ਇੱਕ ਛੋਟੇ ਜਿਹੇ ਕਰੀਬ ਇੱਕ ਫੁੱਟੇ ਰੋਬੋਟ ਦੇ ਨਾਲ਼ ਖੜ੍ਹੇ ਹਨ। ਜਿਸ 'ਤੇ ਸਜਾਵਟੀ ਬੱਤੀਆਂ ਲਾਈਆਂ ਹੋਈਆਂ ਹਨ। ''ਇਹਨੂੰ ਜੋਤਿਸ਼ ਕੰਪਿਊਟਰ ਲਾਈਵ ਸਟੋਰੀ ਕਹਿੰਦੇ ਨੇ,'' ਉਹ ਇਸ ਰਿਪੋਰਟਰ ਨਾਲ਼ ਰੋਬੋਟ ਦੀ ਜਾਣ-ਪਛਾਣ ਕਰਾਉਂਦਿਆਂ ਕਹਿੰਦੇ ਹਨ।
ਆਪਣੇ ਵੱਲ ਆਉਂਦੇ ਇੱਕ ਆਦਮੀ ਨੂੰ ਦੇਖ ਕੇ ਮਸ਼ੀਨ ਨਾਲ਼ ਜੁੜੇ ਹੈਡਫ਼ੋਨ ਨੂੰ ਉਸ ਉਤਸੁਕ ਗਾਹਕ ਦੇ ਹੱਥ ਵਿੱਚ ਫੜ੍ਹਾਉਂਦਿਆਂ ਉਹ ਦੱਸਦੇ ਹਨ ਇਹ ਮਸ਼ੀਨ ਇਨਸਾਨ ਦੇ ਕੰਪਨ ਨੂੰ ਸਮਝ ਸਕਦੀ ਹੈ। ਅਲਪ ਵਿਰਾਮ ਤੋਂ ਬਾਅਦ ਹਿੰਦੀ ਵਿੱਚ ਔਰਤ ਦੀ ਅਵਾਜ਼ ਆਉਂਦੀ ਹੈ ਜੋ ਭਵਿੱਖ ਦੀ ਗੋਦ ਵਿੱਚ ਲੁਕੇ ਰਹਿਸਮਈ ਭੇਦਾਂ ਨੂੰ ਉਹਦੇ ਸਾਹਮਣੇ ਪ੍ਰਗਟ ਕਰਨ ਲੱਗਦੀ ਹੈ। ਇਸ ਸੇਵਾ ਬਦਲ ਹਰ ਕਿਸੇ ਨੇ ਸਿਰਫ਼ 30 ਰੁਪਏ ਹੀ ਦੇਣੇ ਹੁੰਦੇ ਹਨ।
ਉਦੈ ਆਪਣੇ ਚਾਚਾ, ਰਾਜੂ ਤੋਂ ਵਿਰਾਸਤ ਵਿੱਚ ਮਿਲ਼ੇ ਇਸ ਤਕਨੀਕੀ ਚਮਤਕਾਰ ਦੇ ਇਕਲੌਤੇ ਵਾਰਸ ਹਨ, ਜੋ ਕਈ ਦਹਾਕੇ ਪਹਿਲਾਂ ਬਿਹਾਰ ਦੇ ਰਕਸੌਲ ਪਿੰਡ ਤੋਂ ਮੁੰਬਈ ਆਣ ਵੱਸੇ ਸਨ। ਜਦੋਂ ਵੀ ਉਨ੍ਹਾਂ ਦੇ ਚਾਚਾ ਘਰ ਵਾਪਸ ਆਉਂਦੇ ਆਪਣੇ ਨਾਲ਼ ਸ਼ਹਿਰ ਦੀਆਂ ਕਈ ਕਹਾਣੀਆਂ ਲੈ ਕੇ ਆਉਂਦੇ। "ਚਾਚਾ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਕੋਲ਼ ਇੱਕ ਅਜੂਬਾ ਹੈ ਜੋ ਲੋਕਾਂ ਨੂੰ ਉਨ੍ਹਾਂ ਦਾ ਭਵਿੱਖ ਦੱਸ ਸਕਦਾ ਹੈ ਅਤੇ ਇਹ ਵੀ ਕਿ ਕਿਵੇਂ ਉਹਦੀ ਮਦਦ ਨਾਲ਼ ਉਹ ਪੈਸੇ ਕਮਾ ਰਹੇ ਹਨ। ਉਨ੍ਹਾਂ ਦੀ ਗੱਲ ਨੂੰ ਮਜ਼ਾਕ ਸਮਝ ਅਸੀਂ ਉਨ੍ਹਾਂ ਦੀ ਖਿੱਲੀ ਉਡਾਉਂਦੇ। ਪਰ ਇਨ੍ਹਾਂ ਗੱਲਾਂ ਨੇ ਮੈਨੂੰ ਆਕਰਸ਼ਿਤ ਕੀਤਾ!" ਪੁਰਾਣੇ ਦਿਨਾਂ ਨੂੰ ਚੇਤੇ ਕਰਦਿਆਂ ਉਦੈ ਕਹਿੰਦੇ ਹਨ। ਰਾਜੂ ਨੇ ਹੀ ਆਪਣੇ 11 ਸਾਲਾ ਭਤੀਜੇ ਨੂੰ ਇਸ ਮਹਾਨਗਰ ਦੀ ਹੈਰਾਨ ਕਰ ਸੁੱਟਣ ਵਾਲ਼ੀ ਦੁਨੀਆ ਤੇ ਇਸ ਮਸ਼ੀਨ ਨਾਲ਼ ਮਿਲ਼ਵਾਇਆ ਸੀ।


ਭਵਿੱਖਬਾਣੀ ਦੱਸਣ ਵਾਲ਼ੇ ਰੋਬੋਟ ਨਾਲ਼ ਸਮੁੰਦਰ ਤਟ ' ਤੇ ਉਦੈ ਕੁਮਾਰ। ਇਸ ਰੋਬੋਟ ਨੂੰ ਉਹ ' ਜੋਤਿਸ਼ ਕੰਪਿਊਟਰ ਲਾਈਵ ਸਟੋਰੀ ' ਕਹਿੰਦੇ ਹਨ
ਉਦੈ ਦੇ ਮਾਪੇ ਕਿਸਾਨ ਹਨ ਜੋ ਆਪਣੀ ਕੁਝ ਕੁ ਬੀਘੇ ਜ਼ਮੀਨ 'ਤੇ ਉਗਣ ਵਾਲ਼ੀ ਉਪਜ 'ਤੇ ਹੀ ਨਿਰਭਰ ਰਹਿਦੇ ਤੇ ਅਕਸਰ ਹੱਥ-ਤੰਗੀ ਤੇ ਵਿੱਤੀ ਮੁਸ਼ਕਲਾਂ ਨਾਲ਼ ਘਿਰੇ ਰਹਿੰਦੇ। ਜਿਸ ਦੇ ਨਤੀਜੇ ਵਜੋਂ ਉਦੈ ਨੇ ਚੌਥੀ ਜਮਾਤ ਤੋਂ ਬਾਅਦ ਸਕੂਲ ਛੱਡ ਦਿੱਤਾ। ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿੱਚ ਆਪਣਾ ਪਿੰਡ ਛੱਡਦੇ ਉਦੈ ਦੇ ਦਿਮਾਗ਼ ਵਿੱਚ ਸੀ ਕਿ ਪਰਿਵਾਰ ਨੂੰ ਉਨ੍ਹਾਂ ਦੀ ਆਰਥਿਕ ਮਦਦ ਦੀ ਲੋੜ ਹੈ। ਇਸੇ ਸੋਚ ਨੂੰ ਲੈ ਕੇ ਉਹ ਮੁੰਬਈ, ਆਪਣੇ ਚਾਚਾ ਕੋਲ਼ ਆਏ। ਉਦੋਂ ਉਹ ਕਿਸ਼ੋਰ ਸਨ। " ਵੋਹ ਮਸ਼ੀਨ ਦੇਖਨਾ ਥਾ ਅਤੇ ਮੁੰਬਈ ਭੀ !" ਇੰਨਾ ਕਹਿੰਦਿਆਂ ਉਦੈ ਆਪਣੇ ਅਤੀਤ ਦੀਆਂ ਯਾਦਾਂ ਵਿੱਚ ਤੈਰਨ ਲੱਗੇ।
ਇਹ ਮਸ਼ੀਨ, ਜਿਸ ਦੀ ਵਰਤੋਂ ਉਨ੍ਹਾਂ ਦੇ ਚਾਚੇ ਦੁਆਰਾ ਕੀਤੀ ਗਈ ਸੀ, ਚੇਨਈ ਅਤੇ ਕੇਰਲ ਦੇ ਕਾਰੀਗਰਾਂ ਦੁਆਰਾ ਬਣਾਈ ਗਈ ਸੀ। ਉਦੈ ਯਾਦ ਕਰਦੇ ਹਨ ਕਿ ਇਹ ਮਸ਼ੀਨ 90 ਦੇ ਦਹਾਕੇ ਵਿੱਚ ਮੁੰਬਈ ਲਿਆਂਦੀ ਗਈ ਸੀ। ਰਾਜੂ ਚਾਚਾ ਨੇ ਇੱਕ ਕਾਰੀਗਰ ਨਾਲ਼ ਮਿਲ਼ ਕੇ ਕਿਰਾਏ 'ਤੇ ਇੱਕ ਮਸ਼ੀਨ ਦਾ ਬੰਦੋਬਸਤ ਕੀਤਾ ਤੇ ਭਵਿੱਖ ਦੱਸਣ ਦੇ ਇਸ ਕਾਰੋਬਾਰ ਵਿੱਚ ਹੱਥ ਅਜਮਾਉਣ ਦੀ ਸ਼ੁਰੂਆਤ ਕੀਤੀ ਸੀ।
"ਉਸ ਸਮੇਂ ਇਸ ਕੰਮ ਵਿੱਚ ਲਗਭਗ 20-25 ਲੋਕ ਲੱਗੇ ਸਨ," ਉਦੈ ਦੱਸਦੇ ਹਨ। ''ਉਨ੍ਹਾਂ ਵਿੱਚੋਂ ਜ਼ਿਆਦਾਤਰ ਦੱਖਣੀ ਰਾਜਾਂ ਦੇ ਤੇ ਕੁਝ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਸਨ। ਉਨ੍ਹਾਂ ਸਾਰਿਆਂ ਕੋਲ਼ ਇੱਕੋ ਜਿਹੀਆਂ ਮਸ਼ੀਨਾਂ ਸਨ।''
ਰਾਜੂ ਵਾਂਗ ਉਹ ਸਾਰੇ ਲੋਕ ਵੀ ਅਚਵੀ ਪੈਦਾ ਕਰਨ ਵਾਲ਼ੀਆਂ ਮਸ਼ੀਨਾਂ ਦੇ ਨਾਲ਼ ਸ਼ਹਿਰ ਵਿੱਚ ਇੱਧਰ-ਓਧਰ ਘੁੰਮਦੇ ਰਹਿੰਦੇ ਸਨ, ਪਰ ਜੁਹੂ ਬੀਚ ਇਨ੍ਹਾਂ ਘੁਮੱਕੜਾਂ ਦੀ ਖ਼ਾਸ ਥਾਂ ਹੋਇਆ ਕਰਦਾ। ਉਦੈ ਵੀ ਆਪਣੇ ਚਾਚਾ ਦੇ ਨਾਲ਼ ਪੂਰਾ ਸ਼ਹਿਰ ਘੁੰਮਦੇ ਰਹਿੰਦੇ ਸਨ। ਚਾਚਾ ਦੀ ਇੱਕ ਚੌਥਾਈ ਕਮਾਈ ਮਸ਼ੀਨ ਦਾ ਕਿਰਾਇਆ ਭਰਨ ਵਿੱਚ ਖੱਪ ਜਾਂਦੀ ਸੀ। ਮਸ਼ੀਨ ਦੀ ਕੀਮਤ 40,000 ਦੇ ਕਰੀਬ ਸੀ। ਉਦੈ ਦੇ ਚਾਚਾ ਲਈ ਸ਼ੁਰੂਆਤ ਵਿੱਚ ਇੰਨੀ ਮਹਿੰਗੀ ਮਸ਼ੀਨ ਖਰੀਦ ਸਕਣਾ ਅਸੰਭਵ ਸੀ। ਪਰ ਬਾਅਦ ਵਿੱਚ ਉਨ੍ਹਾਂ ਨੇ ਇਹ ਮਸ਼ੀਨ ਖਰੀਦ ਲਈ ਸੀ।


ਉਦੈ ਅਚਵੀ ਪੈਦਾ ਕਰਨ ਵਾਲ਼ੀ ਆਪਣੀ ਇਸ ਮਸ਼ੀਨ ਨਾਲ਼ ਮੁੰਬਈ ਸ਼ਹਿਰ ਵਿੱਚ ਘੁੰਮਦੇ ਰਹਿੰਦੇ ਹਨ, ਪਰ ਜੁਹੂ ਬੀਚ ਉਨ੍ਹਾਂ ਲਈ ਵੀ ਖ਼ਾਸ ਥਾਂ ਹੈ
ਕਈ ਕੋਸ਼ਿਸ਼ਾਂ ਦੇ ਬਾਵਜੂਦ ਉਦੈ ਇਸ ਰੋਬੋਟ ਨੂੰ ਬਣਾਉਣ ਦੀਆਂ ਤਕਨੀਕਾਂ ਨਾ ਸਿੱਖ ਸਕੇ। ਕੁਝ ਸਾਲ ਪਹਿਲਾਂ ਰਾਜੂ ਦੀ ਮੌਤ ਤੋਂ ਬਾਅਦ ਭਵਿੱਖਬਾਣੀ ਦੱਸਣ ਵਾਲ਼ੀ ਇਹ ਮਸ਼ੀਨ ਉਨ੍ਹਾਂ ਦੀ ਜੱਦੀ ਜਾਇਦਾਦ ਬਣ ਗਈ। ਉਦੈ ਇਸ ਮਸ਼ੀਨ ਤੇ ਪੇਸ਼ੇ ਪ੍ਰਤੀ ਸ਼ੁਰੂ ਤੋਂ ਹੀ ਉਤਸੁਕ ਰਹੇ ਹਨ, ਇਸਲਈ ਇਸ ਪਰੰਪਰਾ ਨੂੰ ਅੱਗੇ ਵਧਾਉਣ ਵਿੱਚ ਵੀ ਉਹੀ ਹੀ ਸਮਰੱਥ ਸਨ ਵੀ।
ਇੱਕ ਦਹਾਕਾ ਪਹਿਲਾਂ, ਲੋਕ ਆਪਣਾ ਭਵਿੱਖ ਜਾਣਨ ਲਈ 20 ਰੁਪਏ ਅਦਾ ਕਰਦੇ ਸਨ। ਪਿਛਲੇ ਚਾਰ ਸਾਲਾਂ ਤੋਂ ਇਹ ਰਕਮ ਵਧ ਕੇ 30 ਰੁਪਏ ਹੋ ਗਈ ਹੈ। ਕੋਵਿਡ -19 ਮਹਾਂਮਾਰੀ ਨੇ ਉਨ੍ਹਾਂ ਦੇ ਕਾਰੋਬਾਰ ਨੂੰ ਵੱਡਾ ਝਟਕਾ ਦਿੱਤਾ ਹੈ। "ਸਮੇਂ ਦੇ ਨਾਲ਼ ਬਹੁਤ ਸਾਰੇ ਲੋਕ ਇਸ ਕਾਰੋਬਾਰ ਤੋਂ ਪਿੱਛੇ ਹਟ ਗਏ," ਉਦੈ ਕਹਿੰਦੇ ਹਨ। ਮਹਾਂਮਾਰੀ ਦੇ ਬਾਅਦ ਇਸ ਕੰਮ ਨੂੰ ਜਾਰੀ ਰੱਖਣ ਵਾਲ਼ੇ ਉਹ ਸ਼ਾਇਦ ਅਖੀਰਲੇ ਵਿਅਕਤੀ ਹਨ।
ਉਦੈ ਨੂੰ ਵੀ ਹੁਣ ਇਸ ਮਸ਼ੀਨ 'ਤੇ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਦੀ ਪਤਨੀ ਅਤੇ ਪੰਜ ਸਾਲਾ ਬੇਟਾ ਪਿੰਡ ਵਿੱਚ ਰਹਿੰਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੇਟਾ ਮੁੰਬਈ ਵਿੱਚ ਪੜ੍ਹੇ। ਫ਼ਿਲਹਾਲ ਤਾਂ ਉਹ ਸਵੇਰੇ ਹੋਰ ਛੋਟੇ-ਮੋਟੇ ਕੰਮ ਕਰਦੇ ਹਨ, ਜਿਵੇਂ ਹਿਸਾਬ-ਕਿਤਾਬ ਕਰਨ ਦਾ ਕੰਮ ਜਾਂ ਪਰਚੀਆਂ ਵੇਚਣਾ ਆਦਿ। ਕਮਾਈ ਵਾਸਤੇ ਉਹ ਜੋ ਕੰਮ ਮਿਲ਼ਦਾ ਹੈ ਕਰ ਲੈਂਦੇ ਹਨ। "ਜਦੋਂ ਮੈਨੂੰ ਸਵੇਰੇ ਕੰਮ ਨਹੀਂ ਮਿਲ਼ਦਾ, ਤਾਂ ਮੈਂ ਹਮੇਸ਼ਾ ਇਸੇ ਰੋਬੋਟ ਦੇ ਨਾਲ਼ ਖੜ੍ਹਾ ਰਹਿੰਦਾ ਹਾਂ ਤਾਂਕਿ ਮੈਂ ਥੋੜ੍ਹੇ ਵੱਧ ਪੈਸੇ ਕਮਾ ਲਵਾਂ ਅਤੇ ਘਰ ਭੇਜ ਸਕਾਂ," ਉਹ ਕਹਿੰਦੇ ਹਨ।
ਉਦੈ ਸ਼ਾਮੀਂ 4 ਵਜੇ ਤੋਂ ਅੱਧੀ ਰਾਤ ਤੱਕ ਜੁਹੂ ਬੀਚ 'ਤੇ ਹੀ ਰੁਕਦੇ ਹਨ। ਉਨ੍ਹਾਂ ਨੂੰ ਡਰ ਹੈ ਕਿ ਕਿਸੇ ਹੋਰ ਥਾਂ ਇੰਨੀ ਦੇਰ ਤੱਕ ਰੁਕਣ ਬਦਲੇ ਉਨ੍ਹਾਂ ਨੂੰ ਜੁਰਮਾਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਮਸ਼ੀਨ ਨੂੰ ਇੱਧਰ-ਓਧਰ ਲਿਜਾਣਾ ਮੁਸ਼ਕਲ ਹੋ ਜਾਂਦਾ ਹੈ। ਹਫ਼ਤੇ ਦੇ ਅੰਤਲੇ ਦਿਨੀਂ ਕਮਾਈ ਥੋੜ੍ਹੀ ਬਿਹਤਰ ਹੋ ਜਾਂਦੀ ਹੈ, ਜਦੋਂ ਉਨ੍ਹਾਂ ਕੋਲ਼ ਆਮ ਦਿਨਾਂ ਨਾਲ਼ੋਂ ਚੰਗੀ ਗਿਣਤੀ ਵਿੱਚ ਗਾਹਕ ਆਉਂਦੇ ਹਨ। ਚੰਗੀ ਕਮਾਈ ਦੇ ਦਿਨਾਂ ਵਿੱਚ ਉਹ 300-500 ਰੁਪਏ ਤੱਕ ਦਿਹਾੜੀ ਬਣਾ ਲੈਂਦੇ ਹਨ। ਕੁੱਲ ਮਿਲਾ ਕੇ ਉਹ ਮਹੀਨੇ ਦੇ 7,000-10,000 ਰੁਪਏ ਕਮਾ ਲੈਂਦੇ ਹਨ।


ਉਦੈ ਕੁਮਾਰ ਨੂੰ ਇਹ ਮਸ਼ੀਨ ਆਪਣੇ ਚਾਚੇ ਤੋਂ ਵਿਰਾਸਤ ਵਿੱਚ ਮਿਲੀ ਸੀ। ਇਸ ਮਸ਼ੀਨ ਤੇ ਮੁੰ ਬਈ ਦੇ ਆਕਰਸ਼ਣ ਨੇ ਉਨ੍ਹਾਂ ਨੂੰ ਇਸ ਸ਼ਹਿਰ ਆਉਣ ਲਈ ਮਜ਼ਬੂਰ ਕੀਤਾ, ਜਦੋਂ ਉਹ ਕਿਸ਼ੋਰ ਉਮਰ ਦੇ ਸਨ
"ਪਿੰਡ ਦੇ ਲੋਕ ਜੋਤਸ਼ੀਆਂ 'ਤੇ ਭਰੋਸਾ ਕਰਦੇ ਹਨ ਮਸ਼ੀਨਾਂ 'ਤੇ ਨਹੀਂ। ਇਸ ਲਈ ਪਿੰਡ ਵਿੱਚ ਕੋਈ ਚੰਗੀ ਕਮਾਈ ਨਹੀਂ ਹੈ," ਉਦੈ ਕਹਿੰਦੇ ਹਨ। ਇਸੇ ਕਾਰਨ ਉਹ ਪਿੰਡ ਵਿੱਚ ਆਪਣੇ ਸਾਥੀ ਬਿਹਾਰੀਆਂ ਨੂੰ ਮਸ਼ੀਨ ਦੀ ਰਹੱਸਮਈ ਸ਼ਕਤੀ ਬਾਰੇ ਯਕੀਨ ਦਿਵਾਉਣ ਵਿੱਚ ਨਾਕਾਮ ਹੀ ਰਹੇ। ਉਹ ਇਸ ਗੱਲ ਨੂੰ ਮੰਨਦੇ ਹਨ ਕਿ ਇਸ ਕੰਮ ਲਈ ਮੁੰਬਈ ਸਹੀ ਜਗ੍ਹਾ ਹੈ, ਜਦੋਂਕਿ ਬੀਚ 'ਤੇ ਘੁੰਮਣ ਆਉਣ ਵਾਲ਼ੇ ਲੋਕਾਂ ਲਈ ਭਵਿੱਖ ਦੱਸਣ ਵਾਲ਼ੀ ਇਹ ਮਸ਼ੀਨ ਮਨੋਰੰਜਨ ਦਾ ਮਾਧਿਅਮ ਹੈ, ਤੇ ਇਹਦੀ ਭਰੋਸੇਯੋਗਤਾ ਉਨ੍ਹਾਂ ਲਈ ਸ਼ੱਕੀ ਜ਼ਰੂਰ ਹੈ।
"ਕੁਝ ਲੋਕ ਇਸ ਰੋਬੋਟ ਦਾ ਮਜ਼ਾ ਲੈਂਦੇ ਹਨ ਤੇ ਇਸ 'ਤੇ ਹੱਸਦੇ ਹਨ; ਕੁਝ ਲੋਕ ਹੈਰਾਨ ਰਹਿ ਜਾਂਦੇ ਹਨ। ਹਾਲ-ਫਿਲਹਾਲ ਜਦੋਂ ਆਪਣੇ ਇੱਕ ਦੋਸਤ ਦੇ ਕਹਿਣ 'ਤੇ ਇੱਕ ਆਦਮੀ ਨੇ ਇਸ ਮਸ਼ੀਨ ਨੂੰ ਅਜ਼ਮਾਇਆ ਤਾਂ ਪਹਿਲਾਂ ਤਾਂ ਉਸਨੂੰ ਇਹਦੇ 'ਤੇ ਯਕੀਨ ਨਾ ਆਇਆ, ਪਰ ਬਾਅਦ ਵਿੱਚ ਉਹ ਇਸ ਮਸ਼ੀਨ ਤੋਂ ਪ੍ਰਭਾਵਤ ਹੋਏ ਬਗ਼ੈਰ ਰਹਿ ਨਾ ਸਕਿਆ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਰੋਬੋਟ ਨੂੰ ਇਹ ਗੱਲ ਪਤਾ ਸੀ ਕਿ ਮੈਨੂੰ ਪੇਟ ਨਾਲ਼ ਸਬੰਧਤ ਸ਼ਿਕਾਇਤਾਂ ਸਨ ਤੇ ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ। ਅਜਿਹੀਆਂ ਹੀ ਗੱਲਾਂ ਪਹਿਲਾਂ ਮੈਨੂੰ ਕਈ ਜਣੇ ਕਹਿ ਵੀ ਚੁੱਕੇ ਹਨ,'' ਉਦੈ ਕਹਿੰਦੇ ਹਨ। ''ਇਹ ਲੋਕਾਂ 'ਤੇ ਹੈ ਕਿ ਉਹ ਇਨ੍ਹਾਂ ਚੀਜ਼ਾਂ 'ਤੇ ਕਿੰਨਾ ਕੁ ਯਕੀਨ ਕਰਦੇ ਹਨ।''
"ਇਸ ਮਸ਼ੀਨ ਨੇ ਮੈਨੂੰ ਕਦੇ ਧੋਖਾ ਨਹੀਂ ਦਿੱਤਾ," ਉਦੈ ਮਸ਼ੀਨ ਦੇ ਕੰਮ ਕਰਨ ਦੇ ਤਰੀਕੇ ਨੂੰ ਲੈ ਕੇ ਮਾਣ ਨਾਲ਼ ਕਹਿੰਦੇ ਹਨ।
ਕੀ ਇਹ ਕਦੇ ਅਚਾਨਕ ਬੰਦ ਨਹੀਂ ਹੋਈ?
ਉਦੈ ਨੇ ਦੱਸਿਆ ਕਿ ਖਰਾਬ ਹੋਣ ਦੀ ਸੂਰਤ ਵਿੱਚ ਤਾਰਾਂ ਨੂੰ ਠੀਕ ਕਰਨ ਲਈ ਕਸਬੇ ਵਿੱਚ ਇੱਕ ਮਕੈਨਿਕ ਹੈ।
"ਮੈਂ ਇਹਦੀ ਕਹੀ ਹਰ ਗੱਲ 'ਤੇ ਯਕੀਨ ਕਰਦਾ ਹਾਂ। ਇਹ ਮੇਰੀ ਉਮੀਦ ਨੂੰ ਜਿਉਂਦੇ ਰੱਖਦੀ ਹੈ ਕਿ ਮੈਨੂੰ ਆਪਣਾ ਕੰਮ ਜਾਰੀ ਰੱਖਣਾ ਚਾਹੀਦਾ ਹੈ," ਉਦੈ ਕਹਿੰਦੇ ਹਨ। ਉਹ ਖ਼ੁਦ ਵੀ ਆਪਣੇ ਜੀਵਨ ਬਾਰੇ ਮਸ਼ੀਨ ਵੱਲ਼ੋਂ ਕੀਤੇ ਖ਼ੁਲਾਸਿਆਂ ਨੂੰ ਬੇਪਰਤ ਕਰਨ ਤੋਂ ਝਿਜਕਦੇ ਨਹੀਂ। "ਇਸ ਮਸ਼ੀਨ ਦੇ ਅੰਦਰ ਕੋਈ ਜਾਦੂ ਹੈ। ਇਹੀ ਕਾਰਨ ਹੈ ਕਿ ਮੈਂ ਹਮੇਸ਼ਾਂ ਇਸ ਬਾਰੇ ਉਤਸੁਕ ਰਹਿੰਦਾ ਹਾਂ ਕਿ ਮਸ਼ੀਨ ਮੇਰੇ ਬਾਰੇ ਕੀ ਕਹਿੰਦੀ ਹੈ। ਮੈਂ ਤੁਹਾਨੂੰ ਇਸ 'ਤੇ ਵਿਸ਼ਵਾਸ ਕਰਨ ਲਈ ਨਹੀਂ ਕਹਾਂਗਾ। ਤੁਸੀਂ ਖ਼ੁਦ ਸੁਣੋ ਤੇ ਫ਼ੈਸਲਾ ਕਰੋ," ਉਹ ਹੱਸਦੇ ਹੋਏ ਕਹਿੰਦੇ ਹਨ।

ਭਵਿੱਖਬਾਣੀ ਕਰਨ ਵਾਲ਼ੀ ਮਸ਼ੀਨ ਲੋਕਾਂ ਲਈ ਮਨੋਰੰਜਨ ਦਾ ਸਰੋਤ ਹੈ ਅਤੇ ਕਈ ਵਾਰ ਸ਼ੱਕ ਦੀ ਨਜ਼ਰ ਨਾਲ ਵੇਖੀ ਜਾਂਦੀ ਹੈ

' ਪਿੰਡ ਦੇ ਲੋਕ ਜੋਤਸ਼ੀਆਂ ' ਤੇ ਭਰੋਸਾ ਕਰਦੇ ਹਨ ਮਸ਼ੀਨਾਂ ' ਤੇ ਨਹੀਂ , ਇਸ ਲਈ ਪਿੰਡ ਵਿੱਚ ਉਹ ਚੰਗੀ ਕਮਾਈ ਨਹੀਂ ਪਾਉਣਗੇ ' ਉਦੈ ਕਹਿੰਦੇ ਹਨ। ਇਸ ਕੰਮ ਲਈ ਮੁੰਬਈ ਠੀਕ ਜਗ੍ਹਾ ਹੈ

ਉਦੈ ਦਾ ਕਹਿਣਾ ਹੈ ਕਿ ਮਸ਼ੀਨ ਜੋ ਕਹਿੰਦੀ ਹੈ ਉਹ ਕੁਝ ਲੋਕਾਂ ਨੂੰ ਮਜ਼ਾਕੀਆ ਲੱਗ ਸਕਦਾ ਹੈ , ਕੋਈ ਇਸ ' ਤੇ ਹੱਸ ਸਕਦਾ ਹੈ , ਪਰ ਉਨ੍ਹਾਂ ਬਾਰੇ ਮਸ਼ੀਨ ਕਦੇ ਕੁਝ ਗ਼ਲਤ ਨਹੀਂ ਦੱਸਦੀ

ਇਕੱਲੇ ਇਸੇ ਕੰਮ ' ਤੇ ਨਿਰਭਰ ਰਹਿ ਕੇ ਰੋਟੀ ਨਹੀਂ ਕਮਾਈ ਜਾ ਸਕਦੀ , ਉਦੈ ਸਵੇਰੇ ਹੋਰ ਛੋਟੇ-ਮੋਟੇ ਕੰਮ ਕਰਦੇ ਹਨ ਅਤੇ ਬਾਅਦ ਵਿੱਚ ਸ਼ਾਮ ਨੂੰ ਸਮੁੰਦਰ ਕੰਢੇ ਚਲੇ ਜਾਂਦੇ ਹਨ

30 ਰੁਪਏ ਦੇ ਕੇ ਇੱਕ ਗਾਹਕ ਆਪਣੇ ਭਵਿੱਖ ਬਾਰੇ ਸੁਣਦਾ ਹੋਇਆ

ਕੋਵਿਡ - 19 ਮਹਾਂਮਾਰੀ ਦੌਰਾਨ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਪਰ ਫਿਰ ਵੀ ਉਨ੍ਹਾਂ ਨੇ ਆਪਣਾ ਕਾਰੋਬਾਰ ਜਾਰੀ ਰੱਖਿਆ ਹੈ

ਉਦੈ ਨੂੰ ਇਸ ਮਸ਼ੀਨ ਦੁਆਰਾ ਆਪਣੇ ਬਾਰੇ ਕੀਤੀ ਭਵਿੱਖਬਾਣੀ ਬੜੀ ਤਸੱਲੀ ਦਿੰਦੀ ਹੈ। ਉਹ ਕਹਿੰਦੇ ਹਨ, ' ਮੈਨੂੰ ਇਸ ' ਤੇ ਮੁਕੰਮਲ ਇਤਬਾਰ ਹੈ '
ਤਰਜਮਾ: ਕਮਲਜੀਤ ਕੌਰ