ਚੰਗੀ ਤਰ੍ਹਾਂ ਬੁਣੀ ਕਮਲਕੋਸ਼ ਚਟਾਈ ਨੂੰ ਵਿਰਲੀ-ਟਾਂਵੀਂ ਅੱਖ ਹੀ ਪਛਾਣ ਸਕਦੀ।
ਇਹਨੂੰ ਬੁਣਨ ਵਾਲ਼ੇ ਵੀ ਵਿਰਲੇ-ਟਾਂਵੇਂ ਹੀ ਬਚੇ ਹਨ।
ਪੱਛਮੀ ਬੰਗਾਲ ਦੇ ਬਿਹਾਰ ਜ਼ਿਲ੍ਹੇ ਵਿੱਚ ਬਣੇ ਇਹ ਵਿਸਤ੍ਰਿਤ ਬਾਂਸ ਚਟਾਈ ਸਟਾਰਚ ਬਾਂਸ ਦੀ ਵਰਤੋਂ ਕਰਕੇ ਬੁਣੇ ਗਏ ਹਨ। ਇਨ੍ਹਾਂ ਚਟਾਈਆਂ ਦੀਆਂ ਸਭਿਆਚਾਰਕ ਵਿਸ਼ੇਸ਼ਤਾਵਾਂ ਇਨ੍ਹਾਂ ਨੂੰ ਹੋਰ ਚਟਾਈਆਂ ਨਾਲ਼ੋਂ ਵੱਖਰਾ ਬਣਾਉਂਦੀਆਂ ਹਨ।
"ਰਵਾਇਤੀ ਕਮਲਕੋਸ਼ ਨੂੰ ਕੋਲਾ ਗੌਚ [ਕੇਲੇ ਦੇ ਪੌਦਾ], ਮਯੂਰ [ਮੋਰ], ਮੰਗਲ ਘਾਟ [ਕਲਸ਼ ਵਿਚਲੇ ਨਾਰੀਅਲ], ਸਵਾਸਤਿਕ (ਤੰਦਰੁਸਤੀ ਦਾ ਪ੍ਰਤੀਕ) ਵਰਗੇ ਸ਼ੁਭ ਤੱਤਾਂ ਨਾਲ਼ ਸਜਾਇਆ ਜਾਂਦਾ ਹੈ," ਪ੍ਰਭਾਤੀ ਧਰ ਕਹਿੰਦੀ ਹਨ।
ਪ੍ਰਭਾਤੀ ਉਨ੍ਹਾਂ ਮੁੱਠੀ ਭਰ ਕਮਲਕੋਸ਼ ਬੁਣਕਰਾਂ ਵਿੱਚੋਂ ਇੱਕ ਹਨ ਜੋ ਇਨ੍ਹਾਂ ਨੂੰ ਬੁਣ ਕੇ ਚਟਾਈ ਬਣਾ ਸਕਦੇ ਹਨ। ਪ੍ਰਭਾਤੀ ਨੇ 10 ਸਾਲ ਦੀ ਉਮਰ ਤੋਂ ਹੀ ਬੁਣਨਾ ਸ਼ੁਰੂ ਕਰ ਦਿੱਤਾ ਸੀ। "ਇਸ ਪਿੰਡ [ਘੇਗਿਰਘਾਟ ਪਿੰਡ] ਵਿੱਚ ਹਰ ਕੋਈ ਛੋਟੀ ਉਮਰ ਤੋਂ ਹੀ ਚਟਾਈ ਬੁਣਨਾ ਸ਼ੁਰੂ ਕਰ ਦਿੰਦਾ ਹੈ," 36 ਸਾਲਾ ਧਰ ਕਹਿੰਦੀ ਹਨ। "ਮੇਰੀ ਮਾਂ ਪੂਰਾ-ਸੂਰਾ ਕਮਲਕੋਸ਼ ਤਾਂ ਨਹੀਂ ਸੀ ਬੁਣ ਪਾਉਂਦੀ, ਪਰ ਪਿਤਾ ਜੀ ਨੂੰ ਡਿਜ਼ਾਈਨ ਦੀ ਚੰਗੀ ਸਮਝ ਸੀ ਅਤੇ ਉਹ ਚੰਗੀ ਤਰ੍ਹਾਂ ਸਮਝਾਇਆ ਕਰਦੇ ਕਿ 'ਇਸ ਡਿਜ਼ਾਈਨ ਨੂੰ ਇੰਝ ਬੁਣਨ ਦੀ ਕੋਸ਼ਿਸ਼ ਕਰੋ'। ਹਾਲਾਂਕਿ ਉਹ ਖ਼ੁਦ ਬੁਣ ਨਹੀਂ ਸਨ ਸਕਦੇ। ਪ੍ਰਭਾਤੀ ਦਾ ਮੰਨਣਾ ਹੈ ਕਿ ਪਿਤਾ ਦੇ ਇੰਝ ਖੋਲ੍ਹ ਕੇ ਸਮਝਾਉਣ ਦੇ ਤਰੀਕੇ ਤੋਂ ਉਨ੍ਹਾਂ ਨੂੰ ਸਿੱਖਣ ਵਿੱਚ ਬਹੁਤ ਮਦਦ ਮਿਲ਼ੀ।
ਅਸੀਂ ਘੇਗਿਰਘਾਟ ਵਿਖੇ ਸਥਿਤ ਪ੍ਰਭਾਤੀ ਦੇ ਘਰ ਦੇ ਬਰਾਂਡੇ 'ਤੇ ਬੈਠੇ ਹਾਂ। ਇੱਥੇ ਲੋਕ ਆਮ ਤੌਰ 'ਤੇ ਆਪਣੇ ਕੰਮ ਲਈ ਇੱਕ ਬੰਦ ਵਿਹੜੇ ਦੀ ਚੋਣ ਕਰਦੇ ਹਨ। ਪ੍ਰਭਾਤੀ ਦਾ ਪਰਿਵਾਰ ਉਨ੍ਹਾਂ ਦੇ ਦੁਆਲ਼ੇ ਬੈਠਾ ਹੋਇਆ ਹੈ ਤੇ ਬੁਣਾਈ ਨਾਲ਼ ਜੁੜੇ ਵੱਖ-ਵੱਖ ਕੰਮਾਂ ਵਿੱਚ ਪ੍ਰਭਾਤੀ ਦੀ ਮਦਦ ਕਰ ਰਿਹਾ ਹੈ। ਬੇਂਤ ਦੀਆਂ ਕਾਤਰਾਂ ਨਾਲ਼ ਇੰਝ ਵੰਨ-ਸੁਵੰਨੇ ਨਮੂਨੇ ਪਾਉਣ ਦਾ ਹੁਨਰ ਸਿਰਫ਼ ਤੇ ਸਿਰਫ਼ ਉਨ੍ਹਾਂ ਕੋਲ਼ ਹੀ ਹੈ। "ਇਹਦੀ ਬੁਣਾਈ ਦਾ ਤਰੀਕਾ ਸਾਡੇ ਅਵਚੇਨਤ ਮਨ ਵਿੱਚ ਆਦਤ ਬਣ ਸ਼ੁਮਾਰ ਹੋ ਜਾਂਦਾ ਹੈ," ਉਹ ਆਪਣੀ ਡਿਜ਼ਾਈਨ ਪ੍ਰਕਿਰਿਆ ਬਾਰੇ ਕਹਿੰਦੀ ਹਨ।


ਪ੍ਰਭਾਤੀ ਧਰ ਉਨ੍ਹਾਂ ਮੁੱਠੀ ਭਰ ਲੋਕਾਂ ਵਿੱਚੋਂ ਇੱਕ ਹਨ ਜੋ ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਵਿੱਚ ਕਮਲਕੋਸ਼ ਦੀ ਬੁਣਾਈ ਦੀ ਸਲਾਹੀਅਤ ਰੱਖਦੇ ਹਨ। ਉਹ ਅਤੇ ਉਨ੍ਹਾਂ ਦਾ ਪਰਿਵਾਰ ਘੇਗਿਰਘਾਟ ਪਿੰਡ ਵਿੱਚ ਆਪਣੇ ਘਰ ਦੇ ਬਰਾਂਡੇ ਅਤੇ ਵਿਹੜੇ ਵਿੱਚ ਬੈਂਤ ਦੀਆਂ ਚਟਾਈਆਂ ਬੁਣਨ ਦਾ ਕੰਮ ਕਰਦੇ ਹਨ

ਪ੍ਰਭਾਤੀ ਅਤੇ ਉਨ੍ਹਾਂ ਦੇ ਪਤੀ, ਮਨੋਰੰਜਨ ਦੁਆਰਾ ਤਿਆਰ ਇੱਕ ਚਟਾਈ
ਕ੍ਰਿਸ਼ਨ ਚੰਦਰ ਭੌਮਿਕ ਗੁਆਂਢੀ ਢਾਲੀਆਬਾੜੀ ਕਸਬੇ ਦੇ ਇੱਕ ਵਪਾਰੀ ਹਨ ਜੋ ਅਕਸਰ ਪ੍ਰਭਾਤੀ ਤੋਂ ਕਮਲਕੋਸ਼ ਖਰੀਦਦੇ ਹਨ। " ਕਮਲਕੋਸ਼ ਹੋਲੋ ਏਕਤੀ ਸ਼ੌਕੀਨ ਜਿਨੇਸ਼। (ਕਮਲਕੋਸ਼ ਅਜਿਹੀ ਵਸਤੂ ਹੈ ਜਿਹਦੀ ਕਦਰ ਇੱਕ ਪਾਰਖੀ ਨੂੰ ਹੀ ਹੋ ਸਕਦੀ ਹੈ।) ਜਿਵੇਂ ਇੱਕ ਚੰਗੀ ਪੱਤੀ ਦੀ ਪਛਾਣ ਵੀ ਇੱਕ ਬੰਗਾਲੀ ਨੂੰ ਹੀ ਹੋ ਸਕਦੀ ਹੈ। ਇਸੇ ਲਈ ਤਾਂ ਉਹ ਇਨ੍ਹਾਂ ਹਾਈ-ਐਂਡ-ਮੈਂਟਾਂ ਦੇ ਸਭ ਤੋਂ ਵੱਡੇ ਖ਼ਰੀਦਦਾਰ ਹਨ," ਉਨ੍ਹਾਂ ਪਾਰੀ ਨੂੰ ਦੱਸਿਆ।
ਧਰ ਪਰਿਵਾਰ ਘੇਗਿਰਘਾਟ ਪਿੰਡ ਵਿੱਚ ਰਹਿੰਦਾ ਹੈ, ਅਜਿਹਾ ਪਿੰਡ ਜਿੱਥੇ ਵੱਡੀ ਅਬਾਦੀ ਬੁਣਕਰਾਂ ਦੀ ਹੈ, ਅਸਲ ਵਿੱਚ ਪੂਰਾ ਕੂਚ ਬਿਹਾਰ-1 ਬਲਾਕ ਬੁਣਕਰਾਂ ਦਾ ਗੜ੍ਹ ਹੈ। ਇਹ ਪਾਤੀ ਬੁਣਕਰ ਮੂਲ਼ ਬੰਗਲਾਦੇਸੀ ਹਨ, ਜਿਨ੍ਹਾਂ ਵਿੱਚੋਂ ਹਰੇਕ ਦੀ ਵੱਖਰੀ ਸ਼ੈਲੀ ਅਤੇ ਸ਼ਿਲਪਕਾਰੀ ਹੈ ਜੋ ਉਨ੍ਹਾਂ ਦੀਆਂ ਜੜ੍ਹਾਂ ਨੂੰ ਦਰਸਾਉਂਦੀ ਹੈ। ਪਰ ਇਹ ਵੱਖਰੀ ਕਹਾਣੀ ਹੈ ਜੋ ਛੇਤੀ ਆਵੇਗੀ।
ਚਟਾਈਆਂ ਦੀ ਇਸ ਬੁਣਾਈ ਨੂੰ ਮੋਟੇ ਤੌਰ 'ਤੇ ਪਾਤੀ ਬੁਣਾਈ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ, ਜਿਸ ਵਿੱਚ ਮੋਟਾ ਪਾਤੀ (ਕੱਚੀ/ਅਧੂਰੀ ਚਟਾਈ) ਤੋਂ ਲੈ ਕੇ ਬਿਹਤਰੀਨ ਤੇ ਦੁਰਲੱਭ ਕਮਲਕੋਸ਼ ਤੱਕ ਕਈ ਪੜ੍ਹਾਅ ਸ਼ਾਮਲ ਹੁੰਦੇ ਹਨ। ਇਸ ਲਈ ਵਰਤਿਆ ਜਾਣ ਵਾਲਾ ਬੈਂਤ ( ਸਕੁਮਾਨੀਅਨਥਸ ਡਾਈਕੋਟੋਮਸ ) ਇੱਕ ਦੇਸੀ ਨਸਲ ਹੈ ਜੋ ਪੱਛਮੀ ਬੰਗਾਲ ਦੇ ਕੂਚ ਬਿਹਾਰ ਖੇਤਰ ਵਿੱਚ ਪਾਈ ਜਾਂਦੀ ਹੈ।
ਕਮਲਕੋਸ਼ ਚਟਾਈ ਬਣਾਉਣ ਲਈ ਬੈਂਤ ਦੀ ਬਾਹਰੀ ਪਰਤ ਨੂੰ ਬੜੇ ਧਿਆਨ ਨਾਲ਼ ਪਤਲੀਆਂ-ਪਤਲੀਆਂ ਪਾਤੀਆਂ ਵਿੱਚ ਕੱਟਿਆ ਜਾਂਦਾ ਹੈ, ਜਿਹਨੂੰ ਬੇਤ ਕਿਹਾ ਜਾਂਦਾ ਹੈ। ਇਨ੍ਹਾਂ ਪਾਤੀਆਂ ਨੂੰ ਵਾਧੂ ਚਮਕ ਦੇਣ ਤੇ ਰੰਗ ਚਿੱਟਾ ਕਰਨ ਵਾਸਤੇ ਸਟਾਰਚ ਦੇ ਘੋਲ਼ ਵਿੱਚ ਉਬਾਲ਼ਿਆ ਜਾਂਦਾ ਹੈ। ਇਹ ਪ੍ਰਕਿਰਿਆ ਬੈਂਤ ਨੂੰ ਬਿਹਤਰ ਤਰੀਕੇ ਨਾਲ਼ ਰੰਗਣ ਵਿੱਚ ਮਦਦ ਕਰਦੀ ਹੈ।
ਇਹ ਮਹੱਤਵਪੂਰਨ ਤਿਆਰੀ ਦਾ ਕੰਮ ਉਨ੍ਹਾਂ ਦੇ ਪਤੀ ਮਨੋਰੰਜਨ ਧਰ ਦੁਆਰਾ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਵਿਆਹ ਤੋਂ ਬਾਅਦ ਦਾ ਉਹ ਵੇਲ਼ਾ ਯਾਦ ਹੈ, ਜਦੋਂ ਇਸ ਛੋਟੀ ਉਮਰ ਦੀ ਦੁਲਹਨ ਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਢੁੱਕਵਾਂ ਕੱਚਾ ਮਾਲ਼ ਮਿਲ਼ ਜਾਵੇ ਤਾਂ ਉਹ ਵਧੀਆ-ਵਧੀਆ ਚਟਾਈਆਂ ਬਣਾ ਸਕਦੀ ਹੈ ਤੇ "ਫਿਰ ਸਮੇਂ ਦੇ ਨਾਲ਼ ਮੇਰੇ ਪਤੀ ਨੇ ਬੈਂਤ ਦੀਆਂ ਪਤਲੀਆਂ-ਪਤਲੀਆਂ ਕਾਤਰਾਂ ਕੱਟਣੀਆਂ ਸਿੱਖ ਲਈਆਂ।''


ਖੱਬੇ: ਪ੍ਰਭਾਤੀ ਦੇ ਰੰਗਾਈ ਸ਼ੈੱਡ ਦੇ ਨਾਲ਼ ਕਰਕੇ ਨਵੀਂ ਬਣੀਂ ਸੀਤਲਪਾਤੀ ਰੱਖੀ ਗਈ ਹੈ। ਇਸ ਦੇ ਐਨ ਨਾਲ਼ ਕਰਕੇ ਤਾਜ਼ੇ ਵੱਢੇ ਬੈਂਤਾਂ ਦਾ ਬੰਡਲ ਪਿਆ ਹੈ ਜਿਨ੍ਹਾਂ ਨੂੰ 'ਪਤੀਬੇਤ' ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਵਰਤੋਂ ਚਟਾਈ ਬੁਣਨ ਲਈ ਕੀਤੀ ਜਾਂਦੀ ਹੈ। ਸੱਜੇ: ਉਬਾਲ਼ਣ ਅਤੇ ਰੰਗਣ ਦੀਆਂ ਪ੍ਰਕਿਰਿਆਵਾਂ ਲਈ ਬੈਂਤ ਦੀਆਂ ਪਾਤੀਆਂ ਨੂੰ ਇੱਕ ਖਾਸ ਢੰਗ ਨਾਲ਼ ਬੰਨ੍ਹਿਆ ਜਾਂਦਾ ਹੋਇਆ


ਪ੍ਰਭਾਤੀ ਕਮਲਕੋਸ਼ ਲਈ ਬੈਂਤ ਦੀਆਂ ਪਾਤੀਆਂ ਨੂੰ ਮਨ ਚਾਹਾ ਰੰਗਦੀ ਹਨ (ਖੱਬੇ) ਤੇ ਫਿਰ ਉਨ੍ਹਾਂ ਨੂੰ ਸੁੱਕਣ ਲਈ ਰੱਖ ਦਿੰਦੀ ਹਨ (ਸੱਜੇ)
ਜਦੋਂ ਪ੍ਰਭਾਤੀ ਸਾਡੇ ਨਾਲ਼ ਗੱਲ ਕਰ ਰਹੀ ਹੁੰਦੀ, ਤਾਂ ਅਸੀਂ ਉਨ੍ਹਾਂ ਦੇ ਹੱਥਾਂ ਨੂੰ ਵੇਖਦੇ ਜਾਂਦੇ। ਉਨ੍ਹਾਂ ਦੀਆਂ ਛੋਹਲੀਆਂ ਉਂਗਲਾਂ ਵਿੱਚੋਂ ਦੀ ਸਰਕਦੇ ਜਾਂਦੇ ਬੈਂਤ ਦੀਆਂ ਪਾਤੀਆਂ ਦੀ ਆਵਾਜ਼ ਹੀ ਸੁਣੀ ਜਾ ਸਕਦੀ ਸੀ। ਘਰ ਦੇ ਨਾਲ਼ ਲੱਗਦਾ ਗੁਆਂਢ ਬੜਾ ਖਾਮੋਸ਼ ਹੈ ਤੇ ਕਦੇ-ਕਦਾਈਂ ਕਿਸੇ ਲੰਘਦੇ ਵਾਹਨ ਦੀ ਅਵਾਜ਼ ਸੁਣਾਈ ਦਿੰਦੀ ਹੈ। ਘਰ ਸੁਪਾਰੀ ਅਤੇ ਕੇਲੇ ਦੇ ਪੌਦਿਆਂ ਨਾਲ਼ ਘਿਰਿਆ ਹੋਇਆ ਹੈ। ਘਰ ਤੋਂ ਸੱਤ ਫੁੱਟ ਉੱਚਾ ਬੈਂਤ ਗਾਰਡਨ ਵੀ ਦੇਖਿਆ ਜਾ ਸਕਦਾ ਹੈ।
ਇਹ ਹੁਨਰਮੰਦ ਕਾਰੀਗਰ ਚਟਾਈ ਬੁਣਨ ਵੇਲੇ ਰਵਾਇਤੀ ਹੱਥ ਮਾਪਾਂ ਦੀ ਵਰਤੋਂ ਕਰਦਾ ਹੈ। ' ਏਕ ਹੱਥ ' ਦਾ ਮਤਲਬ ਹੈ 18 ਇੰਚ। ਚਟਾਈ, ਜੋ ਢਾਈ ਹੱਥ ਚੌੜੀ ਅਤੇ ਚਾਰ ਹੱਥ ਲੰਬੀ ਹੁੰਦੀ ਹੈ, ਲਗਭਗ ਚਾਰ ਫੁੱਟ ਚੌੜੀ ਤੇ ਛੇ ਫੁੱਟ ਲੰਬੀ ਹੁੰਦੀ ਹੈ।
ਪ੍ਰਭਾਤੀ ਨੇ ਸਾਨੂੰ ਆਪਣੇ ਮੋਬਾਈਲ 'ਤੇ ਫੋਟੋਆਂ ਦਿਖਾਉਣ ਲਈ ਆਪਣਾ ਕੰਮ ਬੰਦ ਕਰ ਦਿੱਤਾ। ਉਨ੍ਹਾਂ ਨੇ ਸਾਨੂੰ ਇਸ ਵਿੱਚ ਕਮਲਕੋਸ਼ ਦੀਆਂ ਕੁਝ ਤਸਵੀਰਾਂ ਦਿਖਾਈਆਂ। "ਕਮਲਕੋਸ਼ ਚਟਾਈ ਉਦੋਂ ਹੀ ਬਣਾਏ ਜਾਂਦੇ ਹਨ ਜਦੋਂ ਮੰਗ ਹੁੰਦੀ ਹੈ। ਅਸੀਂ ਉਦੋਂ ਬੁਣਦੇ ਹਾਂ ਜਦੋਂ ਸਥਾਨਕ ਵਪਾਰੀ ਮੰਗ ਕਰਦੇ ਹਨ। ਤੁਹਾਨੂੰ ਇਹ ਵਿਸ਼ੇਸ਼ ਚਟਾਈ ਹਾਟ [ਹਫਤਾਵਾਰੀ ਬਾਜ਼ਾਰ] ਵਿੱਚ ਨਹੀਂ ਮਿਲ਼ਣਗੇ।
ਕਮਲਕੋਸ਼ ਚਟਾਈ ਵਿੱਚ ਨਾਵਾਂ ਤੇ ਤਰੀਕਾਂ ਨੂੰ ਬੁਣਨ ਦਾ ਇੱਕ ਵੱਖਰਾ ਰੁਝਾਨ ਸਾਹਮਣੇ ਆਇਆ ਹੈ। "ਵਿਆਹ ਵਾਸਤੇ ਚਟਾਈਆਂ ਬੁਣਵਾਉਣ ਲਈ ਸਾਨੂੰ ਲਾੜਾ-ਲਾੜੀ ਦਾ ਨਾਮ ਦੱਸੇ ਜਾਂਦੇ ਹਨ ਤੇ ਅਸੀਂ ਇਨ੍ਹਾਂ ਨਾਵਾਂ ਨੂੰ ਚਟਾਈ 'ਤੇ ਪਾ ਦਿੰਦੇ ਹਾਂ। ' ਸ਼ੁਭੋ ਬਿਜੋਏ ' ਵਰਗੇ ਸ਼ਬਦਾਂ ਦੀ ਵੀ ਮੰਗ ਕੀਤੀ ਜਾਂਦੀ ਹੈ, ਜਿਸ ਦੀ ਵਰਤੋਂ ਵਿਜੈ-ਦਸ਼ਮੀ 'ਤੇ ਲੋਕਾਂ ਨੂੰ ਵਧਾਈ ਦੇਣ ਲਈ ਕੀਤੀ ਜਾਂਦੀ ਹੈ। ਅਜਿਹੀਆਂ ਚਟਾਈਆਂ ਵਿਆਹਾਂ, ਤਿਉਹਾਰਾਂ ਆਦਿ ਵਰਗੇ ਸ਼ੁਭ ਮੌਕਿਆਂ 'ਤੇ ਖਰੀਦੀਆਂ ਜਾਂਦੀਆਂ ਹਨ। ਪ੍ਰਭਾਤੀ ਕਹਿੰਦੀ ਹੈ, "ਚਟਾਈਆਂ ਵਿੱਚ ਬੰਗਾਲੀ ਅੱਖਰਾਂ ਨਾਲ਼ੋਂ ਅੰਗਰੇਜ਼ੀ ਅੱਖਰ ਬੁਣਨਾ ਸੌਖਾ ਹੈ।'' ਚਟਾਈ 'ਤੇ ਬੰਗਾਲੀ ਵਰਣਮਾਲਾ ਦੇ ਤਿੱਖੇ ਮੋੜਾਂ-ਘੋੜਾਂ ਨੂੰ ਖਿੱਚਣਾ ਇੱਕ ਚੁਣੌਤੀਪੂਰਨ ਕੰਮ ਹੈ।


ਵਿਆਹ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ, ਜੋੜੇ ਨੂੰ ਮੋਰ ਦੀ ਤਸਵੀਰ ਵਾਲ਼ੀ ਇੱਕ ਚਟਾਈ ਤੋਹਫ਼ੇ ਵਜੋਂ ਦਿੱਤੀ ਜਾਂਦੀ ਹੈ

ਕੂਚ ਬਿਹਾਰ ਦੇ ਘੁਗੂਮਾਰੀ ਦੇ ਪਾਤੀ ਮਿਊਜ਼ੀਅਮ ਵਿੱਚ ਰੱਖਿਆ ਕਮਲਕੋਸ਼
ਕੂਚ ਬਿਹਾਰ-1 ਬਲਾਕ ਪਾਤੀ ਸ਼ਿਲਪਾ ਸਮਾਬੇ ਕਮੇਟੀ ਦੇ ਸਕੱਤਰ ਪ੍ਰਦੀਪ ਕੁਮਾਰ ਰਾਏ ਦਾ ਕਹਿਣਾ ਹੈ ਕਿ ਇਹ ਇੱਕ ਦੁਰਲੱਭ ਹੁਨਰ ਹੈ। ਉਹ ਖੁਦ ਇੱਕ ਬੁਣਕਰ ਹਨ, ਉਹ ਕਹਿੰਦੇ ਹਨ, "ਪੂਰੇ ਕੂਚ ਬਿਹਾਰ ਜ਼ਿਲ੍ਹੇ ਵਿੱਚ ਲਗਭਗ 10,000 ਚਟਾਈ ਬੁਣਕਰ ਹਨ। ਹਾਲਾਂਕਿ, ਜੇ ਤੁਸੀਂ ਇਸ ਪੂਰੇ ਇਲਾਕੇ ਨੂੰ ਗਾਹ ਮਾਰੋ ਤਾਂ ਵੀ ਤੁਹਾਨੂੰ 10-12 ਕਮਲਕੋਸ਼ ਬੁਣਕਰ ਵੀ ਮਸਾਂ ਹੀ ਮਿਲ਼ਣਗੇ।
ਇਹ ਕਮੇਟੀ 1992 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਸਮੇਂ ਇਸ ਕੋਲ਼ 300 ਬੁਣਕਰ ਹਨ। ਇਹ ਇਸ ਖੇਤਰ ਵਿੱਚ ਚਟਾਈ ਬੁਣਕਰਾਂ ਦੀ ਸਭ ਤੋਂ ਵੱਡੀ ਸਹਿਕਾਰੀ ਸਭਾ ਹੈ ਅਤੇ ਘੁਗੂਮਾਰੀ ਵਿਖੇ ਹਫ਼ਤੇ ਵਿੱਚ ਦੋ ਵਾਰੀਂ ਪਾਤੀ ਹਾਟ (ਹਫ਼ਤਾਵਾਰੀ ਚਟਾਈ ਮਾਰਕੀਟ) ਦਾ ਆਯੋਜਨ ਕਰਦੀ ਹੈ– ਜੋ ਕਿ ਕੂਚ ਬਿਹਾਰ ਖੇਤਰ ਦੀ ਅਜਿਹੀ ਇੱਕੋ ਇੱਕ ਮੰਡੀ ਹੈ ਜੋ ਚਟਾਈ ਨੂੰ ਸਮਰਪਿਤ ਹੈ। ਇਸ ਮੰਡੀ ਵਿੱਚ ਲਗਭਗ ਇੱਕ ਹਜ਼ਾਰ ਬੁਣਕਰ ਅਤੇ ਲਗਭਗ 100 ਵਪਾਰੀ ਹਿੱਸਾ ਲੈਂਦੇ ਹਨ।
ਪ੍ਰਭਾਤੀ ਇਸ ਖੇਤਰ ਦੇ ਆਖਰੀ ਕੁਝ ਕਮਲਕੋਸ਼ ਚਟਾਈ ਬੁਣਕਰਾਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ ਨੇ ਇਸ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ਼ ਲਿਆ ਹੈ। "ਮੇਰੀ ਮਾਂ ਹਰ ਰੋਜ਼ ਬੁਣਾਈ ਦਾ ਕੰਮ ਕਰਦੀ ਹੈ। ਉਹ ਇੱਕ ਦਿਨ ਵੀ ਛੁੱਟੀ ਨਹੀਂ ਲੈਂਦੀ। ਉਹ ਸਾਡੇ ਨਾਲ਼ ਉਦੋਂ ਹੀ ਆਉਂਦੀ ਹੈ ਜਦੋਂ ਅਸੀਂ ਸੈਰ ਲਈ ਜਾਣਾ ਹੋਵੇ ਜਾਂ ਫਿਰ ਦਾਦਾ ਜੀ ਦੇ ਘਰ ਜਾਣਾ ਹੋਵੇ," ਉਨ੍ਹਾਂ ਦੀ ਧੀ ਮੰਦਿਰਾ ਕਹਿੰਦੀ ਹੈ, ਜਿਹਨੇ ਇਹ ਹੁਨਰ ਆਪਣੀ ਮਾਂ ਦੇ ਕੰਮ ਨੂੰ ਦੇਖ ਕੇ ਸਿੱਖਿਆ ਹੈ ਜਦੋਂ ਉਹ ਸਿਰਫ਼ ਪੰਜ ਸਾਲ ਦੀ ਸੀ।
ਪ੍ਰਭਾਤੀ ਅਤੇ ਮਨੋਰੰਜਨ ਦੇ ਦੋ ਬੱਚੇ ਹਨ, 15 ਸਾਲਾ ਮੰਦਿਰਾ ਅਤੇ 7 ਸਾਲਾ ਪਿਯੂਸ਼ (ਪਿਆਰ ਨਾਲ਼ ਟੋਜੋ ਵਜੋਂ ਜਾਣਿਆ ਜਾਂਦਾ ਹੈ)। ਦੋਵੇਂ ਸਕੂਲ ਤੋਂ ਬਾਅਦ ਬਚਦੇ ਸਮੇਂ ਦੌਰਾਨ ਸਰਗਰਮੀ ਨਾਲ਼ ਕਲਾ ਸਿੱਖ ਰਹੀਆਂ ਹਨ। ਮੰਦਿਰਾ, ਪ੍ਰਭਾਤੀ ਦੇ ਮਾਪਿਆਂ ਨਾਲ਼ ਰਹਿੰਦੀ ਹੈ ਅਤੇ ਬੁਣਾਈ ਦੇ ਕੰਮ ਵਿੱਚ ਆਪਣੀ ਮਾਂ ਦੀ ਮਦਦ ਕਰਨ ਲਈ ਹਫ਼ਤੇ ਵਿੱਚ ਦੋ ਵਾਰ ਘਰ ਜਾਂਦੀ ਹੈ। ਥੋੜ੍ਹੀ ਕੁ ਵੱਧ ਉਤਸ਼ਾਹੀ ਟੋਜੋ ਵੀ ਇਸ ਨੂੰ ਗੰਭੀਰਤਾ ਨਾਲ਼ ਸਿੱਖ ਰਹੀ ਹੈ ਅਤੇ ਇਮਾਨਦਾਰੀ ਨਾਲ਼ ਬੁਣਾਈ ਲਈ ਬੈਂਤ ਦੀਆਂ ਪਾਤੀਆਂ ਤਿਆਰ ਕਰਦੀ ਹੈ। ਜਦੋਂ ਆਲੇ-ਦੁਆਲੇ ਦੇ ਦੋਸਤ ਕ੍ਰਿਕਟ ਖੇਡ ਰਹੇ ਹੁੰਦੇ ਹਨ, ਤਾਂ ਉਹ ਕੰਮ ਕਰ ਰਿਹਾ ਹੁੰਦਾ ਹੈ।


ਖੱਬੇ: ਮਾਂ ਪ੍ਰਭਾਤੀ ਅਤੇ ਬੇਟੀ ਮੰਦਿਰਾ ਸਵੇਰ ਦੀ ਰਸਮ ਵਜੋਂ ਇਕੱਠੇ ਬੁਣਾਈ ਕਰਦੀਆਂ ਹਨ। ਉਨ੍ਹਾਂ ਦਾ ਬੇਟਾ, ਪਿਯੂਸ਼ ਬੈਂਤ ਕੱਟ ਰਿਹਾ ਹੈ। ਇਸ ਪ੍ਰਕਿਰਿਆ ਨੂੰ ਬੇਤ ਸ਼ੋਲਾਈ ਕਿਹਾ ਜਾਂਦਾ ਹੈ। ਉਸ ਦਾ ਦੋਸਤ ਉਹਦੇ ਕੰਮ ਮੁੱਕਣ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਉਹ ਕ੍ਰਿਕਟ ਖੇਡ ਸਕਣ


ਖੱਬੇ: ਗੁਆਂਢ ਦੇ ਬੱਚੇ ਪ੍ਰਭਾਤੀ ਦੇ ਘਰ ਕਹਾਣੀ ਕਹਿੰਦੀਆਂ ਚਟਾਈਆਂ ਬੁਣਨਾ ਸਿੱਖਣ ਲਈ ਆਉਂਦੇ ਹਨ। ਗੀਤਾਂਜਲੀ ਭੌਮਿਕ, ਅੰਕਿਤਾ ਦਾਸ ਅਤੇ ਮੰਦਿਰਾ ਧਰ (ਖੱਬਿਓਂ ਸੱਜੇ) ਚਟਾਈ ਦੇ ਕਿਨਾਰੇ ਬੁਣ ਕੇ ਪ੍ਰਭਾਤੀ ਦੀ ਮਦਦ ਕਰ ਰਹੀਆਂ ਹਨ। ਸੱਜੇ: ਪ੍ਰਭਾਤੀ ਦਾ ਪਾਤੀ ਬੁਣਨ ਵਾਲ਼ਾ ਪਰਿਵਾਰ: ਪਤੀ ਮਨੋਰੰਜਨ ਧਰ, ਬੇਟਾ ਪੀਯੂਸ਼ ਧਰ; ਬੇਟੀ ਮੰਦਿਰਾ ਧਰ, ਪ੍ਰਭਾਤੀ ਧਰ ਅਤੇ ਉਨ੍ਹਾਂ ਦੀ ਗੁਆਂਢਣ ਅੰਕਿਤਾ ਦਾਸ
ਗੁਆਂਢ ਦੇ ਬੱਚੇ ਬੁਣਾਈ ਸਿੱਖਣ ਲਈ ਪ੍ਰਭਾਤੀ ਆਉਂਦੇ ਹਨ। ਉਹ ਮੰਨਦਾ ਹੈ ਕਿ ਇਹ ਕਲਾ ਪ੍ਰਯੋਗ ਕਰਨ ਦੀ ਆਗਿਆ ਦਿੰਦੀ ਹੈ। "ਮੇਰੇ ਗੁਆਂਢੀ ਦੀ ਬੱਚੀ ਮੈਨੂੰ ਕਹਿੰਦੀ ਹੈ, ਕਾਕੀ ਮੈਨੂੰ ਵੀ ਬੁਣਨਾ ਸਿਖਾਓ!'' ਛੁੱਟੀਆਂ ਅਤੇ ਹਫ਼ਤੇ ਦੇ ਅੰਤ ਵਿੱਚ ਉਨ੍ਹਾਂ ਦਾ ਘਰ ਇੱਕ ਸਿਰਜਣਾਤਮਕ ਜਗ੍ਹਾ ਵਿੱਚ ਬਦਲ ਜਾਂਦਾ ਹੈ। "ਉਹ ਚਟਾਈ 'ਤੇ ਲੱਕੜ ਅਤੇ ਮੋਰ ਬੁਣਨਾ ਸਿੱਖਣ ਲਈ ਉਤਸੁਕ ਹਨ। ਪਰ ਸ਼ੁਰੂ-ਸ਼ੁਰੂ ਵਿੱਚ ਉਹ ਇੰਨਾ ਨਹੀਂ ਕਰ ਸਕਦੇ। ਇਸ ਲਈ ਮੈਂ ਪਹਿਲਾਂ ਉਨ੍ਹਾਂ ਨੂੰ ਚਟਾਈ ਦੇ ਕਿਨਾਰਿਆਂ ਨੂੰ ਪੂਰਾ ਕਰਨ ਨੂੰ ਕਹਿੰਦੀ ਹਾਂ, ਨਾਲ਼ ਇਹ ਵੀ ਕਹਿੰਦੀ ਹਾਂ ਕਿ ਜਿਵੇਂ-ਜਿਵੇਂ ਮੈਂ ਬੁਣਦੀ ਹਾਂ ਇਹਨੂੰ ਗਹੁ ਨਾਲ਼ ਦੇਖਦੇ ਜਾਓ। ਹੌਲੀ-ਹੌਲੀ ਮੈਂ ਉਨ੍ਹਾਂ ਨੂੰ ਇਹ ਵੀ ਸਿਖਾਉਂਦੀ ਜਾਵਾਂਗੀ," ਉਹ ਕਹਿੰਦੇ ਹਨ।
ਮੰਦਿਰਾ ਕਮਲਕੋਸ਼ ਬੁਣਨਾ ਸਿੱਖ ਰਹੀ ਹੈ ਪਰ ਉਸਨੂੰ ਯਕੀਨ ਹੈ ਕਿ ਉਸਨੂੰ ਅਜਿਹੀ ਨੌਕਰੀ ਮਿਲੇਗੀ ਜੋ ਵਧੇਰੇ ਤਨਖਾਹ ਦਿੰਦੀ ਹੈ। "ਸ਼ਾਇਦ ਮੈਂ ਨਰਸਿੰਗ ਦਾ ਕੋਰਸ ਕਰਾਂ," ਉਹ ਕਹਿੰਦੀ ਹੈ,"ਚਟਾਈ ਬੁਣਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਜੇ ਤੁਸੀਂ [ਹੋਰ] ਕੰਮ 'ਤੇ ਜਾਂਦੇ ਹੋ, ਤਾਂ ਤੁਸੀਂ ਥੋੜ੍ਹੀ ਦੇਰ ਆਰਾਮ ਨਾਲ਼ ਬੈਠ ਸਕਦੇ ਹੋ ਅਤੇ ਕੰਮ ਕਰ ਸਕਦੇ ਹੋ। ਇੰਝ ਸਾਰਾ ਦਿਨ ਕੰਮ ਕਰਨ ਦੀ ਲੋੜ ਨਹੀਂ ਹੈ। ਇਹੀ ਕਾਰਨ ਹੈ ਕਿ ਕੋਈ ਵੀ [ਮੇਰੀ ਪੀੜ੍ਹੀ ਦਾ] ਇਹ ਚਟਾਈ ਬੁਣਨ ਦਾ ਕੰਮ ਨਹੀਂ ਕਰਨਾ ਚਾਹੁੰਦਾ।''
ਆਪਣੀ ਗੱਲ ਨੂੰ ਸਾਬਤ ਕਰਨ ਲਈ, ਉਹ ਆਪਣੀ ਮਾਂ ਦੇ ਰੋਜ਼ਮੱਰਾ ਦੇ ਕੰਮਾਂ ਨੂੰ ਲਿਖਣ ਲੱਗਦੀ ਹੈ: "ਅੰਮਾ ਹਰ ਰੋਜ਼ ਸਵੇਰੇ 5:30 ਵਜੇ ਉੱਠਦੀ ਹੈ। ਜਾਗਣ ਤੋਂ ਬਾਅਦ, ਉਹ ਘਰ ਦੀ ਸਫਾਈ ਕਰਦੀ ਹੈ। ਫਿਰ ਉਹ ਇੱਕ ਘੰਟੇ ਲਈ ਚਟਾਈ ਬੁਣਨ ਲਈ ਬੈਠ ਜਾਂਦੀ ਹੈ, ਸਾਡੇ ਲਈ ਨਾਸ਼ਤਾ ਤਿਆਰ ਕਰਦੀ, ਖੁਦ ਖਾਣਾ ਖਾ ਕੇ ਫਿਰ ਦੁਪਹਿਰ ਤੱਕ ਦੁਬਾਰਾ ਬੁਣਾਈ ਕਰਦੀ ਹੈ। ਫਿਰ ਨਹਾਉਣ ਲਈ ਉੱਠਦੀ ਹੈ ਅਤੇ ਨਹਾਉਣ ਤੋਂ ਬਾਅਦ, ਉਹ ਦੁਬਾਰਾ ਘਰ ਸਾਫ਼ ਕਰਦੀ ਅਤੇ ਸਿਖਰ ਦੁਪਹਿਰੇ ਫਿਰ ਬੁਣਨ ਬੈਠ ਜਾਂਦੀ ਹੈ। ਉਹ ਰਾਤ ਦੇ 9 ਵਜੇ ਤੱਕ ਬੁਣਦੀ ਹੀ ਰਹਿੰਦੀ ਹੈ। ਫਿਰ ਉਹ ਖਾਣਾ ਪਕਾਉਂਦੀ, ਸਾਡੇ ਨਾਲ਼ ਖਾਣਾ ਖਾਂਦੀ ਤੇ ਸੌਣ ਚਲੀ ਜਾਂਦੀ ਹੈ।''
"ਮੇਰੇ ਮਾਪੇ ਮੇਲਿਆਂ ਵਿੱਚ ਨਹੀਂ ਜਾਂਦੇ। ਕਿਉਂਕਿ ਉਨ੍ਹਾਂ ਨੂੰ ਘਰ ਵਿੱਚ ਬਹੁਤ ਸਾਰਾ ਕੰਮ ਕਰਨਾ ਪੈਂਦਾ ਹੈ। ਸਾਨੂੰ ਇੱਕ ਵੀ ਦਿਨ ਗੁਆਏ ਬਿਨਾਂ ਕੰਮ ਕਰਨਾ ਪੈਂਦਾ ਹੈ ਤਾਂ ਜੋ ਅਸੀਂ ਆਪਣੇ ਰੋਜ਼ਾਨਾ ਖਰਚਿਆਂ ਲਈ ਲੋੜੀਂਦੀ 15,000 ਰੁਪਏ ਦੀ ਮਹੀਨਾਵਾਰ ਪਰਿਵਾਰਕ ਆਮਦਨੀ ਪ੍ਰਾਪਤ ਕਰ ਸਕੀਏ," ਮੰਦਿਰਾ ਕਹਿੰਦੀ ਹੈ।


ਬੁਣਾਈ ਤੋਂ ਇਲਾਵਾ, ਪ੍ਰਭਾਤੀ ਆਪਣੇ ਘਰ ਅਤੇ ਪਰਿਵਾਰ ਦੀ ਦੇਖਭਾਲ਼ ਵੀ ਕਰਦੀ ਹਨ
*****
ਪਾਤੀ ਬਣਾਉਣ ਦੀ ਪ੍ਰਕਿਰਿਆ ਨੂੰ ਸਥਾਨਕ ਤੌਰ 'ਤੇ ਸਮਸਤੀਗਤਾ ਕਾਜ ਵਜੋਂ ਜਾਣਿਆ ਜਾਂਦਾ ਹੈ - ਇਹ ਪਰਿਵਾਰ ਅਤੇ ਭਾਈਚਾਰੇ ਦਾ ਸਮੂਹਿਕ ਯਤਨ ਹੈ। " ਏਟਾ ਅਮਾਦੇਰ ਪਾਤੀਸ਼ਿਲਪੀਰ ਕਾਜ ਤਾ ਏਕੋਕ ਭਾਭੇ ਹੋਏ ਨਾ। ਤਕਾ ਜੋਦਾਤੇ ਗੇਲੇ ਸ਼ੋਬਾਈ ਹੱਥ ਦਿਤੇ ਹੋਏ [ਸਾਡਾ ਚਟਾਈ-ਬੁਣਨ ਦਾ ਕੰਮ ਇੱਕ ਵਿਅਕਤੀ ਦੁਆਰਾ ਨਹੀਂ ਕੀਤਾ ਜਾ ਸਕਦਾ। ਮਾਮੂਲੀ ਆਮਦਨੀ ਲਈ ਵੀ ਹਰ ਕਿਸੇ ਨੂੰ ਹੱਥ ਵਟਾਉਣਾ ਪੈਂਦਾ ਹੈ]," ਪ੍ਰਭਾਤੀ ਕਹਿੰਦੀ ਹਨ। ਉਹ ਇਸ ਪ੍ਰਕਿਰਿਆ ਵਿੱਚ ਆਪਣੇ ਪੂਰੇ ਪਰਿਵਾਰ ਨੂੰ ਸ਼ਾਮਲ ਕਰਦੇ ਹਨ।
ਕੰਚਨ ਡੇ ਕਹਿੰਦੇ ਹਨ, "ਇਹ ਕੰਮ " ਮਾਥੇਰ ਕਾਜ [ਖੇਤ ਦਾ ਕੰਮ] ਅਤੇ ਬਾਰੀਰ ਕਾਜ [ਘਰ-ਅਧਰਤ ਕੰਮ] ਵਿੱਚ ਵੰਡਿਆ ਗਿਆ ਹੈ।" ਉਹ ਬੁਣਕਰ ਪਰਿਵਾਰ ਤੋਂ ਆਉਂਦੇ ਹਨ ਅਤੇ ਇਸ ਕਲਾ ਵਿੱਚ ਮਾਹਰ ਹਨ। ਉਹ ਦੱਸਦੇ ਹਨ ਕਿ ਆਦਮੀ ਬੈਂਤ ਦੇ ਬੂਟੇ ਨੂੰ ਕੱਟਦੇ, ਫਿਰ ਬੈਂਤ ਦੀਆਂ ਪਤਲੀਆਂ ਕਾਤਰਾਂ ਕਰਦੇ ਹਨ, ਜਦੋਂਕਿ ਔਰਤਾਂ ਇਨ੍ਹਾਂ ਕਾਤਰਾਂ ਨੂੰ ਸਟਾਰਚ ਵਿੱਚ ਉਬਾਲਦੀਆਂ, ਸੁਕਾਉਂਦੀ ਤੇ ਫਿਰ ਚਟਾਈ ਬੁਣਦੀਆਂ ਹਨ। ਬੱਚੇ ਵੀ ਇਸ ਵਿੱਚ ਹਿੱਸਾ ਲੈਂਦੇ ਹਨ। ਕੁੜੀਆਂ ਬੁਣਾਈ ਦੇਖਣ ਲਈ ਆਉਂਦੀਆਂ ਹਨ, ਮੁੰਡੇ ਬੈਂਤ ਕੱਟਣ ਦੀ ਕੋਸ਼ਿਸ਼ ਕਰਨ ਲਈ। ਕੰਚਨ ਡੇ ਗੁਆਂਢੀ ਗੰਗਾਲੇਰਕੁਥੀ ਪਿੰਡ ਦੇ ਇੱਕ ਸਕੂਲੀ ਅਧਿਆਪਕ ਹਨ।
6 x 7 ਫੁੱਟ ਦੇ ਮਿਆਰੀ ਆਕਾਰ ਦੀ ਪਾਤੀਬੇਤ [ਚਟਾਈ] ਬਣਾਉਣ ਲਈ 160 ਪਾਤੀਆਂ [ਬੈਂਤ ਦੀਆਂ ਡੰਡੀਆਂ] ਲੱਗਦੀਆਂ ਹਨ। ਇਨ੍ਹਾਂ ਡੰਡਿਆਂ ਤੋਂ ਪਾਤੀਆਂ ਤਿਆਰ ਕਰਨ ਵਿੱਚ ਮਰਦਾਂ ਨੂੰ ਦੋ ਦਿਨ ਲੱਗਦੇ ਹਨ। ਦੋ-ਪੱਖੀ ਪ੍ਰਕਿਰਿਆ, ਜਿਸ ਨੂੰ ਬੇਟ ਸ਼ੋਲਾਈ ਅਤੇ ਬੇਟ ਟੋਲਾ ਵਜੋਂ ਜਾਣਿਆ ਜਾਂਦਾ ਹੈ, ਵਿੱਚ ਕਲਮ ਨੂੰ ਕਈ ਪਾਤੀਆਂ ਵਿੱਚ ਵੰਡਣਾ, ਲੱਕੜ ਦੇ ਅੰਦਰੂਨੀ ਕੋਰ ਨੂੰ ਹਟਾਉਣਾ ਅਤੇ ਫਿਰ ਧਿਆਨ ਨਾਲ 2 ਮਿਲੀਮੀਟਰ, 0.5 ਮਿਲੀਮੀਟਰ ਮੋਟਾਈ ਦੀ ਹਰੇਕ ਪਤਲੀ ਪਾਤੀ ਨੂੰ ਵੰਡਣਾ ਸ਼ਾਮਲ ਹੈ। ਇਹ ਇੱਕ ਗੁੰਝਲਦਾਰ ਪ੍ਰਕਿਰਿਆ ਹੈ ਜਿਸ ਨੂੰ ਵਧੀਆ ਵੰਡ ਲਈ ਇੱਕ ਤਜਰਬੇਕਾਰ ਅਤੇ ਸਾਵਧਾਨੀ ਨਾਲ ਹੱਥ ਦੀ ਲੋੜ ਹੁੰਦੀ ਹੈ।


ਮਨੋਰੰਜਨ ਧਰ ਆਪਣੇ ਖੇਤ (ਖੱਬੇ) ਵਿੱਚ ਬੈਂਤ ਕੱਟ ਰਹੇ ਹਨ। ਉਨ੍ਹਾਂ ਦਾ ਬੇਟਾ ਪਿਯੂਸ਼ (ਸੱਜੇ) ਬੈਂਤ ਦੀਆਂ ਪਾਤੀਆਂ ਤਿਆਰ ਕਰ ਰਿਹਾ ਹੈ। ਪੀਯੂਸ਼ ਬੇਤ ਸ਼ੋਲਾਈ ਕਰ ਰਿਹਾ ਹੈ, ਜੋ ਬੈਂਤ ਨੂੰ ਕਈ ਪਾਤੀਆਂ ਵਿੱਚ ਕੱਟਣ ਅਤੇ ਅੰਦਰੂਨੀ ਲੱਕੜ ਦੇ ਗੁਦੇ ਨੂੰ ਹਟਾਉਣ ਦੀ ਮੁੱਢਲੀ ਪ੍ਰਕਿਰਿਆ ਹੈ। ਮਨੋਰੰਜਨ ਬੇਤ ਤੁਲਾ ਕਰ ਰਿਹਾ ਹੈ ਅਤੇ ਬੈਂਤ ਦੀ ਪਾਤੀ ਤੋਂ ਆਖਰੀ ਪਰਤ ਕੱਢ ਰਿਹਾ ਹੈ ਜਿਸ ਵਿੱਚ ਤਿੰਨ ਪਰਤਾਂ ਹੁੰਦੀਆਂ ਹਨ - ਬੇਤ, ਬੂਕਾ ਅਤੇ ਛੋਟੂ। ਸਿਰਫ਼ ਉਪਰਲੇ ਹਿੱਸੇ ਦੀ ਵਰਤੋਂ ਬੁਣਾਈ ਲਈ ਕੀਤੀ ਜਾਂਦੀ ਹੈ


ਮਨੋਰੰਜਨ ਤਿਆਰ ਚਟਾਈ ਦੀ ਜਾਂਚ ਕਰ ਰਿਹਾ ਹੈ। ਪਾਤੀ ਬਣਾਉਣ ਦੀ ਪ੍ਰਕਿਰਿਆ ਪਰਿਵਾਰ ਅਤੇ ਭਾਈਚਾਰੇ ਦੀ ਸਮੂਹਿਕ ਕੋਸ਼ਿਸ਼ ਹੈ। 'ਮਹੀਨੇ ਦੇ ਅਖੀਰ ਵਿੱਚ ਚੰਗੀ ਆਮਦਨੀ ਕਮਾਉਣ ਲਈ ਹਰ ਕਿਸੇ ਨੂੰ ਕੰਮ ਵਿੱਚ ਹੱਥ ਵੰਡਾਉਣਾ ਪੈਂਦਾ ਹੈ,' ਪ੍ਰਭਾਤੀ ਕਹਿੰਦੀ ਹਨ, ਜੋ ਚਟਾਈ ਤਿਆਰੀ ਲਈ ਆਪਣੇ ਪਰਿਵਾਰ 'ਤੇ ਨਿਰਭਰ ਕਰਦੀ ਹਨ
''ਚਟਾਈ ਨੂੰ ਬੁਣਨ ਤੋਂ ਬਾਅਦ ਸੁਕਾਉਣਾ ਇੱਕ ਅਹਿਮ ਹਿੱਸਾ ਹੈ। ਸਾਧਰਨ ਚਟਾਈਆਂ ਨੂੰ ਕੁਦਰਤੀ ਰੰਗ ਦੀ ਬੈਂਤ ਦੀ ਪਾਤੀ ਦੀ ਵਰਤੋਂ ਕਰਕੇ ਬੁਣਿਆ ਜਾਂਦਾ ਹੈ, ਪਰ ਕਮਲਕੋਸ਼ ਚਟਾਈ ਆਮ ਤੌਰ 'ਤੇ ਦੋ ਰੰਗਾਂ ਵਿੱਚ ਬੁਣੀ ਜਾਂਦੀ ਹੈ," ਇਸ ਮਾਹਰ ਦਾ ਕਹਿਣਾ ਹੈ। ਉਨ੍ਹਾਂ ਨੂੰ ਘੰਟਿਆਂ-ਬੱਧੀ ਚੌਂਕੜੀ ਮਾਰੀ ਬੈਠਣਾ ਪੈਂਦਾ ਹੈ, ਕਈ ਵਾਰ ਸਹਾਇਤਾ ਲਈ ਲੱਕੜ ਦੀ ਪੀਰੀ (ਛੋਟਾ ਸਟੂਲ) ਦੀ ਵਰਤੋਂ ਕਰਨੀ ਪੈਂਦੀ ਹੈ। ਪ੍ਰਭਾਤੀ ਆਪਣੇ ਪੈਰਾਂ ਨਾਲ਼ ਪਹਿਲਾਂ ਤੋਂ ਬੁਣੇ ਹੋਏ ਹਿੱਸਿਆਂ ਦੇ ਕਿਨਾਰਿਆਂ ਨੂੰ ਪਕੜ ਕੇ ਰੱਖਦੀ ਹਨ ਤਾਂਕਿ ਉਹ ਉੱਧੜ ਨਾ ਜਾਣਾ; ਦੋਵੇਂ ਹੱਥਾਂ ਨਾਲ਼ ਬੁਣਾਈ ਦੇ ਪੈਟਰਨ ਮੁਤਾਬਕ ਕੰਮ ਲਿਆਂਦੀ ਪਾਤੀਆਂ ਨੂੰ ਚੁੱਕੀ ਰੱਖਣਾ ਪੈਂਦਾ ਹੈ।
ਉਹ ਇੱਕ ਸਮੇਂ ਵਿੱਚ ਲਗਭਗ 70 ਬੈਂਤ ਦੀਆਂ ਪਾਤੀਆਂ ਨੂੰ ਸੰਭਾਲ਼ਦਿਆਂ ਕੰਮ ਕਰਦੀ ਹਨ। ਬੈਂਤ ਦੀ ਚਟਾਈ ਦੀ ਹਰ ਲਾਈਨ ਮੁਕੰਮਲ ਕਰਨ ਲਈ, ਪ੍ਰਭਾਤੀ ਨੂੰ ਬੈਂਤ ਦੀਆਂ ਲਗਭਗ 600 ਪਾਤੀਆਂ ਚੁੱਕਣੀਆਂ ਅਤੇ ਬੁਣਨੀਆਂ ਪੈਂਦੀਆਂ ਹਨ, ਅਤੇ ਉਨ੍ਹਾਂ ਨੂੰ ਉੱਪਰ ਅਤੇ ਹੇਠਾਂ ਸੰਗਠਿਤ ਕਰਨਾ ਪੈਂਦਾ ਹੈ, ਜਿਸ ਲਈ ਉਹ ਆਪਣੇ ਹੱਥਾਂ ਤੋਂ ਇਲਾਵਾ ਕਿਸੇ ਹੋਰ ਔਜ਼ਾਰ ਦੀ ਵਰਤੋਂ ਨਹੀਂ ਕਰਦੀ। ਛੇ ਤੋਂ ਸੱਤ ਫੁੱਟ ਦੀ ਚਟਾਈ ਬੁਣਨ ਲਈ ਇੰਝ ਕੋਈ 700 ਵਾਰ ਕਰਨਾ ਪੈਂਦਾ ਹੈ।
ਇੱਕ ਕਮਲਕੋਸ਼ ਦੀ ਤਿਆਰੀ ਵਿੱਚ ਖਪਣ ਵਾਲ਼ੇ ਸਮੇਂ ਵਿੱਚ 10 ਆਮ ਚਟਾਈਆਂ ਬਣਾਈਆਂ ਜਾ ਸਕਦੀਆਂ ਹਨ। ਇਹੀ ਮਿਹਨਤ ਇਹਦੀ ਕੀਮਤ ਵਿੱਚ ਝਲਕਦੀ ਹੈ। "ਕਮਲਕੋਸ਼ ਬਣਾਉਣਾ ਬਹੁਤ ਮੁਸ਼ਕਲ ਕੰਮ ਹੈ। ਪਰ ਇਸ ਵਿੱਚ ਹੋਰ ਪੈਸਾ ਵੀ ਹੈ," ਪ੍ਰਭਾਤੀ ਕਹਿੰਦੀ ਹਨ। ਜਦੋਂ ਕਮਲਕੋਸ਼ ਦੀ ਮੰਗ ਨਹੀਂ ਹੁੰਦੀ ਤਾਂ ਅਜਿਹੇ ਸਮੇਂ ਪ੍ਰਭਾਤੀ ਸਾਧਰਨ ਚਟਾਈਆਂ ਬੁਣਦੀ ਹਨ। ਕਿਉਂਕਿ ਇਨ੍ਹਾਂ ਚਟਾਈਆਂ 'ਤੇ ਕੰਮ ਤੇਜ਼ੀ ਨਾਲ਼ ਕੀਤਾ ਜਾਂਦਾ ਹੈ, ਉਹ ਕਹਿੰਦੀ ਹਨ ਕਿ ਉਹ ਉਨ੍ਹਾਂ ਨੂੰ ਕਮਲਕੋਸ਼ ਨਾਲ਼ੋਂ ਕਿਤੇ ਵੱਧ ਬੁਣ ਲੈਂਦੀ ਹਨ।


ਤਸਵੀਰ ਵਿੱਚ ਚਟਾਈ ਦਾ ਕਲੋਜ਼-ਅੱਪ, ਜਿਸ ਤੋਂ ਪਤਾ ਲੱਗਦਾ ਹੈ ਕਿ ਬੈਂਤ ਦੀਆਂ ਪਾਤੀਆਂ ਦੀ ਵਰਤੋਂ ਕਰਕੇ ਪੈਟਰਨ ਅਤੇ ਆਕਾਰ ਕਿਵੇਂ ਆਪਸ ਵਿੱਚ ਜੁੜੇ ਹੋਏ ਹਨ। ਬੈਂਤ ਦੇ ਧਾਗੇ ਇੱਕ ਦੂਜੇ ਦੇ ਲੰਬਕ ਰੂਪ ਵਿੱਚ ਚੱਲਦੇ ਹੋਏ ਚਟਾਈ ਦੇ ਨਾਲ਼ ਲੱਗਦੇ ਹਿੱਸਿਆਂ ਵਿੱਚ ਤੁਰਦੇ ਚਲੇ ਜਾਂਦੇ ਹਨ। ਇਹ ਇਸ ਬੁਣਾਈ ਦੀ ਤਾਲ ਹੈ। ਇਹ ਸਿੱਧੇ ਤੌਰ 'ਤੇ ਬੁਣਿਆ ਨਹੀਂ ਗਿਆ ਹੈ ਬਲਕਿ ਭਾਗਾਂ ਵਿੱਚ ਬੁਣਿਆ ਗਿਆ ਹੈ। ਮਨੋਰੰਜਨ (ਸੱਜੇ) ਚਟਾਈ ਨੂੰ ਸਿੱਧਾ ਕਰਨ ਲਈ ਪਹਿਲਾਂ ਇੱਕ ਪਾਸੇ ਅਤੇ ਫਿਰ ਦੂਜੇ ਪਾਸੇ ਮੋੜਦੇ ਹਨ


ਸੀਤਾਲਾਪਤੀ ਬੁਣਾਈ ਵੇਲ਼ੇ ਬੈਠਣ ਲਈ ਇੱਕ ਪੀਰੀ ਜਾਂ ਲੱਕੜ ਦੇ ਮੱਧਰੇ ਜਿਹੇ ਸਟੂਲ ਦੀ ਲੋੜ ਪੈਂਦੀ ਹੈ (ਖੱਬਿਓਂ ਸੱਜੇ)। ਦਾਓ ਜਾਂ ਬੋਟੀ ਨਾਂ ਦਾ ਇੱਕ ਉਪਕਰਣ ਜੋ ਬੈਂਤ ਨੂੰ ਪਾੜਨ ਤੇ ਹਿੱਸੇ ਕਰਨ ਲਈ ਵਰਤਿਆ ਜਾਂਦਾ ਹੈ; ਬੇਤਕਾਟਾ ਦੀ ਵਰਤੋਂ ਡੱਬੇ ਕੱਟਣ ਲਈ ਕੀਤੀ ਜਾਂਦੀ ਹੈ। ਇੱਕ ਵਾਰ ਜਦੋਂ ਚਟਾਈ ਦੀ ਬੁਣਾਈ ਪੂਰੀ ਹੋ ਜਾਂਦੀ ਹੈ, ਛੂਰੀ ਨਾਲ਼ ਚਟਾਈ ਦੇ ਲਮਕਦੇ ਧਾਗਿਆਂ ਨੂੰ ਕੱਟਿਆ ਜਾਂਦਾ ਹੈ। ਪ੍ਰਭਾਤੀ ਮੁਕੰਮਲ ਕਮਲਕੋਸ਼ ਨਾਲ਼ ਜੋ ਵਪਾਰੀ ਨੂੰ ਦਿੱਤੇ ਜਾਣ ਲਈ ਤਿਆਰ ਹੈ
ਪ੍ਰਭਾਤੀ ਨੂੰ ਮਾਂ ਹੋਣ 'ਤੇ ਅਤੇ ਕਮਲਕੋਸ਼ ਦਾ ਬੁਣਕਰ ਹੋਣ 'ਤੇ ਬੜਾ ਮਾਣ ਹੈ ਤੇ ਉਹ ਆਪਣੀਆਂ ਦੋਵਾਂ ਭੂਮਿਕਾਵਾਂ ਦਾ ਅਨੰਦ ਲੈਂਦੀ ਹਨ। "ਮੇਰੇ ਕੋਲ਼ ਕਮਲਕੋਸ਼ ਬੁਣਨ ਦੀ ਸਮਰੱਥਾ ਹੈ ਇਸ ਲਈ ਮੈਂ ਬੁਣਦੀ ਹਾਂ। ਅਮੀ ਗਰਭਬੋਧ ਕੋਰੀ। ਮੈਨੂੰ ਇਸ 'ਤੇ ਮਾਣ ਹੈ।''
ਥੋੜ੍ਹੀ ਜਿਹੀ ਝਿਜਕ ਤੋਂ ਬਾਅਦ, ਉਹ ਕਹਿੰਦੀ ਹਨ, "ਬਹੁਤ ਸਾਰੇ ਲੋਕ ਇਸ ਨੂੰ ਬੁਣ ਨਹੀਂ ਸਕਦੇ। ਕਿਉਂਕਿ ਮੈਂ ਇਸ ਦੁਰਲੱਭ ਚਟਾਈ ਨੂੰ ਬੁਣ ਸਕਦੀ ਹਾਂ ਇਸੇ ਲਈ ਤੁਸੀਂ ਮੇਰੇ ਕੋਲ਼ ਆਏ? ਤੁਸੀਂ ਕਿਸੇ ਹੋਰ ਕੋਲ਼ ਨਹੀਂ ਗਏ!"
ਇਹ ਸਟੋਰੀ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐੱਮਐੱਮਐੱਫ਼) ਤੋਂ ਮਿਲ਼ੀ ਫ਼ੈਲੋਸ਼ਿਪ ਤਹਿਤ ਲਿਖੀ ਗਈ ਹੈ।
ਤਰਜਮਾ: ਕਮਲਜੀਤ ਕੌਰ