ਨਵੰਬਰ ਦੀ ਇੱਕ ਦੁਪਹਿਰ, ਜਦੋਂ ਅਸੀਂ ਮਾਜੁਲੀ ਦੇ ਇੱਕ ਛੋਟੇ ਜਿਹੇ ਕਸਬੇ ਗਰਮੂਰ ਵਿੱਚ ਸੜਕ 'ਤੇ ਤੁਰ ਰਹੇ ਸਾਂ, ਪਾਰਥ ਪ੍ਰਤਿਮ ਬਰੂਆ ਨੇ ਮੈਨੂੰ ਦੱਸਿਆ, "ਮੇਰੇ ਕੋਲ ਪੜ੍ਹਨ ਲਈ ਜ਼ਿਆਦਾ ਸਬਰ ਨਹੀਂ ਬਚਿਆ ਹੈ। ਮੈਨੂੰ ਪਤਾ ਹੈ ਕਿ ਪੜ੍ਹਾਈ ਕਰਕੇ ਮੈਨੂੰ ਕਦੇ ਨੌਕਰੀ ਨਹੀਂ ਮਿਲੇਗੀ।" 16 ਸਾਲਾ ਇਹ ਨੌਜਵਾਨ ਜ਼ਿਲ੍ਹੇ ਦੇ ਗਰਮੂਰ ਸਰੂ ਸਤਰਾ ਦੇ ਨੌਜਵਾਨ ਗਾਯਨ-ਬਾਯਨਾ ਵਿੱਚੋਂ ਇੱਕ ਹੈ।
ਸੱਤਰੀਆ ਸਭਿਆਚਾਰ ਦਾ ਇੱਕ ਮਹੱਤਵਪੂਰਣ ਪਹਿਲੂ, ਗਾਯਨ-ਬਾਯਨ ਧਾਰਮਿਕ ਲੋਕ ਪ੍ਰਦਰਸ਼ਨ ਹੈ, ਜੋ ਮੁੱਖ ਤੌਰ 'ਤੇ ਅਸਾਮ ਦੇ ਸਤਰਾਂ (ਵੈਸ਼ਨਵ ਮੱਠਾਂ) ਵਿੱਚ ਹੁੰਦਾ ਹੈ। ਇਸ ਲੋਕ ਕਲਾ ਦੇ ਗਾਇਕਾਂ ਨੂੰ ਗਾਯਨ ਕਿਹਾ ਜਾਂਦਾ ਹੈ, ਜੋ ਤਾਲ (ਛੈਣੇ) ਵੀ ਵਜਾਉਂਦੇ ਹਨ, ਜਦੋਂ ਕਿ ਸਾਜ਼ ਵਜਾਉਣ ਵਾਲ਼ੇ ਭਾਵ ਖੋਲ ਢੋਲ ਅਤੇ ਬੰਸਰੀ ਵਜਾਉਣ ਵਾਲ਼ਿਆਂ ਨੂੰ ਬਾਯਨ ਕਿਹਾ ਜਾਂਦਾ ਹੈ। ਮਾਜੁਲੀ ਵਿੱਚ ਗਾਯਨ ਜਾਂ ਬਾਯਨ ਕੋਈ ਪੇਸ਼ਾ ਨਹੀਂ ਬਲਕਿ ਇੱਕ ਪਰੰਪਰਾ ਹੈ ਜਿਸ 'ਤੇ ਲੋਕ ਮਾਣ ਕਰਦੇ ਹਨ ਅਤੇ ਇਸ ਨੂੰ ਆਪਣੀ ਪਛਾਣ ਦਾ ਹਿੱਸਾ ਮੰਨਦੇ ਹਨ।
"ਜੇ ਮੈਨੂੰ ਸਕੂਲ ਤੋਂ ਬਾਅਦ ਨੌਕਰੀ ਨਾ ਮਿਲ਼ੀ, ਜੇ ਇਹ ਮੇਰੀ ਕਿਸਮਤ ਵਿੱਚ ਨਾ ਹੋਈ, ਤਾਂ ਮੈਂ ਕੀ ਕਰਾਂਗਾ?" ਪਾਰਥ ਪੁੱਛਦਾ ਹੈ। ਉਹ ਆਪਣੀ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਤੋਂ ਬਾਅਦ ਪੇਸ਼ੇਵਰ ਤੌਰ 'ਤੇ ਸੰਗੀਤ ਨੂੰ ਅਪਣਾਉਣਾ ਚਾਹੁੰਦਾ ਹੈ। ਉਸ ਦੀ ਵੱਡੀ ਭੈਣ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਸੰਗੀਤ ਅਧਿਆਪਕ ਵਜੋਂ ਕੰਮ ਕਰ ਰਹੀ ਹੈ।
"ਮੇਰੇ ਮਾਪਿਆਂ ਨੇ ਵੀ ਇਸ ਵਿਚਾਰ (ਗੁਹਾਟੀ ਦੇ ਇੱਕ ਸੰਗੀਤ ਸਕੂਲ ਵਿੱਚ ਦਾਖਲਾ ਲੈਣ ਦੇ) ਦਾ ਸਮਰਥਨ ਕੀਤਾ ਹੈ। ਉਨ੍ਹਾਂ ਦਾ ਸਮਰਥਨ ਜ਼ਰੂਰੀ ਹੈ। ਇਸ ਤੋਂ ਬਿਨਾਂ, ਮੈਂ ਸੰਗੀਤ ਨੂੰ ਕਿਵੇਂ ਅੱਗੇ ਵਧਾ ਸਕਾਂਗਾ?" ਉਸ ਦੇ ਪਿਤਾ ਚੌਲ਼ ਅਤੇ ਬਾਲਣ ਵੇਚਣ ਦਾ ਇੱਕ ਛੋਟਾ ਜਿਹਾ ਕਾਰੋਬਾਰ ਚਲਾਉਂਦੇ ਹਨ। ਉਹ ਉਸ ਦੇ ਵਿਚਾਰ ਨਾਲ਼ ਸਹਿਮਤ ਹਨ, ਪਰ ਉਸਦੀ ਮਾਂ ਇਸ ਤੋਂ ਬਹੁਤੀ ਖੁਸ਼ ਨਹੀਂ ਹਨ। ਉਨ੍ਹਾਂ ਨੂੰ ਪੜ੍ਹਾਈ ਵਾਸਤੇ ਪਾਰਥ ਦਾ ਘਰੋਂ ਦੂਰ ਜਾਣਾ ਸਹੀ ਨਹੀਂ ਲੱਗਦਾ।
ਜਦੋਂ ਪ੍ਰਦਰਸ਼ਨ ਕਰਨ ਦਾ ਸਮਾਂ ਹੁੰਦਾ ਹੈ, ਤਾਂ ਬਤੌਰ ਕਲਾਕਾਰ ਪਾਰਥ ਪੁਰਾਣਾ ਚਿੱਟਾ ਕੁੜਤਾ, ਧੋਤੀ ਅਤੇ ਸਿਰ 'ਤੇ ਪਾਗ ਨਾਮਕ ਟੋਪੀ ਪਹਿਨਦਾ ਹੈ ਅਤੇ ਆਪਣੇ ਸਰੀਰ 'ਤੇ ਸਲੇਂਗ ਨਾਮ ਦਾ ਕੱਪੜਾ ਬੰਨ੍ਹਦਾ ਹੈ। ਕਲਾਕਾਰ ਮੋਟਾਮੋਨੀ ਮੋਤੀਆਂ ਦੀ ਮਾਲ਼ਾ ਵੀ ਪਹਿਨਦੇ ਹਨ ਅਤੇ ਉਨ੍ਹਾਂ ਦੇ ਮੱਥੇ 'ਤੇ ਚੰਦਨ ਦਾ ਤਿਲਕ ਲਗਾਇਆ ਜਾਂਦਾ ਹੈ।
ਪਾਰਥ ਉਨ੍ਹਾਂ ਬਹੁਤ ਸਾਰੇ ਨੌਜਵਾਨ ਅਦਾਕਾਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਮੈਂ ਕਿਸੇ ਸ਼ੋਅ 'ਤੇ ਜਾਣ ਤੋਂ ਪਹਿਲਾਂ ਇੰਟਰਵਿਊ ਲੈ ਰਿਹਾ ਹਾਂ। ਜਦੋਂ ਉਹ ਸਟੇਜ ਦੇ ਮਗਰ ਪੱਗਾਂ ਬੰਨ੍ਹਦੇ ਅਤੇ ਪਿੰਨ ਰਾਹੀਂ ਸਲੇਂਗ ਨੂੰ ਠੀਕ ਤਰ੍ਹਾਂ ਸੈੱਟ ਕਰਨ ਲਈ ਇੱਕ ਦੂਜੇ ਦੀ ਮਦਦ ਕਰਦੇ ਹਨ ਸਵੈ-ਭਰੋਸੇ ਨਾਲ਼ ਭਰੇ ਜਾਪਦੇ ਹਨ।


ਖੱਬੇ: ਗਰਮੂਰ ਸਰੂ ਸਤਰਾ ਦੇ ਮੰਚ ਪਿੱਛੇ, 16 ਸਾਲਾ ਪਾਰਥ ਪ੍ਰਤਿਮ ਬਰੂਆ ਆਪਣੀ ਮੋਟਾਮੋਨੀ ਮਾਲ਼ਾ ਦੀ ਜਾਂਚ ਕਰਦਾ ਹੋਇਆ। ਸੱਜੇ: ਮਾਨਸ ਦੱਤਾ (ਨੀਲੀ ਟੀ-ਸ਼ਰਟ ਵਿੱਚ) ਸੁਭਾਸ਼ੀਸ਼ ਬੋਰਾ ਨੂੰ ਪਾਗ ਨਾਮ ਦੀ ਰਵਾਇਤੀ ਪੱਗ ਬੰਨ੍ਹਣ ਵਿੱਚ ਮਦਦ ਕਰ ਰਿਹਾ ਹੈ


ਸਤਰਾ ਦੇ ਨੌਜਵਾਨ ਗਾਯਨ-ਬਾਯਨ ਤਾਲ ਅਤੇ ਖੋਲ ਨਾਲ਼ ਪ੍ਰਦਰਸ਼ਨ ਕਰਦੇ ਹਨ। ਮਾਜੁਲੀ ਵਿੱਚ, ਗਾਯਨ ਜਾਂ ਬਾਯਨ ਕੋਈ ਪੇਸ਼ਾ ਨਹੀਂ ਹੈ, ਬਲਕਿ ਲੋਕਾਂ ਦੀ ਪਛਾਣ ਦਾ ਹਿੱਸਾ ਹੈ
ਦਸ ਸਾਲ ਵੱਡੇ, ਮਾਨਸ ਦੱਤਾ ਇਸ ਗਰੁੱਪ ਵਿੱਚ ਵਾਯਨ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਗੁਹਾਟੀ ਵਿੱਚ ਇੱਕ ਟੈਲੀਵਿਜ਼ਨ ਨੈੱਟਵਰਕ ਲਈ ਜੂਨੀਅਰ ਸੰਪਾਦਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ।
ਨੌਂ ਸਾਲ ਦੀ ਉਮਰੇ, ਉਨ੍ਹਾਂ ਨੇ ਆਪਣੇ ਚਾਚੇ ਅਤੇ ਹੋਰ ਬਜ਼ੁਰਗਾਂ ਨਾਲ਼ ਸਿੱਖਣਾ ਸ਼ੁਰੂ ਕੀਤਾ ਸੀ। "ਕਿਉਂਕਿ ਅਸੀਂ ਸੱਤਰੀਆ ਵਾਤਾਵਰਣ ਵਿੱਚ ਪੈਦਾ ਹੋਏ ਹਾਂ, ਇਸ ਲਈ ਅਸੀਂ ਛੋਟੀ ਉਮਰ ਤੋਂ ਹੀ ਦੇਖ ਕੇ ਸਿੱਖ ਜਾਂਦੇ ਹਾਂ," ਉਹ ਕਹਿੰਦੇ ਹਨ ਅਤੇ ਇਸ ਤਰ੍ਹਾਂ ਮੈਟ੍ਰਿਕ ਦੀ ਪ੍ਰੀਖਿਆ ਦੇਣ ਤੋਂ ਪਹਿਲਾਂ ਹੀ ਢੋਲ਼ ਵਜਾਉਣ ਵਿੱਚ ਸੰਗੀਤ ਵਿਸ਼ਾਰਦ ਟੈਸਟ ਪਾਸ ਕਰ ਲਿਆ।
ਉਨ੍ਹਾਂ ਦੇ ਪਰਿਵਾਰ ਵਿੱਚ ਗਾਯਨ-ਬਾਯਨ ਚੱਲਦਾ ਹੈ ਅਤੇ ਉਨ੍ਹਾਂ ਦੇ ਚਾਚਾ ਇੰਦਰਾਨਿਲ ਦੱਤਾ ਗਰਮੂਰ ਸਰੂ ਸਤਰਾ ਦੇ ਸੱਭਿਆਚਾਰਕ ਜੀਵਨ ਵਿੱਚ ਇੱਕ ਵੱਡੀ ਸ਼ਖਸੀਅਤ ਹਨ। "ਉਹ ਹੁਣ ਲਗਭਗ 85 ਸਾਲ ਦੇ ਹੋ ਗਏ ਹਨ। ਹੁਣ ਵੀ, ਜਦੋਂ ਕੋਈ ਖੋਲ ਵਜਾਉਣਾ ਸ਼ੁਰੂ ਕਰਦਾ ਹੈ, ਤਾਂ ਉਨ੍ਹਾਂ ਦੇ ਪੈਰ ਥਿੜਕਨ ਲੱਗਦੇ ਨੇ।''
ਗਾਯਨ-ਬਾਯਨ ਦੇ ਪ੍ਰਦਰਸ਼ਨ ਦੀ ਸ਼ੈਲੀ ਤਾਲ, ਮਾਨ, ਰਾਗ ਅਤੇ ਮੁਦਰਾ ਦੇ ਪ੍ਰਕਾਰ ਦੇ ਅਧਾਰ ਤੇ ਵੱਖ-ਵੱਖ ਸਤਰਾਂ ਵਿੱਚ ਵੱਖ-ਵੱਖ ਹੁੰਦੀ ਹੈ। ਅਜਿਹੀ ਹੀ ਇੱਕ ਸ਼ੈਲੀ ਹੈ ਧੁਰਾ, ਜੋ ਗਰਮੂਰ ਸਰੂ ਸਤਰਾ ਅਤੇ ਗਰਮੂਰ ਬੋਰ ਸਤਰਾ ਵਿੱਚ ਵਿਲੱਖਣ ਚੀਜ਼ ਹੈ, ਜਿੱਥੇ ਇਹ ਸਾਲ ਵਿੱਚ ਸਿਰਫ਼ ਇੱਕ ਵਾਰ ਬੋਰਖੋਬਾਹ ਵਾਲ਼ੇ ਦਿਨ ਹੁੰਦਾ ਹੈ। ਬੋਰਖੋਬਾਹ ਇੱਕ ਸਾਲਾਨਾ ਭਾਈਚਾਰਕ ਤਿਉਹਾਰ ਹੈ ਜੋ ਅਸਾਮੀ ਮਹੀਨੇ ਅਹਾਰ ਵਿੱਚ ਆਯੋਜਿਤ ਕੀਤਾ ਜਾਂਦਾ ਹੈ, ਜੋ ਆਮ ਤੌਰ 'ਤੇ ਜੂਨ-ਜੁਲਾਈ ਦੇ ਮਹੀਨੇ ਵਿੱਚ ਆਉਂਦਾ ਹੈ। ਦੋ ਹੋਰ ਆਮ ਸ਼ੈਲੀਆਂ ਹਨ ਮਾਜੁਲੀ ਦੇ ਬਾਰਪੇਟਾ ਸਤਰਾ ਦੀ ਬਾਰਪੇਟੀਆ ਅਤੇ ਕਮਲਾਬਾੜੀ ਸਤਰਾ ਦੀ ਕਮਲਬਾੜੀਆ। ਮਾਜੁਲੀ ਦੇ ਜ਼ਿਆਦਾਤਰ ਸਤਰਾ ਕਮਲਬਾੜੀਆ ਸ਼ੈਲੀ ਦੇ ਅਨੁਸਾਰ ਚੱਲਦੇ ਹਨ। ਇਨ੍ਹਾਂ ਵਿੱਚ ਪ੍ਰਦਰਸ਼ਨ ਕਰਨ ਵਾਲ਼ੇ ਕਲਾਕਾਰ ਹਰ ਜਗ੍ਹਾ ਤੋਂ ਆਉਂਦੇ ਹਨ।
ਗਾਯਨ-ਬਾਯਨ ਤੋਂ ਬਾਅਦ ਸੂਤਰਧਾਰੀ ਨਾਚ ਕੀਤਾ ਜਾਂਦਾ ਹੈ। ਇਹ ਭਾਓਨਾ (ਰਵਾਇਤੀ ਲੋਕ ਨਾਟਕ) ਸ਼ੁਰੂ ਕਰਨ ਤੋਂ ਪਹਿਲਾਂ ਕੀਤਾ ਜਾਂਦਾ ਹੈ। ਮਾਨਸ ਮੈਨੂੰ ਦੱਸਦੇ ਹਨ, "ਇਸ ਤੋਂ ਬਗੈਰ ਕੋਈ ਵੀ ਭਾਓਨਾ ਕਦੇ ਪੂਰਾ ਨਹੀਂ ਹੋ ਸਕਦਾ। ਸੂਤਰਧਾਰ ਭਾਓਨਾ ਦੀ ਕਹਾਣੀ ਸੁਣਾਉਂਦਾ ਹੈ ਅਤੇ ਕਹਾਣੀ ਦੇ ਸਾਰ ਨੂੰ ਸਮਝਾਉਂਦਾ ਹੈ। ਅੱਜ-ਕੱਲ੍ਹ ਸੂਤਰਧਾਰੀ ਸਾਡੀ ਮਾਂ ਬੋਲੀ ਅਸਾਮੀ ਵਿੱਚ ਵੀ ਹੁੰਦਾ ਹੈ, ਪਰ ਇਸਦੀ ਮੂਲ ਭਾਸ਼ਾ ਬ੍ਰਜਾਵਲੀ ਹੈ।''
'ਜੇ ਹੋਰਨਾਂ ਲੋਕਾਂ ਨੇ ਸਿੱਖਣਾ ਹੋਵੇ, ਤਾਂ ਉਨ੍ਹਾਂ ਨੂੰ ਬਹੁਤ ਸਮਾਂ ਲੱਗੇਗਾ। ਕਿਉਂਕਿ ਅਸੀਂ ਇਸੇ ਵਾਤਾਵਰਣ ਵਿੱਚ ਪੈਦਾ ਹੋਏ ਹਾਂ ਅਤੇ ਬਹੁਤ ਛੋਟੀ ਉਮਰ ਤੋਂ ਹੀ [ਕਲਾ] ਵੇਖਿਆ ਹੈ, ਇਹ ਸਾਨੂੰ ਆ ਹੀ ਜਾਂਦਾ ਹੈ'
*****
ਸਤਰਾ ਵਿੱਚ, ਬੱਚੇ ਲਗਭਗ ਤਿੰਨ ਸਾਲ ਦੀ ਉਮਰ ਤੋਂ ਹੀ ਇਸ ਕਲਾ ਵਿੱਚ ਕਦਮ ਚੁੱਕਣਾ ਸ਼ੁਰੂ ਕਰ ਦਿੰਦੇ ਹਨ। ਅਜਿਹੀ ਹੀ ਇੱਕ ਸ਼ੁਰੂਆਤ ਰਾਸ ਦੇ ਦੌਰਾਨ ਹੁੰਦੀ ਹੈ ਜੋ ਮਾਜੁਲੀ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਫਿਰ ਅਭਿਆਸ ਦੌਰਾਨ, ਬੱਚੇ ਆਪਣੇ ਮਾਪਿਆਂ ਨਾਲ਼ ਹਾਲ ਵਿੱਚ ਜਾਂਦੇ ਹਨ। ਪੜ੍ਹੋ: ਰਾਸ ਮਹੋਤਸਵ ਅਤੇ ਮਾਜੁਲੀ ਦੇ ਸਤਰਾ
19 ਸਾਲਾ ਸੁਭਾਸ਼ੀਸ਼ ਬੋਰਾ ਦਾ ਸਫ਼ਰ ਉਦੋਂ ਸ਼ੁਰੂ ਹੋਇਆ ਜਦੋਂ ਉਹ ਚੌਥੀ ਜਮਾਤ ਵਿੱਚ ਸੀ। ਮਾਨਸ ਦੇ ਰਿਸ਼ਤੇਦਾਰ ਸੁਭਾਸ਼ੀਸ਼ ਨੇ ਵੀ ਆਪਣੇ ਚਾਚਿਆਂ ਨੂੰ ਦੇਖ ਕੇ ਸਿੱਖਿਆ, ਜਿਨ੍ਹਾਂ ਵਿੱਚੋਂ ਇੱਕ ਖਿਰੋਦ ਦੱਤਾ ਬੋੜਵਾਯਨ ਹਨ। ਇਹ ਉਪਾਧੀ ਸਤਰਾ ਤਰਫੋਂ ਮਾਹਰ ਵਾਯਨਾਂ ਨੂੰ ਦਿੱਤੀ ਜਾਂਦੀ ਹੈ।
ਹਾਲਾਂਕਿ, ਉਨ੍ਹਾਂ ਨੇ ਰਾਸ ਤਿਉਹਾਰ ਵਿੱਚ ਨਾਚ ਕੀਤਾ ਸੀ ਅਤੇ ਬਚਪਨ ਵਿੱਚ ਨੌਜਵਾਨ ਭਗਵਾਨ ਕ੍ਰਿਸ਼ਨ ਦੀ ਭੂਮਿਕਾ ਵੀ ਨਿਭਾਈ ਸੀ। ਸੁਭਾਸ਼ੀਸ਼ ਨੇ ਲਗਭਗ 10 ਹੋਰ ਛੋਟੇ ਮੁੰਡੇ ਅਤੇ ਕੁੜੀਆਂ ਨਾਲ਼ ਸਕੂਲ ਵਿੱਚ ਸੰਗੀਤ ਸਿੱਖਿਆ ਸੀ। ਸਾਲ 1979 ਵਿੱਚ ਸਥਾਪਿਤ ਸ਼੍ਰੀ ਸ਼੍ਰੀ ਪੀਤਾਂਬਰਦੇਵ ਕਲਚਰਲ ਕਾਲਜ ਸਮੇਂ-ਸਮੇਂ 'ਤੇ ਬੰਦ ਰਹਿੰਦਾ ਹੈ। ਸਾਲ 2015 'ਚ ਅਧਿਆਪਕਾਂ ਦੀ ਕਮੀ ਕਾਰਨ ਇਸ ਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਸੀ।
ਸੁਭਾਸ਼ੀਸ਼ ਨੇ 19 ਸਾਲਾ ਪ੍ਰਿਯਬ੍ਰਤ ਹਜ਼ਾਰਿਕਾ ਅਤੇ 27 ਹੋਰ ਵਿਦਿਆਰਥੀਆਂ ਨਾਲ਼ ਮਿਲ ਕੇ ਮਾਨਸ ਅਤੇ ਖਿਰੋਦ ਦੱਤਾ ਦੀਆਂ ਗਾਯਨ-ਬਾਯਨ ਦੀਆਂ ਕਲਾਸਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਜੋ 2021 ਵਿਚ ਸ਼ੁਰੂ ਹੋਈਆਂ ਸਨ। ਪ੍ਰਿਯਬ੍ਰਤ ਨੇ ਕਾਲਜ ਬੰਦ ਹੋਣ ਤੱਕ ਤਿੰਨ ਸਾਲ ਖੋਲ ਦੀ ਪੜ੍ਹਾਈ ਕੀਤੀ।
ਉਹ ਕਹਿੰਦੇ ਹਨ, "ਜੇ ਮੈਨੂੰ ਇੱਕ ਹੋਰ ਸਾਲ ਸਿੱਖਣ ਦਾ ਮੌਕਾ ਮਿਲ਼ਦਾ, ਤਾਂ ਮੈਂ ਵਿਸ਼ਾਰਦ ਦੇ ਆਖਰੀ ਪੜਾਅ 'ਤੇ ਪਹੁੰਚ ਜਾਂਦਾ। ਮੈਂ ਸੋਚਿਆ ਸੀ ਕਿ ਸਕੂਲ ਹੋਰ ਦੇਰ ਤੱਕ ਚੱਲੇਗਾ।''


ਖੱਬੇ: ਪ੍ਰਿਯਬ੍ਰਤ ਹਜ਼ਾਰਿਕਾ (ਖੱਬੇ), ਸੁਭਾਸ਼ੀਸ਼ (ਸੱਜੇ) ਅਤੇ ਸੁਰੂਜ ਜੋਤੀ ਬੋਰਾ (ਵਿਚਕਾਰ) ਸਾਥੀ ਬਾਯਨ ਨਬਜੋਤੀ ਬੋਰਾ (ਬੈਠੇ ਹਨ) ਨੂੰ ਪੱਗ ਬੰਨ੍ਹਣ ਵਿੱਚ ਮਦਦ ਕਰ ਰਹੇ ਹਨ। ਸੱਜੇ: ਪ੍ਰਿਯਬ੍ਰਤ ਸਲੇਂਗ ਸਾਦੋਰ ਨੂੰ ਮੋਢੇ 'ਤੇ ਪਿੰਨ ਕਰਨ ਵਿੱਚ ਬੋਰਾ ਦੀ ਮਦਦ ਕਰ ਰਹੇ ਹਨ। ਸਲੇਂਗ ਸਰੀਰ 'ਤੇ ਲਪੇਟੇ ਹੋਏ ਕੱਪੜੇ ਦਾ ਇੱਕ ਲੰਬਾ, ਆਇਤਾਕਾਰ ਟੁਕੜਾ ਹੈ ਅਤੇ ਪਹਿਰਾਵੇ ਦਾ ਇੱਕ ਜ਼ਰੂਰੀ ਹਿੱਸਾ ਵੀ
ਉਹ ਅੱਗੇ ਦੱਸਦੇ ਹਨ ਕਿ ਗਾਯਨ ਜਾਂ ਵਾਯਨ ਸਿੱਖਣ ਲਈ ਇੱਕ ਰਵਾਇਤੀ ਕੋਰਸ ਵਿੱਚ ਕੀ-ਕੀ ਸ਼ਾਮਲ ਹੁੰਦਾ ਹੈ। ਵਿਦਿਆਰਥੀਆਂ ਨੂੰ ਪਹਿਲਾਂ ਵੱਖ-ਵੱਖ ਤਾਲ ਸਿਖਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਉਹ ਆਪਣੀਆਂ ਹਥਲੀਆਂ 'ਤੇ ਵਜਾਉਣਾ ਸਿੱਖਦੇ ਹਨ। ਇਸ ਸ਼ੁਰੂਆਤੀ ਪੜਾਅ ਵਿੱਚ, ਨਾਚ ਅਤੇ ਖੋਲ ਵਾਦਨ ਦੀਆਂ ਮੁੱਢਲੀਆਂ ਗੱਲਾਂ ਵੀ ਸਿਖਾਈਆਂ ਜਾਂਦੀਆਂ ਹਨ। ਵਿਦਿਆਰਥੀ ਮਾਟੀ ਅਖੋਰਾ ਵੀ ਸਿੱਖਦੇ ਹਨ।
ਮਾਨਸ ਦੱਸਦੇ ਹਨ, "ਮਾਟੀ ਅਖੋਰਾ ਸਾਡੇ ਪਦਾਰਥਕ ਸਭਿਆਚਾਰ ਦਾ ਤਰੀਕਾ ਹੈ। ਇਹ ਕਸਰਤ ਵਰਗਾ ਹੈ। ਜੇ ਕੋਈ ਇੰਝ ਕਰਦਾ ਹੈ ਤਾਂ ਉਹਦੇ ਸਰੀਰ ਦੀਆਂ ਸਾਰੀਆਂ 206 ਹੱਡੀਆਂ ਫਿੱਟ ਤੇ ਸਹੀ ਰਹਿਣਗੀਆਂ।'' ਅਖੋਰਾ ਦੀਆਂ ਬਹੁਤ ਸਾਰੀਆਂ ਵਿਭਿੰਨ ਕਿਸਮਾਂ ਹਨ, ਜਿਨ੍ਹਾਂ ਦਾ ਨਾਮ ਪੰਛੀਆਂ ਅਤੇ ਜਾਨਵਰਾਂ ਦੇ ਕੀਤੇ ਇਸ਼ਾਰਿਆਂ ਦੇ ਨਾਮ 'ਤੇ ਰੱਖਿਆ ਗਿਆ ਹੈ - ਮੋਰਾਈ ਪਾਨੀਖੋਵਾ, ਕਸਾਏ ਪਾਨੀਖੋਵਾ, ਟੇਲਤੁਪੀ ਉਨ੍ਹਾਂ ਵਿੱਚੋਂ ਕੁਝ ਹਨ।
ਅਗਲੇ ਪੜਾਅ ਵਿੱਚ, ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਸ਼ਿਆਂ ਦੇ ਅਨੁਸਾਰ ਸਮੂਹਾਂ ਵਿੱਚ ਰੱਖਿਆ ਜਾਂਦਾ ਹੈ, ਜੋ ਉਹ ਸਿੱਖਣਾ ਚਾਹੁੰਦੇ ਹਨ। ਕੁਝ ਨਾਚ ਸਿੱਖਦੇ ਹਨ, ਕੁਝ ਖੋਲ ਅਪਣਾਉਂਦੇ ਹਨ ਅਤੇ ਕੁਝ ਬੋਰ ਗੀਤ ਸਿੱਖਦੇ ਹਨ। ਜੋ ਗਾਯਨ-ਬਾਯਨ ਬਣਨਾ ਚਾਹੁੰਦੇ ਹਨ ਉਹ ਇਸ ਪੜਾਅ 'ਤੇ ਤਾਲ ਵਜਾਉਣਾ ਸਿੱਖਦੇ ਹਨ।
"ਜੇ ਹੋਰਨਾਂ ਲੋਕਾਂ ਨੇ ਸਿੱਖਣਾ ਹੋਵੇ, ਤਾਂ ਉਨ੍ਹਾਂ ਨੂੰ ਬਹੁਤ ਸਮਾਂ ਲੱਗੇਗਾ। ਕਿਉਂਕਿ ਅਸੀਂ ਇਸੇ ਵਾਤਾਵਰਣ ਵਿੱਚ ਪੈਦਾ ਹੋਏ ਹਾਂ ਅਤੇ ਬਹੁਤ ਛੋਟੀ ਉਮਰ ਤੋਂ ਹੀ [ਕਲਾ] ਵੇਖਿਆ ਹੈ, ਇਹ ਸਾਨੂੰ ਆ ਹੀ ਜਾਂਦਾ ਹੈ'', ਮਾਨਸ ਕਹਿੰਦੇ ਹਨ,''ਪਰ ਜੋ ਲੋਕ ਇਸ ਮਾਹੌਲ ਤੋਂ ਨਹੀਂ ਹਨ, ਉਨ੍ਹਾਂ ਨੂੰ ਸਹੀ ਢੰਗ ਨਾਲ਼ ਸਿੱਖਣ ਵਿੱਚ ਕਈ ਸਾਲ ਲੱਗਣਗੇ।''


ਖੋਲ ਨੂੰ ਵਾਯਨ ਵਜਾਉਂਦੇ ਹਨ, ਜੋ ਪ੍ਰਦਰਸ਼ਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਜਦੋਂ ਸਮੂਹ ਆਪਣੇ ਗੁਰੂਆਂ ਨਾਲ਼ ਸ਼ੁਰੂਆਤ ਤੋਂ ਪਹਿਲਾਂ ਪ੍ਰਾਰਥਨਾ ਕਰਦਾ ਹੈ, ਤਾਂ ਇੱਕ ਸਕ੍ਰੀਨ ਲਗਾਈ ਜਾਂਦੀ ਹੈ
ਹਾਲ ਹੀ ਦੇ ਸਾਲਾਂ ਵਿੱਚ, ਗਾਯਨ-ਬਾਯਨ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ਹੈ। ਇਹ ਕਲਾ ਪਹਿਲਾਂ ਸਿਰਫ਼ ਸਤਰਾਂ ਵਿੱਚ ਅਭਿਆਸ ਕੀਤੀ ਜਾਂਦੀ ਸੀ। ਅੱਜ ਇਹ ਅਸਾਮ ਦੇ ਪਿੰਡਾਂ ਵਿੱਚ ਵੀ ਦਿਖਾਇਆ ਜਾਂਦਾ ਹੈ। ਫਿਰ ਵੀ ਗਾਯਨ ਤੇ ਵਾਯਨ ਸਿੱਖਣ ਵਾਲ਼ੇ ਲੋਕਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਨੌਜਵਾਨ ਪੀੜ੍ਹੀ ਬਿਹਤਰ ਰੋਜ਼ੀ-ਰੋਟੀ ਦੀ ਭਾਲ਼ ਵਿੱਚ ਮਾਜੁਲੀ ਤੋਂ ਪਰਵਾਸ ਕਰ ਰਹੀ ਹੈ।
"ਇਹ ਡਰ ਮਨ ਵਿੱਚ ਆ ਹੀ ਜਾਂਦਾ ਹੈ ਕਿ ਇੱਕ ਦਿਨ ਇਹ ਸਭ ਗੁਆਚ ਜਾਵੇਗਾ," ਪ੍ਰਿਯਬ੍ਰਤ ਮੈਨੂੰ ਦੱਸਦੇ ਹੈ।
ਸ਼ੰਕਰਦੇਵ ਦੀਆਂ ਜ਼ਿਆਦਾਤਰ ਸੰਗੀਤ ਰਚਨਾਵਾਂ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਨਸ਼ਟ ਹੋ ਗਈਆਂ ਸਨ। ਜੋ ਵਿਰਾਸਤ ਵਿੱਚ ਮਿਲਿਆ ਵੀ ਉਹ ਸਮੁੱਚੇ ਦਾ ਇੱਕ ਛੋਟਾ ਜਿਹਾ ਹਿੱਸਾ ਸੀ ਜੋ ਇੱਕ ਪੀੜ੍ਹੀ ਅਗਲੀ ਪੀੜ੍ਹੀ ਨੂੰ ਸਿਖਾਉਂਦੀ ਸੀ। ਮਾਨਸ ਇਸ ਵਿਰਾਸਤ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ।
ਉਹ ਕਹਿੰਦੇ ਹਨ, "ਪੀੜ੍ਹੀਆਂ ਤਬਾਹ ਹੋ ਜਾਣਗੀਆਂ, ਪਰ ਸ਼ੰਕਰਦੇਵ ਦੀਆਂ ਰਚਨਾਵਾਂ ਅਮਰ ਰਹਿਣਗੀਆਂ। ਇਸ ਤਰ੍ਹਾਂ ਉਹ ਸਾਡੇ ਅੰਦਰ ਰਹੇਗਾ। ਮੇਰੇ ਲਈ ਇਹ ਮਹੱਤਵਪੂਰਨ ਹੈ ਕਿ ਮੇਰਾ ਜਨਮ ਮਾਜੁਲੀ ਵਿੱਚ ਹੋਇਆ ਸੀ। [ਇਹ ਪਰੰਪਰਾ] ਮਾਜੁਲੀ ਵਿੱਚ ਜ਼ਿੰਦਾ ਹੈ ਅਤੇ ਜ਼ਿੰਦਾ ਰਹੇਗੀ। ਮੈਂ ਯਕੀਨ ਨਾਲ਼ ਇੰਨਾ ਤਾਂ ਕਹਿ ਸਕਦਾ ਹਾਂ।''

ਤੁਲਸੀ ਬੋਰਾ (ਵਿਚਕਾਰ) ਅਤੇ ਪ੍ਰਿਯਬ੍ਰਤ (ਸੱਜੇ) ਗਰਮੂਰ ਸਰੂ ਸਤਰਾ ਦੇ ਨਾਮਘਰ (ਪ੍ਰਾਰਥਨਾ ਘਰ) ਵਿਖੇ ਜੋਤਿਸ਼ਮਾਨ ਦੱਤਾ ਦੀ ਪਾਗ ਸਮੇਟਣ ਵਿੱਚ ਮਦਦ ਕਰ ਰਹੇ ਹਨ

ਸਮੂਹ ਦਾ ਇੱਕ ਗਾਯਨ ਸੁਰੂਜ , ਸਾਥੀ ਕਲਾਕਾਰ ਸੁਭਾਸ਼ੀਸ਼ ਦੇ ਗਲੇ ਵਿਚ ਪਹਿਨੀ ਗਈ ਮੋਟਾਮੋਨੀ ਮਾਲ਼ਾ ਨੂੰ ਠੀਕ ਕਰ ਰਿਹਾ ਹੈ

ਗਾਯਨ ਸਮੁੰਦਰ ਹਜ਼ਾਰਿਕਾ ਦੇ ਪਾਗ ' ਤੇ ਬਕੁਲ ਫੁੱਲਾਂ ਦੀ ਲੜੀ ਸੱਜ ਰਹੀ ਹੈ। ਇਹ ਕਲਾਕਾਰਾਂ ਦੁਆਰਾ ਪਹਿਨੇ ਜਾਂਦੇ ਰਵਾਇਤੀ ਪਹਿਰਾਵੇ ਦਾ ਹਿੱਸਾ ਹੁੰਦੇ ਹਨ

ਗਰੁੱਪ ਦੇ ਸਭ ਤੋਂ ਛੋਟੇ ਮੈਂਬਰਾਂ ਵਿੱਚੋਂ ਇੱਕ ਅਨੁਰਾਗ ਸੈਕੀਆ ਸਟੇਜ ਦੇ ਨੇੜੇ ਇੰਤਜ਼ਾਰ ਕਰ ਰਹੇ ਹਨ। ਬੱਚੇ ਸਤਰਾ ਦੇ ਸ਼ੁਰੂ ਵਿੱਚ ਹੀ ਆਪਣੇ ਪਾਠ ਸ਼ੁਰੂ ਕਰਦੇ ਹਨ

ਸ਼ਾਂਤਨੂ ਭੁਈਆਂ ਨੇ ਮਾਜੁਲੀ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਰਸ ਮਹਾਂਉਤਸਵ ਦੀ ਪਹਿਲੀ ਸ਼ਾਮ ਨੂੰ ਇੱਕ ਤਸਵੀਰ ਲਈ ਪੋਜ਼ ਦਿੱਤਾ

13 ਸਾਲਾ ਵੇਨ ਜੋਤਿਸ਼ਮਨ ਦੱਤਾ ਰਾਸ ਫੈਸਟੀਵਲ ਦੌਰਾਨ ਪ੍ਰਦਰਸ਼ਨ ਕਰਨ ਦੀ ਉਡੀਕ ਕਰ ਰਿਹਾ ਹੈ

ਰਿਕੀ ਬੋਰਾ ਸੂਤਰਧਾਰ ਹੋਣਗੇ , ਜੋ ਭਾਓਨਾ ਦੇ ਪ੍ਰਸੰਗ ਨੂੰ ਬਿਆਨ ਕਰਦੇ ਹਨ ਅਤੇ ਕਹਾਣੀ ਨੂੰ ਸੰਖੇਪ ਰੂਪ ਵਿੱਚ ਪੇਸ਼ ਕਰਦੇ ਹਨ

ਨਿਤਿਆਨੰਦ ਦੱਤਾ ਨੇ ਜੋਤਿਸ਼ਮਾਨ ਨੂੰ ਮ੍ਰਿਤਿਕਾ ਤਿਲਕ ਲਾਇਆ ਜਦੋਂ ਉਹ ਨੌਜਵਾਨ ਗਾਯਨ-ਬਾਯਨ ਲਈ ਸਟੇਜ ' ਤੇ ਜਾਣ ਦੀ ਤਿਆਰੀ ਕਰ ਰਿਹਾ ਸੀ

ਸੁਭਾਸ਼ੀਸ਼ ਬੋਰਾ , ਪ੍ਰਿਯਬ੍ਰਤ ਹਜ਼ਾਰਿਕਾ ਅਤੇ ਜੋਤਿਸ਼ਮਾਨ ਦੱਤਾ ਰਵਾਇਤੀ ਪਹਿਰਾਵੇ ਵਿੱਚ ਤਸਵੀਰ ਲਈ ਪੋਜ਼ ਦਿੰਦੇ ਹਨ

ਸਮੁੰਦਰ ਹਜ਼ਾਰਿਕਾ ਗਰਮੂਰ ਸਰੂ ਸਤਰਾ ਦੇ ਨਾਮਘਰ ਵਿਖੇ ਨਰਸਿਮ੍ਹਾ ਜਤਰਾ ਭਾਓਨਾ ਦੀ ਪੇਸ਼ਕਾਰੀ ਦੌਰਾਨ ਪ੍ਰਾਰਥਨਾ ਕਰਦਾ ਹੈ

ਸਮੂਹ ਆਪਣੀ ਪੇਸ਼ਕਾਰੀ ਤੋਂ ਪਹਿਲਾਂ ਨਰਸਿਮਹਾ ਮਾਸਕ ਦੇ ਸਾਹਮਣੇ ਪ੍ਰਾਰਥਨਾ ਕਰ ਰਿਹਾ ਹੈ

ਨਬਜੋਤੀ ਬੋਰਾ ਪ੍ਰਿਯਬ੍ਰਤ ਦੇ ਹੋਲਡਿੰਗ ਸ਼ੈੱਲ ਦੀ ਜਾਂਚ ਕਰ ਰਹੇ ਹਨ ਅਤੇ ਉਨ੍ਹਾਂ ਦੇ ਸਾਥੀ ਵੇਨ ਜੋਤਿਸ਼ਮਨ (ਖੱਬੇ) ਅਤੇ ਪਾਰਥ (ਸੱਜੇ) ਦੇਖ ਰਹੇ ਹਨ

ਨਾਮਘਰ ਵਿੱਚ ਪ੍ਰਦਰਸ਼ਨ: ਰਵਾਇਤੀ ਗਾਯਨ-ਬਾਯਨ ਕੋਰਸ ਹੱਥੀਂ ਵੱਖ-ਵੱਖ ਤਾਲਾਂ ਵਜਾਉਣਾ ਸਿੱਖਣ ਨਾਲ਼ ਸ਼ੁਰੂ ਹੁੰਦਾ ਹੈ

ਪ੍ਰਦਰਸ਼ਨ ਦੀ ਸ਼ੈਲੀ ਤਾਲ, ਮਾਨ, ਰਾਗ ਤੇ ਮੁਦਰਾ ਦੀ ਗਿਣਤੀ ਤੇ ਕਿਸਮ ਕਾਰਨ ਵੱਖ-ਵੱਖ ਸਤਰਾਂ ਵਿੱਚ ਬਦਲਦੀ ਰਹਿੰਦੀ ਹੈ

ਅਧਿਐਨ ਦੇ ਸ਼ੁਰੂਆਤੀ ਪੜਾਅ ਵਿੱਚ , ਵਿਦਿਆਰਥੀਆਂ ਨੂੰ ਨਾਚ ਦੀਆਂ ਬੁਨਿਆਦੀ ਗੱਲਾਂ ਵੀ ਸਿਖਾਈਆਂ ਜਾਂਦੀਆਂ ਹਨ। ਬਾਅਦ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਸੰਦ ਦੇ ਨਾਚ , ਖੋਲ ਅਤੇ ਬੋਡਗੀਤ ਆਦਿ ਦੇ ਅਨੁਸਾਰ ਸਮੂਹਾਂ ਵਿੱਚ ਰੱਖਿਆ ਜਾਂਦਾ ਹੈ

ਦੇਬੋਜੀਤ ਦੱਤਾ (ਕੇਂਦਰ) ਲੋਕ ਨਾਟਕ ਨਰਸਿਮਹਾ ਜਥੇ ਵਿੱਚ ਪਿਛੋਕੜ ਵਿੱਚ ਸੰਗੀਤ ਦੇਣ ਲਈ ਗਾਇਕੀ ਸਮੂਹ ਨਾਲ਼ ਗਾਉਂਦੇ ਹਨ

ਰਿਕੀ ਬੋਰਾ ਸੂਤਰਧਾਰੀ ਨਾਚ ਪੇਸ਼ ਕਰਦੇ ਹੈ , ਜਿਸ ਤੋਂ ਬਿਨਾਂ ਭਾਓਨਾ ਕਦੇ ਵੀ ਪੂਰਾ ਨਹੀਂ ਹੁੰਦਾ

ਪ੍ਰਦਰਸ਼ਨ ਤੋਂ ਬਾਅਦ ਸਟੇਜ ਤੋਂ ਬਾਹਰ ਨਿਕਲ਼ਦੇ ਵੇਲ਼ੇ ਰਿਕੀ ਨੇ ਜ਼ੋਰਾਈ ਫੜ੍ਹੀ ਹੁੰਦੀ ਹੈ
ਇਹ ਕਹਾਣੀ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮਐਮਐਫ) ਦੀ ਫੈਲੋਸ਼ਿਪ ਤਹਿਤ ਲਿਖੀ ਗਈ ਹੈ।
ਤਰਜਮਾ: ਕਮਲਜੀਤ ਕੌਰ