ਕੋਰਾਈ ਘਾਹ ਵੱਢਣ ਵਿੱਚ ਮੁਹਾਰਤ ਰੱਖਣ ਵਾਲ਼ਿਆਂ ਨੂੰ ਇਸ ਪੌਦੇ ਨੂੰ ਕੱਟਣ ਵਿੱਚ 15 ਸੈਕੰਡ ਤੋਂ ਵੀ ਘੱਟ ਸਮਾਂ ਲੱਗਦਾ ਹੈ ਅਤੇ ਉਹਨੂੰ ਝਾੜਨ ਵਿੱਚ ਅੱਧਾ ਮਿੰਟ ਅਤੇ ਇਹਦੀ ਪੰਡ ਬੰਨ੍ਹਣ ਵਿੱਚ ਥੋੜ੍ਹੇ ਕੁ ਮਿੰਟ ਹੋਰ ਲੱਗਦੇ ਹਨ। ਘਾਹ ਵਾਂਗ ਇਹ ਪੌਦਾ ਉਨ੍ਹਾਂ ਦੇ ਮੁਕਾਬਲੇ ਲੰਬਾ ਹੁੰਦਾ ਹੈ ਅਤੇ ਹਰੇਕ ਪੰਡ ਦਾ ਭਾਰ ਕਰੀਬ ਪੰਜ ਕਿਲ੍ਹੋ ਹੁੰਦਾ ਹੈ। ਔਰਤਾਂ ਇਹਨੂੰ ਸਰਲ ਬਣਾ ਦਿੰਦੀਆਂ ਹਨ, ਇੱਕ ਵਾਰ 12-15 ਪੰਡਾਂ ਨੂੰ ਸਿਰ 'ਤੇ ਚੁੱਕ ਲੈਂਦੀਆਂ ਹਨ ਅਤੇ ਪ੍ਰਤੀ ਪੰਡ ਸਿਰਫ਼ 2 ਰੁਪਏ ਕਮਾਉਣ ਖਾਤਰ ਤੱਪਦੀ ਧੁੱਪੇ ਕਰੀਬ ਅੱਧਾ ਕਿਲੋਮੀਟਰ ਤੱਕ ਪੈਦਲ ਤੁਰਦੀਆਂ ਹਨ।
ਦਿਨ ਦੇ ਅੰਤ ਤੱਕ, ਉਨ੍ਹਾਂ ਵਿੱਚੋਂ ਹਰੇਕ ਕੋਰਾਈ ਦੀਆਂ ਘੱਟ ਤੋਂ ਘੱਟ 150 ਪੰਡਾਂ ਬਣਾ ਲੈਂਦੀਆਂ ਹਨ, ਜੋ ਤਮਿਲਨਾਡੂ ਦੇ ਕਰੂਰ ਜਿਲ੍ਹੇ ਦੇ ਨਦੀ ਖੇਤਰਾਂ ਵਿੱਚ ਬਹੁਤਾਤ ਵਿੱਚ ਉੱਗਦੀ ਹੈ।
ਕਾਵੇਰੀ ਨਦੀ ਦੇ ਤਟ 'ਤੇ, ਕਰੂਰ ਦੇ ਮਨਵਾਸੀ ਪਿੰਡ ਦੀ ਇੱਕ ਬਸਤੀ, ਨਾਥਮੇੜੂ ਵਿੱਚ ਕੋਰਾਈ ਕੱਟਣ ਵਾਲ਼ੀਆਂ ਲਗਭਗ ਸਾਰੀਆਂ ਔਰਤਾਂ- ਬਿਨਾਂ ਕਿਸੇ ਵਿਰਾਮ ਦੇ ਦਿਨ ਦੇ ਅੱਠ ਘੰਟੇ ਕੰਮ ਕਰਦੀਆਂ ਹਨ। ਉਹ ਘਾਹ ਭਰੇ ਖੇਤਾਂ ਵਿੱਚ ਇਹਨੂੰ ਕੱਟਣ ਲਈ ਝੁਕਦੀਆਂ ਹਨ, ਆਪਣੇ ਨੰਗੇ ਹੱਥਾਂ ਨਾਲ਼ ਉਹਨੂੰ ਝਾੜਦੀਆਂ ਹਨ ਅਤੇ ਗੱਠਰ ਬਣਾਉਂਦੀਆਂ ਹਨ ਅਤੇ ਫਿਰ ਇੱਕੋ ਥਾਵੇਂ ਇਕੱਠਾ ਕਰੀ ਜਾਂਦੀਆਂ ਹਨ। ਇਹਦੇ ਲਈ ਹੁਨਰ ਅਤੇ ਤਾਕਤ ਚਾਹੀਦੀ ਹੈ ਅਤੇ ਇਹ ਸਖ਼ਤ ਮਿਹਨਤ ਵਾਲ਼ਾ ਕੰਮ ਹੈ।
ਉਹ ਦੱਸਦੀਆਂ ਹਨ ਕਿ ਉਨ੍ਹਾਂ ਵਿੱਚੋਂ ਬਹੁਤੇਰੀਆਂ ਔਰਤਾਂ ਛੋਟੀ ਉਮਰ ਤੋਂ ਹੀ ਕੋਰਾਈ ਵੱਢਣ ਦੇ ਕੰਮੀਂ ਲੱਗੀਆਂ ਹਨ। ''ਮੈਂ ਜਿਸ ਦਿਨ ਪੈਦਾ ਹੋਈ ਸੀ ਉਸੇ ਦਿਨ ਤੋਂ ਕੋਰਾਈ ਕਾਡੂ ('ਜੰਗਲ') ਮੇਰੀ ਦੁਨੀਆ ਰਿਹਾ ਹੈ। ਮੈਂ 10 ਸਾਲ ਦੀ ਉਮਰ ਤੋਂ ਹੀ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਇੱਕ ਦਿਨ ਵਿੱਚ ਤਿੰਨ ਰੁਪਏ ਕਮਾਉਂਦੀ ਸਾਂ,'' 59 ਸਾਲਾ ਏ. ਸੌਭਾਗਿਅਮ ਕਹਿੰਦੀ ਹਨ। ਉਨ੍ਹਾਂ ਦੀ ਆਮਦਨੀ ਹੁਣ ਪੰਜ ਮੈਂਬਰੀ ਪਰਿਵਾਰ ਦਾ ਢਿੱਡ ਭਰਦੀ ਹਨ।
ਐੱਮ. ਮੈਗੇਸਵਰੀ, ਉਮਰ 33 ਸਾਲ ਵਿਧਵਾ ਅਤੇ ਦੋ ਸਕੂਲ ਜਾਂਦੇ ਬੱਚਿਆਂ ਦੀ ਮਾਂ, ਚੇਤੇ ਕਰਦੀ ਹਨ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਗਾਵਾਂ ਚਾਰਨ ਅਤੇ ਕੋਰਾਈ ਵੱਢਣ ਭੇਜ ਦਿਆ ਕਰਦੇ ਸਨ। ''ਮੈਂ ਸਕੂਲ ਵਿੱਚ ਕਦੇ ਪੈਰ ਤੱਕ ਨਹੀਂ ਰੱਖਿਆ, ਉਹ ਕਹਿੰਦੀ ਹਨ। ''ਇਹ ਖੇਤ ਮੇਰਾ ਦੂਸਰਾ ਘਰ ਹੈ,'' 39 ਸਾਲਾ ਆਰ.ਸੈਲਵੀ ਨੇ ਆਪਣੀ ਮਾਂ ਦੀਆਂ ਪੈੜਾਂ (ਨਕਸ਼ੇਕਦਮ) 'ਤੇ ਚੱਲਣਾ ਸ਼ੁਰੂ ਕੀਤਾ। ''ਉਹ ਵੀ ਕੋਰਾਈ ਵੱਢਦੀ ਸਨ। ਮੈਂ ਆਪਣੇ ਜੀਵਨ ਵਿੱਚ ਇਹ ਕੰਮ ਬੜੀ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ,'' ਉਹ ਦੱਸਦੀ ਹਨ।
ਤਮਿਲਨਾਡੂ ਦੇ ਪਿਛੜੇ ਵਰਗ ਦੇ ਰੂਪ ਵਿੱਚ ਸੂਚੀਬੱਧ ਮੁਥੈਯਾਰ ਭਾਈਚਾਰੇ ਦੀਆਂ ਇਹ ਔਰਤਾਂ, ਤਿਰੂਚਿਰਾਪੱਲੀ ਜਿਲ੍ਹੇ ਦੇ ਅਮੂਰ ਦੀ ਰਹਿਣ ਵਾਲ਼ੀ ਹਨ। ਨਾਥਮੇਡੂ ਤੋਂ 30 ਕਿਲੋਮੀਟਰ ਦੂਰ, ਮੁਸਿਰੀ ਤਾਲੁਕਾ ਦਾ ਇਹ ਪਿੰਡ ਕਾਵੇਰੀ ਦੇ ਕੰਢੇ ਸਥਿਤ ਹੈ। ਪਰ ਅਮੂਰ ਵਿੱਚ ਪਾਣੀ ਦੀ ਘਾਟ ਹੋ ਗਈ ਹੈ, ਜਿਹਦਾ ਮੁੱਖ ਕਾਰਨ ਖੇਤਰ ਵਿੱਚ ਹੋ ਰਹੀ ਰੇਤ ਮਾਈਨਿੰਗ ਹੈ।
''ਮੇਰੇ ਪਿੰਡ ਵਿੱਚ ਕੋਰਾਈ ਉਦੋਂ ਉੱਗਦੀ ਹੈ ਜਦੋਂ (ਨਦੀ) ਵਿੱਚ ਕੁਝ ਪਾਣੀ ਹੁੰਦਾ ਹੈ। ਹਾਲ ਹੀ ਵਿੱਚ, ਕਿਉਂਕਿ ਨਦੀ ਵਿੱਚ ਪਾਣੀ ਬਹੁਤ ਘੱਟ ਹੋ ਗਿਆ ਸੀ, ਸਾਨੂੰ ਕੰਮ ਲਈ ਇੱਕ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਹੈ,'' ਮਾਗੇਸ਼ਵਰੀ ਕਹਿੰਦੀ ਹਨ।
ਇਸਲਈ ਅਮੂਰ ਦੀਆਂ ਇਹ ਔਰਤਾਂ ਗੁਆਂਢੀ ਕਰੂਰ ਜਿਲ੍ਹੇ ਦੇ ਸਿੰਜੇ ਖੇਤਾਂ ਵਿੱਚ ਜਾਂਦੀਆਂ ਹਨ। ਉਹ ਬੱਸ ਰਾਹੀਂ, ਕਦੇ-ਕਦੇ ਲਾਰੀ ਦੁਆਰਾ, ਆਪਣੇ ਤਰੀਕੇ ਨਾਲ਼ ਭੁਗਤਾਨ ਕਰਕੇ ਉੱਥੇ ਜਾਂਦੀਆਂ ਹਨ ਅਤੇ ਇੱਕ ਦਿਨ ਵਿੱਚ ਲਗਭਗ 300 ਰੁਪਏ ਕਮਾਉਂਦੀਆਂ ਹਨ। 47 ਸਾਲਾ ਵੀਐੱਮ ਕਨਨ, ਜੋ ਆਪਣੀ ਪਤਨੀ, 42 ਸਾਲਾ ਅਕੰਡੀ ਦੇ ਨਾਲ਼ ਕੋਰਾਈ ਵੱਢਦੇ ਹਨ, ਇਸ ਵਿਡੰਬਨਾ ਨੂੰ ਇੰਜ ਬਿਆਨ ਕਰਦੇ ਹਨ: "ਕਾਵੇਰੀ ਦਾ ਪਾਣੀ ਦੂਸਰਿਆਂ ਲਈ ਕੱਢ ਲਿਆ ਜਾਂਦਾ ਹੈ, ਜਦੋਂ ਕਿ ਸਥਾਨਕ ਲੋਕ ਪਾਣੀ ਲਈ ਸੰਘਰਸ਼ ਕਰ ਰਹੇ ਹਨ।"
47 ਸਾਲਾ ਏ ਮਰਿਯਾਯੀ, ਜੋ 15 ਸਾਲ ਦੀ ਉਮਰ ਤੋਂ ਹੀ ਕੋਰਾਈ ਵੱਢਦੀ ਰਹੀ ਹਨ, ਕਹਿੰਦੀ ਹਨ ਕਿ ''ਉਦੋਂ ਅਸੀਂ ਇੱਕ ਦਿਨ ਵਿੱਚ 100 ਪੰਡਾ ਇਕੱਠੀਆਂ ਕਰ ਲਿਆ ਕਰਦੇ ਸਾਂ। ਹੁਣ ਅਸੀਂ ਘੱਟੋਘੱਟ 150 ਪੰਡਾਂ ਇਕੱਠੀਆਂ ਕਰਕੇ 300 ਰੁਪਏ ਕਮਾਉਂਦੇ ਹਾਂ। ਮਜ਼ਦੂਰੀ ਪਹਿਲਾਂ ਬੜੀ ਘੱਟ ਹੋਇਆ ਕਰਦੀ ਸੀ, ਇੱਕ ਪੰਡ ਦੇ ਸਿਰਫ਼ 60 ਪੈਸੇ।''
''1983 ਵਿੱਚ, ਇੱਕ ਪੰਡ ਦੀ ਕੀਮਤ 12.5 ਪੈਸੇ ਸੀ,'' ਕਨਨ ਚੇਤੇ ਕਰਦੇ ਹਨ, ਜੋ 12 ਸਾਲ ਦੀ ਉਮਰ ਤੋਂ ਹੀ ਕੋਰਾਈ ਕੱਟ ਰਹੇ ਹਨ, ਉਦੋਂ ਉਹ ਇੱਕ ਦਿਨ ਵਿੱਚ 8 ਰੁਪਏ ਕਮਾਉਂਦੇ ਸਨ। ਕਰੀਬ 10 ਸਾਲ ਪਹਿਲਾਂ, ਠੇਕੇਦਾਰਾਂ ਕੋਲ਼ ਕਈ ਵਾਰ ਅਪੀਲ ਕਰਨ ਤੋਂ ਬਾਅਦ, ਰੇਟ ਵਧਾ ਕੇ ਪ੍ਰਤੀ ਪੰਡ 1 ਰੁਪਿਆ ਅਤੇ ਫਿਰ 2 ਰੁਪਏ ਪ੍ਰਤੀ ਪੰਡ ਕਰ ਦਿੱਤਾ ਗਿਆ ਸੀ, ਉਹ ਦੱਸਦੇ ਹਨ।
ਠੇਕੇਦਾਰ, ਮਣੀ, ਜੋ ਅਮੂਰ ਦੇ ਮਜ਼ਦੂਰਾਂ ਨੂੰ ਕੰਮ 'ਤੇ ਰੱਖਦੇ ਹਨ, 1-1.5 ਏਕੜ ਜ਼ਮੀਨ ਪਟੇ 'ਤੇ ਲੈ ਕੇ ਵਪਾਰਕ ਰੂਪ ਨਾਲ਼ ਕੋਰਾਈ ਦੀ ਖੇਤੀ ਕਰਦੇ ਹਨ। ਜਦੋਂ ਖੇਤਾਂ ਵਿੱਚ ਪਾਣੀ ਦਾ ਪੱਧਰ ਘੱਟ ਹੁੰਦਾ ਹੈ, ਤਾਂ ਇੱਕ ਏਕੜ ਲਈ ਪ੍ਰਤੀ ਮਹੀਨਾ 12,000-15,000 ਰੁਪਏ ਕਿਰਾਇਆ ਦੇਣਾ ਪੈਂਦਾ ਹੈ, ਉਹ ਦੱਸਦੇ ਹਨ। ''ਪਾਣੀ ਦਾ ਪੱਧਰ ਵੱਧ ਹੋਣ 'ਤੇ ਇਹ ਕਿਰਾਇਆ 3-4 ਗੁਣਾ ਵੱਧ ਹੁੰਦਾ ਹੈ।'' ਉਹ ਅੱਗੇ ਕਹਿੰਦੇ ਹਨ ਕਿ ਇੱਕ ਮਹੀਨੇ ਵਿੱਚ 5,000 ਰੁਪਏ ਹੈ-ਜੋ ਕਿ ਸ਼ਾਇਦ ਘੱਟ ਕਰਕੇ ਦੱਸੀ ਗਈ ਰਾਸ਼ੀ ਹੈ।


ਖੱਬੇ : ਵੀ.ਐੱਮ. ਕਨਨ (ਖੱਬੇ) ਅਤੇ ਉਨ੍ਹਾਂ ਦੀ ਪਤਨੀ, ਕੇ. ਅਕੰਡੀ (ਸੱਜੇ ਘਾਹ ਝਾੜਦਿਆਂ), ਕੋਰਾਈ ਦੇ ਖੇਤਾਂ ਵਿੱਚ ਇਕੱਠਿਆਂ ਕੰਮ ਕਰਦੇ ਹਨ। ਅਮੂਰ ਦੀ ਕੋਰਾਈ ਕੱਟਣ ਵਾਲ਼ੀਆਂ ਬਹੁਤੇਰੀਆਂ ਔਰਤਾਂ ਹਨ
ਕੋਰਾਈ, ਸਾਈਪਰੇਸੀ ਜਾਤੀ ਦਾ ਇੱਕ ਤਰੀਕੇ ਦਾ ਘਾਹ ਹੈ; ਇਹ ਲਗਭਗ ਛੇ ਫੁੱਟ ਉੱਚਾਈ ਤੱਕ ਵੱਧਦਾ ਹੈ। ਇਹ ਮਸ਼ਹੂਰ ਪਾਈ (ਚਟਾਈ) ਅਤੇ ਹੋਰ ਉਤਪਾਦਾਂ ਦੇ ਨਿਰਮਾਣ ਕੇਂਦਰ ਮੁਸਿਰੀ ਵਿੱਚ ਕੋਰਾਈ ਚਟਾਈ-ਉਣਾਈ ਉਦਯੋਗ ਲਈ ਕਰੂਰ ਜਿਲ੍ਹੇ ਵਿੱਚ ਇਹਦੀ ਵਪਾਰਕ ਤੌਰ 'ਤੇ ਕਾਸ਼ਤ ਕੀਤੀ ਜਾਂਦੀ ਹੈ ।
ਇਹ ਉਦਯੋਗ ਖੇਤਾਂ ਵਿੱਚ ਕੰਮ ਕਰਨ ਵਾਲ਼ੇ ਮਜ਼ਦੂਰਾਂ ਦੀ ਕਿਰਤ 'ਤੇ ਚੱਲਦਾ ਹੈ। ਔਰਤਾਂ ਲਈ ਇੱਕ ਦਿਨ ਵਿੱਚ 300 ਰੁਪਏ ਕਮਾਉਣਾ ਸੁਖਾਲ਼ਾ ਕੰਮ ਨਹੀਂ ਹੈ, ਜੋ ਸਵੇਰੇ 6 ਵਜੇ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦੀਅਂ ਹਨ, ਲੰਬੇ ਪੌਦਿਆਂ ਨੂੰ ਝੁੱਕ ਕੇ ਦਾਤੀ ਨਾਲ਼ ਵੱਢਦੀਆਂ ਹਨ। ਉਹ ਮਾਨਸੂਨ ਦੇ ਕੁਝ ਦਿਨਾਂ ਨੂੰ ਛੱਡ ਕੇ ਪੂਰਾ ਸਾਲ ਕੰਮ ਕਰਦੀਆਂ ਹਨ।
ਇਸ ਕੰਮ ਦੀ ਕਾਫ਼ੀ ਮੰਗ ਹੈ, 44 ਸਾਲ ਜਯੰਤੀ ਕਹਿੰਦੀ ਹਨ। ''ਮੈਂ ਹਰ ਰੋਜ਼ ਤੜਕੇ ਚਾਰ ਵਜੇ ਉੱਠਦੀ ਹਾਂ, ਪਰਿਵਾਰ ਲਈ ਖਾਣਾ ਬਣਾਉਂਦੀ ਹਾਂ, ਕੰਮ 'ਤੇ ਜਾਣ ਲਈ ਭੱਜ ਕੇ ਬੱਸ ਫੜ੍ਹਦੀ ਹਾਂ। ਆਪਣੀ ਕਮਾਈ ਵਿੱਚੋਂ ਬੱਸ ਦਾ ਕਿਰਾਇਆ ਦਿੰਦੀ ਹਾਂ, ਪਰਿਵਾਰ ਲਈ ਖਾਣਾ ਅਤੇ ਹੋਰ ਖਰਚੇ ਕਰਦੀ ਹਾਂ।''
''ਪਰ ਮੇਰੇ ਕੋਲ਼ ਕੀ ਵਿਕਲਪ ਹੈ? ਇਹ ਮੇਰੇ ਲਈ ਉਪਲਬਧ ਇੱਕੋ ਇੱਕ ਕੰਮ ਹੈ,'' ਮਾਗੇਸ਼ਵਰੀ ਕਹਿੰਦੀ ਹਨ, ਜਿਨ੍ਹਾਂ ਦੇ ਪਤੀ ਦੀ ਚਾਰ ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ਼ ਮੌਤ ਹੋ ਗਈ ਸੀ। ''ਮੇਰੇ ਦੋ ਬੇਟੇ ਹਨ, ਇੱਕ ਜਮਾਤ 9 ਵਿੱਚ ਅਤੇ ਦੂਸਰਾ ਜਮਾਤ 8 ਵਿੱਚ ਪੜ੍ਹਦਾ ਹੈ,'' ਉਹ ਅੱਗੇ ਕਹਿੰਦੀ ਹਨ।
ਲਗਭਗ ਸਾਰੀਆਂ ਔਰਤਾਂ ਕੋਰਾਈ ਵੱਢਣ ਤੋਂ ਹੋਣ ਵਾਲ਼ੀ ਆਮਦਨੀ ਨਾਲ਼ ਆਪਣਾ ਘਰ ਚਲਾਉਂਦੀਆਂ ਹਨ। ''ਜੇਕਰ ਮੈਂ ਦੋ ਦਿਨ ਇਸ ਘਾਹ ਨੂੰ ਕੱਟਣ ਦਾ ਕੰਮ ਨਾ ਕਰਾਂ, ਤਾਂ ਘਰ 'ਤੇ ਖਾਣ ਲਈ ਕੁਝ ਵੀ ਨਹੀਂ ਬਚੇਗਾ,'' ਸੇਲਵੀ ਕਹਿੰਦੀ ਹਨ, ਜੋ ਆਪਣੇ ਚਾਰ ਮੈਂਬਰੀ ਪਰਿਵਾਰ ਨੂੰ ਪਾਲ਼ਦੀ ਹਨ।

ਪੂਰਾ ਦਿਨ ਝੁਕ ਕੇ ਵਾਢੀ ਕਰਨ ਨਾਲ਼ ਐੱਮ. ਜਯੰਥੀ ਦੀ ਹਿੱਕ ਵਿੱਚ ਦਰਦ ਹੁੰਦਾ ਹੈ। ਉਹ ਆਪਣੀ ਆਮਦਨੀ ਦਾ ਕਾਫ਼ੀ ਸਾਰਾ ਹਿੱਸਾ ਮੈਡੀਕਲ ਬਿੱਲਾਂ ' ਤੇ ਖ਼ਰਚ ਕਰਦੀ ਹਨ
ਪਰ ਇਹ ਪੈਸਾ ਕਾਫ਼ੀ ਨਹੀਂ ਹੈ। ''ਮੇਰੀ ਇੱਕ ਛੋਟੀ ਬੇਟੀ ਨਰਸ ਬਣਨ ਲਈ ਪੜ੍ਹ ਰਹੀ ਹੈ ਅਤੇ ਮੇਰਾ ਬੇਟਾ 11ਵੀਂ ਜਮਾਤ ਵਿੱਚ ਹੈ। ਮੈਨੂੰ ਨਹੀਂ ਪਤਾ ਕਿ ਮੈਂ ਉਹਦੀ ਸਿੱਖਿਆ ਲਈ ਪੈਸੇ ਕਿਵੇਂ ਇਕੱਠੇ ਕਰੂੰਗਾ। ਮੈਂ ਆਪਣੀ ਬੇਟੀ ਦੀ ਫੀਸ ਲਈ ਕਰਜ਼ਾ ਲੈ ਚੁੱਕੀ ਹਾਂ,'' ਮਰਿਯਾਯੀ ਕਹਿੰਦੀ ਹਨ।
ਉਨ੍ਹਾਂ ਦੀ ਦੈਨਿਕ ਆਮਦਨੀ ਜਦੋਂ ਵੱਧ ਕੇ 300 ਰੁਪਏ ਹੋ ਗਈ ਤਾਂ ਉਸ ਨਾਲ਼ ਕੋਈ ਬਹੁਤਾ ਫ਼ਰਕ ਨਹੀਂ ਪਿਆ। ''ਪਹਿਲਾਂ ਜਦੋਂ, ਅਸੀਂ 200 ਰੁਪਏ ਘਰ ਲੈ ਜਾਂਦੇ ਸਾਂ ਤਾਂ ਉਸ ਵਿੱਚ ਸਾਨੂੰ ਬਹੁਤ ਸਾਰੀਆਂ ਸਬਜ਼ੀਆਂ ਮਿਲ਼ ਜਾਂਦੀਆਂ ਸਨ। ਪਰ ਹੁਣ 300 ਰੁਪਏ ਵੀ ਕਾਫ਼ੀ ਨਹੀਂ ਪੈਂਦੇ,'' ਸੋਭਾਗਿਅਮ ਕਹਿੰਦੀ ਹਨ। ਉਨ੍ਹਾਂ ਦੇ ਪੰਜ ਮੈਂਬਰੀ ਪਰਿਵਾਰ ਵਿੱਚ ਉਨ੍ਹਾਂ ਦੀ ਮਾਂ, ਪਤੀ, ਪੁੱਤਰ ਅਤੇ ਨੂੰਹ ਸ਼ਾਮਲ ਹਨ। ''ਮੇਰੀ ਆਮਦਨੀ ਨਾਲ਼ ਹੀ ਸਾਰਿਆਂ ਦਾ ਖ਼ਰਚਾ ਚੱਲਦਾ ਹੈ।''
ਇੱਥੋਂ ਦੇ ਬਹੁਤੇਰੇ ਪਰਿਵਾਰ ਪੂਰੀ ਤਰ੍ਹਾਂ ਨਾਲ਼ ਔਰਤਾਂ ਦੀ ਆਮਦਨੀ 'ਤੇ ਹੀ ਨਿਰਭਰ ਹਨ ਕਿਉਂਕਿ ਪੁਰਸ਼ ਸ਼ਰਾਬ ਪੀਂਦੇ ਹਨ। ''ਮੇਰਾ ਬੇਟਾ ਇੱਕ ਰਾਜਮਿਸਤਰੀ ਹੈ। ਉਹ ਚੰਗੀ ਕਮਾਈ ਕਰਦਾ ਹੈ, ਇੱਕ ਦਿਨ ਵਿੱਚ ਕਰੀਬ 1000 ਰੁਪਏ ਕਮਾ ਲੈਂਦਾ ਹੈ,'' ਸੋਭਾਗਿਅਮ ਦੱਸਦੀ ਹਨ। ''ਪਰ ਉਹ ਆਪਣੀ ਪਤਨੀ ਨੂੰ ਪੰਜ ਪੈਸੇ ਤੱਕ ਨਹੀਂ ਦਿੰਦਾ ਅਤੇ ਸਾਰਾ ਪੈਸਾ ਸ਼ਰਾਬ 'ਤੇ ਖਰਚ ਕਰ ਦਿੰਦਾ ਹੈ। ਜਦੋਂ ਉਹਦੀ ਪਤਨੀ ਉਹਨੂੰ ਪੁੱਛਦੀ ਹੈ ਤਾਂ ਅੱਗਿਓਂ ਉਹ ਉਹਨੂੰ ਕੁੱਟਦਾ ਹੈ। ਮੇਰੇ ਪਤੀ ਕਾਫ਼ੀ ਬੁੱਢੇ ਹਨ ਅਤੇ ਕੋਈ ਵੀ ਕੰਮ ਕਰਨ ਦੇ ਅਸਮਰੱਥ ਹਨ।
ਇਹ ਔਖਾ ਜੀਵਨ ਔਰਤਾਂ ਦੇ ਸਿਹਤ 'ਤੇ ਬੁਰਾ ਅਸਰ ਪਾਉਂਦਾ ਹੈ। ''ਕਿਉਂਕਿ ਮੈਂ ਪੂਰਾ ਦਿਨ ਝੁੱਕ ਕੇ ਵਾਢੀ ਕਰਦੀ ਹਾਂ, ਇਸਲਈ ਮੇਰੀ ਹਿੱਕ ਵਿੱਚ ਕਾਫ਼ੀ ਦਰਦ ਰਹਿੰਦਾ ਹੈ,'' ਜਯੰਥੀ ਦੱਸਦੀ ਹਨ। ''ਮੈਂ ਹਰ ਹਫ਼ਤੇ ਹਸਪਤਾਲ ਜਾਂਦੀ ਹਾਂ ਅਤੇ 500-1000 ਰੁਪਏ ਦਵਾਈਆਂ 'ਤੇ ਖਰਚ ਹੋ ਜਾਂਦਾ ਹੈ।''
''ਮੈਂ ਲੰਬੇ ਸਮੇਂ ਤੱਕ ਇਹ ਕੰਮ ਨਹੀਂ ਕਰ ਸਕਦੀ,'' ਦੁਖੀ ਮਰਿਯਾਯੀ ਕਹਿੰਦੀ ਹਨ। ਉਹ ਕੋਰਾਈ ਦੀ ਵਾਢੀ ਬੰਦ ਕਰਨਾ ਚਾਹੁੰਦੀ ਹਨ। ''ਮੇਰੇ ਮੋਢੇ, ਚੂਲ਼ੇ, ਛਾਤੀ, ਹੱਥਾਂ ਅਤੇ ਲੱਤਾਂ ਵਿੱਚ ਦਰਦ ਹੁੰਦਾ ਹੈ। ਮੇਰੇ ਹੱਥ ਅਤੇ ਪੈਰ ਪੌਦਿਆਂ ਦੇ ਨੁਕੀਲੇ ਕੰਢਿਆਂ ਨਾਲ਼ ਛਿੱਲੇ ਹੀ ਜਾਂਦਾ ਹਨ। ਕੀ ਤੁਸੀਂ ਜਾਣਦੇ ਹੋ ਕਿ ਧੁੱਪ 'ਚ ਕੰਮ ਕਰਨਾ ਕਿੰਨਾ ਔਖਾ ਹੈ?''

ਤਿਰੂਚਿਰਾਪਲੀ ਜਿਲ੍ਹੇ ਦੇ ਮੁਸਿਰੀ ਤਾਲੁਕਾ ਦੇ ਅਮੂਰ ਦੀਆਂ ਔਰਤਾਂ, ਕੋਰਾਈ ਵੀ ਵਾਢੀ ਤੋਂ ਪੈਸੇ ਕਮਾਉਣ ਲਈ ਗੁਆਂਢ ਪੈਂਦੇ ਕਰੂਰ ਦੀ ਯਾਤਰਾ ਕਰਦੀਆਂ ਹਨ। ਘਾਹ ਜਿਹਾ ਇਹ ਲੰਬਾ ਪੌਦਾ, ਤਮਿਲਨਾਡੂ ਵਿੱਚ ਕਾਵੇਰੀ ਨਦੀ ਦੇ ਤਟਵਰਤੀ ਖੇਤਾਂ ਵਿੱਚ ਭਾਰੀ ਮਾਤਰਾ ਵਿੱਚ ਉੱਗਦਾ ਹੈ

ਏ. ਮਰਿਯਾਯੀ 30 ਸਾਲਾਂ ਤੋਂ ਵੱਧ ਸਾਲਾਂ ਤੋਂ ਕੋਰਾਈ ਦੇ ਖੇਤਾਂ ਵਿੱਚ ਕੰਮ ਕਰ ਰਹੀ ਹਨ। ਹੁਣ, ਕਿਉਂਕਿ ਉਨ੍ਹਾਂ ਦੇ ਸਰੀਰ ਵਿੱਚ ਦਰਦ ਰਹਿੰਦਾ ਹੈ, ਉਨ੍ਹਾਂ ਨੂੰ ਝੁੱਕਣ ਅਤੇ ਪੰਡਾਂ ਚੁੱਕਣ ਵਿੱਚ ਸੰਘਰਸ਼ ਕਰਨਾ ਪੈਂਦਾ ਹੈ। ਮਰਿਯਾਯੀ ਨੇ ਆਪਣੀ ਆਮਦਨੀ ਤੋਂ ਆਪਣੀਆਂ ਪੰਜ ਧੀਆਂ ਅਤੇ ਇੱਕ ਬੇਟੇ ਨੂੰ ਪੜ੍ਹਾਇਆ ਹੈ, ਨਾਲ਼ ਹੀ ਕੋਰਾਈ ਦੀ ਵਾਢੀ ਤੋਂ ਪ੍ਰਾਪਤ ਪੈਸਿਆਂ ਨਾਲ਼ ਆਪਣੀਆਂ ਤਿੰਨ ਵੱਡੀਆਂ ਦਾ ਵਿਆਹ ਵੀ ਕੀਤਾ

ਐੱਮ. ਮਾਗੇਸ਼ਵਰੀ, ਇੱਕ ਵਿਧਵਾ ਜਿਨ੍ਹਾਂ ਦੇ ਦੋ ਬੇਟੇ ਹਾਈ ਸਕੂਲ ਵਿੱਚ ਹਨ, ਕਹਿੰਦੀ ਹਨ ਕਿ ਉਨ੍ਹਾਂ ਲਈ ਜੀਵਨ ਸਦਾ ਤੋਂ ਔਖ਼ਾ ਹੀ ਰਿਹਾ ਹੈ। '' ਮੈਂ ਕਦੇ ਸਕੂਲ ਨਹੀਂ ਗਈ। ਮੈਨੂੰ ਇਹਦਾ ਬਹੁਤ ਅਫ਼ਸੋਸ ਹੈ। ਜੇਕਰ ਮੈਂ ਪੜ੍ਹੀ-ਲਿਖੀ ਹੁੰਦੀ, ਤਾਂ ਮੈਂ ਇਹਦੇ ਨਾਲ਼ ਹੀ ਕੁਝ ਕੰਮ ਕਰ ਸਕਦੀ ਸੀ। '' ਉਹ ਆਪਣੇ ਬਚਪਨ ਤੋਂ ਹੀ ਕੋਰਾਈ ਵੱਢਦੀ ਆ ਰਹੀ ਹਨ

ਆਰ. ਸੇਲਵੀ ਘਾਹ ਦੀਆਂ ਪੰਡਾਂ ਨੂੰ ਝੁੱਕ ਕੇ ਉਹਦੇ ਸੁੱਕੇ ਹਿੱਸੇ ਨੂੰ ਵੱਖ ਕਰ ਰਹੀ ਹਨ। ਉਨ੍ਹਾਂ ਦੀ ਆਮਦਨ ਨਾਲ਼ ਹੀ ਉਨ੍ਹਾਂ ਦੇ ਚਾਰ ਮੈਂਬਰੀ ਟੱਬਰ ਦਾ ਖ਼ਰਚਾ ਚੱਲਦਾ ਹੈ। '' ਜਦੋਂ ਮੈਂ 300 ਰੁਪਏ ਕਮਾਉਂਦੀ ਹਾਂ, ਉਦੋਂ ਵੀ ਮੈਨੂੰ ਘਰ ਚਲਾਉਣ ਲਈ ਸਿਰਫ਼ 100 ਰੁਪਏ ਮਿਲਦੇ ਹਨ। ਮੇਰੇ ਪਤੀ 200 ਰੁਪਏ ਸ਼ਰਾਬ ' ਤੇ ਉਡਾ ਦਿੰਦੇ ਹਨ। ਜੇਕਰ ਸਾਡੇ ਘਰ ਵਿੱਚ ਪੁਰਸ਼ ਸ਼ਰਾਬ ਨਾ ਪੀਂਦੇ ਹੁੰਦੇ ਤਾਂ ਸ਼ਾਇਦ ਸਾਡਾ ਜੀਵਨ ਕੁਝ ਬਿਹਤਰ ਤਾਂ ਹੁੰਦਾ, '' ਉਹ ਕਹਿੰਦੀ ਹਨ।

ਮਾਗੇਸ਼ਵਰੀ (ਖੱਬੇ) ਆਰ.ਕਵਿਤਾ ਨੂੰ ਆਪਣੀਆਂ ਅੱਖਾਂ ' ਚੋਂ ਮਿੱਟੀ ਕੱਢਣ ਵਿੱਚ ਮਦਦ ਕਰਦੀ ਹੋਈ, ਜਦੋਂਕਿ ਐੱਸ. ਰਾਣੀ (ਸੱਜੇ) ਤੌਲੀਏ ਨਾਲ਼ ਆਪਣੇ ਚਿਹਰੇ ਦੀ ਧੂੜ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੀ ਹਨ। ਭਰੀਆਂ ਨੂੰ ਝਾੜਦੇ ਵੇਲ਼ੇ ਉੱਡਣ ਵਾਲੀ ਧੂੜ ਕਰਕੇ ਔਰਤਾਂ ਦੀਆਂ ਅੱਖਾਂ ਵਿੱਚ ਸਾੜ ਪੈਂਦਾ ਰਹਿੰਦਾ ਹੈ

ਉਨ੍ਹਾਂ ਦਾ ਕੰਮ ਸਵੇਰੇ 6 ਵਜੇ ਸ਼ੁਰੂ ਹੁੰਦਾ ਹੈ ਅਤੇ ਦਿਨ ਦੇ ਅੱਠ ਘੰਟਿਆਂ ਤੱਕ ਚੱਲਦਾ ਹੈ, ਜਿਹਦੇ ਦੌਰਾਨ ਉਨ੍ਹਾਂ ਨੂੰ ਸਿਰਫ਼ 10 ਮਿੰਟ ਦਾ ਇੱਕ ਛੋਟਾ ਜਿਹਾ ਬ੍ਰੇਕ ਮਿਲ਼ਦਾ ਹੈ। ਬੈਠਣ ਲਈ ਕੋਈ ਛਾਂ ਨਹੀਂ, ਇਸਲਈ ਉਨ੍ਹਾਂ ਨੂੰ ਚਾਹ ਪੀਣ ਲਈ ਵੀ ਧੁੱਪੇ ਹੀ ਖੜ੍ਹੇ ਹੋਣਾ ਪੈਂਦਾ ਹੈ

ਐੱਮ ਨਿਰਮਲਾ ਵੱਢੀ ਹੋਈ ਕੋਰਾਈ ਦੀ ਇੱਕ ਪੰਡ ਨੂੰ ਝਾੜ ਕੇ ਸਾਫ਼ ਕਰਨ ਲਈ ਤਿਆਰ ਹੋ ਰਹੀਆਂ ਹਨ। ਇਨ੍ਹਾਂ ਪੰਡਾਂ ਨੂੰ ਤਿਰੂਚਿਰਾਪੱਲੀ ਜਿਲ੍ਹੇ ਦੇ ਮੁਸਿਰੀ ਵਿੱਚ ਪ੍ਰੋਸੈਸਿੰਗ ਯੁਨਿਟ ਵਿੱਚ ਭੇਜਿਆ ਜਾਂਦਾ ਹੈ, ਜੋ ਕੋਰਾਈ ਚਟਾਈ ਦੀ ਉਣਾਈ ਦਾ ਪ੍ਰਮੁੱਖ ਕੇਂਦਰ ਹੈ

ਕਵਿਤਾ ਪੂਰੀ ਵਾਹ ਲਾ ਕੇ ਭਰੀ ਨੂੰ ਝਾੜ ਰਹੀ ਹਨ। ਪੰਡ ਦੇ ਸੁੱਕੇ ਹਿੱਸੇ ਨੂੰ ਹਟਾਉਣ ਲਈ ਤਾਕਤ ਦੇ ਨਾਲ਼-ਨਾਲ਼ ਕੌਸ਼ਲ ਦੀ ਵੀ ਲੋੜ ਹੁੰਦੀ ਹੈ। ਤਜ਼ਰਬੇਕਾਰ ਔਰਤਾਂ ਓਨੀ ਹੀ ਮਾਤਰਾ ਵਿੱਚ ਵੱਢਦੀਆਂ ਹਨ, ਜਿਸ ਨਾਲ਼ ਕੀ ਪੰਡ ਬੰਨ੍ਹੀ ਜਾਵੇ

ਸਦਾ ਹਾਸਾ-ਮਜ਼ਾਕ ਕਰਨ ਵਾਲ਼ੀ ਕਵਿਤਾ, ਕੰਮ ਕਰਦੇ ਸਮੇਂ ਦੂਸਰਿਆਂ ਨੂੰ ਵੀ ਹਸਾਉਂਦੇ ਹਨ। ਉਨ੍ਹਾਂ ਨੇ ਵਿਆਹ ਕਰਨ ਤੋਂ ਬਾਅਦ ਹੀ ਕੋਰਾਈ ਦੀ ਵਾਢੀ ਸ਼ੁਰੂ ਕਰ ਦਿੱਤੀ ਸੀ।

ਖੱਬੇ ਤੋਂ ਸੱਜੇ : ਇੱਕ ਮੇਘਲਾ, ਆਰ.ਕਵਿਤਾ, ਐੱਮ.ਜਯੰਥੀ ਅਤੇ ਕੇ. ਅੰਕੜੀ ਸਖ਼ਤ ਧੁੱਪੇ ਮਿਹਨਤ ਨਾਲ਼ ਕੰਮ ਕਰਦੀਆਂ ਹਨ। ਗਰਮੀ ਦੇ ਮਹੀਨਿਆਂ ਵਿੱਚ, ਗਰਮੀ ਤੋਂ ਰਾਹਤ ਲਈ ਉਹ ਉੱਪਰੋਂ ਪਾਣੀ ਪਾਉਂਦੀਆਂ ਹਨ ਅਤੇ ਕੰਮ ਨੂੰ ਜਾਰੀ ਰੱਖਦੀਆਂ ਹਨ

ਮੇਘਲਾ ਦੇ ਪਤੀ ਬਿਸਤਰੇ ' ਤੇ ਪਏ ਹਨ, ਇਸਲਈ ਉਨ੍ਹਾਂ ਨੇ ਰੋਜ਼ੀਰੋਟੀ ਖ਼ਾਤਰ ਕੋਰਾਈ ਦੀ ਵਾਢੀ ਸ਼ੁਰੂ ਕਰ ਦਿੱਤੀ

ਏ.ਕਮਾਚੀ ਦੇ ਪਤੀ ਦੀ ਮੌਤ 20 ਸਾਲ ਪਹਿਲਾਂ ਅਤੇ ਬੇਟੇ ਦੀ ਮੌਤ 2018 ਵਿੱਚ ਹੋ ਗਈ ਸੀ। 66 ਸਾਲ ਦੀ ਉਮਰ ਵਿੱਚ, ਉਹ ਇਕੱਲੀ ਰਹਿੰਦੀ ਹਨ ਅਤੇ ਕੋਰਾਈ ਦੇ ਖੇਤਾਂ ਵਿੱਚ ਕੰਮ ਕਰਕੇ ਆਪਣੀ ਖਰਚਾ ਚਲਾਉਂਦੀ ਹਨ

ਮਜ਼ਦੂਰ ਪੰਡਾਂ ਨੂੰ ਜ਼ਮੀਨ ' ਤੇ ਠੋਕ ਠੋਕ ਕੇ ਪੱਧਰਾ ਕਰਦੇ ਹੋਏ। ਠੇਕੇਦਾਰ ਮਣੀ (ਖੱਬੇ) ਘਾਹ ਦੀਆਂ ਪੰਡਾਂ ਦੇ ਉਪਰਲੇ ਹਿੱਸੇ ਨੂੰ ਕੱਟ ਕੇ ਉਹਦੀ ਲੰਬਾਈ ਨੂੰ ਬਰਾਬਰ ਕਰ ਰਹੇ ਹਨ

ਏ ਵਸੰਤਾ ਆਪਣੇ ਸਿਰ ' ਤੇ ਲੱਦੀਆਂ ਪੰਡਾਂ ਨਾਲ਼ ਸੰਤੁਲਨ ਬਣਾਉਂਦੇ ਹੋਏ, ਆਪਣੇ ਪੈਰਾਂ ਦੀਆਂ ਉਂਗਲਾਂ ਦੀ ਵਰਤੋਂ ਕਰਕੇ ਇੱਕ ਪੰਡ ਨੂੰ ਉੱਛਾਲਦੀ ਹੋਈ। ਉਹ ਇਹਨੂੰ ਪਹਿਲਾਂ ਆਪਣੀ ਕਮਰ ਤੱਕ ਉਛਾਲ਼ਦੀ ਹਨ ਅਤੇ ਫਿਰ ਆਪਣੇ ਸਿਰ ਤੱਕ ਲੈ ਜਾਂਦੀ ਹਨ- ਬਗ਼ੈਰ ਕਿਸੇ ਮਦਦ ਦੇ। ਹਰਕੇ ਪੰਡ ਦਾ ਵਜਨ ਕਰੀਬ ਪੰਜ ਕਿਲੋ ਹੈ

ਔਰਤਾਂ ਇੱਕ ਵਾਰ ਵਿੱਚ ਆਪਣੇ ਸਿਰ ' ਤੇ 10-12 ਪੰਡਾਂ ਨੂੰ ਸੰਤੁਲਤ ਕਰਦੀਆਂ ਹਨ। ਉਨ੍ਹਾਂ ਨੂੰ ਇੱਕ ਥਾਵੇਂ ਇਕੱਠੇ ਕਰਨ ਲਈ ਥਾਂ ' ਤੇ ਪੰਡਾਂ ਨੂੰ ਪਹੁੰਚਾਉਣ ਲਈ ਤੱਪਦੀ ਧੁੱਪੇ ਕਰੀਬ ਅੱਧਾ ਕਿਲੋਮੀਟਰ ਚੱਲਦੀਆਂ ਹਨ। ਮਾਗੇਸ਼ਵਰੀ ਕਹਿੰਦੀ ਹਨ, '' ਮੈਨੂੰ ਇਹ ਕੰਮ ਕਰਨਾ ਸੁਰੱਖਿਅਤ ਲੱਗਦਾ ਹੈ ਕਿਉਂਕਿ ਇੱਥੇ ਕੰਮ ਕਰਨ ਵਾਲ਼ੀ ਕਈ ਔਰਤਾਂ ਆਪਸ ਵਿੱਚ ਰਿਸ਼ਤੇਦਾਰ ਹਨ ''

ਮਰਿਯਾਯੀ ਭਾਰੀ ਪੰਡ ਲੈ ਕੇ ਜਾ ਰਹੀਆਂ ਹਨ। '' ਸੋਕਰ ਜਾਗਣਾ, ਇੱਥੇ (ਖੇਤਾਂ ਵਿੱਚ) ਭੱਜਦੇ ਹੋਏ ਆਉਣਾ, ਪੂਰੇ ਦਿਨ ਕੰਮ ਕਰਨਾ, ਜਲਦੀ ਵਿੱਚ ਮੁੜਨਾ- ਮੈਨੂੰ ਬਿਲਕੁਲ ਵੀ ਅਰਾਮ ਨਹੀਂ ਮਿਲ਼ਦਾ। ਇੱਥੋਂ ਤੱਕ ਕਿ ਜਦੋਂ ਮੈਂ ਲੋੜ ਹਾਂ, ਉਦੋਂ ਵੀ ਘਰੇ ਲੇਟ ਨਹੀਂ ਸਕਦੀ। ਮੈਂ ਇੱਥੇ ਆਉਂਦੀ ਹਾਂ ਅਤੇ ਆਪਣੇ ਕੰਮ ਵਿਚਕਾਰ ਅਰਾਮ ਕਰਦੀ ਹਾਂ ''

ਪੰਡਾਂ ਨੂੰ ਇਕੱਠਾ ਕਰਨ ਵਾਲ਼ੀ ਥਾਂ ' ਤੇ ਲਿਆਂਦਿਆ ਜਾ ਰਿਹਾ ਹੈ ਜਿੱਥੋਂ ਉਨ੍ਹਾਂ ਨੇ ਇੱਕ ਲੌਰੀ ' ਤੇ ਲੱਦ ਕੇ ਪ੍ਰੋਸੈਸਿੰਗ ਲਈ ਲੈ ਜਾਇਆ ਜਾਂਦਾ ਹੈ

ਮਜ਼ਦੂਰਾਂ ਨੇ ਆਪਣੇ ਦਿਨ ਦੇ ਕੰਮ ਨੂੰ ਪੂਰਾ ਕਰਨ ਤੋਂ ਬਾਅਦ, ਦੁਪਹਿਰ ਦੇ ਲਗਭਗ 2 ਵਜੇ ਖਾਣਾ ਖਾਧਾ। '' ਨਾਲ਼ ਦੀ ਥਾਂ ' ਤੇ ਕੰਮ ਕਰਨ ' ਤੇ, ਅਸੀਂ ਇੱਕ ਵਜੇ ਤੱਕ ਘਰ ਮੁੜ ਆਉਂਦੇ ਹਨ। ਨਹੀਂ ਤਾਂ, ਦੇਰ ਸ਼ਾਮ ਜਾਂ ਰਾਤ ਨੂੰ ਅਸੀਂ ਵਾਪਸ ਮੁੜਦੇ ਹਨ ''
ਅਰਪਨਾ ਕਾਰਥੀਕੇਯਨ ਦੇ ਟੈਕਸਟ ਇਨਪੁਟ ਦੇ ਨਾਲ਼।
ਤਰਜਮਾ: ਕਮਲਜੀਤ ਕੌਰ