ਅਹਿਮਦਬਾਦ ਦੇ ਅਸਮਾਨੀਂ ਉੱਡਦੇ ਇਹ ਹਜ਼ਾਰਾਂ ਹਜ਼ਾਰ ਰੰਗ-ਬਿਰੰਗੇ ਜਹਾਜ। ਅਸਮਾਨੀਂ ਤੈਰਦੇ ਇਨ੍ਹਾਂ ਕਾਗ਼ਜ਼ੀ ਜਹਾਜ਼ਾਂ ਦਾ ਨਜ਼ਾਰਾ ਕਿਸੇ ਪਰੇਡ ਨਾਲ਼ੋਂ ਘੱਟ ਨਹੀਂ। ਉਨ੍ਹਾਂ ਨੂੰ ਉਡਾਉਣ ਵਾਲ਼ੇ ਪਾਈਲਟ ਅਤੇ ਮਾਲਕ ਦੋਵੇਂ ਹੀ ਆਮ ਲੋਕ ਹਨ। ਉਨ੍ਹਾਂ ਵਿੱਚੋਂ ਕੋਈ ਨਹੀਂ ਜਾਣਦਾ ਕਿ ਜਿਸ ਪਤੰਗ (ਜਹਾਜ਼) ਨੂੰ ਉਹ ਉਡਾ ਰਹੇ ਹਨ ਉਸਨੂੰ ਬਣਾਉਣ ਵਾਸਤੇ, ਉਹਦੇ ਅਸਮਾਨੀਂ ਉੱਡਦੇ ਰਹਿਣ ਵਾਸਤੇ ਅਤੇ ਇਸ ਪੂਰੇ ਉਦਯੋਗ ਅੰਦਰ ਜਾਨ-ਫੂਕਣ ਵਾਸਤੇ ਪੂਰੇ ਅੱਠ ਕਰਮੀਆਂ ਦਾ ਇੱਕ ਦਲ ਇੱਕ ਸਾਲ ਤੋਂ ਕੰਮ ਕਰਦਾ ਰਿਹਾ ਹੈ। ਬਹੁਤੇਰੇ ਕਰਮੀ ਔਰਤਾਂ ਹਨ ਜੋ ਕਿ ਗ੍ਰਾਮੀਣ ਜਾਂ ਛੋਟੇ ਸ਼ਹਿਰਾਂ ਤੋਂ ਹਨ ਅਤੇ ਆਪਣੀਆਂ ਨਾਜ਼ੁਕ ਉਂਗਲਾਂ ਦੇ ਨਾਲ਼ ਇਸ ਪੇਚੀਦਾ ਅਤੇ ਔਖ਼ੇ ਕੰਮ ਨੂੰ ਨੇਪਰੇ ਚਾੜ੍ਹਦੀਆਂ ਹਨ ਅਤੇ ਬਦਲੇ ਵਿੱਚ ਬਹੁਤ ਹੀ ਨਿਗੂਣੀ ਕਮਾਈ ਕਰਦੀਆਂ ਹਨ... ਉਹ ਔਰਤਾਂ ਜਿਨ੍ਹਾਂ ਨੇ ਖ਼ੁਦ ਕਦੇ ਇੰਨੀ ਉੱਚੀ ਉਡਾਰੀ ਨਹੀਂ ਭਰੀ ਹੋਣੀ।
ਮਕਰ ਸੰਕ੍ਰਾਂਤੀ (ਮਾਘੀ) ਦਾ ਸਮਾਂ ਹੈ ਅਤੇ ਹਿੰਦੂਆਂ ਦੇ ਇਸ ਤਿਓਹਾਰ ਦੇ ਜਸ਼ਨ ਵਿੱਚ ਸ਼ਹਿਰ ਦੇ ਅਸਮਾਨੀਂ ਰੰਗ-ਬਿਰੰਗੀਆਂ ਪਤੰਗਾਂ ਉਡਾਈਆਂ ਜਾਣੀਆਂ ਹਨ, ਗੁਜਰਾਤ ਦੇ ਅਹਿਮਾਦਾਬਾਦ ਵਿੱਚ ਅਤੇ ਅਨੰਦ ਜ਼ਿਲ੍ਹੇ ਦੇ ਖੰਭਾਤ ਤਾਲੁਕਾ ਵਿਖੇ ਤਿਆਰ ਹੋਣ ਵਾਲ਼ੀਆਂ ਇਹ ਪਤੰਗਾਂ, ਮੁਸਲਮਾਨ ਔਰਤਾਂ ਅਤੇ ਹਿੰਦੂ ਚੁਨਾਰਾ ਭਾਈਚਾਰੇ ਦੀਆਂ ਔਰਤਾਂ ਵੱਲੋਂ ਬਣਾਈਆਂ ਜਾਂਦੀਆਂ ਹਨ। ਜ਼ਾਹਰ ਹੈ ਇਨ੍ਹਾਂ ਪਤੰਗਾਂ ਨੂੰ ਵੱਡੀ ਗਿਣਤੀ ਵਿੱਚ ਉਡਾਉਣ ਵਾਲ਼ੇ ਵੀ ਹਿੰਦੂ ਹੀ ਹੋਣਗੇ।
14 ਜਨਵਰੀ ਨੂੰ ਅਸਮਾਨ ਨੂੰ ਸਜਾਉਣ ਵਾਲ਼ੀਆਂ ਇਨ੍ਹਾਂ ਰੰਗ-ਬਿਰੰਗੀਆਂ ਪਤੰਗਾਂ ਨੂੰ ਤਿਆਰ ਕਰਨ ਲਈ ਇਹ ਔਰਤਾਂ ਸਾਲ ਦੇ 10 ਮਹੀਨੇ ਤੋਂ ਵੱਧ ਸਮਾਂ ਕੰਮ ਕਰਦੀਆਂ ਹਨ ਅਤੇ ਬਦਲੇ ਵਿੱਚ ਉਨ੍ਹਾਂ ਨੂੰ ਨਿਗੂਣੇ ਪੈਸੇ ਮਿਲ਼ਦੇ ਹਨ। ਗੁਜਰਾਤ ਦੇ 625 ਕਰੋੜ ਰੁਪਏ ਦੇ ਉਦਯੋਗ ਕੰਮੀਂ ਲੱਗੇ 1.28 ਲੱਖ ਲੋਕਾਂ ਵਿੱਚ ਹਰ 10 ਵਿਅਕਤੀਆਂ ਪਿੱਛੇ 7 ਔਰਤਾਂ ਕੰਮ ਕਰਦੀਆਂ ਹਨ।
''ਇੱਕ ਪਤੰਗ ਮੁਕੰਮਲ ਹੋਣ ਤੋਂ ਪਹਿਲਾਂ ਸੱਤ ਹੱਥਾਂ 'ਚੋਂ ਨਿਕਲ਼ਦੀ ਹੈ,'' 40 ਸਾਲਾ ਸਬਿਨ ਅੱਬਾਸ ਨਿਆਜ ਹੂਸੈਨ ਮਲਿਕ ਕਹਿੰਦੇ ਹਨ। ਅਸੀਂ ਖੰਭਾਤ ਦੇ ਲਾਲ ਮਹਿਲ ਇਲਾਕੇ ਦੀ ਇੱਕ ਭੀੜੀ ਜਿਹੀ ਗਲ਼ੀ ਵਿੱਚ ਉਨ੍ਹਾਂ ਦੀ 12x10 ਫੁੱਟੀ ਘਰਨੁਮਾ ਦੁਕਾਨ ਅੰਦਰ ਬੈਠੇ ਹੋਏ ਹਾਂ ਅਤੇ ਉਹ ਸਾਨੂੰ ਬਾਹਰੋਂ ਸੋਹਣੇ ਜਾਪਦੇ, ਲਿਸ਼ਕੋਰਾਂ ਛੱਡਦੇ ਇਸ ਉਦਯੋਗ ਦੇ ਹਨ੍ਹੇਰੇ ਪੱਖਾਂ ਬਾਰੇ ਸੁਚੇਤ ਕਰ ਰਹੇ ਹਨ, ਪਤੰਗਾਂ ਦੀ ਖੇਪ ਦੁਆਲ਼ੇ ਲਪੇਟਿਆ ਚਾਂਦੀ ਜਿਹਾ ਵਰਕ ਵੀ ਲਿਸ਼ਕਾਂ ਮਾਰ ਰਿਹਾ ਹੈ ਅਤੇ ਹੁਣ ਇਹ ਖੇਪ ਦੁਕਾਨਾਂ 'ਤੇ ਜਾਣ ਲਈ ਤਿਆਰ ਹੈ।


ਖੱਬੇ : ਸਬਿਨ ਅੱਬਾਸ ਨਿਆਜ਼ ਹੁਸੈਨ, ਖੰਭਾਤ ਦੇ ਲਾਲ ਮਹਿਲ ਇਲਾਕੇ ਵਿੱਚ ਆਪਣੀ ਘਰਨੁਮਾ ਦੁਕਾਨ ਵਿੱਚ। ਸੱਜੇ : ਇੱਕ ਲੜਕਾ ਅਕਬਰਪੁਰ ਇਲਾਕੇ ਵਿੱਚ ਪਤੰਗ ਉਡਾਉਂਦਾ ਹੋਇਆ

ਉੱਤਰਾਯਨ ਮੌਕੇ ਗੁਜਰਾਤ ਦੇ ਅਸਮਾਨ ਨੂੰ ਇਹ ਰੰਗ-ਬਿਰੰਗੀਆਂ ਪਤੰਗਾਂ ਸਜਾ ਦਿੰਦੀਆਂ ਹਨ। ਇਹ ਚਿਤਰਣ ਅਨੁਸ਼੍ਰੀ ਰਾਮਾਨਾਥਨ ਅਤੇ ਰਾਹੁਲ ਰਾਮਾਨਾਥਨ ਦੁਆਰਾ ਤਿਆਰ ਕੀਤਾ ਗਿਆ ਹੈ
ਰੰਗ-ਬਿਰੰਗੀਆਂ ਖੁੱਲ੍ਹੀਆਂ ਪਤੰਗਾਂ ਉਨ੍ਹਾਂ ਦੇ ਇੱਕ ਕਮਰੇ ਵਾਲ਼ੇ ਘਰ ਦੇ ਅੱਧੇ ਤੋਂ ਵੱਧ ਫ਼ਰਸ਼ ਨੂੰ ਘੇਰੀ ਚਾਰੇ ਪਾਸੇ ਖਿੰਡੀਆਂ ਪਈਆਂ ਸਨ। ਉਹ ਆਪਣੇ ਪੀੜ੍ਹੀ ਤੋਂ ਚੱਲੇ ਆਉਂਦੇ ਇਸ ਕਾਰੋਬਾਰ ਵਿੱਚ ਤੀਜੀ ਪੀੜ੍ਹੀ ਦੇ ਠੇਕੇਦਾਰ ਹਨ ਅਤੇ ਮਕਰ ਸੰਕ੍ਰਾਂਤੀ (ਮਾਘੀ) ਲਈ ਪਤੰਗਾਂ ਦੀ ਇੱਕ ਵੱਡੀ ਖੇਪ ਤਿਆਰ ਕਰਨ ਲਈ 70 ਸ਼ਿਲਪਕਾਰਾਂ ਦੀ ਪੂਰੀ ਸੈਨਾ ਦੇ ਨਾਲ਼ ਪੂਰਾ ਸਾਲ ਕੰਮ ਕਰਦੇ ਰਹੇ ਹਨ। ਤੁਸੀਂ ਕਹਿ ਸਕਦੇ ਹੋ ਕਿ ਪਤੰਗ ਤਿਆਰ ਕਰਨ ਲਈ ਰੁੱਝੇ ਸੱਤ ਹੱਥਾਂ ਵਿੱਚੋਂ ਉਨ੍ਹਾਂ ਦੇ ਹੱਥ ਅੱਠਵੀਂ ਜੋੜੀ ਹਨ ਜੋ ਪਤੰਗਾਂ ਨੂੰ ਸੰਭਾਲ਼ਦੇ ਹਨ।
ਮਾਨਤਾ ਹੈ ਕਿ ਮਕਰ ਸੰਕ੍ਰਾਂਤੀ (ਮਾਘੀ) ਮਕਰ ਰਾਸ਼ੀ ਦੇ ਘਰ ਵਿੱਚ ਸੂਰਜ ਦੀ ਚਾਲ ਦਾ ਪ੍ਰਤੀਕ ਹੈ। ਇਹ ਵਾਢੀ ਦੇ ਤਿਓਹਾਰ ਵਜੋਂ ਵੀ ਮਨਾਇਆ ਜਾਂਦਾ ਹੈ, ਖ਼ਾਸ ਕਰਕੇ ਅਸਾਮ ਅੰਦਰ ਮਾਘ ਬੀਹੂ, ਬੰਗਾਲ ਅੰਦਰ ਪੌਸ਼ ਪਾਰਬੋਨ ਅਤੇ ਤਮਿਲਨਾਡੂ ਅੰਦਰ ਪੋਂਗਲ ਵਜੋਂ ਮਨਾਇਆ ਜਾਂਦਾ ਹੈ। ਗੁਜਰਾਤ ਅੰਦਰ ਇਹਨੂੰ ਉੱਤਰਾਯਨ ਕਿਹਾ ਜਾਂਦਾ ਹੈ, ਭਾਵ ਕਿ ਸਰਦੀਆਂ ਦੀ ਸੰਗਰਾਂਦ ਦੌਰਾਨ ਸੂਰਜ ਦੀ ਉੱਤਰ ਵੱਲ ਯਾਤਰਾ ਕਰਨ ਦਾ ਸੰਕੇਤ ਦਿੰਦਾ ਹੈ। ਅੱਜ, ਉੱਤਰਾਯਨ ਪਤੰਗਬਾਜ਼ੀ ਦੇ ਤਿਓਹਾਰ ਦਾ ਸਮਾਨਅਰਥੀ ਵੀ ਬਣ ਗਿਆ ਹੈ।
ਮੈਂ ਉਦੋਂ ਛੇ ਸਾਲਾਂ ਦੀ ਸਾਂ ਜਦੋਂ ਮੈਂ ਆਪਣੇ ਜੱਦੀ ਘਰ ਦੀ ਛੱਤ 'ਤੇ ਪਹਿਲੀ ਦਫ਼ਾ ਪਤੰਗ ਉਡਾਈ ਸੀ, ਪੁਰਾਣੇ ਅਹਿਮਦਾਬਾਦ ਸ਼ਹਿਰ ਦੇ ਵਿੱਚ-ਵਿਚਾਲੇ ਕਰਕੇ ਇਹ ਸਭ ਤੋਂ ਉੱਚੀ ਇਮਾਰਤ ਸੀ। ਹਵਾ ਵੀ ਬਹੁਤ ਵਧੀਆ ਸੀ ਅਤੇ ਮੈਨੂੰ ਆਪਣੀ ਪਤੰਗ ਨੂੰ ਹਵਾ ਵਿੱਚ ਰੱਖੀ-ਰੱਖਣ ਵਾਸਤੇ ਵਾਧੂ ਛੇ ਹੱਥਾਂ ਦੀ ਲੋੜ ਪਈ। ਹੰਢੇ-ਵਰਤੇ ਪਹਿਲੇ ਦੋ ਹੱਥ ਸਨ ਮੇਰੇ ਪਿਤਾ ਦੇ, ਜਿਨ੍ਹਾਂ ਨੇ ਕਿੰਨਹ (ਤਲਾਵਾਂ) ਪਾਈਆਂ। ਦੂਜੇ ਦੋ ਹੱਥ , ਜੋ ਸਭ ਤੋਂ ਵੱਧ ਧੀਰਜਵਾਨ ਸਨ , ਉਹ ਸਨ ਮੇਰੀ ਮਾਂ ਦੇ ਹੱਥ , ਜਿਨ੍ਹਾਂ ਨੇ ਆਪਣੇ ਹੱਥਾਂ ਵਿੱਚ ਮਾਂਝਾ ( ਰੰਗ - ਬਿਰੰਗੀ ) ਡੋਰ ਦੀ ਫ਼ਿਰਕੀ ( ਚਰੱਖੜੀ ) ਫੜ੍ਹੀ ਰੱਖੀ। ਹੱਥਾਂ ਦੀ ਤੀਜੀ ਜੋੜੀ ਗੁਆਂਢ ਦੀ ਇਮਾਰਤ ਵਿੱਚ ਰਹਿਣ ਵਾਲ਼ੇ ਕਿਸੇ ਸੱਜਣ ਦੇ ਸਨ , ਜਿਨ੍ਹਾਂ ਨੇ ਮੇਰੀ ਪਤੰਗ ਨੂੰ ਦੋਵਾਂ ਸਿਰਿਆਂ ਤੋਂ ਫੜ੍ਹਿਆ ਅਤੇ ਕੰਨੀ ਦੇਣ ਵਾਸਤੇ ਛੱਤ ਦੇ ਇੱਕ ਸਿਰੇ ' ਤੇ ਚਲੇ ਗਏ ਅਤੇ ਹੱਥਾਂ ਨੂੰ ਉਤਾਂਹ ਚੁੱਕੀ ਪਤੰਗ ਨੂੰ ਹਵਾ ਵਿੱਚ ਫੜ੍ਹੀ , ਹਵਾ ਦੇ ਆਉਣ ਵਾਲ਼ੇ ਬੁੱਲ੍ਹੇ ਦੀ ਉਡੀਕ ਕਰਨ ਲੱਗੇ ਤਾਂ ਕਿ ਮੇਰੀ ਇਸ ਰੰਗਦਾਰ ਪਤੰਗ ਨੂੰ ਹਵਾ ਵਿੱਚ ਤੈਰਾਇਆ ਜਾ ਸਕੇ।
ਅਹਿਮਦਾਬਾਦ ਵਿੱਚ ਕਿਸੇ ਬੱਚੇ ਨੂੰ ਵੱਡਾ ਹੁੰਦਾ ਉਦੋਂ ਮੰਨਿਆ ਜਾਂਦਾ ਹੈ ਜਦੋਂ ਉਹ ਪਤੰਗਬਾਜ਼ੀ ਕਰਨ ਲੱਗੇ। ਵੱਖ ਵੱਖ ਅਕਾਰ ਅਤੇ ਬਣਾਵਟ ਵਾਲ਼ੇ ਉਹ ਕਾਗ਼ਜ਼ ਦੇ ਪੰਛੀ ਜੋ ਅਟਾਰੀਆਂ ਜਾਂ ਰੁੱਖਾਂ ਦੇ ਤਣਿਆਂ ਵਿੱਚੋਂ ਦੀ ਥਾਂ ਬਣਾਉਂਦੇ ਹੋਏ ਅਸਮਾਨੀਂ ਜਾ ਚੜ੍ਹਦੇ ਸਨ ਜਾਂ ਉੱਤਰਾਯਨ ਦੇ ਦਿਨ ਅਸਮਾਨ ਨੂੰ ਰੰਗਾਂ ਨਾਲ਼ ਭਰ ਦਿੰਦੇ... ਉਹ ਕਾਗ਼ਜ਼ ਦੇ ਪੰਛੀ ਵੀ ਭੀੜ-ਭੜੱਕੇ ਵਾਲ਼ੇ ਇਸ ਪੁਰਾਣੇ ਸ਼ਹਿਰ ਦੇ ਬਜ਼ਾਰਾਂ ਵਿੱਚੋਂ ਹੀ ਖ਼ਰੀਦੇ ਜਾਂਦੇ ਸਨ। ਪਤੰਗ ਦੇ ਇਤਿਹਾਸ ਜਾਂ ਇਹਨੂੰ ਬਣਾਉਣ ਦੀ ਕਲ਼ਾ ਨੂੰ ਲੈ ਕੇ ਕਿਤੇ ਕੋਈ ਵਿਚਾਰ ਨਹੀਂ ਬਖ਼ਸ਼ਿਆ ਗਿਆ, ਇਹਦੇ ਨਿਰਮਾਤਾਵਾਂ ਦੇ ਜੀਵਨ ਦੀ ਤਾਂ ਗੱਲ ਹੀ ਕਿਧਰੇ ਰਹੀ- ਸਾਡੀਆਂ ਪਤੰਗਾਂ ਕੁਝ ਪਲਾਂ ਲਈ ਅਸਮਾਨੀਂ ਚੜ੍ਹ ਸਕਣ... ਸਾਡੇ ਉਨ੍ਹਾਂ ਚੰਦ ਪਲਾਂ ਦੀ ਖ਼ੁਸ਼ੀ ਮਗਰ ਅਦਿੱਖ ਹੱਥ (ਅਮਲਾ) ਪੂਰਾ ਸਾਲ ਖੱਪਦੇ ਰਹਿੰਦੇ ਹਨ।
ਪਤੰਗਾਂ ਦੇ ਇਸ ਮੌਸਮ ਵਿੱਚ ਇਹ ਖੇਡ ਬੱਚਿਆਂ ਦੇ ਸਿਰ 'ਤੇ ਸਵਾਰ ਕਿਸੇ ਭੂਤ ਨਾਲ਼ੋਂ ਘੱਟ ਨਹੀਂ ਹੁੰਦੀ। ਪਤੰਗਾਂ ਦਾ ਬਣਾਇਆ ਜਾਣਾ ਬੱਚਿਆਂ ਦੇ ਮਨਪਰਚਾਵੇ ਤੋਂ ਇਲਾਵਾ ਹੋਰ ਕੁਝ ਵੀ ਤਾਂ ਨਹੀਂ।
*****



ਖੱਬੇ : ਪਤੰਗ ਦੇ ਵੱਖੋ-ਵੱਖ ਹਿੱਸਿਆਂ ਨੂੰ ਦਰਸਾਉਂਦੀ ਤਸਵੀਰ। ਅਹਿਮਦਾਬਾਦ ਅੰਦਰ, ਸ਼ਾਹਬਿਆ ਇੱਕ ਡੋਰੀ ਚਿਪਕਾ ਕੇ ਪਤੰਗ ਦੀ ਕੰਨੀ ਤਿਆਰ ਕਰਦੀ ਹੋਈ। ਸੱਜੇ : ਖੰਭਾਤ ਵਿਖੇ ਪਤੰਗ ਨੂੰ ਚਿਪਾ ਅਤੇ ਮੋਰ ਵੀ ਚਿਪਕਾਏ ਜਾਂਦੇ ਹਨ
''ਹਰ ਇੱਕ ਕੰਮ ਇੱਕ ਵੱਖਰੇ ਕਾਰੀਗਰ ਵੱਲੋਂ ਕੀਤਾ ਜਾਂਦਾ ਹੈ,'' ਸਬਿਨ ਮਲਿਕ ਦੱਸਦੇ ਹਨ। ''ਇੱਕ ਬੰਦਾ ਕਾਗ਼ਜ਼ ਕੱਟਦਾ ਹੈ, ਦੂਜਾ ਪਾਨ (ਦਿਲ ਦੇ ਅਕਾਰ ਦੀ ਕਾਤਰ) ਚਿਪਕਾਉਂਦਾ ਹੈ, ਤੀਜਾ ਡੋਰੀ (ਪਤੰਗ ਨਾਲ਼ ਜੋੜੀ ਗਈ ਡੋਰੀਨੁਮਾ ਕੰਨੀ) ਲਾਉਂਦਾ ਹੈ ਅਤੇ ਚੌਥਾ ਵਾਲ਼ਾ ਧੱਢੋ (ਰੀੜ੍ਹ ਕਾਂਪਾਂ) ਜੋੜਦਾ ਹੈ। ਇੱਕ ਹੋਰ ਕਾਰੀਗਰ ਕਮਾਨ (ਤਿਰਛੀ ਕਾਂਪ) ਜੋੜਦਾ ਹੈ, ਜਦੋਂਕਿ ਕਿ ਇੱਕ ਹੋਰ ਕਾਰੀਗਰ ਮੋਰ , ਚਿਪਾ , ਮਾਥਾ ਜੋੜੀ , ਨੀਚੀ ਜੋੜੀ ਚਿਪਕਾਉਂਦਾ ਹੈ ਅਤੇ ਇੱਕ ਹੋਰ ਜਣਾ ਫੁਦੜੀ (ਪੂਛ) ਬਣਾਉਂਦਾ ਹੈ ਇਸ ਨਾਲ਼ ਪਤੰਗ ਹੋਰ ਆਕਰਸ਼ਕ ਬਣ ਜਾਵੇਗੀ।''
ਮਲਿਕ ਇੱਕ ਪਤੰਗ ਨੂੰ ਫੜ੍ਹਦੇ ਹਨ ਅਤੇ ਉਂਗਲ ਲਾ ਲਾ ਕੇ ਮੈਨੂੰ ਉਹਦੇ ਵੱਖ-ਵੱਖ ਹਿੱਸਿਆਂ ਬਾਰੇ ਦੱਸਦੇ ਹਨ। ਮੈਂ ਇਨ੍ਹਾਂ ਨੂੰ ਸਮਝਣ ਵਾਸਤੇ ਆਪਣੀ ਕਾਪੀ ਵਿੱਚ ਚਿੱਤਰ ਝਰੀਟ ਲੈਂਦੀ ਹਾਂ। ਇਸੇ ਤਰੀਕੇ ਦਾ ਕੰਮ ਦਰਅਸਲ ਕਈ ਥਾਵਾਂ 'ਤੇ ਕੀਤਾ ਜਾਂਦਾ ਹੈ।
''ਇੱਥੋਂ ਇੱਕ ਕਿਲੋਮੀਟਰ ਦੂਰ ਪੈਂਦੇ ਸ਼ਕਰਪੁਰ ਤੋਂ ਅਸੀਂ ਸਿਰਫ਼ ਇੱਕੋ ਕੰਮ ਕਰਾਉਂਦੇ ਹਾਂ ਜੋ ਹੈ ਡੋਰੀ ਬਾਰਡਰ,'' ਪਤੰਗਾਂ ਦੇ ਕੰਮ ਦੇ ਇਸ ਪੂਰੇ ਜਾਲ਼ ਬਾਬਤ ਦੱਸਦਿਆਂ ਸਬਿਨ ਮਲਿਕ ਮੈਨੂੰ ਮੁਖ਼ਾਤਬ ਹੋ ਕੇ ਦੱਸਦੇ ਹਨ। ''ਅਕਬਰਪੁਰ ਤੋਂ ਉਹ ਪਾਨ / ਸਾਂਧਾ (ਡਿਜ਼ਾਇਨ ਦੇ ਜੋੜ) ਹੀ ਕਰਾਉਂਦੇ ਹਨ। ਨੇੜੇ ਪੈਂਦੇ ਦਾਦੀਬਾ ਵਿਖੇ ਉਹ ਧੱਢਾ ਅਤੇ ਤਿੰਨ ਕਿਲੋਮੀਟਰ ਦੂਰ ਨਾਗਰਾ ਪਿੰਡ ਵਿਖੇ, ਉਹ ਕਮਾਨ ਚਿਪਕਵਾਉਂਦੇ ਹਨ, ਮੁੱਟੋਂ ਮਾਰਕਿਟ ਤੋਂ ਉਹ ਪੱਟੀ ਕਾਮ (ਟੇਪਾਂ ਚਿਪਕਾਉਣ) ਕਰਾਉਂਦੇ ਹਨ ਅਤੇ ਇੱਥੇ ਹੀ ਉਹ ਫੁਦੜੀ (ਪੂਛ) ਵੀ ਬਣਾ ਦਿੰਦੇ ਹਨ।''
ਇਹ ਕਹਾਣੀ ਸਿਰਫ਼ ਖੰਭਾਤ, ਅਹਿਮਦਾਬਾਦ, ਨਡਿਆਦ, ਸੂਰਤ ਦੀ ਹੀ ਨਹੀਂ ਗੁਜਰਾਤ ਦੀਆਂ ਹੋਰਨਾਂ ਥਾਵਾਂ ਦੀ ਵੀ ਹੈ।


ਖੱਬੇ : ਮੁਨਵਰ ਖਾਨ ਅਹਿਮਦਾਬਾਦ ਦੇ ਜਮਾਲਪੁਰ ਇਲਾਕੇ ਵਿਖੇ ਆਪਣੇ ਕੰਮ ਦੀ ਥਾਂ ' ਤੇ। ਸੱਜੇ : ਰਾਜ ਪਤੰਗਵਾਲ਼ਾ ਖੰਭਾਤ ਵਿਖੇ ਪਤੰਗਾਂ ਵਾਸਤੇ ਕਾਗ਼ਜ਼ ਕੱਟਦੇ ਹੋਏ ਤਾਂ ਕਿ ਪਤੰਗਾਂ ਬਣਾਈਆਂ ਜਾ ਸਕਣ
60 ਸਾਲਾ ਮੁਨਵਰ ਖ਼ਾਨ ਅਹਿਮਦਾਬਾਦ ਵਿੱਚ ਇਸੇ ਕਾਰੋਬਾਰ ਨਾਲ਼ ਜੁੜੇ ਹੋਏ ਚੌਥੀ ਪੀੜ੍ਹੀ 'ਚੋਂ ਹਨ। ਉਨ੍ਹਾਂ ਦਾ ਕੰਮ ਬੇਲਾਰਪੁਰ ਜਾਂ ਤ੍ਰਿਵੇਣੀ ਤੋਂ ਪਤੰਗ ਦੇ ਕਾਗ਼ਜ਼ ਮੰਗਵਾਉਣ ਤੋਂ ਸ਼ੁਰੂ ਹੁੰਦਾ ਹੈ। ਇਨ੍ਹਾਂ ਦੋਵਾਂ ਥਾਵਾਂ ਦਾ ਨਾਂਅ ਨਿਰਮਾਤਾਵਾਂ ਦੇ ਨਾਮ 'ਤੇ ਰੱਖਿਆ ਗਿਆ ਹੈ। ਬੇਲਾਰਪੁਰ ਉਦਯੋਗ ਅਹਿਮਦਾਬਾਦ ਵਿੱਚ ਅਤੇ ਤ੍ਰਿਵੇਣੀ ਟਿਸ਼ੂਜ ਕੋਲਕਾਤਾ ਵਿੱਚ ਸਥਿਤ ਹੈ। ਬਾਂਸ ਦੀਆਂ ਸੋਟੀਆਂ ਅਸਾਮ ਤੋਂ ਮੰਗਵਾਈਆਂ ਜਾਂਦੀਆਂ ਹਨ ਅਤੇ ਕੋਲਕਾਤਾ ਵਿੱਚ ਵੱਖੋ-ਵੱਖ ਅਕਾਰਾਂ ਵਿੱਚ ਕੱਟੀਆਂ ਜਾਂਦੀਆਂ ਹਨ। ਕਾਗ਼ਜ਼ ਦੀ ਖ਼ਰੀਦ ਤੋਂ ਬਾਅਦ ਉਨ੍ਹਾਂ ਦੀ ਕੰਮ ਦੀ ਥਾਂ ਭੇਜਿਆ ਜਾਂਦਾ ਹੈ ਜਿੱਥੇ ਵੱਖੋ-ਵੱਖ ਅਕਾਰਾਂ ਵਿੱਚ ਕਾਗ਼ਜ਼ ਦੀ ਕਟਾਈ ਦਾ ਕੰਮ ਹੁੰਦਾ ਹੈ।
ਉਨ੍ਹਾਂ ਕਾਗ਼ਜ਼ਾਂ ਨੂੰ ਕਰੀਨੇ ਨਾਲ਼ 20-20 ਸ਼ੀਟਾਂ ਦੇ ਬੰਡਲਾਂ ਵਿੱਚ ਸੈੱਟ ਕਰਦੇ ਜਾਂਦੇ ਹਨ ਅਤੇ ਪੂਰੀ ਖੇਪ ਨੂੰ ਪਤੰਗ ਦੇ ਲੋੜੀਂਦੇ ਅਕਾਰ ਮੁਤਾਬਕ ਚਾਕੂ ਦੇ ਸਹਾਰੇ ਕੱਟਦੇ ਹਨ। ਫਿਰ ਉਹ ਕਾਗ਼ਜ਼ ਦੇ ਇਸ ਪੂਰ ਨੂੰ ਅਗਲੇ ਕਾਰੀਗਰ ਹਵਾਲੇ ਕਰ ਦਿੰਦੇ ਹਨ।
ਖੰਭਾਤ ਅੰਦਰ, 41 ਸਾਲਾ ਰਾਜ ਪਤੰਗਵਾਲ਼ਾ ਵੀ ਇਹੀ ਕੰਮ ਕਰਦੇ ਹਨ। ਉਹ ਪਤੰਗਾਂ ਵਾਸਤੇ ਅੱਡ-ਅੱਡ ਅਕਾਰਾਂ ਦੀਆਂ ਬਣਾਵਟਾਂ ਨੂੰ ਕੱਟਦੇ ਹੋਏ ਮੈਨੂੰ ਆਪਣੇ ਕੰਮ ਬਾਰੇ ਦੱਸਦੇ ਹੋਏ ਕਹਿੰਦੇ ਹਨ,''ਮੈਂ ਪਤੰਗ ਨਾਲ਼ ਜੁੜੇ ਸਾਰੇ ਕੰਮ ਜਾਣਦੇ ਹਨ। ਪਰ ਮੈਂ ਇੰਨਾ ਕੰਮ ਇਕੱਲਿਆਂ ਨਹੀਂ ਸੰਭਾਲ਼ ਸਕਦਾ। ਖੰਭਾਤ ਅੰਦਰ ਮੇਰੇ ਕਈ ਕਾਮੇ ਹਨ ਉਨ੍ਹਾਂ ਵਿੱਚੋਂ ਕੁਝ ਕੁ ਵੱਡੀਆਂ ਪਤੰਗਾਂ ਲਈ ਕੰਮ ਕਰਦੇ ਹਨ ਅਤੇ ਕੁਝ ਛੋਟੀਆਂ ਵਾਸਤੇ। ਹਰੇਕ ਅਕਾਰ ਵਿੱਚ ਤੁਹਾਡੇ ਲਈ 50 ਤਰ੍ਹਾਂ ਦੀਆਂ ਪਤੰਗਾਂ ਪੇਸ਼ ਹਨ।''
ਜਦੋਂ ਤੱਕ ਮੈਂ ਆਪਣੇ ਅੱਲ੍ਹੜ ਹੱਥਾਂ ਨਾਲ਼ ਘੇਂਸ਼ਿਯੋਂ (ਇੱਕ ਅਜਿਹੀ
ਪਤੰਤਗ ਜਿਸ
'
ਤੇ ਇੱਕ ਝਾਲਰ ਲਮਕਦੀ
ਹੈ) ਨੂੰ ਆਪਣੀ ਛੱਤ ਤੋਂ ਸਿਰਫ਼ ਤਿੰਨ ਮੀਟਰ ਦੀ ਦੂਰੀ ਤੱਕ ਹੀ ਲਿਜਾ ਪਾਉਂਦੀ ਹਾਂ, ਉਦੋਂ ਤੱਕ
ਕਈ ਤਰ੍ਹਾਂ ਦੇ ਅਕਾਰ ਵਾਲ਼ੀਆਂ ਰੰਗ-ਬਿਰੰਗੀਆਂ ਪਤੰਗਾਂ ਅਸਮਾਨ ਵਿੱਚ ਉਡਾਰੀਆਂ ਭਰਨ ਲੱਗਦੀਆਂ ਹਨ।
ਚੀਲ
(
ਪੰਖ
ਫ਼ੈਲਾਏ
ਪੰਛੀਆਂ
ਜਿਹੀਆਂ
ਲੜਾਕੂ
ਪਤੰਗਾਂ
),
ਚਾਂਦੇਦਾਰ
(
ਇੱਕ
ਤਰ੍ਹਾਂ
ਦੀ
ਪਤੰਗ
ਜਿਹਦੇ
ਐਨ
ਵਿਚਕਾਰ
ਕਰਕੇ
ਚੱਕਰ
ਚਿਪਕਾਏ
ਹੁੰਦੇ
ਹਨ
),
ਪੱਟੇਦਾਰ
(
ਜਿਹਦੇ
ਵਿਚਾਲੇ
ਆਡੀਆਂ
-
ਤਿਰਛੀਆਂ
ਪੱਟੀਆਂ
ਲੱਗੀਆਂ
ਹੁੰਦੀਆਂ
ਹਨ
)
ਅਤੇ
ਹੋਰ
ਵੀ
ਕਈ
ਕਿਸਮਾਂ
ਦੀ
ਪਤੰਗਾਂ
ਅਸਮਾਨ
ਨੂੰ
ਭਰ
ਦਿੰਦੀਆਂ ਹਨ।


ਖੱਬੇ : ਖੰਭਾਤ ਵਿਖੇ, ਕਾਸੌਰ ਬਾਨੋ ਸਲੀਮਭਾਈ ਕਾਤਰਾਂ ਨੂੰ ਚਿਪਕਾਉਣ ਲਈ ਤਿਆਰ ਹੁੰਦੇ ਹੋਏ। ਸੱਜੇ : ਕਾਸੌਰ ਫਰਹੀਨ, ਮਹਿਜ਼ਬੀ ਅਤੇ ਮਾਨਹੀਨੂਰ (ਖੱਬਿਓਂ ਸੱਜੇ), ਸਾਰੀਆਂ ਇਹੀ ਕੰਮ ਕਰਦੀਆਂ ਹਨ
ਕਿਸੇ ਪਤੰਗ ਦਾ ਡਿਜਾਇਨ, ਰੰਗ ਅਤੇ ਅਕਾਰ ਜਿੰਨਾ ਗੁੰਝਲਦਾਰ ਹੁੰਦਾ ਹੈ, ਓਨਾ ਹੀ ਸਮਾਂ ਲੱਗਦਾ ਹੈ ਕਿਸੇ ਕੁਸ਼ਲ ਕਾਮੇ ਨੂੰ ਉਸ ਪਤੰਗ ਦੇ ਅੱਡ-ਅੱਡ ਹਿੱਸੇ ਜੋੜਨ ਵਿੱਚ। 40 ਸਾਲਾ ਕੌਸਾਰ ਬਾਨੂ ਸਲੀਮਭਾਈ ਜੋ ਖੰਭਾਤ ਦੇ ਅਕਬਰਪੁਰ ਇਲਾਕੇ ਵਿੱਚ ਰਹਿੰਦੇ ਹਨ, ਪਿਛਲੇ 30 ਸਾਲਾਂ ਤੋਂ ਇਸੇ ਕੰਮ ਵਿੱਚ ਲੱਗੇ ਹੋਏ ਹਨ।
ਉਹ ਅੱਡ-ਅੱਡ ਰੰਗਾਂ ਅਤੇ ਅਕਾਰਾਂ ਦਾ ਰਲੇਵਾਂ ਕਰਕੇ ਅਤੇ ਸਾਰੇ ਸਿਰਿਆਂ ਨੂੰ ਆਪਸ ਵਿੱਚ ਚਿਪਕਾ ਕੇ ਮੁਕੰਮਲ ਡਿਜ਼ਾਇਨ ਤਿਆਰ ਕਰਦੇ ਹਨ। ''ਇਸ ਕੰਮ ਨੂੰ ਕਰਨ ਵਾਲ਼ੀਆਂ ਅਸੀਂ ਔਰਤਾਂ ਹਾਂ,'' ਇਕੱਠੀਆਂ ਹੋਣ ਵਾਲ਼ੀਆਂ ਔਰਤਾਂ ਵੱਲ ਇਸ਼ਾਰਾ ਕਰਦਿਆਂ ਕਾਸੌਰ ਬਾਨੋ ਕਹਿੰਦੀ ਹਨ। ''ਪੁਰਸ਼ ਬਾਕੀ ਤਰ੍ਹਾਂ ਦੇ ਕੰਮ ਕਰਦੇ ਹਨ ਜਿਵੇਂ ਫ਼ੈਕਟਰੀਆਂ ਵਿੱਚ ਕਾਗ਼ਜ਼ ਕੱਟਣਾ ਜਾਂ ਪਤੰਗਾਂ ਵੇਚਣਾ ਆਦਿ।''
ਕਾਸੌਰ ਬਾਨੋ ਸਵੇਰੇ, ਦੁਪਹਿਰ ਵੇਲ਼ੇ ਅਤੇ ਕਦੇ-ਕਦਾਈਂ ਰਾਤੀਂ ਵੀ ਕੰਮ ਕਰਦੀ ਹਨ। ''ਬਹੁਤੀ ਵਾਰੀ ਤਾਂ ਇੱਕ ਹਜ਼ਾਰ ਪਤੰਗ ਬਣਾਉਣ ਬਦਲੇ ਮੈਨੂੰ 150 ਰੁਪਏ ਮਿਲ਼ਦੇ ਹਨ। ਅਕਤੂਬਰ ਅਤੇ ਨਵੰਬਰ ਵਿੱਚ, ਜਦੋਂ ਮੰਗ ਸਿਖ਼ਰ 'ਤੇ ਹੁੰਦੀ ਹੈ ਤਾਂ ਉਦੋਂ ਮਿਲ਼ਣ ਵਾਲ਼ੇ ਪੈਸੇ 250 ਰੁਪਏ ਤੱਕ ਹੋ ਸਕਦੇ ਹਨ,'' ਉਹ ਖੁੱਲ੍ਹ ਕੇ ਦੱਸਦੀ ਹਨ। ''ਅਸੀਂ ਔਰਤਾਂ ਘਰੇ ਹੀ ਕੰਮ ਕਰਦੀਆਂ ਹਾਂ ਅਤੇ ਖਾਣਾ ਵੀ ਪਕਾਉਂਦੀਆਂ ਹਾਂ।''
ਸਵੈ-ਰੁਜ਼ਗਾਰ ਮਹਿਲਾ ਐਸੋਸੀਏਸ਼ਨ ਦੁਆਰਾ 2013 ਦੇ ਇੱਕ ਅਧਿਐਨ ਨੇ ਪੁਸ਼ਟੀ ਕੀਤੀ ਹੈ ਕਿ ਇਸ ਉਦਯੋਗ ਵਿੱਚ ਲੱਗੀਆਂ 23 ਫ਼ੀਸਦ ਔਰਤਾਂ ਦੀ ਮਹੀਨੇ ਦੀ ਕਮਾਈ 400 ਰੁਪਏ ਤੋਂ ਵੀ ਘੱਟ ਹੈ। ਉਨ੍ਹਾਂ ਵਿੱਚੋਂ ਬਹੁ-ਗਿਣਤੀ ਔਰਤਾਂ ਅਜਿਹੀਆਂ ਵੀ ਹਨ ਜੋ ਮਹੀਨੇ ਦਾ 400-800 ਰੁਪਏ ਕਮਾਉਂਦੀਆਂ ਹਨ। ਮਹਿਜ਼ 4 ਫ਼ੀਸਦੀ ਹਿੱਸਾ ਮਹੀਨੇ ਦਾ 1,200 ਰੁਪਏ ਕਮਾ ਲੈਂਦੀਆਂ ਹਨ।
ਇਹਦਾ ਸਪੱਸ਼ਟ ਮਤਲਬ ਤਾਂ ਇਹ ਹੋਇਆ ਕਿ ਬਹੁਤੇਰੀਆਂ ਔਰਤਾਂ ਨੂੰ ਮਹੀਨੇ ਦੀ ਹੋਣ ਵਾਲ਼ੀ ਕਮਾਈ 1000 ਰੁਪਏ ਵਿੱਚ ਵਿਕਣ ਵਾਲ਼ੀ ਡਿਜ਼ਾਇਨਰ ਪਤੰਗ ਨਾਲ਼ੋਂ ਵੀ ਘੱਟ ਹੈ। ਜੇਕਰ ਤੁਸੀਂ ਸਸਤੀ ਤੋਂ ਸਸਤੀ ਪਤੰਗ ਖ਼ਰੀਦਦੇ ਹੋ ਤਾਂ 5 ਪਤੰਗਾਂ ਦਾ ਇੱਕ ਪੈਕ 150 ਰੁਪਏ ਵਿੱਚ ਮਿਲ਼ਦਾ ਹੈ। ਬਿਹਤਰੀਨ ਪਤੰਗ ਦੀ ਕੀਮ 1000 ਰੁਪਏ ਜਾਂ ਉਸ ਤੋਂ ਵੀ ਵੱਧ ਹੋ ਸਕਦੀ ਹੈ। ਪਤੰਗਾਂ ਦੀ ਕੀਮਤ ਵਿਚਲਾ ਫ਼ਰਕ ਓਨਾ ਹੀ ਹੈਰਾਨ ਕਰਨ ਵਾਲ਼ਾ ਹੁੰਦਾ ਹੈ ਜਿੰਨਾ ਕਿ ਇਨ੍ਹਾਂ ਪਤੰਗਾਂ ਦੀਆਂ ਕਿਸਮਾਂ, ਅਕਾਰ ਅਤੇ ਬਣਾਵਟ। ਇੱਥੇ ਮਿਲ਼ਣ ਵਾਲ਼ੀ ਛੋਟੀ ਪਤੰਗ 21.5 x 25 ਇੰਚ ਦੀ ਹੁੰਦੀ ਹੈ ਅਤੇ ਵੱਡੀ ਪਤੰਗ ਦਾ ਅਕਾਰ ਛੋਟੀ ਪਤੰਗ ਦੇ ਮੁਤਾਬਲੇ ਦੋ ਜਾਂ ਤਿੰਨ ਗੁਣਾ ਵੱਡਾ ਹੁੰਦਾ ਹੈ।
*****


ਖੱਬੇ : ਆਸ਼ਾਬੇਨ, ਖੰਭਾਤ ਦੇ ਚੁਨਾਰਵਾੜ ਇਲਾਕੇ ਵਿਖੇ, ਬਾਂਸ ਦੇ ਤੀਲਿਆਂ ਨੂੰ ਛਿੱਲ ਕੇ ਅਕਾਰ ਦਿੰਦੀ ਹੋਈ। ਸੱਜੇ : ਜਯਾਬੇਨ ਪਤੰਗ ਦੇ ਧਾਡੋ (ਰੀੜ੍ਹ ਕਾਂਪ) ਨੂੰ ਚਿਪਕਾਉਂਦੀ ਹੋਈ
ਜਿਓਂ ਹੀ ਕੁਝ ਕੁ ਦੂਰੀ ਤੈਅ ਕਰਨ ਤੋਂ ਬਾਅਦ ਮੇਰੀ ਪਤੰਗ ਮੁੜ ਛੱਤ ' ਤੇ ਵਾਪਸ ਪਰਤੀ ਤਾਂ ਮੈਨੂੰ ਇੱਕ ਤਮਾਸ਼ਬੀਨ ਦੀਆਂ ਚੀਕਾਂ ਚੇਤਾ ਹਨ '' ਧਾਡੋ ਮਚਾਲ !' ' ( ਰੀੜ੍ਹ ਕਾਂਪ ਨੂੰ ਮਰੋੜ ) । ਇਸਲਈ ਮੈਂ ਆਪਣੀ ਪਤੰਗ ਨੂੰ ਆਪਣੇ ਛੋਟੇ ਛੋਟੇ ਹੱਥਾਂ ਨਾਲ਼ ਉਪਰਲੇ ਅਤੇ ਹੇਠਲੇ ਦੋਵਾਂ ਸਿਰਿਆਂ ਤੋਂ ਫੜ੍ਹਿਆ ਅਤੇ ਇਹਦੀ ਕਾਂਪ ਨੂੰ ਥੋੜ੍ਹਾ ਮਰੋੜਿਆ। ਕਾਂਪ ਨੂੰ ਲਚੀਲਾ ਤਾਂ ਹੋਣਾ ਚਾਹੀਦਾ ਹੈ ਪਰ ਕਮਜ਼ੋਰ ਨਹੀਂ ਕਿ ਮਰੋੜਿਆਂ ਟੁੱਟ ਜਾਵੇ।
ਅੱਜ, ਦਹਾਕਿਆਂ ਬਾਅਦ, ਖੰਭਾਤ ਦੇ ਚੁਨਾਰਵੜ ਵਿਖੇ ਮੈਂ 25 ਸਾਲਾ ਜਯਾਬੇਨ ਨੂੰ ਦੇਖ ਰਹੀ ਹਾਂ, ਉਹ ਬਾਂਸ ਦੀ ਬਣੀ ਕਾਂਪ ਨੂੰ ਗੂੰਦ ਦੀ ਮਦਦ ਨਾਲ਼ ਪਤੰਗ ਨਾਲ਼ ਚਿਪਕਾਉਂਦੀ ਹਨ। ਜਿਹੜੀ ਗੂੰਦ ਉਹ ਵਰਤਦੀ ਹਨ ਉਹ ਸਾਬੂਦਾਣੇ ਨੂੰ ਰਿੰਨ੍ਹ ਕੇ ਘਰੇ ਤਿਆਰ ਕੀਤੀ ਗਈ। ਉਨ੍ਹਾਂ ਜਿਹੇ ਕਾਰੀਗਰ ਨੂੰ ਹਜ਼ਾਰ ਪਤੰਗਾਂ ਦੀਆਂ ਧਾਡੋ (ਰੀੜ੍ਹਾਂ) ਜੋੜਨ ਬਦਲੇ 65 ਰੁਪਏ ਮਿਲ਼ਦੇ ਹਨ। ਇਸ ਪ੍ਰੋਡੈਕਸ਼ਨ ਲੜੀ ਦੇ ਅਗਲੇ ਕਾਰੀਗਰ ਨੇ ਪਤੰਗ ਦਾ ਕਮਾਨ (ਤਿਰਛਾ ਕਾਂਪ) ਜੋੜਨਾ ਹੁੰਦਾ ਹੈ।
ਹੁਣ ਕਿਉਂਕਿ ਕਮਾਨ ਨੂੰ ਜੋੜੇ ਜਾਣ ਤੋਂ ਪਹਿਲਾਂ ਕਾਂਪ ਨੂੰ ਪੱਧਰਾ ਅਤੇ ਪਾਲਸ਼ ਕੀਤਾ ਜਾਣਾ ਜ਼ਰੂਰੀ ਹੈ। ਚੁਨਰਵਾੜ ਦੀ 36 ਸਾਲਾ ਆਸ਼ਾਬੇਨ ਪਿਛਲੇ ਕਈ ਸਾਲਾਂ ਤੋਂ ਬਾਂਸ ਦੇ ਇਨ੍ਹਾਂ ਤੀਲਿਆਂ ਨੂੰ ਛਿੱਲ ਕੇ ਸਾਫ਼ ਕਰਦੀ ਆਈ ਹਨ। ਉਹ ਆਪਣੇ ਘਰੇ ਬੈਠੀ ਹਨ ਅਤੇ ਸਾਹਮਣੇ ਤੀਲਿਆਂ ਦੀ ਪੰਡ ਪਈ ਹੈ, ਆਪਣੀ ਉਂਗਲ 'ਤੇ ਸਾਈਕਲ ਦੀ ਟਿਊਬ ਨੂੰ ਵਲ੍ਹੇਟੀ ਉਹ ਤਿੱਖੇ ਚਾਕੂ ਨਾਲ਼ ਤੀਲਿਆਂ ਨੂੰ ਛਿੱਲ ਰਹੀ ਹਨ। ''ਮੈਨੂੰ ਹਜ਼ਾਰ ਤੀਲਾ ਸਾਫ਼ ਕਰਨ ਬਦਲੇ 60 ਤੋਂ 65 ਰੁਪਏ ਮਿਲ਼ਦੇ ਹਨ। ਇਸ ਕੰਮ ਨੂੰ ਕਰਦੇ ਕਰਦੇ ਸਾਡੀਆਂ ਉਂਗਲਾਂ ਖ਼ੁਰਦੁਰੀਆਂ ਹੋ ਗਈਆਂ ਹਨ। ਵੱਡੀਆਂ ਤੀਲੀਆਂ ਨੂੰ ਸਾਫ਼ ਕਰਦੇ ਕਰਦੇ ਉਂਗਲਾਂ ਵਿੱਚੋਂ ਖ਼ੂਨ ਵੀ ਨਿਕਲ਼ਣ ਲੱਗਦਾ ਹੈ,'' ਆਸ਼ਾਬੇਨ ਕਹਿੰਦੀ ਹਨ।
ਹੁਣ ਕਮਾਨ ਸਾਫ਼ ਹੋ ਗਈ ਹੈ ਅਤੇ ਹੁਣ ਚਿਪਕਾਏ ਜਾਣ ਨੂੰ ਤਿਆਰ ਹੈ। 60 ਸਾਲਾ ਜਮੀਲ ਅਹਿਮਦ ਦੀ ਅਹਿਮਦਾਬਾਦ ਦੇ ਜਮਾਲਪੁਰ ਇਲਾਕੇ ਵਿੱਚ ਇੱਕ ਛੋਟੀ ਜਿਹੀ ਦੁਕਾਨ ਹੈ ਅਤੇ ਅਜੇ ਵੀ ਕਮਾਨ ਜੋੜਨ ਦਾ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਹਨ। ਉਹ ਆਪਣੇ ਕਈ ਬਰਨਰਾਂ ਵਾਲ਼ੇ ਮਿੱਟੀ ਦੇ ਲੈਂਪ, ਜਿਸ ਵਿੱਚੋਂ ਅੱਠ ਲਾਟਾਂ ਨਿਕਲ਼ਦੀਆਂ, 'ਤੇ ਬਾਂਸਾਂ ਦੇ ਤੀਲਿਆਂ ਨੂੰ ਘੁਮਾਉਂਦੇ ਹਨ। ਇਸ ਪ੍ਰਕਿਰਿਆ ਵਿੱਚ ਲੰਘ ਕੇ ਬਾਂਸਾਂ ਦੇ ਤੀਲਿਆਂ 'ਤੇ ਕਾਲ਼ੇ ਰੰਗ ਦੇ ਨਿਸ਼ਾਨ ਬਣ ਜਾਂਦੇ ਹਨ।


ਖੱਬੇ : ਅਹਿਮਾਦਬਾਦ ਦੇ ਜਮਾਲਪੁਰ ਇਲਾਕੇ ਵਿਖੇ ਜਮੀਲ ਅਹਿਮਦ ਪਤੰਗਾਂ ਨੂੰ ਕਮਾਨ (ਤਿਰਛੀ ਕਾਂਪ) ਚਿਪਕਾਉਂਦੇ ਹੋਏ। ਸੱਜੇ : ਪਹਿਲਾਂ ਉਹ ਆਪਣੇ ਮਿੱਟੀ ਦੇ ਤੇਲ਼ ਦੇ ਲੈਂਪ ' ਤੇ ਬਾਂਸ ਦੇ ਤੀਲਿਆਂ ਨੂੰ ਘੁਮਾਉਂਦੇ ਹਨ


ਖੱਬੇ : ਸ਼ਾਹਬਿਆ ਧਾਗਾ ਜੋੜਨ ਤੋਂ ਬਾਅਦ ਕਿਨਾਰਿਆਂ ਨੂੰ ਮੋੜਦੀ ਹਨ। ਸੱਜੇ : ਫਿਰਦੋਸ ਬਾਨੋ (ਸੰਤਰੀ ਸਲਵਾਰ ਕਮੀਜ਼ ਵਿੱਚ), ਆਪਣੀਆਂ ਧੀਆਂ ਮਾਹਿਰਾ (ਖੱਬੇ) ਅਤੇ ਦਿਲਸ਼ਾਦ ਨਾਲ਼ ਰਲ਼ ਕੇ ਪਤੰਗਾਂ ਦੀਆਂ ਪੂਛਾਂ ਬਣਾਉਂਦੀ ਹੋਈ
ਕਮਾਨ ਨੂੰ ਚਿਪਕਾਉਣ ਵਾਸਤੇ ਜਮਾਲ ਇੱਕ ਖ਼ਾਸ ਤਰ੍ਹਾਂ ਦੀ ਗੂੰਦ ਇਸਤੇਮਾਲ ਕਰਦੇ ਹਨ। ''ਇੱਕ ਪਤੰਗ ਬਣਾਉਣ ਵਾਸਤੇ ਤੁਹਾਨੂੰ ਤਿੰਨ ਜਾਂ ਚਾਰ ਕਿਸਮਾਂ ਦੀ ਗੂੰਦ ਚਾਹੀਦੀ ਹੁੰਦੀ ਹੈ ਅਤੇ ਹਰੇਕ ਗੂੰਦ ਅੱਡ ਅੱਡ ਚੀਜ਼ਾਂ ਦੀ ਬਣੀ ਹੁੰਦੀ ਹੈ ਅਤੇ ਸਭ ਦਾ ਗਾੜ੍ਹਾਪਣ ਵੱਖਰਾ ਹੁੰਦਾ ਹੈ।'' ਉਹ ਨੀਲੇ ਰੰਗ ਦੀ ਗੂੰਦ ਵਰਤ ਰਹੇ ਹਨ ਜੋ ਮੈਦੇ ਨੂੰ ਕੋਬਾਲਟ ਨਾਲ਼ ਰਲ਼ਾ ਕੇ ਬਣਦੀ ਹੈ ਅਤੇ ਮੋਰ ਥੂ ਥੂ ਨਾਮ ਵਜੋਂ ਜਾਣੀ ਜਾਂਦੀ ਹੈ। ਇੱਕ ਹਜ਼ਾਰ ਕਮਾਨਾਂ ਨੂੰ ਜੋੜਨ ਬਦਲੇ 100 ਰੁਪਏ ਮਿਲ਼ਦੇ ਹਨ।
ਅਹਿਮਦਾਬਾਦ ਦੇ ਜੂਹਾਪੁਰਾ ਦੀ 35 ਸਾਲਾ ਸ਼ਾਹਬਿਆ ਡੋਰੀ ਕੰਨੀ ਬਣਾਉਣ ਲਈ ਜਿਹੜੀ ਗੂੰਦ ਵਰਤਦੀ ਹਨ ਉਹ ਜਮੀਲ ਦੀ ਗੂੰਦ ਨਾਲ਼ੋਂ ਅੱਡ ਕਿਸਮ ਦੀ ਹੁੰਦੀ ਹੈ। ਉਹ ਇਸ ਗੂੰਦ ਨੂੰ ਰਿੰਨ੍ਹੇ ਚੌਲ਼ਾਂ ਤੋਂ ਖ਼ੁਦ ਤਿਆਰ ਕਰਦੀ ਹਨ। ਉਹ ਇਹ ਕੰਮ ਸਾਲਾਂ ਤੋਂ ਕਰਦੀ ਆ ਰਹੀ ਹਨ, ਉਹ ਕਹਿੰਦੀ ਹਨ ਅਤੇ ਗੱਲ ਕਰਦੇ ਵੇਲ਼ੇ ਛੱਤ ਤੋਂ ਸਿਰ ਤੱਕ ਲਮਕ ਧਾਗਿਆਂ ਦੇ ਮੋਟੇ ਸਾਰੇ ਗੁੱਛੇ ਵਿੱਚੋਂ ਇੱਕ ਮਹੀਨ ਧਾਗਾ ਖਿੱਚਦੀ ਹਨ। ਉਹ ਗੂੰਦ ਦੇ ਸਹਾਰੇ ਮਲ੍ਹਕੜੇ ਜਿਹੇ ਆਪਣੀਆਂ ਉਂਗਲਾਂ ਦੇ ਨਾਲ਼ ਇਸ ਧਾਗੇ ਨੂੰ ਪਤੰਗ ਦੇ ਚੁਫ਼ੇਰੇ ਚਿਪਕਾਉਂਦੀ ਹਨ। ਲੇਈ (ਚੌਲ਼ਾਂ ਦੀ ਗੂੰਦ) ਦਾ ਭਰੀ ਕੌਲ਼ੀ ਮੇਜ਼ ਦੇ ਹੇਠਾਂ ਰੱਖੀ ਹੋਈ ਹੈ।
''ਇੱਕ ਵਾਰ ਜਦੋਂ ਮੇਰੇ ਪਤੀ ਘਰ ਆ ਜਾਣ ਤਾਂ ਮੈਂ ਇਹ ਕੰਮ ਨਹੀਂ ਕਰ ਸਕਦੀ। ਉਹ ਮੈਨੂੰ ਕੰਮ ਕਰਦਾ ਦੇਖ ਗੁੱਸੇ ਹੁੰਦੇ ਹਨ।'' ਉਨ੍ਹਾਂ ਦਾ ਇਹ ਕੰਮ ਪਤੰਗ ਵਿੱਚ ਜਾਨ ਫ਼ੂਕਦਾ ਹੈ ਅਤੇ ਉਹਨੂੰ ਫਟਣ ਤੋਂ ਬਚਾਉਂਦਾ ਹੈ। ਉਹ ਇੱਕ ਹਜ਼ਾਰ ਪਤੰਗਾਂ ਦੇ ਸਿਰੇ ਬਣਾਉਣ ਬਦਲੇ 200-300 ਰੁਪਏ ਲੈਂਦੀ ਹਨ।
ਇਸ ਤੋਂ ਬਾਅਦ ਕੁਝ ਔਰਤਾਂ ਪਤੰਗ ਦੀ ਧਾਡੋ (ਰੀੜ੍ਹ) ਨੂੰ ਮਜ਼ਬੂਤ ਕਰਨ ਲਈ ਛੋਟੇ ਛੋਟੇ ਕਾਗ਼ਜ਼ ਚਿਪਕਾਉਂਦੀਆਂ ਹਨ ਤਾਂਕਿ ਵਿਚਾਲੇ ਲੱਗੀ ਕਾਂਪ ਦੇ ਸਿਰੇ ਆਪਣੀ ਜਗ੍ਹਾ 'ਤੇ ਬਣੇ ਰਹਿਣ। ਉਨ੍ਹਾਂ ਨੂੰ ਇੱਕ ਹਜ਼ਾਰ ਪਤੰਗਾਂ 'ਤੇ ਕੀਤੇ ਗਏ ਇਸ ਕੰਮ ਬਦਲੇ 85 ਰੁਪਏ ਮਿਲ਼ਦੇ ਹਨ।
42 ਸਾਲਾ ਫਿਰਦੋਸ ਬਾਨੋ, ਸਾਨੂੰ ਲਿਸ਼ਕਣਾ ਅਤੇ ਰੰਗ-ਬਿਰੰਗਾ ਕਾਗ਼ਜ ਦਿਖਾਉਂਦੀ ਹਨ ਜੋ ਕਿ ਪਤੰਗਾਂ ਦੀਆਂ ਪੂਛਾਂ ਹਨ ਅਤੇ ਹਰੇਕ ਗੁੱਛੇ ਵਿੱਚ 100 (ਪੂਛਾਂ) ਹਨ। ਉਨ੍ਹਾਂ ਦੇ ਪਤੀ ਅਕਬਰਪੁਰ ਵਿਖੇ ਆਟੋ-ਚਾਲਕ ਹਨ ਅਤੇ ਉਹ ਖ਼ੁਦ ਪਹਿਲਾਂ ਪਾਪੜ ਬਣਾਇਆ ਕਰਦੀ ਸਨ। ''ਪਰ ਉਹ ਕੰਮ ਬੜਾ ਔਖ਼ਾ ਸੀ ਅਤੇ ਉਨ੍ਹਾਂ ਨੂੰ ਸੁੱਕਣੇ ਪਾਉਣ ਲਈ ਸਾਡੇ ਕੋਲ਼ ਛੱਤ ਵੀ ਨਹੀਂ ਹੈ। ਇਹ ਕੰਮ ਵੀ ਕੋਈ ਸੌਖ਼ਾ ਨਹੀਂ ਹੈ ਅਤੇ ਪੈਸੇ ਵੀ ਬੜੇ ਘੱਟ ਮਿਲ਼ਦੇ ਹਨ। ਪਰ ਕਿਸੇ ਹੋਰ ਕੰਮ ਬਾਰੇ ਕੋਈ ਖ਼ਿਆਲ ਨਹੀਂ ਆਉਂਦਾ,'' ਫਿਰਦੋਸ ਬਾਨੋ ਕਹਿੰਦੀ ਹਨ।
ਕਿਸੇ ਪਤੰਗ ਦਾ ਡਿਜਾਇਨ, ਰੰਗ ਅਤੇ ਅਕਾਰ ਜਿੰਨਾ ਗੁੰਝਲਦਾਰ ਹੁੰਦਾ ਹੈ, ਓਨਾ ਹੀ ਸਮਾਂ ਲੱਗਦਾ ਹੈ ਕਿਸੇ ਕੁਸ਼ਲ ਕਾਮੇ ਨੂੰ ਉਸ ਪਤੰਗ ਦੇ ਅੱਡ-ਅੱਡ ਹਿੱਸੇ ਜੋੜਨ ਵਿੱਚ...
ਇੱਕ ਲੰਬੀ ਅਤੇ ਤਿੱਖੀ ਕੈਂਚੀ ਦੇ ਨਾਲ਼ ਉਹ ਇੱਕ ਪਾਸਿਓਂ ਲੋੜੀਂਦੀ ਪੂਛ ਜੋਗਾ ਕਾਗ਼ਜ਼ ਕੱਟਦੀ ਹਨ। ਫਿਰ ਉਹ ਕੱਟਿਆ ਹੋਇਆ ਕਾਗ਼ਜ਼ ਆਪਣੀਆਂ ਧੀਆਂ ਦਿਲਸ਼ਾਦ ਬਾਨੋ (ਉਮਰ 17 ਸਾਲ) ਅਤੇ ਮਾਹਿਰਾ ਬਾਨੋ (ਉਮਰ 19 ਸਾਲ) ਦੇ ਹਵਾਲੇ ਕਰ ਦਿੰਦੀ ਹਨ। ਉਹ ਇੱਕ ਸਮੇਂ ਇੱਕੋ ਕਾਤਰ ਫੜ੍ਹਦੀਆਂ ਹਨ ਅਤੇ ਉਹਦੇ ਵਿਚਕਾਰ ਕਰਕੇ ਲੇਈ ਲਾਉਂਦੀਆਂ ਹਨ। ਹਰੇਕ ਕੁੜੀ ਆਪਣੇ ਪੈਰ ਦੇ ਅੰਗੂਠੇ ਦੁਆਲ਼ੇ ਵਲ਼ੇ ਗੁੱਛੇ ਵਿੱਚੋਂ ਇੱਕ ਧਾਗਾ ਖਿੱਚਦੀ ਹੈ ਅਤੇ ਇਸ ਬਰੀਕ ਤੰਦ ਦੁਆਲ਼ੇ ਕਾਗ਼ਜ਼ ਨੂੰ ਮਰੋੜ ਮਰੋੜ ਕੇ ਦਰੁੱਸਤ ਫੁਦੜੀ (ਪੂਛ) ਬਣਾ ਦਿੰਦੀਆਂ ਹਨ। ਲੜੀ ਦਾ ਅਗਲਾ ਕਾਰੀਗਰ ਜਦੋਂ ਇਸ ਪੂਛ ਨੂੰ ਪਤੰਗ ਨਾਲ਼ ਜੋੜਦਾ ਹੈ ਤਾਂ ਪਤੰਗ ਉੱਡਣ ਜੋਗੀ ਹੋ ਜਾਂਦੀ ਹੈ। ਜਦੋਂ ਇਹ ਤਿੰਨੋਂ ਔਰਤਾਂ ਰਲ਼ ਕੇ ਇੱਕ ਹਜ਼ਾਰ ਪੂਛ ਬਣਾ ਲੈਣਗੀਆਂ ਤਾਂ ਉਨ੍ਹਾਂ ਨੂੰ ਬਦਲੇ ਵਿੱਚ 70 ਰੁਪਏ ਮਿਲ਼ਣਗੇ।
'' ਲਪੇਟ ... !! '' ਇਸ ਵਾਰੀ ਇਹ ਚੀਕਾਂ ਗੁੱਸੇ ਨਾਲ਼ ਭਰੀਆਂ ਸਨ। ਅਸਮਾਨੋਂ ਭਾਰੀ ਹੋ ਕੇ ਵਲ਼ੇਵੇਂ ਖਾਂਦੀ ਮਾਂਝਾ (ਪਤੰਗ) ਡਿੱਗਦੀ ਹੋਈ ਕਈ ਛੱਤਾਂ ਪਾਰ ਕਰ ਗਈ। ਹਾਂ... ਕਈ ਦਹਾਕਿਆਂ ਬਾਅਦ, ਅੱਜ ਵੀ ਮੈਨੂੰ ਚੇਤੇ ਹੈ ਕਿਵੇਂ ਉਹ ਪਤੰਗ ਮੇਰੇ ਹੱਥੋਂ ਨਿਕਲ਼ ਗਈ ਸੀ ਜੋ ਮੈਨੂੰ ਇੰਨੀ ਪਿਆਰੀ ਸੀ।
ਹੁਣ ਮੈਂ ਪਤੰਗਾਂ ਨਹੀਂ ਉਡਾਉਂਦਾ। ਪਰ ਇਹ ਹਫ਼ਤਾ ਉਨ੍ਹਾਂ ਲੋਕਾਂ ਦੇ ਲੇਖੇ ਲੱਗਿਆ ਜੋ ਹਾਲੇ ਵੀ ਇਸ ਪੀੜ੍ਹੀ ਦੇ ਬੱਚਿਆਂ ਲਈ ਉੱਚੀਆਂ ਉਡਾਰੀਆਂ ਭਰਨ ਵਾਲ਼ੀਆਂ ਪਤੰਗਾਂ ਬਣਾਉਂਦੇ ਹਨ। ਉਹੀ ਲੋਕ ਜਿਨ੍ਹਾਂ ਦੀ ਬੇਅੰਤ ਮਿਹਨਤ ਸਾਡੀ ਮਕਰ ਸੰਕ੍ਰਾਂਤੀ (ਮਾਘੀ) ਨੂੰ ਰੰਗਾਂ ਨਾਲ਼ ਭਰ ਦਿੰਦੀ ਹੈ।
ਲੇਖਿਕਾ ਸਟੋਰੀ ਦੀ ਰਿਪੋਰਟਿੰਗ ਵਿੱਚ ਮਦਦ ਕਰਨ ਵਾਸਤੇ ਹੋਜ਼ੇਫ਼ਾ ਉਜੈਨੀ , ਸਮੀਨਾ ਮਲਿਕ ਅਤੇ ਜਾਨਿਸਾਰ ਸੇਖ਼ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਨ।
ਕਵਰ ਫ਼ੋਟੋ : ਖਮਰੂਮ ਨਿਸਾ ਬਾਨੋ , ਪਲਾਸਟਿਕ ਦੀਆਂ ਪਤੰਗਾਂ ' ਤੇ ਕੰਮ ਕਰਦੀ ਹਨ ਜਿਨ੍ਹਾਂ ਪਤੰਗਾਂ ਦੀ ਪ੍ਰਸਿੱਧੀ ਹੁਣ ਵੱਧਦੀ ਜਾ ਰਹੀ ਹੈ।
ਫ਼ੋਟੋ ਪ੍ਰਤਿਸ਼ਠਾ ਪਾਂਡਿਆ ਦੁਆਰਾ ਲਈ ਗਈ
ਤਰਜਮਾ: ਕਮਲਜੀਤ ਕੌਰ