“ਇਹ ਕਿਸੇ ਹੋਰ ਨੂੰ ਜਿਤਾ ਰਹੇ ਨੇ, ਸਾਡੇ ਅੱਗੇ ਕੋਈ ਕੁੜੀ ਨਹੀਂ ਸੀ,” ਅਥਲੀਟ ਜਸਪਾਲ, ਰਮਨਦੀਪ ਤੇ ਉਹਨਾਂ ਨਾਲ ਦੀਆਂ ਕੁੜੀਆਂ ਇੱਕੋ ਸੁਰ ਵਿੱਚ ਆਪਣੇ ਕੋਚ ਕੋਲ ਸ਼ਿਕਾਇਤ ਲਾ ਰਹੀਆਂ ਹਨ। ਦਰਜਣ ਭਰ ਅਥਲੀਟ ਅੰਮ੍ਰਿਤਸਰ ਜ਼ਿਲ੍ਹੇ ਤੋਂ ਚੰਡੀਗੜ੍ਹ ਵਿੱਚ ਇੱਕ ਮੈਰਾਥਨ ਰੇਸ ਵਿੱਚ ਸ਼ਾਮਲ ਹੋਣ ਲਈ 200 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਏ ਹਨ, ਤੇ ਉਹ ਗੁੱਸੇ ਵਿੱਚ ਲੱਗ ਰਹੇ ਹਨ।
ਇਹ ਸਭ ਉਦੋਂ ਹੋ ਰਿਹਾ ਹੈ ਜਦ 5 ਕਿਲੋਮੀਟਰ ਦੀ ਰੇਸ ਵਿੱਚ ਦੂਜੇ ਸਥਾਨ ਦੇ ਇਨਾਮ ਲਈ ਜਸਪਾਲ ਕੌਰ ਦਾ ਨਾਮ ਐਲਾਨਿਆ ਜਾ ਰਿਹਾ ਹੈ। ਉਹ ਜਾਣਦੇ ਹਨ ਕਿ ਜਸਪਾਲ ਪਹਿਲੇ ਸਥਾਨ ’ਤੇ ਰਹੀ ਹੈ, ਨਾ ਕਿ ਦੂਸਰੇ ’ਤੇ, ਕਿਉਂਕਿ ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਰੇਸ ਵਿੱਚ ਸਭ ਤੋਂ ਅੱਗੇ ਸੀ। ਪਰ ਫਿਰ ਵੀ 5,000 ਰੁਪਏ ਦਾ ਨਕਦ ਇਨਾਮ ਕਿਸੇ ਹੋਰ ਦੇ ਨਾਂ ਐਲਾਨਿਆ ਜਾ ਰਿਹਾ ਸੀ।
ਜਸਪਾਲ ਸਟੇਜ ’ਤੇ ਜਾ ਦੂਜੇ ਸਥਾਨ ਦਾ ਇਨਾਮ ਲੈਣ ਤੋਂ ਨਾਂਹ ਕਰ ਦਿੰਦੀ ਹੈ, ਸਗੋਂ ਉਹ ਤੇ ਉਹਦੇ ਕੋਚ ਸਟੇਜ ’ਤੇ ਅਤੇ ਹੇਠਾਂ ਇੱਕ ਤੋਂ ਦੂਜੇ ਸ਼ਖਸ ਕੋਲ ਜਾ ਕੇ ਇਸ ਫੈਸਲੇ ’ਤੇ ਸਵਾਲ ਚੁੱਕਦੇ ਹਨ, ਆਪਣੀ ਗੱਲ ਬਿਆਨ ਕਰਦੇ ਹਨ, ਤੇ ਨਿਆਂ ਦੀ ਮੰਗ ਕਰਦੇ ਹਨ। ਅੰਤ ਵਿੱਚ ਆਪਣੇ ਕੋਚ ਦੇ ਕਹਿਣ ’ਤੇ ਜਸਪਾਲ ਦੂਜੇ ਸਥਾਨ ਦਾ ਇਨਾਮ, ਵੱਡਾ ਸਾਰਾ ਪਲਾਸਟਿਕ ਦਾ ਚੈੱਕ ਜਿਸ ਉੱਤੇ 3,100 ਰੁਪਏ ਲਿਖਿਆ ਹੋਇਆ ਹੈ, ਪਰਵਾਨ ਕਰ ਲੈਂਦੀ ਹੈ।
ਜਸਪਾਲ ਨੂੰ ਹੈਰਾਨੀ ਉਦੋਂ ਹੋਈ ਜਦ ਮਹੀਨੇ ਬਾਅਦ, ਅਪ੍ਰੈਲ 2023 ਵਿੱਚ, ਜਸਪਾਲ ਦੇ ਖਾਤੇ ਵਿੱਚ 5,000 ਰੁਪਏ ਜਮ੍ਹਾਂ ਹੋ ਗਏ। ਜਸਪਾਲ ਨੂੰ ਕੁਝ ਦੱਸਿਆ ਨਹੀਂ ਗਿਆ ਤੇ ਨਾ ਹੀ ਸਥਾਨਕ ਅਖਬਾਰਾਂ ਵਿੱਚ ਕੁਝ ਰਿਪੋਰਟ ਹੋਇਆ। ਨਤੀਜੇ ਵਾਲੀ ਸਮਾਂ ਵਿਵਸਥਾ ਵੈਬਸਾਈਟ ਰਨੀਜ਼ੇਨ (Runizen) ’ਤੇ 23.07 ਮਿੰਟਾਂ ਦੇ ਗੰਨ ਟਾਈਮ (ਰੇਸ ਦਾ ਸਮਾਂ) ਨਾਲ 5 ਕਿਲੋਮੀਟਰ ਰੇਸ ਦੀ ਜੇਤੂ ਵਜੋਂ ਉਸੇ ਦਾ ਨਾਮ ਦਰਜ ਹੈ। ਉਸ ਸਾਲ ਦੀਆਂ ਇਨਾਮ ਵੰਡ ਸਮਾਰੋਹ ਦੀਆਂ ਤਸਵੀਰਾਂ ਵਿੱਚ ਉਹਦੀ ਤਸਵੀਰ ਨਹੀਂ ਹੈ। ਪਰ ਜਸਪਾਲ ਨੇ ਅਜੇ ਵੀ ਆਪਣੇ ਬਹੁਤ ਸਾਰੇ ਮੈਡਲਾਂ ਨਾਲ ਉਹ ਵੱਡਾ ਸਾਰਾ ਚੈਕ ਸਾਂਭ ਰੱਖਿਆ ਹੈ।
2024 ਵਿੱਚ ਅਗਲੀ ਮੈਰਾਥਨ ਵੇਲੇ ਲੜਕੀਆਂ ਨਾਲ ਜਾਂਦਿਆਂ, ਇਸ ਪੱਤਰਕਾਰ ਨੂੰ ਆਯੋਜਕਾਂ ਕੋਲੋਂ ਪਤਾ ਲੱਗਾ ਕਿ ਪਿਛਲੇ ਸਾਲ ਜਸਪਾਲ ਦੇ ਮੁਕਾਬਲੇ ਵਾਲੀ ਲੜਕੀ ਨੂੰ ਵੀਡੀਓ ਫੁਟੇਜ ਦੀ ਜਾਂਚ ਤੋਂ ਬਾਅਦ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਉਹ ਸਮਝ ਗਏ ਕਿ ਲੜਕੀਆਂ ਸਹੀ ਰੌਲਾ ਪਾ ਰਹੀਆਂ ਸਨ। ਰੇਸ ਬਿਬ ਦੇ ਜ਼ਰੀਏ ਧੋਖਾ ਕੀਤਾ ਗਿਆ ਸੀ। ਇੱਥੋਂ ਸਮਝ ਵਿੱਚ ਆਇਆ ਕਿ ਜਸਪਾਲ ਦੇ ਖਾਤੇ ਵਿੱਚ ਪਹਿਲੇ ਇਨਾਮ ਦੀ ਰਾਸ਼ੀ ਕਿਵੇਂ ਪਹੁੰਚੀ।
ਨਕਦ ਇਨਾਮ ਜਸਪਾਲ ਲਈ ਅਹਿਮ ਹਨ। ਜੇ ਉਹ ਲੋੜ ਮੁਤਾਬਕ ਪੈਸੇ ਜੋੜ ਲਵੇ ਤਾਂ ਦੁਬਾਰਾ ਕਾਲਜ ਜਾ ਸਕਦੀ ਹੈ। ਜਸਪਾਲ ਨੇ ਦੋ ਸਾਲ ਪਹਿਲਾਂ ਇੱਕ ਨਿਜੀ ਯੂਨੀਵਰਸਿਟੀ ਵਿੱਚ ਆਨਲਾਈਨ ਬੀਏ (ਆਰਟਸ) ਦੀ ਪੜ੍ਹਾਈ ਸ਼ੁਰੂ ਕੀਤੀ ਸੀ। “ਪਰ ਮੈਂ ਸਿਰਫ਼ ਪਹਿਲੇ ਸਮੈਸਟਰ ਦੀ ਪੜ੍ਹਾਈ ਹੀ ਪੂਰੀ ਕਰ ਪਾਈ,” ਉਹਨੇ ਦੱਸਿਆ। “ਹਰ ਸਮੈਸਟਰ ਲਈ ਮੈਨੂੰ ਇਮਤਿਹਾਨ ਵਿੱਚ ਬੈਠਣ ਲਈ ਕਰੀਬ 15,000 ਰੁਪਏ ਦੇਣੇ ਪੈਂਦੇ ਹਨ। ਪਹਿਲੇ ਸਮੈਸਟਰ ਵਿੱਚ ਮੈਂ (ਪਿੰਡ ਦੇ ਨੁਮਾਇੰਦਿਆਂ ਤੇ ਸਕੂਲ ਪ੍ਰਤੀਨਿਧੀਆਂ ਵੱਲੋਂ ਨੈਸ਼ਨਲ ਜਿੱਤਣ ਲਈ ਦਿੱਤੇ) ਨਕਦ ਇਨਾਮਾਂ ਨਾਲ ਫ਼ੀਸ ਭਰੀ ਸੀ। ਪਰ ਉਸ ਤੋਂ ਬਾਅਦ ਮੈਂ ਅੱਗੇ ਕੋਈ ਸਮੈਸਟਰ ਪੂਰਾ ਨਹੀਂ ਕਰ ਪਾਈ ਕਿਉਂਕਿ ਪੈਸੇ ਨਹੀਂ ਸਨ।”
22 ਸਾਲਾ ਜਸਪਾਲ ਆਪਣੇ ਪਰਿਵਾਰ ਵਿੱਚੋਂ ਕਾਲਜ ਜਾਣ ਵਾਲੀ ਪਹਿਲੀ ਤੇ ਆਪਣੇ ਪਿੰਡ ਦੇ ਮਜ਼ਹਬੀ ਸਿੱਖ ਭਾਈਚਾਰੇ, ਜੋ ਪੰਜਾਬ ਵਿੱਚ ਸਭ ਤੋਂ ਪਛੜੀਆਂ ਜਾਤੀਆਂ ਵਿੱਚ ਆਉਂਦਾ ਹੈ, ਵਿਚਲੀਆਂ ਕੁਝ ਹੀ ਕੁੜੀਆਂ ਵਿੱਚੋਂ ਇੱਕ ਹੈ। ਜਸਪਾਲ ਦੀ ਮਾਂ, 47 ਸਾਲਾ ਬਲਜਿੰਦਰ ਕੌਰ ਪੰਜ ਜਮਾਤਾਂ ਪੜ੍ਹੀ ਹੈ ਤੇ ਉਹਦੇ ਪਿਤਾ, 50 ਸਾਲਾ ਬਲਕਾਰ ਸਿੰਘ ਸਕੂਲ ਨਹੀਂ ਗਏ। ਉਹਦੇ ਵੱਡੇ ਭਰਾ, 24 ਸਾਲਾ ਅੰਮ੍ਰਿਤਪਾਲ ਸਿੰਘ ਨੇ ਆਪਣੇ ਪਿੰਡ ਕੋਹਾਲੀ ਨੇੜੇ ਉਸਾਰੀ ਦੇ ਕੰਮ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਲਈ 12ਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ; ਉਹਦੇ ਛੋਟੇ ਭਰਾ, 17 ਸਾਲਾ ਆਕਾਸ਼ਦੀਪ ਸਿੰਘ ਨੇ ਹਾਲ ਹੀ ਵਿੱਚ 12ਵੀਂ ਜਮਾਤ ਪਾਸ ਕੀਤੀ ਹੈ।


ਜਸਪਾਲ (ਖੱਬੇ) ਆਪਣੇ ਇਨਾਮ ਲੋਹੇ ਦੀ ਅਲਮਾਰੀ ਵਿੱਚ ਸਾਂਭ ਕੇ ਰੱਖਦੀ ਹੈ। ਜਸਪਾਲ ਆਪਣੇ ਪਰਿਵਾਰ ਨਾਲ (ਸੱਜੇ)
ਪਰਿਵਾਰ ਦੀ ਆਮਦਨੀ, ਜਿਸ ਵਿੱਚ ਹੁਣ ਉਹਦੇ ਵੱਡੇ ਭਰਾ ਦੀ ਪਤਨੀ ਤੇ ਬੇਟੀ ਵੀ ਸ਼ਾਮਲ ਹਨ, ਪਿਤਾ ਤੇ ਭਰਾ ਨੂੰ ਕੰਮ ਮਿਲਣ ’ਤੇ ਨਿਰਭਰ ਹੈ, ਜੋ ਕਦੇ ਮਿਲਦਾ ਹੈ ਤੇ ਕਦੇ ਨਹੀਂ ਵੀ ਮਿਲਦਾ। ਜਦ ਕੰਮ ਮਿਲ ਜਾਵੇ ਤਾਂ ਉਹਨਾਂ ਦਾ ਗੁਜ਼ਾਰਾ ਠੀਕ ਹੋ ਜਾਂਦਾ ਹੈ, ਤੇ ਉਹ ਮਹੀਨੇ ਦਾ 9,000 ਤੋਂ 10,000 ਰੁਪਏ ਕਮਾ ਲੈਂਦੇ ਹਨ।
ਜਿਹੜੇ ਨਕਦ ਇਨਾਮ ਜਸਪਾਲ ਨੂੰ ਮਿਲਦੇ ਹਨ, ਉਹ ਜ਼ਿਆਦਾਤਰ ਮੁਕਾਬਲਿਆਂ ਵਿੱਚ ਉਹਦੀ ਐਂਟਰੀ ਫ਼ੀਸ, ਆਉਣ-ਜਾਣ, ਤੇ ਉਹਦੀ ਪੜ੍ਹਾਈ ਵਰਗੇ ਖਰਚਿਆਂ ਵਿੱਚ ਚਲੇ ਜਾਂਦੇ ਹਨ। “ਰੇਸਾਂ ਲਈ ਰਜਿਸਟਰ ਕਰਨ ’ਤੇ ਸਾਨੂੰ ਟੀ-ਸ਼ਰਟਾਂ ਮਿਲ ਜਾਂਦੀਆਂ ਹਨ, ਪਰ ਸ਼ਾਰਟਸ, ਟਰੈਕ ਸੂਟ ਤੇ ਜੁੱਤਿਆਂ ਲਈ ਸਾਨੂੰ ਘਰਦਿਆਂ ਤੋਂ ਪੈਸੇ ਮੰਗਣੇ ਪੈਂਦੇ ਹਨ,” ਗਰਾਊਂਡ ਜਾਣ ਲਈ ਆਪਣੇ ਦੌੜ ਵਾਲੇ ਕੱਪੜੇ ਪਾਉਂਦਿਆਂ ਉਹਨੇ ਕਿਹਾ।
ਗਰਾਊਂਡ ਵਿੱਚ ਨੌਜਵਾਨ ਅਥਲੀਟ ਵਾਰਮ ਅਪ ਕਰ ਰਹੇ ਹਨ, ਕੁਝ ਗਰਾਊਂਡ ਦਾ ਹੌਲੀ ਗਤੀ ਵਿੱਚ ਚੱਕਰ ਲਾ ਰਹੇ ਹਨ ਤੇ ਕੁਝ ਰੋਜ਼ਾਨਾ ਦੀ ਟ੍ਰੇਨਿੰਗ ਲਈ ਆਪਣੇ ਕੋਚ ਰਜਿੰਦਰ ਸਿੰਘ ਦੇ ਦੁਆਲੇ ਇਕੱਠੇ ਹੋਏ ਹਨ। ਉਹ ਸਾਰੇ ਵੱਖ-ਵੱਖ ਪਿੰਡਾਂ ਤੋਂ ਆਉਂਦੇ ਹਨ। ਜਸਪਾਲ 400 ਮੀਟਰ, 800 ਮੀਟਰ ਤੇ 5 ਕਿਲੋਮੀਟਰ ਦੀਆਂ ਰੇਸਾਂ ਵਿੱਚ ਭਾਗ ਲੈਂਦੀ ਰਹੀ ਹੈ ਤੇ ਪਿਛਲੇ ਸੱਤ ਸਾਲਾਂ ਵਿੱਚ ਉਹਨੇ ਬਹੁਤ ਸਾਰੇ ਇਨਾਮ ਤੇ ਮੈਡਲ ਜਿੱਤੇ ਹਨ। ਆਪਣੇ ਪਿੰਡ ਵਿੱਚ ਹੀ ਜਸਪਾਲ ਕਈਆਂ ਲਈ ਪ੍ਰੇਰਣਾਸਰੋਤ ਬਣ ਗਈ ਹੈ। ਉਹਦੇ ਮੈਡਲ, ਸਰਟੀਫਿਕੇਟ ਤੇ ਨਕਦ ਇਨਾਮ ਦੇਖ ਕਾਫ਼ੀ ਗਰੀਬ ਪਰਿਵਾਰ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਕਰਾਉਣ ਲਈ ਉਤਸ਼ਾਹਤ ਹੋਏ ਹਨ।
ਪਰ ਜੋ ਵੀ ਅਜੇ ਤੱਕ ਜਸਪਾਲ ਨੇ ਜਿੱਤਿਆ ਹੈ, ਪਰਿਵਾਰ ਦੀ ਮਦਦ ਲਈ ਕਾਫ਼ੀ ਨਹੀਂ ਰਿਹਾ। ਫਰਵਰੀ 2024 ਤੋਂ ਜਸਪਾਲ ਨੇ ਅੰਮ੍ਰਿਤਸਰ ਨੇੜੇ ਇੱਕ ਗਊਸ਼ਾਲਾ ਵਿੱਚ ਹਿਸਾਬ-ਕਿਤਾਬ ਦਾ ਕੰਮ ਦੇਖਣਾ ਸ਼ੁਰੂ ਕੀਤਾ ਹੈ। ਇਹਦੇ ਉਹਨੂੰ ਮਹੀਨੇ ਦੇ 8,000 ਰੁਪਏ ਮਿਲਦੇ ਹਨ। “ਮੈਂ ਇਹ ਨੌਕਰੀ ਆਪਣੇ ਪਰਿਵਾਰ ਦੀ ਆਮਦਨੀ ਵਿੱਚ ਸਹਿਯੋਗ ਕਰਨ ਲਈ ਸ਼ੁਰੂ ਕੀਤੀ ਹੈ। ਪਰ ਹੁਣ ਮੈਨੂੰ ਪੜ੍ਹਨ ਲਈ ਬਿਲਕੁਲ ਸਮਾਂ ਨਹੀਂ ਮਿਲਦਾ,” ਉਹਨੇ ਕਿਹਾ।
ਉਹ ਜਾਣਦੀ ਹੈ ਕਿ ਘਰ ਦੀਆਂ ਜ਼ਿੰਮੇਵਾਰੀਆਂ ਕਾਰਨ ਨਵੀਂ ਨੌਕਰੀ ਦੀ ਤਨਖਾਹ ਵੀ ਉਹਦੇ ਸਮੈਸਟਰ ਦੀ ਫ਼ੀਸ ਭਰਨ ਲਈ ਕਾਫ਼ੀ ਨਹੀਂ ਹੋਵੇਗੀ।
ਮਾਰਚ 2024 ਵਿੱਚ ਉਹਨੇ ਫਿਰ ਤੋਂ ਚੰਡੀਗੜ੍ਹ ਵਿੱਚ 10 ਕਿਲੋਮੀਟਰ ਦੀ ਰੇਸ ਵਿੱਚ ਦੌੜਨ ਦਾ ਫੈਸਲਾ ਲਿਆ। ਇਸ ਵਾਰ ਉਹ ਤੀਸਰੇ ਸਥਾਨ ’ਤੇ ਰਹੀ ਤੇ 11,000 ਰੁਪਏ ਦਾ ਨਕਦ ਇਨਾਮ ਜਿੱਤਿਆ।
*****
ਹਰਸ਼ੇ ਛੀਨਾ ਪਿੰਡ ਵਿੱਚ ਰਜਿੰਦਰ ਸਿੰਘ ਛੀਨਾ (60) ਵੱਲੋਂ ਟ੍ਰੇਨ ਕੀਤੇ ਜਾਂਦੇ 70 ਕੁ ਅਥਲੀਟਾਂ ਦੇ ਸਮੂਹ ਵਿੱਚ ਉਹ (ਜਸਪਾਲ) ਯਕੀਨਨ ਹੀ ‘ਸਿਤਾਰੇ’ ਵਾਂਗ ਹੈ। 1500 ਮੀਟਰ ਦੇ ਅੰਤਰਰਾਸ਼ਟਰੀ ਅਥਲੀਟ ਰਹੇ ਰਜਿੰਦਰ ਸਿੰਘ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪਛੜੇ ਵਰਗਾਂ ਦੇ ਕੁੜੀਆਂ-ਮੁੰਡਿਆਂ ਨੂੰ ਸਿਖਲਾਈ ਦੇ ਰਹੇ ਹਨ।


ਪੰਜਾਬ ਦੇ ਅੰਮ੍ਰਿਤਸਰ ਦੇ ਹਰਸ਼ੇ ਛੀਨਾ ਪਿੰਡ ਦੇ ਗਰਾਊਂਡ ਵਿੱਚ ਜਸਪਾਲ (ਖੱਬੇ) ਤੇ ਮਨਪ੍ਰੀਤ (ਸੱਜੇ)


ਆਪਣੀ ਅਥਲੀਟਾਂ ਦੀ ਟੀਮ ਨਾਲ ਕੋਚ ਰਜਿੰਦਰ ਸਿੰਘ ਛੀਨਾ (ਖੱਬੇ) ਕੋਚ ਆਪਣੀ ਆਯੁਰਵੈਦਿਕ ਦਵਾਈਆਂ ਦੀ ਦੁਕਾਨ ਉੱਤੇ ਜਿੱਥੇ ਉਹ ਦਿਨ ਦੇ ਕੁਝ ਘੰਟੇ ਮਰੀਜ਼ ਦੇਖਦੇ ਹਨ
2003 ਵਿੱਚ ਚੰਡੀਗੜ੍ਹ ਵਿੱਚ ਇੱਕ ਉੱਚ ਅਧਿਕਾਰੀ ਵੱਲੋਂ ਨੌਜਵਾਨਾਂ ’ਚ ਵਧਦੀ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਮਾਰੇ ਤਾਅਨੇ ਨੇ ਇਸ ਅਥਲੀਟ ਨੂੰ ਬੱਚਿਆਂ ਨੂੰ ਟ੍ਰੇਨ ਕਰਨ ਦੇ ਰਾਹ ਪਾ ਦਿੱਤਾ। “ਪਹਿਲਾਂ ਮੈਂ ਬੱਚਿਆਂ ਨੂੰ ਗਰਾਊਂਡ ਲੈ ਕੇ ਆਇਆ,” ਅੰਮ੍ਰਿਤਸਰ ਦੇ ਹਰਸ਼ੇ ਛੀਨਾ ਪਿੰਡ ਦੇ ਕਾਮਰੇਡ ਅੱਛਰ ਸਿੰਘ ਛੀਨਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਗਰਾਊਂਡ ਵੱਲ ਇਸ਼ਾਰਾ ਕਰਦਿਆਂ ਉਹਨਾਂ ਨੇ ਕਿਹਾ। “ਉਹ ਬੱਚੇ ਜਿਹੜੇ ਸਕੂਲਾਂ ’ਚ ਨਹੀਂ ਸੀ – ਮਜ਼ਦੂਰਾਂ ਦੇ, ਪਛੜੇ ਵਰਗਾਂ ਦੇ ਬੱਚੇ। ਮੈਂ ਉਹਨਾਂ ਦਾ ਸਕੂਲ ਵਿੱਚ ਦਾਖਲਾ ਕਰਾਇਆ, ਉਹਨਾਂ ਨੂੰ ਸਿਖਲਾਈ ਦੇਣੀ ਸ਼ੁਰੂ ਕੀਤੀ ਤੇ ਹੌਲੀ-ਹੌਲੀ ਇਹ ਵਧਦਾ ਗਿਆ।
“ਸਰਕਾਰੀ ਸਕੂਲਾਂ ਵਿੱਚ ਹੁਣ ਪਛੜੇ ਵਰਗਾਂ ਦੇ ਬਹੁਤ ਸਾਰੇ ਬੱਚੇ ਪੜ੍ਹ ਰਹੇ ਹਨ। ਉਹ ਮਿਹਨਤੀ ਹਨ ਤੇ ਤਕੜੇ ਵੀ। ਮੈਂ ਇਹ ਸੋਚ ਕੇ ਟੀਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਕਿ ਘੱਟੋ-ਘੱਟ ਬੱਚੇ ਸੂਬਾ ਪੱਧਰ ਤੱਕ ਤਾਂ ਖੇਡਣ। ਮੇਰੇ ਕੋਲ ਗੁਰਦੁਆਰੇ ਸੇਵਾ ਕਰਨ ਦਾ ਸਮਾਂ ਨਹੀਂ ਹੁੰਦਾ। ਮੈਨੂੰ ਲਗਦਾ ਹੈ ਕਿ ਜੇ ਕਰ ਸਕੋ ਤਾਂ ਬੰਦੇ ਨੂੰ ਬੱਚਿਆਂ ਦੀ ਸਿੱਖਿਆ ਵਿੱਚ ਮਦਦ ਕਰਨੀ ਚਾਹੀਦੀ ਹੈ,” ਰਜਿੰਦਰ ਸਿੰਘ ਨੇ ਕਿਹਾ।
“ਮੇਰੇ ਕੋਲ ਤਕਰਬੀਨ 70 ਅਥਲੀਟ ਹਨ ਜਿਹਨਾਂ ਨੂੰ ਮੈਂ ਸਿਖਲਾਈ ਦਿੰਦਾ ਹਾਂ। ਮੇਰੇ ਕੁਝ ਅਥਲੀਟ ਤਾਂ ਕਾਫ਼ੀ ਚੰਗਾ ਕਰ ਗਏ ਤੇ ਚੰਗੀਆਂ ਨੌਕਰੀਆਂ ’ਤੇ ਪਹੁੰਚ ਗਏ। ਕੁਝ ਪ੍ਰੋ ਕਬੱਡੀ ਲੀਗ ਵਿੱਚ ਹਨ,” ਛੀਨਾ ਨੇ ਮਾਣ ਨਾਲ ਕਿਹਾ। “ਕਿਸੇ ਹੋਰ ਤੋਂ ਸਾਨੂੰ ਕੋਈ ਮਦਦ ਨਹੀਂ ਮਿਲਦੀ। ਲੋਕ ਆਉਂਦੇ ਨੇ, ਬੱਚਿਆਂ ਦਾ ਸਨਮਾਨ ਕਰਦੇ ਨੇ, ਮਦਦ ਦਾ ਵਾਅਦਾ ਕਰਦੇ ਨੇ ਪਰ ਕੁਝ ਨਹੀਂ ਹੁੰਦਾ। ਅਸੀਂ ਜੋ ਕਰਦੇ ਹਾਂ ਆਪਣੇ ਦਮ ’ਤੇ ਕਰਦੇ ਹਾਂ,” ਉਹਨਾਂ ਕਿਹਾ।
ਉਹਨਾਂ ਨੇ BAMS ਦੀ ਡਿਗਰੀ ਕੀਤੀ ਹੋਈ ਹੈ ਤੇ ਉਹ ਅੰਮ੍ਰਿਤਸਰ ਨੇੜੇ ਰਾਮ ਤੀਰਥ ਵਿੱਚ ਆਪਣਾ ਕਲੀਨਿਕ ਚਲਾਉਂਦੇ ਹਨ। ਉਹ ਕਹਿੰਦੇ ਹਨ ਕਿ ਕਲੀਨਿਕ ਦੀ ਆਮਦਨ ਤੋਂ ਉਹਨਾਂ ਦੇ ਘਰ ਤੇ ਗਰਾਊਂਡ ਦਾ ਖ਼ਰਚ ਚੱਲ ਜਾਂਦਾ ਹੈ। “ਮੈਂ ਹਰ ਮਹੀਨੇ ਹਰਡਲ (ਰੁਕਾਵਟਾਂ), ਭਾਰ, ਗਰਾਊਂਡ ਲਈ ਚੂਨੇ ਆਦਿ ਵਰਗੇ ਸਮਾਨ ਲਈ 7-8,000 ਰੁਪਏ ਖ਼ਰਚ ਕਰਦਾ ਹਾਂ।” ਉਹਨਾਂ ਦੇ ਤਿੰਨ ਬੱਚੇ, ਜੋ ਨੌਕਰੀਆਂ ਕਰ ਰਹੇ ਹਨ, ਵੀ ਸਮੇਂ-ਸਮੇਂ ’ਤੇ ਸਹਿਯੋਗ ਕਰਦੇ ਹਨ।
“ਮੈਂ ਆਪਣੇ ਇਲਾਕੇ ਦੇ ਬੱਚਿਆਂ ਨੂੰ ਅਮਲੀ ਨਹੀਂ ਬਣਨ ਦੇਣਾ ਚਾਹੁੰਦਾ। ਮੈਂ ਚਾਹੁੰਦਾ ਹਾਂ ਕਿ ਉਹ ਗਰਾਊਂਡ ’ਚ ਆਉਣ ਤਾਂ ਕਿ ਕੁਝ ਬਣ ਸਕਣ।”
ਕੋਚ ਰਜਿੰਦਰ ਸਿੰਘ ਤੇ ਉਹਨਾਂ ਦੀ ਮਹਿਲਾ ਅਥਲੀਟਾਂ ਦੀ ਟੀਮ ਆਪਣੇ ਸਫ਼ਰ ਬਾਰੇ ਗੱਲ ਕਰਦਿਆਂ
*****
ਗਰਾਊਂਡ ਆਉਣਾ ਜਸਪਾਲ ਲਈ ਕਾਫ਼ੀ ਮੁਸ਼ੱਕਤ ਵਾਲਾ ਕੰਮ ਹੈ, ਜਿਸਦਾ ਪਿੰਡ, ਕੋਹਾਲੀ, ਇੱਥੋਂ ਕਰੀਬ 10 ਕਿਲੋਮੀਟਰ ਦੂਰ ਪੈਂਦਾ ਹੈ। “ਐਨੀ ਦੂਰ ਜਾਣਾ ਔਖਾ ਲਗਦਾ ਹੈ। ਪਿੰਡ ਗਰਾਊਂਡ ਤੋਂ ਬਹੁਤ ਦੂਰ ਹੈ,” ਪਿੰਡ ਦੇ ਬਾਹਰਵਾਰ ਬਣੇ ਆਪਣੇ ਦੋ ਕਮਰਿਆਂ ਦੇ ਘਰ ਬਾਹਰ ਬੈਠੀ ਜਸਪਾਲ ਨੇ ਕਿਹਾ। “ਪੈਦਲ ਗਰਾਊਂਡ ਤੱਕ ਪਹੁੰਚਣ ਨੂੰ ਮੈਨੂੰ ਕਰੀਬ 45 ਮਿੰਟ ਲੱਗ ਜਾਂਦੇ ਹਨ,” ਜਸਪਾਲ ਨੇ ਦੱਸਿਆ। “ਮੈਂ ਰੋਜ਼ ਸਵੇਰੇ 3:30 ਵਜੇ ਉੱਠਦੀ ਹਾਂ। 4:30 ਵਜੇ ਨੂੰ ਗਰਾਊਂਡ ਪਹੁੰਚ ਜਾਂਦੀ ਹਾਂ। ਮਾਂ-ਬਾਪ ਧਿਆਨ ਰੱਖਣ ਲਈ ਕਹਿੰਦੇ ਹਨ ਪਰ ਮੈਨੂੰ ਕਦੇ ਡਰ ਨਹੀਂ ਲੱਗਿਆ। ਸਾਡੇ ਨੇੜੇ ਇੱਕ ਅਖਾੜਾ ਹੈ ਜਿੱਥੇ ਲੜਕੇ ਪਹਿਲਵਾਨੀ ਲਈ ਆਉਂਦੇ ਹਨ। ਉਹਨਾਂ ਕਰਕੇ ਸੜਕ ਕਦੇ ਖਾਲੀ ਨਹੀਂ ਹੁੰਦੀ। ਅਸੀਂ ਦੋ ਘੰਟੇ ਟ੍ਰੇਨਿੰਗ ਕਰਦੇ ਹਾਂ ਤੇ 7:30 ਵਜੇ ਮੈਂ ਘਰ ਵਾਪਸ ਆ ਜਾਂਦੀ ਹਾਂ,” ਉਹਨੇ ਦੱਸਿਆ।
ਦੋ ਸਾਲ ਪਹਿਲਾਂ ਉਹਨੇ ਆਪਣੇ ਪਿਤਾ ਦਾ ਵਰਤਿਆ ਹੋਇਆ ਲਿਆ ਮੋਟਰਸਾਈਕਲ ਚਲਾਉਣਾ ਸਿੱਖਿਆ। ਉਦੋਂ ਤੋਂ ਉਹ ਕਦੇ-ਕਦਾਈਂ ਮੋਟਰਸਾਈਕਲ ’ਤੇ ਗਰਾਊਂਡ ਚਲੀ ਜਾਂਦੀ ਹੈ, ਜਿਸ ’ਚ ਸਿਰਫ਼ 10 ਮਿੰਟ ਹੀ ਲਗਦੇ ਹਨ। ਪਰ ਐਸੇ ਕਈ ਖੁਸ਼ਕਿਸਮਤ ਦਿਨਾਂ ’ਤੇ ਜਸਪਾਲ ਨੂੰ ਆਪਣੀ ਟ੍ਰੇਨਿੰਗ ਵਿਚਾਲੇ ਛੱਡ ਕੇ ਅਚਾਨਕ ਘਰ ਵੀ ਮੁੜਨਾ ਪੈ ਜਾਂਦਾ ਹੈ ਕਿਉਂਕਿ ਪਿਤਾ ਜਾਂ ਭਰਾ ਨੂੰ ਮੋਟਰਸਾਈਕਲ ਚਾਹੀਦਾ ਹੁੰਦਾ ਹੈ। ਇਸ ਕਾਰਨ ਕਈ ਵਾਰ ਉਹ ਟ੍ਰੇਨਿੰਗ ਕਰਨੋਂ ਰਹੀ ਹੈ।
“ਅਜੇ ਵੀ ਕਈ ਪਿੰਡ ਐਸੇ ਹਨ ਜਿੱਥੇ ਸਰਕਾਰੀ ਜਾਂ ਪ੍ਰਾਈਵੇਟ, ਕੋਈ ਬੱਸ ਨਹੀਂ ਜਾਂਦੀ,” ਕੋਚ ਨੇ ਕਿਹਾ। “ਇਹਨਾਂ ਅਥਲੀਟਾਂ ਨੂੰ ਨਾ ਸਿਰਫ਼ ਗਰਾਊਂਡ ਪਹੁੰਚਣ ਲਈ ਸੰਘਰਸ਼ ਕਰਨਾ ਪੈਂਦਾ ਹੈ, ਸਗੋਂ ਇਸ ਕਾਰਨ ਇਹਨਾਂ ’ਚੋਂ ਬਹੁਤੇ ਆਪਣੀ ਪੜ੍ਹਾਈ ਦੇ ਮਾਮਲੇ ਵਿੱਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।” ਨੇੜੇ-ਤੇੜੇ ਕਾਲਜ ਨਾ ਹੋਣ ਕਰਕੇ ਇਹਨਾਂ ਪਿੰਡਾਂ ਦੀਆਂ ਬਹੁਤੀਆਂ ਲੜਕੀਆਂ 12ਵੀਂ ਜਮਾਤ ਤੋਂ ਬਾਅਦ ਅੱਗੇ ਨਹੀਂ ਪੜ੍ਹ ਪਾਉਂਦੀਆਂ। ਜਸਪਾਲ ਲਈ ਸਭ ਤੋਂ ਨੇੜਲਾ ਬੱਸ ਅੱਡਾ ਪਿੰਡ ਦੇ ਦੂਸਰੇ ਪਾਸੇ ਹੈ। ਉਹ ਦੱਸਦੀ ਹੈ ਕਿ ਜਿਸ ਵੇਲੇ ਉਹਨੇ ਗਰਾਊਂਡ ਜਾਣਾ ਹੁੰਦਾ ਹੈ, ਉਸ ਸਮੇਂ ਕੋਈ ਬੱਸ ਵੀ ਨਹੀਂ ਮਿਲਦੀ।
ਇਸੇ ਪਿੰਡ ਦੀ ਇੱਕ ਹੋਰ ਅਥਲੀਟ ਰਮਨਦੀਪ ਕੌਰ ਹਰ ਰੋਜ਼ ਗਰਾਊਂਡ ਆਉਣ-ਜਾਣ ਲਈ ਸਵੇਰੇ ਤੇ ਸ਼ਾਮ ਨੂੰ 10-10 ਕਿਲੋਮੀਟਰ ਪੈਦਲ ਸਫ਼ਰ ਤੈਅ ਕਰਦੀ ਹੈ। “ਮੈਂ ਪੰਜ ਕਿਲੋਮੀਟਰ ਤੁਰ ਕੇ ਚੈਨਪੁਰ ਪਿੰਡ ਪਹੁੰਚ ਕੇ ਉੱਥੋਂ ਦੀ ਕੋਮਲਪ੍ਰੀਤ ਨਾਲ ਸਕੂਟੀ ’ਤੇ ਗਰਾਊਂਡ ਜਾਂਦੀ ਹਾਂ। ਟ੍ਰੇਨਿੰਗ ਤੋਂ ਬਾਅਦ ਮੈਂ ਫੇਰ ਪੰਜ ਕਿਲੋਮੀਟਰ ਵਾਪਸ ਪੈਦਲ ਚਲਦੀ ਹਾਂ,” ਉਹਨੇ ਦੱਸਿਆ।
“ਡਰ ਤਾਂ ਲਗਦਾ ਇਕੱਲੇ ਆਉਂਦੇ-ਜਾਂਦੇ, ਪਰ ਕਿਸੇ ਕੋਲ ਟਾਈਮ ਨਹੀਂ ਨਾਲ ਜਾਣ-ਆਉਣ ਲਈ,” ਰਮਨਦੀਪ ਨੇ ਕਿਹਾ। ਟ੍ਰੇਨਿੰਗ ਦੇ ਇਲਾਵਾ 20 ਕਿਲੋਮੀਟਰ ਰੋਜ਼ ਪੈਦਲ ਚੱਲਣ ਨਾਲ ਉਹ ਥੱਕ-ਟੁੱਟ ਜਾਂਦੀ ਹੈ। “ਹਰ ਵੇਲੇ ਸਰੀਰ ਦੁਖਦਾ ਰਹਿੰਦਾ ਹੈ,” ਉਹਨੇ ਕਿਹਾ।


ਖੱਬੇ: ਜਸਪਾਲ ਨੇ ਦੋ ਸਾਲ ਪਹਿਲਾਂ ਮੋਟਰਸਾਈਕਲ ਚਲਾਉਣਾ ਸਿੱਖਿਆ ਤੇ ਕਦੇ-ਕਦਾਈਂ ਉਹ ਟ੍ਰੇਨਿੰਗ ਲਈ ਮੋਟਰਸਾਈਕਲ ਲੈ ਜਾਂਦੀ ਹੈ। ਸੱਜੇ: ਆਪਣੇ ਘਰ ਵਿੱਚ ਆਪਣੀ ਮਾਂ ਤੇ ਭੈਣਾਂ ਨਾਲ, ਪਿਛਲੇ ਸਾਲਾਂ ਵਿੱਚ ਜਿੱਤੇ ਇਨਾਮਾਂ ਨਾਲ, ਬੈਠੀ ਰਮਨਦੀਪ ਕੌਰ (ਕਾਲੀ ਟੀ-ਸ਼ਰਟ)


ਰਮਨਦੀਪ ਨੇ ਆਪਣੇ ਇਨਾਮ ਦੀ ਰਾਸ਼ੀ ਨਾਲ ਦੌੜਨ ਵਾਲੇ ਜੁੱਤੇ ਲਏ ਸਨ
ਉਹਦਾ ਕੰਮ ਦੌੜ ਦੀ ਟ੍ਰੇਨਿੰਗ ਨਾਲ ਹੀ ਖ਼ਤਮ ਨਹੀਂ ਹੋ ਜਾਂਦਾ, 21 ਸਾਲਾ ਰਮਨਦੀਪ ਘਰ ਦੇ ਕੰਮ ਵਿੱਚ ਵੀ ਮਦਦ ਕਰਦੀ ਹੈ, ਪਰਿਵਾਰ ਦੀਆਂ ਮੱਝਾਂ-ਗਾਵਾਂ ਦੀ ਵੀ ਦੇਖਭਾਲ ਕਰਦੀ ਹੈ। 3-4 ਫੁੱਟ ਚੌੜੀ ਇੱਟਾਂ ਦੀ ਸੜਕ ਦੇ ਦੂਜੇ ਪਾਸੇ, ਘਰ ਦੇ ਸਾਹਮਣੇ, ਉਹਨਾਂ ਦਾ ਪਸ਼ੂਆਂ ਦਾ ਵਾੜਾ ਹੈ।
ਰਮਨਦੀਪ ਵੀ ਮਜ਼ਹਬੀ ਸਿੱਖ ਭਾਈਚਾਰੇ ਵਿੱਚੋਂ ਹੈ। ਉਹਨਾਂ ਦਾ ਦਸ ਜਣਿਆਂ ਦਾ ਪਰਿਵਾਰ ਦੋ ਭਰਾਵਾਂ ਦੀ ਕਮਾਈ ’ਤੇ ਨਿਰਭਰ ਹੈ ਜੋ ਮਜ਼ਦੂਰੀ ਕਰਦੇ ਹਨ। “ਉਹ ਲੱਕੜ ਦਾ ਕੰਮ ਕਰਦੇ ਹਨ, ਜਦੋਂ ਉਹ ਨਾ ਹੋਵੇ ਤਾਂ ਜੋ ਵੀ ਕੰਮ ਮਿਲ ਜਾਵੇ। ਜਦ ਕੰਮ ਮਿਲਦਾ ਹੈ, ਤਾਂ 350 ਰੁਪਏ ਦਿਹਾੜੀ ਮਿਲ ਜਾਂਦੀ ਹੈ,” ਉਹਨੇ ਦੱਸਿਆ।
ਉਹਨੇ 2022 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ 12ਵੀਂ ਜਮਾਤ ਤੋਂ ਅੱਗੇ ਪੜ੍ਹਾਈ ਨਹੀਂ ਕੀਤੀ। “ਪੈਸੇ ਹੀ ਨਹੀਂ ਸਨ,” ਪਿੰਡ ਦੇ ਇੱਕ ਪਾਸੇ ਪੈਂਦੇ ਆਪਣੇ ਦੋ ਕਮਰਿਆਂ ਦੇ ਘਰ, ਜਿਸ ਵਿੱਚ ਤਰੇੜਾਂ ਆਈਆਂ ਪਈਆਂ ਹਨ, ਵਿੱਚ ਬੈਠਿਆਂ ਉਹਨੇ ਕਿਹਾ। “ਦੌੜ ਵਾਲੇ ਕੱਪੜੇ ਮੈਨੂੰ ਮੰਮੀ ਲੈ ਕੇ ਦੇ ਦਿੰਦੇ ਨੇ, ਉਹਨਾਂ ਨੂੰ 1,500 ਰੁਪਏ ਵਿਧਵਾ ਪੈਨਸ਼ਨ ਦੇ ਮਿਲਦੇ ਨੇ,” ਰਮਨਦੀਪ ਨੇ ਕਿਹਾ।
“ਕੈਸ਼ ਪਰਾਈਜ਼ ਜਿੱਤ ਕੇ ਸ਼ੂਜ਼ (ਜੁੱਤੇ) ਲਏ ਸੀ 3100 ਦੇ, ਹੁਣ ਟੁੱਟ ਗਏ, ਫੇਰ ਕੋਈ ਰੇਸ ਜਿੱਤੂੰਗੀ ਤੇ ਸ਼ੂਜ਼ ਲਊਂਗੀ,” ਟੁੱਟਣ ਕਿਨਾਰੇ ਆ ਚੁੱਕੇ ਆਪਣੇ ਜੁੱਤੇ ਦਿਖਾਉਂਦਿਆਂ ਉਹਨੇ ਕਿਹਾ। ਜੁੱਤੇ ਹੋਣ ਭਾਵੇਂ ਨਾ, ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਦੌੜ ਦੌੜ ਰਹੀ ਹੈ।
“ਮੈਂ ਪੁਲੀਸ ਵਿੱਚ ਭਰਤੀ ਹੋਣ ਲਈ ਦੌੜਦੀ ਹਾਂ,” ਰਮਨਦੀਪ ਕਹਿੰਦੀ ਹੈ।
ਚੈਨਪੁਰ ਦੀ ਕੋਮਲਪ੍ਰੀਤ ਕੌਰ (15), ਕੋਹਾਲੀ ਪਿੰਡ ਦਾ ਗੁਰਕਿਰਪਾਲ ਸਿੰਘ (15), ਰਾਣੇਵਾਲੀ ਦੀ ਮਨਪ੍ਰੀਤ ਕੌਰ (20), ਤੇ ਸੈਂਸਰਾ ਕਲ੍ਹਾਂ ਦੀ ਮਮਤਾ (20) ਵੀ ਇਸੇ ਲਈ ਦੌੜਦੇ ਹਨ। ਇਹ ਸਾਰੇ ਕੋਚ ਛੀਨਾ ਕੋਲ ਸਿਖਲਾਈ ਲਈ ਆਉਂਦੇ ਹਨ। ਇਹਨਾਂ ਸਾਰੇ ਅਥਲੀਟਾਂ ਲਈ ਸਰਕਾਰੀ ਨੌਕਰੀ ਸਮਾਜਿਕ ਪੱਧਰ ’ਚ ਬਦਲਾਅ ਦੇ ਨਾਲ ਸਾਰੇ ਪਰਿਵਾਰ ਲਈ ਵਿੱਤੀ ਤੌਰ ’ਤੇ ਸੁਰੱਖਿਆ ਦਾ ਮਾਧਿਅਮ ਵੀ ਹੈ। ਪਰ ਇਹਨਾਂ ਨੌਕਰੀਆਂ ਲਈ ਹੁੰਦੇ ਟੈਸਟ ਇਹਨਾਂ ਲਈ ਇੱਕ ਹੋਰ ਰੁਕਾਵਟੀ (ਹਰਡਲ) ਦੌੜ ਹਨ।


ਗਰਾਊਂਡ ਵਿੱਚ ਟ੍ਰੇਨਿੰਗ ਦੌਰਾਨ ਕੋਮਲਪ੍ਰੀਤ ਤੇ ਮਨਪ੍ਰੀਤ


ਖੱਬੇ: ਆਪਣੇ ਜਿੱਤੇ ਇਨਾਮ ਦਿਖਾਉਂਦਾ ਅਥਲੀਟ ਗੁਰਕਿਰਪਾਲ ਸਿੰਘ ਸੱਜੇ: ਅਥਲੀਟਾਂ ਨੂੰ ਸਿਖਲਾਈ ਦਿੰਦੇ ਹੋਏ ਕੋਚ ਛੀਨਾ
ਖਿਡਾਰੀਆਂ ਲਈ ਖ਼ਾਸ 3 ਫ਼ੀਸਦ ਰਾਖਵੇਂਕਰਨ ਦੀ ਸਕੀਮ ਦਾ ਲਾਹਾ ਲੈਣ ਲਈ ਖਿਡਾਰੀਆਂ ਨੂੰ ਸੂਬੇ ਅਤੇ ਕੌਮੀ ਪੱਧਰ ’ਤੇ ਇਨਾਮ ਜਿੱਤਣੇ ਪੈਂਦੇ ਹਨ, ਜਿਸ ਲਈ ਬੇਹੱਦ ਵੱਖਰੀ ਤਰ੍ਹਾਂ ਦੀ ਤਿਆਰੀ ਤੇ ਸਾਧਨਾਂ ਦੀ ਲੋੜ ਪੈਂਦੀ ਹੈ। ਇਹਨਾਂ ਸਾਧਨਾਂ ਦੀ ਅਣਹੋਂਦ ਵਿੱਚ ਇਹ ਲੜਕੀਆਂ ਸੂਬੇ ਭਰ ਵਿੱਚ ਹੁੰਦੀਆਂ ਵੱਖ-ਵੱਖ ਮੈਰਾਥਨ ਦੌੜਾਂ ਵਿੱਚ 5 ਕਿਲੋਮੀਟਰ ਤੇ 10 ਕਿਲੋਮੀਟਰ ਦੌੜਾਂ ਦੌੜਦੀਆਂ ਹਨ। ਉਹਨਾਂ ਨੂੰ ਉਮੀਦ ਹੈ ਕਿ ਇਹਨਾਂ ਦੌੜਾਂ ਵਿੱਚ ਜਿੱਤੇ ਇਨਾਮ ਤੇ ਮੈਡਲ ਉਹਨਾਂ ਨੂੰ ਪੁਲੀਸ ਵਿੱਚ ਭਰਤੀ ਹੋਣ ਵਿੱਚ ਮਦਦ ਕਰਨਗੇ।
ਇਹਨਾਂ ਨੌਕਰੀਆਂ ਵਿੱਚ ਮਜ਼ਹਬੀ ਸਿੱਖਾਂ ਲਈ ਰਾਖਵਾਂਕਰਨ ਵੀ ਹੈ। 2024 ਦੀ ਸੂਬੇ ਦੀ ਭਰਤੀ ਵਿੱਚ ਐਲਾਨੀਆਂ ਗਈਆਂ 1746 ਅਸਾਮੀਆਂ ਵਿੱਚ 180 ਅਸਾਮੀਆਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ। ਤੇ ਇਹਨਾਂ 180 ਰਾਖਵੀਆਂ ਅਸਾਮੀਆਂ ਵਿੱਚੋਂ 72 ਮਹਿਲਾਵਾਂ ਲਈ ਰਾਖਵੀਆਂ ਹਨ।
2022 ਦੀ ਇੰਡੀਆ ਜਸਟਿਸ ਰਿਪੋਰਟ , ਜਿਸ ਜ਼ਰੀਏ ਹਰ ਸੂਬੇ ਨੂੰ ਨਿਆਂ ਦੇਣ ਵਾਲੇ ਤੰਤਰਾਂ, ਪੁਲੀਸ, ਅਦਾਲਤਾਂ, ਜੇਲ੍ਹਾਂ ਤੇ ਕਾਨੂੰਨੀ ਸਹਾਇਤਾ, ਦੇ ਮਾਮਲੇ ਵਿੱਚ ਮੁਲਾਂਕਣ ਤੇ ਦਰਜਾ ਤੈਅ ਕੀਤਾ ਜਾਂਦਾ ਹੈ, ਦੇ ਮੁਤਾਬਕ 2019 ਤੇ 2022 ਦੇ ਵਿਚਕਾਰ ਪੰਜਾਬ ਅੱਠ ਰੈਂਕ ਹੇਠਾਂ ਡਿੱਗ ਕੇ 4ਥੇ ਤੋਂ 12ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਰਿਪੋਰਟ ਵਿੱਚ ਲਿਖਿਆ ਹੈ ਕਿ “ਭਾਵੇਂ ਜਾਤ ਹੋਵੇ ਤੇ ਭਾਵੇਂ ਲਿੰਗ, ਹਰ ਮਾਮਲੇ ਵਿੱਚ ਸਮਾਵੇਸ਼ ਵਿੱਚ ਕਮੀ ਆਈ ਹੈ ਤੇ ਇਸਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਘੱਟ ਹੋਈਆਂ ਹਨ। ਦਹਾਕਿਆਂ ਤੋਂ ਚੱਲੀ ਆ ਰਹੀ ਬਹਿਸ ਦੇ ਬਾਵਜੂਦ, ਭਾਵੇਂ ਕੋਈ ਸੂਬਾ ਇੱਕ ਜਾਂ ਦੋ ਸ਼੍ਰੇਣੀਆਂ ਵਿੱਚ ਠੀਕ-ਠਾਕ ਹੋਵੇ, ਪਰ ਕੋਈ ਵੀ ਸੂਬਾ ਸਾਰੀਆਂ ਉਪ-ਪ੍ਰਣਾਲੀਆਂ ਵਿੱਚ ਤਿੰਨੇ ਹਿੱਸਿਆਂ ਵਿੱਚ ਪੂਰਾ ਨਹੀਂ ਉੱਤਰਿਆ। ਨਾ ਹੀ ਔਰਤਾਂ ਬਰਾਬਰੀ ਦੇ ਕਿਤੇ ਨੇੜੇ-ਤੇੜੇ ਵੀ ਪਹੁੰਚੀਆਂ ਹਨ। ਜਨਵਰੀ 2007 ਤੋਂ ਲੈ ਕੇ ਜਨਵਰੀ 2022 ਤੱਕ, ਪੁਲੀਸ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ 3.3 ਫ਼ੀਸਦ ਤੋਂ 11.8 ਫ਼ੀਸਦ ਤੱਕ ਪਹੁੰਚਣ ਵਿੱਚ ਪੰਦਰਾਂ ਸਾਲ ਲੱਗੇ ਹਨ।” ਤੇ 2022 ਵਿੱਚ ਪੰਜਾਬ ਵਿੱਚ ਇਹ ਗਿਣਤੀ 9.9 ਫ਼ੀਸਦ ਸੀ।
ਜਸਪਾਲ ਤੇ ਰਮਨਦੀਪ ਦੋਵੇਂ ਪਿਛਲੇ ਸਾਲ ਤੋਂ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਦੀ ਭਰਤੀ ਲਈ ਅਰਜ਼ੀ ਦੇ ਰਹੀਆਂ ਹਨ। 2023 ਵਿੱਚ ਉਹਨਾਂ ਦੋਵਾਂ ਨੇ ਪੰਜਾਬੀ ਵਿੱਚ ਲਿਖਤੀ ਟੈਸਟ ਦਿੱਤਾ, ਪਰ ਪਾਸ ਨਹੀਂ ਕਰ ਸਕੀਆਂ। “ਮੈਂ ਘਰ ਹੀ ਲਿਖਤੀ ਪੇਪਰ ਦੀ ਤਿਆਰੀ ਕਰਦੀ ਹਾਂ,” ਰਮਨਦੀਪ ਨੇ ਦੱਸਿਆ।
2024 ਦੀ ਭਰਤੀ ਦੇ ਇਸ਼ਤਿਹਾਰ ਮੁਤਾਬਕ ਤਿੰਨ ਪੜਾਵਾਂ ਦੀ ਚੋਣ ਪ੍ਰਕਿਰਿਆ ਵਿੱਚ ਕੰਪਿਊਟਰ ਜ਼ਰੀਏ ਟੈਸਟ ਪਹਿਲਾ ਪੜਾਅ ਹੈ। ਅਨੁਸੂਚਿਤ ਜਾਤੀਆਂ ਤੇ ਪਛੜੇ ਵਰਗਾਂ ਦੇ ਉਮੀਦਵਾਰਾਂ ਲਈ ਸਰੀਰਕ ਸਕਰੀਨਿੰਗ ਟੈਸਟ ਤੇ ਸਰੀਰਕ ਮਿਣਤੀ ਟੈਸਟ ਦੇ ਦੂਜੇ ਪੜਾਅ ਲਈ ਇਸ ਟੈਸਟ ਵਿੱਚੋਂ ਘੱਟੋ-ਘੱਟ 35 ਫ਼ੀਸਦ ਅੰਕ ਲੈਣੇ ਲਾਜ਼ਮੀ ਹਨ। ਸਰੀਰਕ ਟੈਸਟ ਵਿੱਚ ਦੌੜਾਂ, ਲੰਬੀ ਛਾਲ, ਉੱਚੀ ਛਾਲ, ਭਾਰ ਤੇ ਲੰਬਾਈ ਦੇਖੀ ਜਾਂਦੀ ਹੈ।


NMIMS, ਚੰਡੀਗੜ੍ਹ ਵੱਲੋਂ ਆਯੋਜਿਤ ਮੈਰਾਥਨ ਦੌਰਾਨ ਰਮਨਦੀਪ (ਖੱਬੇ) ਤੇ ਜਸਪਾਲ (ਸੱਜੇ)
ਰਮਨਦੀਪ ਦੀ ਮਾਂ ਨੂੰ ਉਹਦੀ ਕਾਰਗੁਜ਼ਾਰੀ ਦੀ ਚਿੰਤਾ ਹੈ, ਉਹ ਦੱਸਦੇ ਹਨ ਕਿ ਉਹ ਢੰਗ ਨਾਲ ਭੋਜਨ ਨਹੀਂ ਕਰਦੀ। ਉਹਨਾਂ ਨੂੰ ਅਥਲੈਟਿਕਸ ਫੈਡਰੈਸ਼ਨ ਆਫ਼ ਇੰਡੀਆ ਦੀ ਉਸ ਗਾਈਡਬੁੱਕ ਬਾਰੇ ਨਹੀਂ ਪਤਾ ਜਿਸ ਵਿੱਚ ਨੌਜਵਾਨ ਅਥਲੀਟਾਂ ਦੀ ਖ਼ੁਰਾਕ ਤੇ ਊਰਜਾ ਦੀ ਲੋੜ ਲਈ ਸਬਜ਼ੀਆਂ, ਫਲ, ਫਲੀਆਂ, ਅਨਾਜ, ਮੀਟ, ਮੱਛੀ ਤੇ ਡੇਅਰੀ ਦੀ ਵਿਭਿੰਨ ਖ਼ੁਰਾਕ ਦੱਸੀ ਗਈ ਹੈ। ਉਹਨਾਂ ਕੋਲ ਇਹਨਾਂ ਵਿੱਚੋਂ ਬਹੁਤੀਆਂ ਚੀਜ਼ਾਂ ਲਈ ਪੈਸੇ ਨਹੀਂ। ਮਹੀਨੇ ’ਚ ਇੱਕ ਵਾਰ ਮੀਟ ਮਿਲ ਜਾਂਦਾ ਹੈ। “ਡਾਇਟ ਨਹੀਂ ਮਿਲਦੀ, ਬਸ ਰੋਟੀ ਜਾਂ ਜੋ ਵੀ ਘਰੇ ਮਿਲ ਜਾਂਦਾ,” ਰਮਨਦੀਪ ਕਹਿੰਦੀ ਹੈ। “ਜੋ ਵੀ ਘਰ ਮਿਲ ਜਾਂਦਾ ਹੈ, ਉਹੀ ਖਾਂਦੇ ਹਾਂ, ਤੇ ਭਿੱਜੇ ਹੋਏ ਛੋਲੇ,” ਜਸਪਾਲ ਦੱਸਦੀ ਹੈ।
ਦੋਵੇਂ ਹੀ ਲੜਕੀਆਂ ਇਸ ਸਾਲ ਇਸ਼ਤਿਹਾਰ ਵਿੱਚ ਦਿੱਤੇ ਕੰਪਿਊਟਰ ਜ਼ਰੀਏ ਟੈਸਟ ਬਾਰੇ ਨਹੀਂ ਜਾਣਦੀਆਂ। “ਪਿਛਲੀ ਵਾਰ ਪੰਜਾਬੀ ਵਿੱਚ ਲਿਖਤੀ ਟੈਸਟ ਹੋਇਆ ਸੀ, ਕੰਪਿਊਟਰ ’ਤੇ ਨਹੀਂ,” ਜਸਪਾਲ ਪਿਛਲੀ ਵਾਰ ਦੇ ਪੇਪਰ ਬਾਰੇ ਯਾਦ ਕਰਦਿਆਂ ਕਹਿੰਦੀ ਹੈ। “ਸਾਡੇ ਕੋਲ ਕੰਪਿਊਟਰ ਨਹੀਂ ਹਨ।” ਜਸਪਾਲ ਨੇ ਪਿਛਲੇ ਸਾਲ ਲਿਖਤੀ ਟੈਸਟ ਦੀ ਤਿਆਰੀ ਲਈ ਦੋ ਮਹੀਨੇ ਦੀ ਕੋਚਿੰਗ ’ਤੇ 3,000 ਰੁਪਏ ਖ਼ਰਚ ਕੀਤੇ ਸਨ।
ਇਸ ਸਾਲ ਦੇ ਸਰਕੂਲਰ ਮੁਤਾਬਕ ਪਹਿਲੇ ਰਾਊਂਡ ਵਿੱਚ ਲਾਜ਼ਮੀ ਪੰਜਾਬੀ ਦੇ ਪੇਪਰ ਦੇ ਨਾਲ ਇੱਕ ਹੋਰ ਪੇਪਰ ਹੋਵੇਗਾ। ਇਸਦੇ ਤਹਿਤ ਉਮੀਦਵਾਰਾਂ ਦਾ ਆਮ ਗਿਆਨ, ਮਾਤਰਾਤਮਕ ਯੋਗਤਾ ਤੇ ਅੰਕ ਗਿਆਨ, ਮਾਨਸਿਕ ਸਮੱਰਥਾ ਤੇ ਤਰਕਸ਼ੀਲਤਾ, ਅੰਗਰੇਜ਼ੀ ਗਿਆਨ, ਪੰਜਾਬੀ ਗਿਆਨ ਤੇ ਡਿਜੀਟਲ ਗਿਆਨ ਪਰਖਿਆ ਜਾਵੇਗਾ।
“ ਫਿਜ਼ੀਕਲ ਟੈਸਟ ਰਿਟਨ (ਲਿਖਤੀ) ਟੈਸਟ ਕਲੀਅਰ ਹੋਣ ਤੋਂ ਬਾਅਦ ਲੈਂਦੇ ਨੇ, ਰਿਟਨ ਟੈਸਟ ਹੀ ਕਲੀਅਰ ਨਹੀਂ ਸੀ ਹੋਇਆ ਇਸ ਕਰਕੇ ਫਿਜ਼ੀਕਲ ਟੈਸਟ ਤੱਕ ਪਹੁੰਚੇ ਹੀ ਨਹੀਂ ,” ਜਸਪਾਲ ਨੇ ਕਿਹਾ।
“ਮੇਰੇ ਕੋਲ ਪਿਛਲੇ ਸਾਲ ਵਾਲੀਆਂ ਕਿਤਾਬਾਂ ਪਈਆਂ ਹਨ। ਮੈਂ ਇਸ ਵਾਰ ਵੀ (ਪੁਲੀਸ ਦੀਆਂ ਅਸਾਮੀਆਂ ਲਈ) ਅਰਜ਼ੀ ਦਿੱਤੀ ਹੈ,” ਰਮਨਦੀਪ ਨੇ ਕਿਹਾ। “ਦੇਖੋ ਕੀ ਬਣੇਗਾ,” ਉਮੀਦ ਤੇ ਸੰਸੇ, ਦੋਵਾਂ ਨਾਲ ਭਰੀ ਆਵਾਜ਼ ਵਿੱਚ ਉਹਨੇ ਕਿਹਾ।