ਇਹ ਹਫ਼ਤੇ ਮੰਗਲਵਾਰ ਨੂੰ ਪਏ ਮੀਂਹ ਕਰਕੇ ਸੈਂਟਰਲ ਮੁੰਬਈ ਦਾ ਸ਼ਿਵਾਜੀ ਪਾਰਕ ਚਿੱਕੜ ਦਾ ਸਾਗਰ ਬਣ ਗਿਆ ਅਤੇ ਹੋਈ ਤਿਲਕਣ ਕਰਕੇ ਤੁਰਨਾ ਮੁਸ਼ਕਲ ਹੋ ਰਿਹਾ ਸੀ। ਸਖੁਬਾਈ ਖੋਰੇ ਤਿਲਕ ਗਈ ਤੇ ਡਿੱਗਣ ਨਾਲ਼ ਉਨ੍ਹਾਂ ਦੀ ਲੱਤ ਜ਼ਖ਼ਮੀ ਹੋ ਗਈ। ਫਿਰ ਵੀ ਉਹ ਹੱਸਦਿਆਂ ਬੋਲੀ,"ਇੱਥੇ ਮੈਂ ਆਪਣੇ ਦੇਵ (ਭਗਵਾਨ) ਦੇ ਪੈਰ ਛੂਹਣ ਆਈ ਹਾਂ। ਮੈਂ ਉਦੋਂ ਤੱਕ ਆਉਂਦੀ ਰਹਾਂਗੀ ਜਦੋਂ ਤੱਕ ਕਿ ਆ ਸਕਦੀ ਹਾਂ, ਜਦੋਂ ਤੱਕ ਮੇਰੇ ਹੱਥ ਕੰਮ ਕਰ ਰਹੇ ਹਨ, ਉਦੋਂ ਤੱਕ, ਜਦੋਂ ਤੱਕ ਕਿ ਮੇਰੀਆਂ ਅੱਖਾਂ ਵਿੱਚ ਰੌਸ਼ਨੀ ਹੈ, ਉਦੋਂ ਤੱਕ ਮੈਂ ਆਉਂਦੀ ਰਹੂੰਗੀ।"
ਉਨ੍ਹਾਂ ਦੇ, ਅਤੇ ਇੱਥੇ ਇਕੱਠੇ ਹੋਣ ਵਾਲੇ ਲਗਭਗ ਹਰ ਵਿਅਕਤੀ ਦੇ ਦੇਵ ਡਾਕਟਰ ਬਾਬਾ ਸਾਹਬ ਅੰਬੇਦਕਰ ਹਨ। ਸਖੁਬਾਈ ਇੱਕ ਨਵਬੌਧ ਦਲਿਤ ਹਨ, ਉਮਰ ਕਰੀਬ 70 ਸਾਲ ਹੈ। ਉਹ ਜਲਗਾਓਂ ਜਿਲ੍ਹਾ ਦੇ ਭੁਸਾਵਲ ਤੋਂ ਬੁੱਧਬਾਰ, 6 ਦਸੰਬਰ ਨੂੰ ਇੱਥੇ, ਬਾਬਾ ਸਾਹਬ ਅੰਬੇਦਕਰ ਦੀ ਬਰਸੀ 'ਤੇ ਉਨ੍ਹਾਂ ਨੇ ਸ਼ਰਧਾਂਜਲੀ ਭੇਂਟ ਕਰਨ ਆਈ ਹਨ।
ਇਹ ਉਹ ਦਿਨ ਹੈ, ਜਦੋਂ ਹਰ ਸਾਲ ਸ਼ਿਵਾਜੀ ਪਾਰਕ, ਅਤੇ ਉਹਦੇ ਨੇੜੇ ਹੀ ਦਾਦਰ ਵਿੱਚ ਸਥਿਤ ਚੈਤਯਭੂਮੀ 'ਤੇ ਦਲਿਤ ਭਾਈਚਾਰੇ ਦੇ ਹਜਾਰਾਂ, ਲੱਖਾਂ ਲੋਕ ਇਕੱਠੇ ਹੁੰਦੇ ਹਨ। ਚੈਤਯਭੂਮੀ ਉਹ ਥਾਂ ਹੈ, ਜਿੱਥੇ 1956 ਵਿੱਚ ਭਾਰਤੀ ਸੰਵਿਧਾਨ ਦੀ ਮੁੱਖ ਰਚੇਤਾ, ਡਾਕਟਰ ਅੰਬਦੇਕਰ ਦਾ ਅੰਤਿਮ-ਸਸਕਾਰ ਕੀਤਾ ਗਿਆ ਸੀ। ਇਹ ਲੋਕ ਇੱਥੇ ਬੀ.ਆਰ. ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਉਂਦੇ ਹਨ, ਜੋ 20ਵੀਂ ਸਦੀ ਦੇ ਇੱਕ ਮਹਾਨ ਲੀਡਰ ਅਤੇ ਸਮਾਜ-ਸੁਧਾਰਕ ਸਨ ਅਤੇ ਜਿਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਦੇ ਹੱਕ ਲਈ ਅਵਾਜ਼ ਬੁਲੰਦ ਕੀਤੀ। ਇਹ ਲੋਕ ਬੱਸਾਂ, ਰੇਲਾਂ ਰਾਹੀਂ ਅਤੇ ਕਦੇ-ਕਦਾਈਂ ਪੈਦਲ ਤੁਰ ਕੇ ਇੰਨਾ ਲੰਬਾ ਪੈਂਡਾ ਤੈਅ ਕਰਕੇ ਇਸ ਦਿਨ ਇੱਥੇ ਅੱਪੜਦੇ ਹਨ। ਉਹ ਬੜੇ ਹੀ ਆਦਰ, ਆਭਾਰ ਅਤੇ ਪਿਆਰ ਦੀ ਭਾਵਨਾ ਦੇ ਨਾਲ਼ ਲਬਰੇਜ਼ ਹੋ ਕੇ, ਇੱਥੇ ਮੁੰਬਈ, ਮਹਾਂਰਾਸ਼ਟਰ ਅਤੇ ਕਈ ਹੋਰ ਰਾਜਾਂ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਆਉਂਦੇ ਹਨ। ਬਹੁਤੇਰਿਆਂ ਨੂੰ ਇੱਥੇ ਪਹੁੰਚਣ ਤੋਂ ਪਹਿਲਾਂ ਕਈ ਦਿਨਾਂ ਦੀ ਲੰਬੀ ਯਾਤਰਾ ਕਰਨੀ ਪੈਂਦੀ ਹੈ।


ਸਖੁਬਾਈ ਖੋਰੇ (ਖੱਬੇ), ਭੁਸਾਵਲ ਤੋਂ ਇਕੱਲੀ ਆਈ ਹਨ ; ਲੀਲਾਬਾਈ ਸੈਨ (ਸੱਜੇ, ਗੁਲਾਬੀ ਸਾੜੀ ਵਿੱਚ) ਅਤੇ ਉਨ੍ਹਾਂ ਦੇ ਦਲ ਨੂੰ ਜਬਲਪੁਰ ਤੋਂ ਇੱਥੋਂ ਤੀਕ ਤਿੰਨ ਦਿਨਾਂ ਦੀ ਲੰਬੀ ਯਾਤਰਾ ਕਰਨੀ ਪਈ
ਲੀਲਾਬਾਈ ਸੈਨ, ਕਰੀਬ 1,100 ਕਿਲੋਮੀਟਰ ਦੂਰ, ਮੱਧ-ਪ੍ਰਦੇਸ਼ ਦੇ ਜਬਲਪੁਰ ਤੋਂ ਪਿਛਲੇ 42 ਸਾਲਾਂ ਤੋਂ ਇੱਥੇ ਆ ਰਹੀ ਹਨ। ਉੱਥੇ ਉਹ ਬਤੌਰ ਮਾਲਸ਼-ਵਾਲੀ ਕੰਮ ਕਰਦੀ ਹਨ। ਉਹ ਦੱਸਦੀ ਹਨ ਕਿ ਉਨ੍ਹਾਂ ਦੇ ਪਤੀ ਨਾਈ ਜਾਤ ਨਾਲ਼ ਸਬੰਧ ਰੱਖਣ ਵਾਲੇ ਨਾਈ ਸਨ। ਇਸ ਸਾਲ ਉਹ 60 ਹੋਰਨਾਂ ਔਰਤਾਂ ਦੇ ਇੱਕ ਦਲ ਨਾਲ਼ ਰੇਲ ਦੀ ਯਾਤਰਾ ਕਰਕੇ ਇੱਥੇ ਆਈ ਹਨ, ਜੋ (ਰੇਲ) ਰੁੱਕ-ਰੁੱਕ ਕੇ ਚੱਲਦੀ ਰਹੀ ਅਤੇ ਇੱਥੋਂ ਤੱਕ ਪਹੁੰਚਣ ਵਿੱਚ ਤਿੰਨ ਦਿਨ ਲਾ ਦਿੱਤੇ। "ਅਸੀਂ ਤੜਕੇ 2 ਵਜੇ ਇੱਥੇ ਅੱਪੜੀਆਂ ਅਤੇ ਦਾਦਰ ਸਟੇਸ਼ਨ 'ਤੇ ਹੀ ਸੌਂ ਗਈਆਂ। ਅੱਜ ਰਾਤ ਨੂੰ ਅਸੀਂ ਇੱਥੇ (ਸ਼ਿਵਾਜੀ ਪਾਰਕ ਦੇ ਬਾਹਰ) ਫੁਟਪਾਥ 'ਤੇ ਸੋਵਾਂਗੀਆਂ," ਉਹ ਖੁਸ਼ੀ ਨਾਲ਼ ਦੱਸਦੀ ਹਨ। "ਅਸੀਂ ਬਾਬਾ ਸਾਹਬ ਨਾਲ਼ ਆਪਣੀ ਖਿੱਚ ਕਰਕੇ ਇੱਥੇ ਆਉਂਦੇ ਹਾਂ। ਉਨ੍ਹਾਂ ਨੇ ਦੇਸ਼ਹਿੱਤ ਲਈ ਉਹ ਕਾਰਜ ਕੀਤੇ, ਜਿਨ੍ਹਾਂ ਨੂੰ ਕੋਈ ਨਾ ਕਰ ਸਕਿਆ, ਉਨ੍ਹਾਂ ਨੇ ਕਰ ਦਿਖਾਇਆ।"
ਲੀਲਾਬਾਈ ਦਾ ਦਲ ਆਪਣੇ ਝੋਲ਼ਿਆਂ ਸਣੇ ਫੁਟਪਾਥ 'ਤੇ ਠਹਿਰਿਆ ਹੋਇਆ ਹੈ। ਇਹ ਔਰਤਾਂ ਆਪਸ ਵਿੱਚ ਗੱਲਾਂ ਕਰ ਰਹੀਆਂ ਹਨ, ਹੱਸ ਰਹੀਆਂ ਹਨ ਅਤੇ ਦ੍ਰਿਸ਼ਾਂ ਅਤੇ ਧੁਨਾਂ ਵਿੱਚ ਡੁੱਬੀਆਂ ਹੋਈਆਂ ਹਨ। ਹਾਲਾਂਕਿ, ਇਹ ਡਾਕਟਰ ਅੰਬੇਦਕਰ ਦੀ ਬਰਸੀ ਮੌਕੇ ਪ੍ਰਾਰਥਨਾ ਦਾ ਸਮਾਂ ਹੈ, ਫਿਰ ਵੀ ਲੋਕਾਂ ਵਿੱਚ ਜਸ਼ਨ ਦਾ ਮਾਹੌਲ ਹੈ। ਇਹ ਲੋਕ ਉਸ ਲੀਡਰ ਦਾ ਜਸ਼ਨ ਮਨਾ ਰਹੇ ਹਨ, ਜਿਹਨੇ ਇਨ੍ਹਾਂ ਲਈ ਅਵਾਜ਼ ਬੁਲੰਦ ਕੀਤੀ। ਚੈਤਯਭੂਮੀ ਨੂੰ ਜਾਣ ਵਾਲ਼ੀ ਸੜਕ 'ਤੇ, ਥੋੜ੍ਹੀ-ਥੋੜ੍ਹੀ ਜਿਹੀ ਦੂਰੀ 'ਤੇ ਦਲਿਤ ਕਾਰਕੁੰਨ ਗੀਤ ਗਾ ਰਹੇ ਹਨ। ਕੋਈ ਇਨਕਲਾਬੀ ਗੀਤ ਗਾ ਰਿਹਾ ਹੈ, ਤਾਂ ਕੋਈ ਤਕਰੀਰ ਕਰ ਰਿਹਾ ਹੈ। ਬਾਕੀ ਲੋਕ ਫੁਟਪਾਥ 'ਤੇ ਵਿਕਰੀ ਲਈ ਰੱਖੀਆਂ ਵੰਨ-ਸੁਵੰਨੀਆਂ ਵਸਤਾਂ ਦੇਖ ਰਹੇ ਹਨ, ਜਿਵੇਂ ਗੌਤਮ ਬੁੱਧ ਅਤੇ ਬਾਬਾ ਸਾਹਬ ਦੀਆਂ ਛੋਟੀਆਂ-ਛੋਟੀਆਂ ਮੂਰਤਾਂ, ਜੈ ਭੀਮ ਦੇ ਕਲੰਡਰ, ਅੰਗੂਠੀ ਦੇ ਛੱਲੇ, ਪੇਂਟਿੰਗ ਆਦਿ। ਚਾਰੇ ਪਾਸੇ ਨੀਲੇ ਬਹੁਜਨ ਝੰਡੇ, ਬੈਨਰ ਅਤੇ ਪੋਸਟਰ ਲਹਿਰਾ ਰਹੇ ਹਨ। ਪੁਲਿਸ ਵਾਲ਼ੇ ਵੀ ਹਰ ਥਾਂ ਮੌਜੂਦ ਹਨ, ਜੋ ਭੀੜ ਨੂੰ ਕਾਬੂ ਕਰ ਰਹੇ ਹਨ, ਲੋਕਾਂ 'ਤੇ ਨਜ਼ਰ ਰੱਖ ਰਹੇ ਹਨ, ਲੋਕਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਹਨ ਜਾਂ ਫਿਰ ਕੁਝ ਪੁਲਿਸ ਵਾਲ਼ੇ ਪੂਰਾ ਦਿਨ ਡਿਊਟੀ ਦੇਣ ਤੋਂ ਬਾਅਦ ਇੰਨਾ ਥੱਕ ਚੁੱਕੇ ਹਨ ਕਿ ਹੁਣ ਅਰਾਮ ਫਰਮਾ ਰਹੇ ਹਨ।


ਸ਼ਿਵਾਜੀ ਪਾਰਕ ਵਿੱਚ ਇੱਕ ਦੁਕਾਨ ਦੇ ਬਾਹਰ ਖਾਣ ਦੀ ਉਡੀਕ ਵਿੱਚ ਖੜ੍ਹੇ ਲੋਕ ; ਹਰੀ ਫੁੱਲਦਾਰ ਸਾੜੀ ਵਿੱਚ (ਖੱਬੇ) ਬੇਬੀ ਸੁਰੇਤਲ ਹਨ। ਕਾਫੀ ਸਾਰੇ ਲੋਕ ਨੰਗੇ ਪੈਰੀਂ ਹਨ ; ਮੀਂਹ ਨਾਲ਼ ਉਨ੍ਹਾਂ ਦੇ ਪੈਰ ਚਿੱਕੜ ਨਾਲ਼ ਲਿਬੜੇ ਹੋਏ ਹਨ
ਸ਼ਿਵਾਜੀ ਪਾਰਕ ਦੇ ਅੰਦਰ ਵੀ ਦਰਜ਼ਨਾਂ ਤੰਬੂਆਂ ਦੇ ਅੰਦਰ ਦੁਕਾਨਾਂ ਲੱਗੀਆਂ ਹੋਈਆਂ ਹਨ, ਹਾਲਾਂਕਿ ਇਨ੍ਹਾਂ ਵਿੱਚੋਂ ਬਹੁਤੇਰੀਆਂ 'ਤੇ ਕੋਈ ਸਮਾਨ ਨਹੀਂ ਵਿੱਕ ਰਿਹਾ, ਸਗੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ- ਜਿਵੇਂ ਮੁਫ਼ਤ ਭੋਜਨ, ਪਾਣੀ, ਇੱਥੋਂ ਤੱਕ ਕਿ ਬੀਮਾ ਫਾਰਮ ਵੀ ਜਾਂ ਸਿਰਫ਼ ਹਮਦਰਦੀ ਵੀ-ਬਹੁਤੇਰੇ ਸਟਾਲ ਮਜ਼ਦੂਰ ਸੰਘ, ਦਲਿਤ ਰਾਜਨੀਤਕ ਸੰਗਠਨ ਅਤੇ ਨੌਜਵਾਨ ਕਾਰਕੁੰਨਾਂ ਦੇ ਸਮੂਹਾਂ ਦੁਆਰਾ ਲਾਏ ਗਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਹਰਮਨ-ਪਿਆਰਾ ਖਾਣਾ ਵੰਡਣ ਵਾਲ਼ਾ ਸਟਾਲ ਹੈ। ਅਜਿਹੇ ਹਰੇਕ ਸਟਾਲ 'ਤੇ ਪੁਰਖਾਂ, ਔਰਤਾਂ ਅਤੇ ਬੱਚਿਆਂ ਦੀਆਂ ਲੰਬੀਆਂ ਕਤਾਰਾਂ ਹਨ, ਜਿਨ੍ਹਾਂ ਵਿੱਚੋਂ ਕਈ ਤਾਂ ਨੰਗੇ ਪੈਰੀਂ ਖੜ੍ਹੇ ਹਨ, ਜਿਨ੍ਹਾਂ ਦੇ ਪੈਰ ਚਿੱਕੜ ਨਾਲ਼ ਲਿਬੜੇ ਹੋਏ ਹਨ। ਉਨ੍ਹਾਂ ਵਿੱਚੋਂ ਹੀ ਇੱਕ ਸੁਰੇਤਲ ਹਨ, ਜੋ ਕ੍ਰੈਕ-ਜੈਕ ਬਿਸਕੁਟ ਦਾ ਪੈਕਟ ਮਿਲ਼ਣ ਦੀ ਉਡੀਕ ਕਰ ਰਹੀ ਹਨ। ਉਹ ਹਿੰਗੋਲੀ ਜਿਲ੍ਹਾ ਦੇ ਓਂਡਾ ਨਾਗਨਾਥ ਤਾਲੁਕਾ ਦੇ ਸ਼ਿਰਾਦ ਸ਼ਾਹਾਪੁਰ ਪਿੰਡ ਤੋਂ ਆਈ ਹਨ। "ਮੈਂ ਇਹ ਸਾਰੇ, ਜਾਤਰਾ (ਮੇਲਾ) ਦੇਖਣ ਆਈ ਹਾਂ," ਉਹ ਚੁਫੇਰੇ ਫੈਲੀ ਹਲਚਲ ਵੱਲ ਸੈਨਤ ਮਾਰਦਿਆਂ ਕਹਿੰਦੀ ਹਨ, "ਇੱਥੇ ਮੈਨੂੰ ਬਾਬਾ ਸਾਹਬ ਅੰਬੇਦਕਰ ਬਾਰੇ ਖੁਸ਼ੀ ਮਹਿਸੂਸ ਹੁੰਦੀ ਹੈ।"
ਸਖੁਬਾਈ ਵੀ 'ਕ੍ਰੈਕ-ਜੈਕ ਟੈਂਟ' ਦੇ ਨੇੜੇ ਉਡੀਕ ਕਰ ਰਹੀ ਹਨ। ਉਨ੍ਹਾਂ ਦੇ ਹੱਥ ਵਿੱਚ ਲਾਲ ਰੰਗ ਦਾ ਇੱਕ ਪਲਾਸਟਿਕ ਬੈਗ ਹੈ, ਜਿਹਦੇ ਅੰਦਰ ਸਿਰਫ਼ ਇੱਕ ਸਾੜੀ ਅਤੇ ਰਬੜ ਦੀ ਚੱਪਲ ਦਾ ਜੋੜਾ ਹੈ। ਕਿਸੇ ਸਟਾਲ 'ਤੇ ਸਵੈ-ਸੇਵਕਾਂ ਨੇ ਉਨ੍ਹਾਂ ਨੂੰ ਜੋ ਦੋ ਕੇਲੇ ਫੜ੍ਹਾਏ ਸਨ, ਉਹ ਵੀ ਇਸੇ ਥੈਲੇ ਵਿੱਚ ਰੱਖੇ ਹੋਏ ਹਨ। ਉਨ੍ਹਾਂ ਕੋਲ਼ ਕੋਈ ਪੈਸਾ ਨਹੀਂ ਹੈ। ਘਰੇ ਸਖੁਬਾਈ ਦਾ ਇੱਕ ਬੇਟਾ ਹੈ, ਜੋ ਖੇਤ ਮਜ਼ਦੂਰ ਹੈ। ਉਨ੍ਹਾਂ ਦੇ ਪਤੀ ਵੀ ਖੇਤ-ਮਜ਼ਦੂਰ ਸਨ, ਜਿਨ੍ਹਾਂ ਦੀ ਚਾਰ ਮਹੀਨੇ ਪਹਿਲਾਂ ਮੌਤ ਹੋ ਗਈ। "ਮੈਂ ਕਈ ਵਰ੍ਹਿਆਂ ਤੋਂ ਇੱਥੇ ਹਰ ਸਾਲ ਆ ਰਹੀ ਹਾਂ। ਜਦੋਂ ਮੈਂ ਇੱਥੇ ਆਉਂਦੀ ਹਾਂ ਤਾਂ ਮੈਨੂੰ ਚੰਗਾ ਲੱਗਦਾ ਹੈ।"


ਸ਼ਾਂਤਾਬਾਈ ਕਾਂਬਲੇ ਅਤੇ ਉਨ੍ਹਾਂ ਦਾ ਪਰਿਵਾਰ ਦੁਪਹਿਰ ਦੇ ਖਾਣੇ ਵਿੱਚ ਦਾਲ ਅਤੇ ਰੋਟੀ ਖਾ ਰਹੇ ਹਨ। ਉਨ੍ਹਾਂ ਦੇ ਪਤੀ ਮਨੋਹਰ ਨੇ ਅਗਲੇ ਦੋ ਡੰਗਾਂ ਲਈ ਕੁਝ ਰੋਟੀਆਂ ਪੱਲੇ ਬੰਨ੍ਹ ਲਈਆਂ
ਉਨ੍ਹਾਂ ਵਾਂਗ ਹੀ, ਸਮਾਜ ਦੇ ਬੇਹੱਦ ਕੰਗਾਲ ਭਾਈਚਾਰਿਆਂ ਵਿੱਚੋਂ ਜੋ ਲੋਕ 6 ਦਸੰਬਰ ਨੂੰ ਦਾਦਰ-ਸ਼ਿਵਾਜੀ ਪਾਰਕ ਆਏ ਹਨ, ਉਨ੍ਹਾਂ ਕੋਲ਼ ਜਾਂ ਤਾਂ ਬਹੁਤ ਘੱਟ ਪੈਸਾ ਹੈ ਜਾਂ ਮਾਸਾ ਵੀ ਨਹੀਂ। ਇਸ ਮੌਕੇ ਰੇਲ ਰਾਹੀਂ ਮੁਫ਼ਤ ਯਾਤਰਾ ਦਾ ਪ੍ਰਬੰਧ ਹੁੰਦਾ ਹੈ ਅਤੇ ਇਹ ਲੋਕ ਸਟਾਲਾਂ 'ਤੇ ਮਿਲ਼ਣ ਵਾਲੇ ਭੋਜਨ ਦੇ ਆਸਰੇ ਰਹਿੰਦੇ ਹਨ, ਸ਼ਾਂਤਾਬਾਈ ਕਾਂਬਲੇ ਦੱਸ ਰਹੀ ਹਨ, ਜੋ ਭੁੰਜੇ ਚਿੱਕੜ 'ਤੇ ਆਪਣੇ ਪਰਿਵਾਰ ਸਣੇ ਬੈਠੀ ਹੋਏ ਹਨ, ਸੁੱਕੇ ਪੱਤਿਆਂ ਦੀਆਂ ਕੌਲੀਆਂ ਅਤੇ ਸਿਲਵਰ ਫਵਾਇਲ ਵਾਲ਼ੀਆਂ ਪੇਪਰ ਪਲੇਟਾਂ ਵਿੱਚ ਦਾਲ ਅਤੇ ਰੋਟੀ ਖਾ ਰਹੀ ਹਨ। ਉਨ੍ਹਾਂ ਦੇ ਬਜੁਰਗ ਪਤੀ ਮਨੋਹਰ ਨੇ, ਜੋ ਕਿ ਸ਼ਾਂਤ ਸੁਭਾਅ ਦੇ ਹਨ, ਇੱਕ ਕੱਪੜੇ ਵਿੱਚ ਕੁਝ ਰੋਟੀਆਂ ਪੱਲੇ ਬੰਨ੍ਹ ਲਈਆਂ ਹਨ, ਤਾਂਕਿ ਉਹ ਰਾਤ ਨੂੰ ਅਤੇ ਅਗਲੇ ਦਿਨ ਖਾਣਾ ਖਾ ਸਕਣ। ਕਾਂਬਲੇ ਪਰਿਵਾਰ ਯਵਤਮਾਲ ਜਿਲ੍ਹਾ ਦੇ ਪੁਸਦ ਤਾਲੁਕਾ ਦੇ ਸੰਬਲ ਪਿੰਪਰੀ ਪਿੰਡ ਵਿੱਚ ਰਹਿੰਦਾ ਹੈ ਅਤੇ ਖੇਤਾਂ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਹੈ। ਇਨ੍ਹਾਂ ਲੋਕਾਂ ਨੇ ਬੀਤੀ ਰਾਤ ਸੜਕ 'ਤੇ ਗੁਜਾਰੀ। ਸ਼ਾਂਤਾਬਾਈ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਉਹ ਲੋਕ ਸ਼ਿਵਾਜੀ ਪਾਰਕ ਦੇ ਅੰਦਰ ਤੰਬੂ ਵਿੱਚ ਸੌਂਦੇ ਹਨ, ਪਰ ਇਸ ਸਾਲ ਮੀਂਹ ਕਰਕੇ ਇੰਝ ਨਹੀਂ ਹੋ ਪਾ ਰਿਹਾ।
ਆਨੰਦ ਵਾਘਮਾਰੇ ਵੀ ਇੱਕ ਖੇਤ-ਮਜ਼ਦੂਰ ਹਨ; ਉਹ ਨੰਦੇੜ ਜਿਲ੍ਹੇ ਦੇ ਅੰਬੁਲਗਾ ਪਿੰਡ ਤੋਂ ਨੰਦੀਗ੍ਰਾਮ ਐਕਸਪ੍ਰੈਸ ਰਾਹੀਂ, ਆਪਣੀ 12 ਸਾਲਾ ਧੀ ਨੇਹਾ ਦੇ ਨਾਲ਼ ਇੱਥੇ ਆਏ ਹਨ। ਆਨੰਦ ਦੇ ਕੋਲ਼ ਬੀਏ ਦੀ ਡਿਗਰੀ ਹੈ, ਪਰ ਕੋਈ ਕੰਮ ਨਹੀਂ ਮਿਲ਼ ਸਕਿਆ। "ਸਾਡੇ ਕੋਲ਼ ਕੋਈ ਜ਼ਮੀਨ ਨਹੀਂ ਹੈ। ਇਸਲਈ ਮੈਂ ਖੇਤਾਂ ਵਿੱਚ ਮਜ਼ਦੂਰੀ ਕਰਦਾ ਹਾਂ ਅਤੇ ਇੱਕ ਦਿਨ ਵਿੱਚ 100-150 ਰੁਪਏ ਤੱਕ ਕਮਾ ਲੈਂਦਾ ਹਾਂ," ਉਹ ਦੱਸਦੇ ਹਨ। "ਇੱਥੇ ਮੈਂ ਬਾਬਾ ਸਾਹਬ ਦਾ ਦਰਸ਼ਨ ਕਰਨ ਆਇਆ ਹਾਂ। ਸਾਨੂੰ (ਉਹ ਇੱਕ ਨਵ ਬੌਧੀ ਹਨ, ਪਹਿਲਾਂ ਉਨ੍ਹਾਂ ਦਾ ਸਬੰਧ ਮਹਾਰ ਭਾਈਚਾਰੇ ਨਾਲ਼ ਸੀ) ਇਹ ਸਾਰੀਆਂ ਸੁਵਿਧਾਵਾਂ ਉਨ੍ਹਾਂ ਦੇ ਕਰਤੱਬੀਂ ਪ੍ਰਾਪਤ ਹੋਈਆਂ। ਉਹ ਲੋਕਾਂ ਦੇ ਮਹਾਤਮਾ ਸਨ।"


ਆਨੰਦ ਵਾਘਮਾਰੇ ਅਤੇ ਉਨ੍ਹਾਂ ਦੀ ਧੀ ਨੇਹਾ, ਨੰਦੇੜ ਤੋਂ ਆਏ ਹਨ। ਸੱਜੇ : ਪਾਰਕ ਦੇ ਬਾਹਰ ਫੁਟਪਾਥ ' ਤੇ ਵਿਕਰੀ ਲਈ ਜੈ ਭੀਮ ਵਾਲੀ ਰੱਖੀ ਗਈ ਸਮੱਗਰੀ ਅਤੇ ਛੱਲੇ
ਚਿੱਕੜ ਕਰਕੇ ਪਾਰਕ ਦੇ ਅੰਦਰ ਸਮਾਨ ਵੇਚਣ ਲਈ ਬਣਾਏ ਗਏ ਸਟਾਲਾਂ ਦਾ ਕਾਰੋਬਾਰ ਚੰਗਾ ਨਹੀਂ ਚੱਲ ਪਾ ਰਿਹਾ। ਐੱਮ.ਐੱਮ. ਸ਼ੇਖ ਨੇ ਦੋ ਦੋ ਲੰਬੇ ਮੇਜਾਂ 'ਤੇ ਕਿਤਾਬਾਂ ਟਿਕਾਈਆਂ ਹਨ, ਜਿਨ੍ਹਾਂ ਵਿੱਚੋਂ ਜਿਆਦਾਤਰ ਦਾ ਵਿਸ਼ਾ ਸਮਾਜ ਅਤੇ ਜਾਤੀ ਹੈ। ਉਹ ਮਰਾਠਵਾੜੇ ਦੇ ਬੀਡ ਕਸਬੇ ਤੋਂ ਇੱਥੇ ਆਏ ਹਨ, ਆਪਣੇ ਘਰੇ ਵੀ ਉਹ ਇਹੀ ਕੰਮ ਕਰਦੇ ਹਨ। "ਮੈਂ ਹਰ ਸਾਲ ਆਉਂਦਾ ਹਾਂ," ਉਹ ਦੱਸਦੇ ਹਨ, "ਪਰ ਅੱਜ ਕੋਈ ਵਿਕਰੀ ਨਹੀਂ ਹੋ ਸਕੀ। ਮੈਂ ਛੇਤੀ ਹੀ ਆਪਣਾ ਸਮਾਨ ਸਮੇਟਾਂਗਾ ਅਤੇ ਅੱਜ ਰਾਤੀਂ ਹੀ ਵਾਪਸ ਪਰਤ ਜਾਊਂਗਾ।"
ਉਨ੍ਹਾਂ ਦੀ ਦੁਕਾਨ ਤੋਂ ਥੋੜ੍ਹੀ ਹੀ ਦੂਰੀ 'ਤੇ ਇੱਕ ਤੰਬੂ ਲੱਗਿਆ ਹੋਇਆ ਹੈ, ਜਿਸ ਵਿੱਚ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹਦੇ ਮੁਖੀਆ ਡਾਕਟਰ ਉਲ੍ਹਾਸ ਬਾਘ ਹਨ, ਜੋ ਦੱਸ ਰਹੇ ਹਨ ਕਿ ਉਹ ਇੱਥੇ ਹਰ ਸਾਲ 12-15 ਡਾਕਟਰਾਂ ਦੀ ਟੀਮ ਲੈ ਕੇ ਆਉਂਦੇ ਹਨ ਅਤੇ ਪੂਰਾ ਦਿਨ ਕਰੀਬ 4,000 ਲੋਕਾਂ ਦੀਆਂ- ਸਿਰਪੀੜ੍ਹ, ਚਮੜੀ ਦੀਆਂ ਖਰੋਚਾਂ/ਧੱਬਿਆਂ, ਢਿੱਡ ਆਦਿ ਨਾਲ਼ ਸਬੰਧਤ ਸ਼ਿਕਾਇਤਾਂ ਦੂਰ ਕਰਦੇ ਹਨ। "ਇੱਥੇ ਜੋ ਵਰਗ ਆਉਂਦਾ ਹੈ, ਉਹ ਨਿਹਾਇਤ ਗ਼ਰੀਬ ਹੈ, ਇਹ ਪਿੰਡਾਂ ਅਤੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕ ਹਨ ਜਿੱਥੇ ਸਿਹਤ ਸੁਵਿਧਾਵਾਂ ਦੀ ਘਾਟ ਹੈ," ਉਹ ਦੱਸਦੇ ਹਨ। ਇਸ ਤੰਬੂ ਵਿੱਚ ਆਉਣ ਵਾਲੇ ਜਿਆਦਾਤਰ ਲੋਕਾਂ ਦੀ ਸ਼ਿਕਾਇਤ ਇਹੀ ਹੁੰਦੀ ਹੈ ਕਿ ਕਈ ਦਿਨਾਂ ਤੱਕ ਯਾਤਰਾ ਕਰਨ ਅਤੇ ਭੁੱਖ ਦੇ ਕਾਰਨ ਉਨ੍ਹਾਂ ਨੂੰ ਕਮਜੋਰੀ ਮਹਿਸੂਸ ਹੋ ਰਹੀ ਹੈ।
ਪਰਭਣੀ ਜਿਲ੍ਹੇ ਦੇ ਜਿੰਤੂਰ ਤਾਲੁਕਾ ਦੇ ਕਾਨ੍ਹਾ ਪਿੰਡ ਦੇ ਦੋ ਨੌਜਵਾਨ ਕਿਸਾਨ ਨੇੜਿਓਂ ਲੰਘ ਰਹੇ ਹਨ, ਇਹ ਦੋਵੇਂ ਉਤਸੁਕਤਾ ਭਰੀਆਂ ਨਜ਼ਰਾਂ ਨਾਲ਼ ਚੁਫੇਰੇ ਦੇਖ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਨਿਤਿਨ ਹੈ, ਜੋ 28 ਸਾਲ ਦੇ ਹਨ ਅਤੇ ਦੂਸਰੇ ਰਾਹੁਲ ਦਵੰਡੇ ਹਨ, ਜੋ 25 ਸਾਲ ਦੇ ਹਨ। ਦੋਵੇਂ ਆਪਸ ਵਿੱਚ ਭਰਾ ਅਤੇ ਨਵ-ਬੌਧ ਹਨ, ਜੋ ਆਪਣੀ ਤਿੰਨ ਏਕੜ ਜ਼ਮੀਨ 'ਤੇ ਨਰਮਾ, ਸੋਇਆਬੀਨ, ਅਰਹਰ ਅਤੇ ਮਾਂਹ ਦੀ ਕਾਸ਼ਤ ਕਰਦੇ ਹਨ। ਇਨ੍ਹਾਂ ਨੂੰ ਕੁਝ ਸਵੈ-ਸੇਵਕਾਂ ਦੀ ਸਹਾਇਤਾ ਨਾਲ਼ ਇੱਕ ਕਾਲਜ ਵਿੱਚ ਰਾਤ ਰੁਕਣ ਦੀ ਸੁਵਿਧਾ ਮਿਲ਼ ਗਈ ਹੈ। "ਅਸੀਂ ਇੱਥੇ ਸ਼ਰਧਾਂਜਲੀ ਭੇਂਟ ਕਰਨ ਆਏ ਹਾਂ," ਨਿਤਿਨ ਦਾ ਕਹਿਣਾ ਹੈ। "ਸਾਡਾ ਮੰਨਣਾ ਹੈ ਕਿ ਜੇਕਰ ਅਸੀਂ ਇੱਥੇ ਆਉਂਦੇ ਰਹਾਂਗੇ, ਤਾਂ ਇੱਕ ਦਿਨ ਸਾਡੇ ਬੱਚੇ ਵੀ ਇੱਥੇ ਆਉਣਗੇ ਅਤੇ ਇਸੇ ਤਰ੍ਹਾਂ ਇਹ ਪਰੰਪਰਾ ਚੱਲਦੀ ਰਹੇਗੀ।"


ਨਿਤਿਨ ਅਤੇ ਰਾਹੁਲ ਦਵੰਡੇ, ਦੋਵੇਂ ਹੀ ਕਿਸਾਨ ਹਨ, ਪਰੰਪਰਾ ਨੂੰ ਜਿਊਂਦਾ ਰੱਖਣ ਲਈ ਉਹ ਇੱਥੇ ਆਏ ਹਨ। ਸੱਜੇ : ਸੰਦੀਪਨ ਕਾਂਬਲੇ, ਜੋ ਇੱਕ ਖੇਤ ਮਜ਼ਦੂਰ ਹਨ, ਪਹਿਲੀ ਵਾਰ ਇੱਥੇ ਆਏ ਹਨ
ਜਿਵੇਂ ਹੀ ਤਿਰਕਾਲਾਂ ਪੈਣ ਲੱਗੀਆਂ, ਚੈਤਯਭੂਮੀ ਵੱਲ ਆਉਣ ਵਾਲਿਆਂ ਦੀ ਗਿਣਤੀ ਤੇਜੀ ਨਾਲ਼ ਵਧਣ ਲੱਗੀ ਤੇ ਹੁਣ ਇਸ ਭੀੜ ਦੇ ਅੰਦਰ ਘੁੰਮਣਾ ਕਰੀਬ-ਕਰੀਬ ਅਸੰਭਵ ਹੋ ਗਿਆ ਹੈ। ਲਾਤੂਰ ਜਿਲ੍ਹੇ ਦੇ ਓਸਾ ਤਾਲੁਕਾ ਦੇ ਓਟੀ ਪਿੰਡ ਤੋਂ ਇੱਥੇ ਆਉਣ ਵਾਲੇ ਸੰਦੀਪਨ ਕਾਂਬਲੇ ਜਦੋਂ ਅੰਦਰ ਜਾਣ ਵਿੱਚ ਅਸਫ਼ਲ ਰਹੇ, ਤਾਂ ਬਾਹਰ ਹੀ ਉਡੀਕ ਕਰਨ ਦਾ ਫੈਸਲਾ ਕੀਤਾ ਅਤੇ ਹੁਣ ਉਹ ਇੱਕ ਰੁੱਖ ਹੇਠਾਂ ਸੁਸਤਾ ਰਹੇ ਹਨ। "ਮੈਂ ਇੱਥੇ ਪਹਿਲੀ ਦਫਾ ਆਇਆ ਹਾਂ," ਖੇਤ ਮਜ਼ਦੂਰ ਸੰਦੀਪਨ ਕਹਿੰਦੇ ਹਨ। "ਮੇਰੇ ਨਾਲ਼ ਮੇਰੀ ਪਤਨੀ ਅਤੇ ਬੱਚੇ ਵੀ ਹਨ। ਮੈਂ ਸੋਚਿਆ ਕਿ ਚਲੋ ਇਸ ਸਾਲ ਇਨ੍ਹਾਂ ਨੂੰ 6 ਦਸੰਬਰ ਦਿਖਾ ਲਿਆਵਾਂ।"
ਉੱਥੇ ਪਾਰਕ ਦੇ ਅੰਦਰ, ਸ਼ੇਖ ਦੀ ਬੁੱਕ-ਸਟਾਲ ਨੇੜੇ, ਇੱਕ ਛੋਟੀ ਜਿਹੀ ਲੜਕੀ ਗੁਆਚ ਗਈ ਹੈ ਅਤੇ ਆਪਣੀ ਮਾਂ ਨੂੰ ਜ਼ੋਰ-ਜ਼ੋਰ ਦੀ ਬੁਲਾਉਂਦੀ ਹੋਈ ਮਾਰੇ ਘਬਰਾਹਟ ਦੇ ਇੱਧਰ-ਉੱਧਰ ਭੱਜ ਰਹੀ ਹੈ। ਮੁੱਠੀ ਕੁ ਲੋਕ ਉਹਦੇ ਆਲ਼ੇ-ਦੁਆਲ਼ੇ ਜਮ੍ਹਾ ਹੋ ਗਏ ਹਨ, ਜੋ ਉਹਨੂੰ ਹੌਂਸਲਾ ਦੇ ਕੇ ਬੋਲਣ ਲਈ ਕਹਿੰਦੇ ਹਨ, ਪਰ ਉਹ ਸਿਰਫ਼ ਕੰਨੜ ਹੀ ਬੋਲਦੀ ਹੈ, ਪਰ ਕਿਸੇ ਤਰ੍ਹਾਂ ਉਹ ਮੋਬਾਇਲ ਨੰਬਰ ਦੱਸਦੀ ਹੈ। ਇੱਕ ਨੌਜਵਾਨ ਪੁਲਿਸ ਵਾਲ਼ਾ ਉੱਥੇ ਆਉਂਦਾ ਹੈ ਅਤੇ ਹਾਲਾਤ ਨੂੰ ਸੰਭਾਲ਼ਦਾ ਹੈ। ਜਿਸ ਸੰਜੀਦਗੀ ਨਾਲ਼ ਇਸ ਲੜਕੀ ਦੀ ਸਮੱਸਿਆ ਦਾ ਹੱਲ ਕੀਤਾ ਗਿਆ ਉਹਦਾ ਸਬੂਤ ਚੁਫੇਰੇ ਦਿੱਸਦਾ ਹੈ-ਇਸ ਵਿਸ਼ਾਲ ਭੀੜ ਵਿੱਚ ਕਿਤੇ ਵੀ ਹਫੜਾ-ਦਫੜੀ ਨਹੀਂ ਹੈ, ਨਾ ਹੀ ਔਰਤਾਂ ਦੇ ਨਾਲ਼ ਛੇੜਖਾਨੀ ਦੀ ਕੋਈ ਘਟਨਾ ਸਾਹਮਣੇ ਆਈ ਹੈ, ਨਾ ਹੀ ਕੋਈ ਆਪਸ ਵਿੱਚ ਲੜਦਾ ਦਿਖਾਈ ਦੇ ਰਿਹਾ ਹੈ। ਅਤੇ ਇਸੇ ਦਰਮਿਆਨ ਬੁੱਕ-ਸਟਾਲ ਤੋਂ ਥੋੜ੍ਹੀ ਹੀ ਦੂਰੀ 'ਤੇ, ਇੱਕ ਦੂਸਰੇ ਛੋਟੀ ਲੜਕੀ ਭੱਜਦੀ ਹੋਈ ਇੱਕ ਤੰਬੂ ਅੰਦਰ ਵੜ੍ਹਦੀ ਹੈ ਅਤੇ ਡਾਕਟਰ ਅੰਬੇਦਕਰ ਦੀ ਹਾਰ ਪਈ ਤਸਵੀਰ ਦੇ ਸਾਹਮਣੇ ਸਿਰ ਝੁਕਾਈ, ਹੱਥ ਜੋੜ ਖੜ੍ਹੀ ਹੋ ਜਾਂਦੀ ਹੈ।



ਦਾਦਰ ਵਿੱਚ ਸਥਿਤ ਚੈਤਯਭੂਮੀ ਨੂੰ ਜਾਣ ਵਾਲੀਆਂ ਸੜਕਾਂ ' ਤੇ ਲੋਕਾਂ ਦੀ ਭੀੜ (ਖੱਬੇ) ਵੱਧਣ ਲੱਗੀ ਹੈ, ਜਦੋਂ ਕਿ ਸ਼ਿਵਾਜੀ ਪਾਰਕ ਦੇ ਅੰਦਰ, ਸਟਾਲਾਂ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਕੁਝ ਵਿੱਚ ਡਾਕਟਰ ਅੰਬਦੇਕਰ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ, ਜਦੋਂਕਿ ਹੋਰਨਾਂ ਦੁਕਾਨਾਂ ਵਿੱਚ (ਜਿਵੇਂ ਕਿ ਐੱਮ.ਐੱਮ. ਸ਼ੇਖ ਦੀ ਬੁੱਕ-ਸਟਾਲ ' ਤੇ) ਵੇਚਣ ਲਈ ਕੁਝ ਸਮਾਨ ਰੱਖੇ ਹੋਏ ਹਨ
ਤਰਜਮਾ - ਕਮਲਜੀਤ ਕੌਰ