'' ਮੈਨੂੰ ਕਭੀ ਦੋ ਬੋਰਡ ਏਕ ਜੈਸਾ ਨਹੀਂ ਬਨਾਯਾ, '' ਇਹ ਬੋਲ ਸ਼ੇਖ ਜਲਾਲਉਦੀਨ ਕਾਮਰੂਦੀਨ ਦੇ ਹਨ ਜੋ ਅਹਿਮਦਾਬਾਦ ਵਿਖੇ ਸਾਈਨ-ਬੋਰਡ ਪੇਂਟ ਕਰਦੇ ਹਨ। ਘੀਕਾਂਟਾ ਦੇ ਸਾਰੇ ਸਾਈਨ-ਬੋਰਡ ਉਨ੍ਹਾਂ ਨੇ ਹੀ ਪੇਂਟ ਕੀਤੇ ਹਨ, ਸਦਾ ਮਸ਼ਰੂਫ ਰਹਿਣ ਵਾਲ਼ੀ ਇਹ ਥਾਂ ਕੈਂਚੀਆਂ ਬਣਾਉਣ ਲਈ ਬੜੀ ਮਸ਼ਹੂਰ ਹੈ। ਭਾਵੇਂ ਕਿ ਕਈ ਦੁਕਾਨਾਂ ਇੱਕੋ ਜਿਹੇ ਉਤਪਾਦ ਵੇਚਦੀਆਂ ਹਨ ਪਰ ਜਲਾਲਉਦੀਨ ਦੇ ਬੁਰਸ਼ ਦਾ ਹੁਨਰ ਹਰੇਕ ਦੁਕਾਨ ਦੀ ਆਪਣੀ ਖਾਸੀਅਤ ਬਿਆਨ ਕਰ ਹੀ ਦਿੰਦਾ ਹੈ।
ਇਲਾਕੇ ਦੀ ਹਰੇਕ '' ਦੀਵਾਰ, ਦੁਕਾਨ ਔਰ ਸ਼ਟਰ, '' ਨੂੰ ਦੇਖਿਆਂ ਇਸ ਬਜ਼ੁਰਗ ਪੇਂਟਰ ਦੇ ਬੁਰਸ਼ ਦੀ ਕਰਾਮਾਤ ਸਮਝ ਆਉਂਦੀ ਹੈ, ਇੰਝ ਜਾਪਦਾ ਹੈ ਜਿਓਂ ਕੋਈ ਫਿਲਮ ਚੱਲਦੀ ਪਈ ਹੋਵੇ। ਸਾਈਨ-ਬੋਰਡ ਪੇਂਟ ਕਰਨ ਵਾਲ਼ੇ ਨੂੰ ਇਹ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਵੱਖ-ਵੱਖ ਮੁਕਾਮੀ ਭਾਸ਼ਾਵਾਂ ਦੇ ਅੱਖਰਾਂ ਕਿਵੇਂ ਵਾਹੁਣੇ ਹਨ। ਅਹਿਮਦਾਬਾਦ ਦੇ ਮਾਨੇਕ ਚੌਕ ਦੇ ਸੁਨਿਆਰੇ ਦੀ ਦੁਕਾਨ ਦੇ ਸਾਈਨ-ਬੋਰਡ 'ਤੇ ਗੁਜਰਾਤੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਹੈ, ਭਾਵੇਂ ਇਸ ਸਾਈਨ-ਬੋਰਡ ਨੂੰ ਲਿਖਿਆਂ 50 ਸਾਲ ਬੀਤ ਗਏ ਹੋਣ ਪਰ ਹਾਲੇ ਤੀਕਰ ਵੀ ਪੜ੍ਹਿਆ ਜਾ ਸਕਦਾ ਹੈ।
ਜਲਾਲਉਦੀਨ ਕਹਿੰਦੇ ਹਨ ਕਿ ਪੇਂਟਿੰਗ ਦੇ ਕੰਮ ਦਾ ਵਿਚਾਰ ਚਾਣਚੱਕ ਬਣਿਆ। ਅੱਜ 71 ਸਾਲਾ ਇਹ ਬਜ਼ੁਰਗ ਪੇਂਟਰ ਅਹਿਮਦਾਬਾਦ ਦਾ ਸਭ ਤੋਂ ਪੁਰਾਣਾ ਪੇਂਟਰ ਹੈ, ਜਿਹਨੂੰ ਲੋਕੀਂ 'ਜੇਕੇ ਪੇਂਟਰ' ਵਜੋਂ ਜਾਣਦੇ ਹਨ। ਉਹ ਕਹਿੰਦੇ ਹਨ ਕਿ ਅੱਜ ਉਨ੍ਹਾਂ ਨੂੰ ਓਨਾ ਕੰਮ ਤਾਂ ਨਹੀਂ ਮਿਲ਼ ਰਿਹਾ ਜਿੰਨਾ 50 ਸਾਲ ਪਹਿਲਾਂ ਮਿਲ਼ਿਆ ਕਰਦਾ ਸੀ।
ਇਸ ਬਜ਼ੁਰਗ ਨੇ 7ਵੀਂ ਤੱਕ ਪੜ੍ਹਾਈ ਕੀਤੀ ਹੈ ਤੇ ਪੰਜ ਭਾਸ਼ਾਵਾਂ- ਗੁਜਰਾਤੀ, ਅੰਗਰੇਜ਼ੀ, ਹਿੰਦੀ, ਉਰਦੂ ਤੇ ਅਰਬੀ ਵਿੱਚ ਸਾਈਨ-ਬੋਰਡ ਪੇਂਟ ਕਰ ਸਕਦੇ ਹਨ। ਸਕੂਲ ਛੱਡਣ ਤੋਂ ਬਾਅਦ ਤੇ ਪੇਂਟਿੰਗ ਸਿੱਖਣ ਤੋਂ ਪਹਿਲਾਂ ਉਨ੍ਹਾਂ ਨੇ ਕਦੇ ਰੱਸੀ ਬਣਾਈ, ਕਦੇ ਜਿਲ੍ਹਦ ਬੰਨ੍ਹੀ ਤੇ ਕਦੇ ਗੈਰਾਜ ਮਕੈਨਿਕ ਦਾ ਕੰਮ ਕੀਤਾ। ਅਖੀਰ ਦਲਘਰਵਾੜ ਮਾਰਕਿਟ ਦੀ ਰਹੀਮ ਸ਼ਾਪ ਉਨ੍ਹਾਂ ਲਈ ਰਾਹ ਦਰਸੇਵਾ ਬਣੀ।
ਉਮਰ ਦੇ ਸੱਤਰਿਵਆਂ ਨੂੰ ਢੁਕੇ, ਜਲਾਲਉਦੀਨ ਸਾਈਨ-ਬੋਰਡ ਪੇਂਟ ਕਰਨ ਲੱਗਿਆਂ ਆਪਣੇ ਨਾਲ਼ 20 ਕਿਲੋ ਦੀ ਘੋੜਾ ਪੌੜੀ ਚੁੱਕ ਸਕਦੇ ਹਨ। ਹਾਲਾਂਕਿ ਜਦੋਂ ਤੋਂ ਉਨ੍ਹਾਂ ਦੀ ਬਾਈਪਾਸ ਸਰਜਰੀ ਹੋਈ ਹੈ ਡਾਕਟਰ ਨੇ ਉਨ੍ਹਾਂ ਨੂੰ ਬਹੁਤਾ ਭਾਰ ਚੁੱਕਣ ਤੋਂ ਮਨ੍ਹਾ ਕੀਤਾ ਹੈ। ਸੋ ਇੰਝ ਉਨ੍ਹਾਂ ਦਾ ਬਾਹਰ ਜਾ ਕੇ ਕੰਮ ਕਰਨਾ ਘੱਟ ਗਿਆ ਹੈ ਤੇ ਉਹ ਹੁਣ ਸਿਰਫ਼ ਆਪਣੀ ਦੁਕਾਨ ਅੰਦਰ ਹੀ ਕੰਮ ਕਰਦੇ ਹਨ। ''ਜੇ ਮੈਂ ਪੌੜੀ 'ਤੇ ਬਹੁਤੀ ਦੇਰ ਖੜ੍ਹਾ ਰਹਾਂ ਤਾਂ ਮੇਰੇ ਗੋਡੇ ਦੁਖਣ ਲੱਗਦੇ ਨੇ, ਪਰ ਜਿੰਨਾ ਤੀਕਰ ਮੇਰੇ ਗੋਡੇ ਤੇ ਹੱਥ ਕੰਮ ਕਰਦੇ ਨੇ ਮੈਂ ਕੰਮ ਕਰਦਾ ਰਹਾਂਗਾ,'' ਉਹ ਕਾਹਲੀ ਦੇਣੀ ਗੱਲ ਪੂਰੀ ਕਰਦੇ ਹਨ।


ਖੱਬੇ : ਜਲਾਲਉਦੀਨ ਆਪਣੇ ਪੇਂਟ ਕੀਤੇ ਸਾਈਨ-ਬੋਰਡਾਂ ਦੇ ਸਾਹਮਣੇ। ਸੱਜੇ : ਮਾਨਕੇ ਚੌਕ ਦੀ ਇੱਕ ਦੁਕਾਨ ਦੇ ਬੋਰਡ ' ਤੇ ਚਾਰ ਭਾਸ਼ਾਵਾਂ- ਗੁਜਰਾਤੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਹੈ


ਜਲਾਲਉਦੀਨ ਵੱਲੋ ਘਾਕਾਂਟਾ (ਖੱਬੇ) ਦੇ ਕੈਂਚੀ ਨਿਰਮਾਤਾਵਾਂ ਤੇ ਸਟੇਸ਼ਨਰੀ ਦੁਕਾਨ (ਸੱਜੇ) ਦੇ ਪੇਂਟ ਕੀਤੇ ਸਾਈਨ-ਬੋਰਡ
ਹਾਲ-ਫਿਲਹਾਲ ਉਨ੍ਹਾਂ ਨੇ ਮੁੰਤਜ਼ਿਰ ਪੀਸੂਵਾਲਾ ਨਾਮ ਦੇ ਇੱਕ ਗਾਹਕ ਲਈ, ਜਿਹਦਾ ਅਹਿਮਦਾਬਾਦ ਦੇ ਤੀਨ ਦਰਵਾਜ਼ਾ ਇਲਾਕੇ ਵਿਖੇ ਕਰਾਕਰੀ ਸਟੋਰ ਹੈ, ਸਾਈਨ-ਬੋਰਡ ਪੇਂਟ ਕੀਤਾ। ਇਸ ਕੰਮ ਬਦਲੇ ਜਲਾਲਉਦੀਨ ਨੂੰ 3,200 ਰੁਪਏ ਦਿੱਤੇ ਗਏ। ਪੀਸੂਵਾਲਾ ਕਹਿੰਦੇ ਹਨ ਕਿ ਇਹ ਪੂਰਾ ਕੰਮ ਰਲ਼-ਮਿਲ਼ ਕੇ ਕੀਤਾ ਜਾਂਦਾ ਹੈ: ''ਅਸੀਂ ਰੰਗ ਚੁਣਨ ਤੋਂ ਲੈ ਕੇ ਹੋਰ ਵੀ ਕਈ ਕੰਮ ਇਕੱਠਿਆਂ ਹੀ ਕਰਦੇ ਹਾਂ।''
ਜਲਾਲਉਦੀਨ ਨੇ ਪੀਰ ਕੁਤੁਬ ਮਸਜਿਦ ਦੇ ਵਿਹੜੇ ਦੇ ਨੇੜੇ ਆਪਣੇ ਘਰ ਦੇ ਸਾਹਮਣੇ ਦੁਕਾਨ ਖੋਲ੍ਹੀ। ਹੁੰਮਸ ਭਰੀ ਇੱਕ ਦੁਪਹਿਰ ਨੂੰ ਰੋਟੀ ਖਾਣ ਤੇ ਥੋੜ੍ਹਾ ਜਿਹਾ ਸੁਸਤਾਉਣ ਤੋਂ ਬਾਅਦ ਉਹ ਆਪਣੀ ਦੁਕਾਨ 'ਤੇ ਵਾਪਸ ਪਰਤੇ। ਉਨ੍ਹਾਂ ਦੇ ਤੇੜ ਚਿੱਟੀ ਕਮੀਜ਼ ਪੇਂਟ ਦੇ ਛਿੱਟਿਆਂ ਨਾਲ਼ ਭਰੀ ਹੋਈ ਹੈ, ਛੇਤੀ ਹੀ ਉਹ ਪੁਰਾਣੇ ਸ਼ਹਿਰ ਸਥਿਤ ਇੱਕ ਹੋਟਲ ਦੇ ਕਮਰਿਆਂ ਦਾ ਰੇਟ ਦਰਸਾਉਂਦਾ ਬੋਰਡ ਪੇਂਟ ਕਰਨ ਲੱਗਦੇ ਹਨ। ਉਹ ਬਗ਼ੈਰ ਬਾਹਾਂ ਵਾਲ਼ੀ ਕੁਰਸੀ 'ਤੇ ਬੈਠਦੇ ਹਨ ਤਾਂ ਜੋ ਕੰਮ ਕਰਦੇ ਵੇਲ਼ੇ ਉਨ੍ਹਾਂ ਦੇ ਹੱਥਾਂ ਨੂੰ ਕੋਈ ਅੜਿਕਾ ਨਾ ਆਵੇ।
ਉਨ੍ਹਾਂ ਨੇ ਹੱਥੀਂ ਬਣਾਇਆ ਲੱਕੜ ਦਾ ਸਟੈਂਡ ਸਹੀ ਉਚਾਈ 'ਤੇ ਟਿਕਾਇਆ ਹੋਇਆ ਹੈ ਜਿਸ 'ਤੇ ਉਹ ਖਾਲੀ ਤੇ ਪੇਂਟ ਕੀਤੇ ਜਾਣ ਵਾਲ਼ੇ ਬੋਰਡ ਟੰਗਦੇ ਹਨ। ਮਾਲਕ ਨੇ ਉਨ੍ਹਾਂ ਨੂੰ 25 ਸਾਲ ਪੁਰਾਣੇ ਬੋਰਡ ਦੀ ਹੂਬਹੂ ਕਾਪੀ ਬਣਾਉਣ ਨੂੰ ਕਿਹਾ ਹੈ, ਕਿਉਂਕਿ ਪੁਰਾਣਾ ਬੋਰਡ ਪਾਟ ਗਿਆ ਸੀ।
ਉਹ ਲੱਕੜ ਦੇ ਚਿੱਟੇ ਬੋਰਡ 'ਤੇ ਕੰਮ ਕਰ ਰਹੇ ਹਨ। ''ਸਭ ਤੋਂ ਪਹਿਲਾਂ ਮੈਂ ਪੇਂਟ ਦੀਆਂ ਤਿੰਨ ਪਰਤਾਂ ਮਾਰਦਾ ਹਾਂ,'' ਉਨ੍ਹਾਂ ਦੇ ਕਹਿਣ ਮੁਤਾਬਕ,'' ਬਿਲਕੁਲ ਫਿੰਸ਼ਿੰਗ ਵਾਲਾ ਕਲਰ ਆਏਗਾ। '' ਹਰ ਪਰਤ ਨੂੰ ਸੁੱਕਣ ਲਈ ਪੂਰਾ ਇੱਕ ਦਿਨ ਚਾਹੀਦਾ ਹੁੰਦਾ ਹੈ।
ਬੋਰਡ ਪੇਂਟ ਕਰਨ ਵਾਲ਼ੇ ਹਰੇਕ ਪੇਂਟਰਾਂ ਦੀਆਂ ਸ਼ੈਲੀਆਂ ਧਿਆਨਦੇਣਯੋਗ ਹੁੰਦੀਆਂ ਹਨ। ਅਹਿਮਦਾਬਾਦ ਦੇ ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਈਨ (ਐੱਨਆਈਡੀ) ਵਿੱਚ ਗ੍ਰਾਫਿਕ ਡਿਜ਼ਾਈਨ ਦੇ ਪ੍ਰੋਫੈਸਰ ਤਰੁਣ ਦੀਪ ਗਿਰਧਰ ਕਹਿੰਦੇ ਹਨ, "ਉਨ੍ਹਾਂ ਦੀ ਸ਼ੈਲੀ ਸਾਡੀਆਂ ਮੂਰਤੀਆਂ, ਮੰਦਰਾਂ ਅਤੇ ਲਿਖਤਾਂ ਵਿੱਚ ਪਾਈ ਜਾਣ ਵਾਲ਼ੀ ਸਜਾਵਟੀ ਅਤੇ ਪਰਤਦਾਰ ਭਾਰਤੀ ਵਿਜ਼ੂਅਲ ਭਾਸ਼ਾ ਦਾ ਪਰਤੋਅ ਜਾਪਦੀ ਹੈ।''


ਜਲਾਲਉਦੀਨ ਨੇ ਸਾਈਨ-ਬੋਰਡ (ਖੱਬੇ) ਪੇਂਟ ਕਰਨ ਦੀ ਸ਼ੁਰੂਆਤ ਆਪਣੇ 30 ਸਾਲ ਪੁਰਾਣੇ ਗਲਹਿਰੀ ਦੇ ਵਾਲ਼ਾਂ ਤੋਂ ਬਣੇ ਬੁਰਸ਼ (ਸੱਜੇ) ਨਾਲ਼ ਸ਼ੁਰੂਆਤ ਕੀਤੀ


ਬਜ਼ੁਰਗ ਪੇਂਟਰ ਸਹੀ ਤੇ ਸਿੱਧੀਆਂ ਰੇਖਾਵਾਂ (ਖੱਬੇ) ਮਾਰਨ ਲਈ ਲੱਕੜ ਦੇ ਫੁੱਟੇ ਦੀ ਵਰਤੋਂ ਕਰਦਾ ਹੈ ਅਤੇ ਫਿਰ ਪੇਂਟ ਡੁੱਬੇ ਬੁਰਸ਼ (ਸੱਜੇ) ਨੂੰ ਬਾਹਰ ਕੱਢ ਸਿੱਧੇ ਅੱਖਰ ਖਿੱਚਣ ਲੱਗਦਾ ਹੈ
ਜਲਾਲਉਦੀਨ ਉਸ ਲਿਖਤ ਨੂੰ ਗਹੁ ਨਾਲ਼ ਤੱਕਦੇ ਹਨ ਜਿਹਨੂੰ ਕਿ ਹੂਬਹੂ ਵਾਹਿਆ ਜਾਣਾ ਹੈ। ''ਮੈਂ ਦੇਖਦਾ ਹਾਂ ਕਿ ਅੱਖਰ ਕਿੰਨੇ ਕੁ ਵੱਡੇ-ਛੋਟੇ ਵਾਹੁਣੇ ਨੇ,'' ਕੁਛ ਡਰਾਇੰਗ ਨਹੀਂ ਕਰਤਾ ਹੂ, ਲਾਈਨ ਬਨਾਕੇ ਲਿਖਨਾ ਚਾਲੂ, ਕਲਮ ਸੇ। '' ਪੇਂਟਰ ਦੇ ਹੱਥਾਂ ਵਿੱਚ ਇੰਨੀ ਮੁਹਾਰਤ ਹੈ ਜੋ ਪੈਨਸਲ ਨਾਲ਼ ਬਗ਼ੈਰ ਪੂਰਨੇ ਪਾਇਆਂ, ਲੱਕੜ ਦੇ ਫੁੱਟੇ ਨਾਲ਼ ਸਹੀ ਤੇ ਸਿੱਧੀਆਂ ਰੇਖਾਵਾਂ ਖਿੱਚੀਆਂ ਤੇ ਕੰਮ ਸ਼ੁਰੂ।
ਆਪਣੇ ਪੇਂਟਬਾਕਸ ਵਿੱਚੋਂ ਗਲਹਿਰੀ ਦੇ ਵਾਲ਼ਾਂ ਦਾ ਬਣਿਆ ਪੁਰਾਣਾ ਜਿਹਾ ਬੁਰਸ਼ ਕੱਢਦਿਆਂ ਉਨ੍ਹਾਂ ਨੇ ਬੜੇ ਫ਼ਖਰ ਨਾਲ਼ ਮੈਨੂੰ ਦੱਸਿਆ,''ਮੈਂ ਇਹ ਬਕਸਾ ਆਪਣੇ ਹੱਥੀਂ ਬਣਾਇਆ ਸੀ।'' ਜਲਾਲਉਦੀਨ ਜੋ ਲੱਕੜ ਦਾ ਕੰਮ ਵੀ ਕਰਦੇ ਹਨ, ਨੇ 1996 ਵਿੱਚ ਇਹ ਬਕਸਾ ਬਣਾਇਆ ਸੀ। ਅੱਜਕੱਲ੍ਹ ਬਜ਼ਾਰ ਵਿੱਚ ਮਿਲ਼ਣ ਵਾਲ਼ੇ ਪਲਾਸਟਿਕ ਬੁਰਸ਼ ਉਨ੍ਹਾਂ ਨੂੰ ਚੰਗੇ ਨਹੀਂ ਲੱਗਦੇ ਸੋ ਉਹ ਆਪਣਾ 30 ਸਾਲ ਪੁਰਾਣਾ ਬੁਰਸ਼ ਵਰਤਣਾ ਪਸੰਦ ਕਰਦੇ ਹਨ।
ਚੁਣੇ ਦੋਵਾਂ ਬੁਰਸ਼ਾਂ ਨੂੰ ਉਹ ਪਹਿਲਾਂ ਤਾਰਪੀਨ ਨਾਲ਼ ਸਾਫ਼ ਕਰਦੇ ਹਨ ਤੇ ਫਿਰ ਲਾਲ ਰੰਗ ਵਾਲ਼ੀ ਬੋਤਲ ਦਾ ਢੱਕਣ ਖੋਲ੍ਹਦੇ ਹਨ। ਬੋਤਲ 19 ਸਾਲ ਪੁਰਾਣੀ ਹੈ। ਆਪਣੇ ਸਕੂਟਰ ਦੀ ਚਾਬੀ ਦੇ ਨਾਲ਼ ਉਹ ਪੇਂਟ ਤੇ ਤਾਰਪੀਨ ਨੂੰ ਮਿਲ਼ਾਉਂਦੇ ਜਾਂਦੇ ਹਨ, ਜਦੋਂ ਤੱਕ ਲੋੜ ਮੁਤਾਬਕ ਪਤਲਾਪਣ ਨਾ ਮਿਲ਼ ਜਾਵੇ। ਫਿਰ ਉਹ ਬਰਸ਼ ਨੂੰ ਚਪਟਾ ਕਰਦੇ ਹੋਏ, ਫਾਲਤੂ ਤੇ ਉਖੜੇ ਵਾਲ਼ਾਂ ਨੂੰ ਬਾਹਰ ਖਿੱਚਦੇ ਹਨ।
ਜਲਾਲਉਦੀਨ ਇਸ ਗੱਲੋਂ ਬੜੇ ਸ਼ੁਕਰਗੁਜ਼ਾਰ ਹਨ ਕਿ ਇਸ ਉਮਰੇ ਵੀ ਉਨ੍ਹਾਂ ਦੇ ਹੱਥ ਨਹੀਂ ਕੰਬਦੇ ਤੇ ਉਨ੍ਹਾਂ ਦੀ ਇਹੀ ਸਥਿਰਤਾ ਹੀ ਇਸ ਕੰਮ ਦਾ ਅਨਿਖੜਵਾਂ ਅੰਗ ਹੈ। ਪਹਿਲਾ ਅੱਖਰ ਲਿਖਣ ਵਿੱਚ ਉਨ੍ਹਾਂ ਨੂੰ ਪੰਜ ਮਿੰਟ ਲੱਗਦੇ ਹਨ ਪਰ ਅਜੇ ਵੀ ਅੱਖਰ ਦਾ ਅਕਾਰ ਸਹੀ ਨਹੀਂ ਪਿਆ। ਜਦੋਂ ਕਦੇ ਅਜਿਹੀ ਊਣਤਾਈ ਹੋ ਜਾਵੇ, ਉਹ ਅੱਖਰ ਨੂੰ ਗਿੱਲਾ-ਗਿੱਲਾ ਹੀ ਮਿਟਾ ਕੇ ਨਵਾਂ ਅੱਖਰ ਵਾਹ ਲੈਂਦੇ ਹਨ। ' ਹਮਕੋ ਜ਼ਰਾਸਾ ਭੀ ਬਾਹਰ ਨਿਕਲਾ ਨਹੀਂ ਚਲੇਗਾ, '' ਉਹ ਸਪੱਸ਼ਟ ਕਰਦਿਆਂ ਕਹਿੰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਕੰਮ ਦੀ ਇਸੇ ਸਫ਼ਾਈ ਤੇ ਸੂਖਮਤਾ ਕਾਰਨ ਗਾਹਕ ਉਨ੍ਹਾਂ ਕੋਲ਼ ਬਾਰ-ਬਾਰ ਆਉਣਾ ਪਸੰਦ ਕਰਦੇ ਹਨ। ਪੇਟਿੰਗ ਦੀ ਡਾਈਮੰਡ ਕਿਸਮ ਵਿੱਚ ਉਨ੍ਹਾਂ ਦੀ ਚੰਗੀ ਮੁਹਾਰਤ ਹੈ, ਜਿਸ ਵਿੱਚ 3D ਅੱਖਰਾਂ ਨੂੰ ਵੱਖਰੀ ਚਮਕ ਦੇ ਨਾਲ਼-ਨਾਲ਼ ਡਾਈਮੰਡ ਇਫ਼ੈਕਟ ਵੀ ਮਿਲ਼ਦਾ ਹੈ। ਹਾਲਾਂਕਿ ਇਹ ਤਰੀਕਾ ਕਾਫ਼ੀ ਗੁੰਝਲਦਾਰ ਹੈ ਤੇ ਜਲਾਲ ਦੱਸਦੇ ਹਨ ਕਿ ਇਹਦੀ ਸਹੀ ਦਿਖ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਸਹੀ ਰੌਸ਼ਨੀ, ਪਰਛਾਵੇਂ ਤੇ ਮਿਡਟੋਨ ਵੱਲ ਉਚੇਚਾ ਧਿਆਨ ਦੇਣਾ ਪੈਂਦਾ ਹੈ।
ਇਸ ਸਾਈਨ-ਬੋਰਡ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਨੂੰ ਇੱਕ ਹੋਰ ਦਿਨ ਲੱਗੇਗਾ ਅਤੇ ਦੋ ਦਿਨਾਂ ਦੇ ਇਸ ਕੰਮ ਲਈ, ਉਹ 800-1,000 ਰੁਪਏ ਲੈਣਗੇ। ਜਲਾਲਉਦੀਨ ਹਰੇਕ ਵਰਗ ਫੁੱਟ ਬਦਲੇ 120-150 ਰੁਪਏ ਤੱਕ ਲੈਂਦੇ ਹਨ, ਇਹ ਵਾਜਬ ਰੇਟ ਹੈ। ਪਰ ਉਹ ਆਪਣੀ ਮਹੀਨੇ ਦੀ ਕਮਾਈ ਦਾ ਕੋਈ ਅੰਦਾਜ਼ਾ ਨਹੀਂ ਲਾ ਪਾਉਂਦੇ: "ਹਿਸਾਬ ਲਿਖੋਗੇ ਤੋ ਘਾਟਾ ਹੀ ਹੋਗਾ , ਇਸਲਈ ਬੇਹਿਸਾਬ ਰਹਿਤਾ ਹੂੰ। ''


ਖੱਬੇ : ਪੇਟਿੰਗ ਦੀ ਡਾਈਮੰਡ ਕਿਸਮ ਵਿੱਚ ਉਨ੍ਹਾਂ ਦੀ ਚੰਗੀ ਮੁਹਾਰਤ ਹੈ, ਜਿਸ ਵਿੱਚ 3D ਅੱਖਰਾਂ ਨੂੰ ਵੱਖਰੀ ਚਮਕ ਦੇ ਨਾਲ਼-ਨਾਲ਼ ਡਾਈਮੰਡ ਇਫ਼ੈਕਟ ਵੀ ਮਿਲ਼ਦਾ ਹੈ। ਸੱਜੇ : ' ਉਨ੍ਹਾਂ ਦੀ ਸ਼ੈਲੀ ਸਾਡੀਆਂ ਮੂਰਤੀਆਂ , ਮੰਦਰਾਂ ਅਤੇ ਲਿਖਤਾਂ ਵਿੱਚ ਪਾਈ ਜਾਣ ਵਾਲ਼ੀ ਸਜਾਵਟੀ ਅਤੇ ਪਰਤਦਾਰ ਭਾਰਤੀ ਵਿਜ਼ੂਅਲ ਭਾਸ਼ਾ ਦਾ ਪਰਤੋਅ ਜਾਪਦੀ ਹੈ, ' ਗ੍ਰਾਫ਼ਿਕ ਡਿਜ਼ਾਇਨ ਦੇ ਪ੍ਰੋਫ਼ੈਸਰ, ਤਰੁਣ ਦੀਪ ਗਿਰਧਰ ਕਹਿੰਦੇ ਹਨ


ਖੱਬੇ: ਅਹਿਮਦਾਬਾਦ ਦੇ ਮਾਨੇਕ ਚੌਕ ਵਿੱਚ ਇੱਕ ਡਿਜੀਟਲ ਪ੍ਰਿੰਟਿੰਗ ਦੀ ਦੁਕਾਨ ਲਈ ਹੱਥੀਂ ਪੇਂਟ ਕੀਤਾ ਸਾਈਨ-ਬੋਰਡ। ਡਿਜੀਟਲ ਪ੍ਰਿੰਟਿੰਗ ਦੁਕਾਨ ਦੇ ਮਾਲਕ , ਗੋਪਾਲਭਾਈ ਠੱਕਰ ਕਹਿੰਦੇ ਹਨ , ' ਹੱਥੀਂ ਬਣੇ ਅੱਖਰ ਤੇ ਚਿੰਨ੍ਹ ਜ਼ਿੰਦਗੀ ਭਰ ਚੱਲਦੇ ਹਨ , ਡਿਜੀਟਲ ਵਾਲ਼ੇ ਛੇਤੀ ਖਰਾਬ ਹੋ ਜਾਂਦੇ ਹਨ
ਜਲਾਲਉਦੀਨ ਦੇ ਤਿੰਨ ਬੱਚੇ ਹਨ- ਦੋ ਪੁੱਤ ਤੇ ਇੱਕ ਧੀ। ਉਨ੍ਹਾਂ ਦੇ ਵੱਡੇ ਬੇਟੇ ਨੇ ਸਾਈਨ-ਬੋਰਡ ਪੇਂਟ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਛੇਤੀ ਹੀ ਇਹ ਕੰਮ ਛੱਡ ਦਰਜੀ ਦੀ ਦੁਕਾਨ 'ਤੇ ਕੰਮ ਸ਼ੁਰੂ ਕਰ ਦਿੱਤਾ।
ਜਲਾਲਉਦੀਨ ਦੇ ਬੱਚਿਆਂ ਵਾਂਗਰ, ਕਈ ਨੌਜਾਵਨ ਇਸ ਕੰਮ ਨੂੰ ਛੱਡ ਰਹੇ ਹਨ। ਅੱਜ, ਹੱਥੀਂ ਬੋਰਡ ਪੇਂਟ ਕਰਨ ਦਾ ਚਲਨ ਦਮ ਤੋੜ ਰਿਹਾ ਹੈ। '' ਕੰਪਿਊਟਰ ਨੇ ਹਾਥ ਕਾਟ ਦੀਏ ਪੇਂਟਰ ਕੇ, '' ਆਸ਼ਿਕ ਹੁਸੈਨ ਕਹਿੰਦੇ ਹਨ, ਜਿਨ੍ਹਾਂ 35 ਸਾਲ ਪਹਿਲਾਂ ਸਾਈਨ-ਬੋਰਡ ਪੇਂਟ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਦੂਜੀ ਪੀੜ੍ਹੀ ਦੇ ਪੇਂਟਰ, ਧੀਰੂਬਾਈ ਅੰਦਾਜ਼ਾ ਲਾਉਂਦੇ ਹਨ ਕਿ ਅਹਿਮਦਾਬਾਦ ਅੰਦਰ ਸਾਈਨ-ਬੋਰਡ ਪੇਂਟ ਕਰਨ ਵਾਲ਼ੇ ਮਸਾਂ 50 ਕੁ ਲੋਕ ਹੀ ਬਚੇ ਹਨ।
ਫਲੈਕਸ 'ਤੇ ਡਿਜੀਟਲ ਪ੍ਰਿੰਟ ਵਿਆਪਕ ਤੌਰ 'ਤੇ ਉਪਲਬਧ ਹਨ ਅਤੇ ਹੁਣ ਸ਼ਾਇਦ ਹੀ ਕੋਈ ਹੋਵੇ ਜੋ ਹੱਥੀਂ ਪੇਂਟ ਕੀਤੇ ਬੋਰਡ ਚਾਹੁੰਦਾ ਹੋਵੇ। ਇਸ ਲਈ ਆਪਣੀ ਆਮਦਨੀ ਨੂੰ ਪੂਰਾ ਕਰਨ ਲਈ, ਪੇਂਟਰ, ਆਸ਼ਿਕ ਆਟੋਰਿਕਸ਼ਾ ਵੀ ਚਲਾਉਂਦੇ ਹਨ।
ਹੱਥੀਂ ਪੇਂਟ ਕੀਤੇ ਸਾਈਨ (ਅੱਖਰਾਂ/ਚਿੰਨ੍ਹਾਂ) ਦੀ ਅਹਿਮੀਅਤ ਨੂੰ ਸਮਝਣ ਵਾਲ਼ੇ ਗੋਪਾਲਭਾਈ ਠੱਕਰ ਜੋ ਖ਼ੁਦ ਡਿਜੀਟਲ ਪ੍ਰਿੰਟਿੰਗ ਦੁਕਾਨ ਦੇ ਮਾਲਕ ਹਨ ਤੇ ਆਸਾਨੀ ਨਾਲ਼ ਆਪਣੇ ਲਈ ਸਾਈਨ ਪ੍ਰਿੰਟ ਕਰ ਸਕਦੇ ਹਨ, ਦਾ ਕਹਿਣਾ ਹੈ ਕਿ ਭਾਵੇਂ ਹੱਥੀਂ ਪੇਂਟ ਕੀਤੇ ਸਾਈਨ ਮਹਿੰਗੇ ਹੀ ਕਿਉਂ ਨਾ ਪੈਣ, ਫਿਰ ਵੀ ਉਹ ਇਸੇ ਨੂੰ ਤਰਜੀਹ ਦਿੰਦੇ ਹਨ। "ਯੇ ਲਾਈਫਟਾਈਮ ਚਲਤਾ ਹੈ , ਵੋਹ ਨਹੀਂ ਚਲੇਗਾ। ''


ਖੱਬੇ: ਆਸ਼ਿਕ ਹੁਸੈਨ ਹੁਣ ਆਪਣੀ ਆਮਦਨੀ ਨੂੰ ਪੂਰਾ ਕਰਨ ਲਈ ਆਟੋਰਿਕਸ਼ਾ ਚਲਾਉਂਦੇ ਹਨ। ਸੱਜੇ: ਅਡਾਲਜ ਦੇ ਇੱਕ ਪ੍ਰਸਿੱਧ ਸਾਈਨ-ਬੋਰਡ ਪੇਂਟਰ, ਅਰਵਿੰਦਭਾਈ ਪਰਮਾਰ ਨੇ ਇੱਕ ਪਲੇਕਸੀ ਕਟਰ ਮਸ਼ੀਨ ਖਰੀਦੀ ਅਤੇ ਹੁਣ ਅੱਖਰ / ਸੰਕੇਤ ਛਾਪਦੇ ਹਨ


ਖੱਬੇ: 75 ਸਾਲਾ ਹੁਸੈਨਭਾਈ ਹਾਡਾ ਆਪਣੇ ਬੇਟੇ ਅਤੇ ਪੋਤੇ ਨਾਲ਼ ਆਪਣੀ ਡਿਜੀਟਲ ਫਲੈਕਸ ਅਤੇ ਸਟਿੱਕਰ ਪ੍ਰਿੰਟਿੰਗ ਦੀ ਦੁਕਾਨ ' ਤੇ। ਸੱਜੇ: ਵਲੀ ਮੁਹੰਮਦ ਮੀਰ ਕੁਰੈਸ਼ੀ ਡਿਜੀਟਲ ਚਿੰਨ੍ਹਾਂ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਹੱਥੀਂ ਪੇਂਟ ਕਰਨ ਦਾ ਕੰਮ ਕਦੇ ਹੀ ਮਿਲ਼ਦਾ ਹੈ
ਬਹੁਤ ਸਾਰੇ ਪੇਂਟਰਾਂ ਨੇ ਵੀ ਨਵੀਂ ਤਕਨਾਲੋਜੀ ਨੂੰ ਅਪਣਾਇਆ ਹੈ। ਅਰਵਿੰਦਭਾਈ ਪਰਮਾਰ 30 ਸਾਲਾਂ ਤੋਂ ਗਾਂਧੀਨਗਰ ਤੋਂ 10 ਕਿਲੋਮੀਟਰ ਦੂਰ ਅਡਾਲਜ ਵਿਖੇ ਸਾਈਨ-ਬੋਰਡ ਪੇਂਟ ਕਰਦੇ ਰਹੇ ਹਨ। ਸੱਤ ਸਾਲ ਪਹਿਲਾਂ ਉਨ੍ਹਾਂ ਨੇ ਇੱਕ ਪਲੇਕਸੀ ਕਟਰ ਮਸ਼ੀਨ ਖਰੀਦੀ ਸੀ ਜੋ ਸਟਿੱਕਰ ਪ੍ਰਿੰਟ ਕਰਦੀ ਹੈ। ਇਹ ਇੱਕ ਵੱਡਾ ਨਿਵੇਸ਼ ਸੀ, ਮਸ਼ੀਨ ਦੀ ਕੀਮਤ 25,000 ਰੁਪਏ ਅਤੇ ਕੰਪਿਊਟਰ ਦੀ ਕੀਮਤ 20,000 ਰੁਪਏ ਸੀ। ਕੰਪਿਊਟਰ ਚਲਾਉਣਾ ਉਨ੍ਹਾਂ ਨੇ ਆਪਣੇ ਦੋਸਤਾਂ ਤੋਂ ਸਿੱਖ ਲਿਆ ਸੀ।
ਮਸ਼ੀਨ ਰੇਡੀਅਮ ਪੇਪਰ 'ਤੇ ਹੀ ਸਟਿੱਕਰ ਅਤੇ ਵਰਣਮਾਲਾ ਕੱਟ ਲੈਂਦੀ ਹੈ, ਜੋ ਪੇਪਰ ਫਿਰ ਕਿਸੇ ਵੀ ਧਾਤੂ 'ਤੇ ਚਿਪਕ ਜਾਂਦਾ ਹੈ। ਪਰ ਅਰਵਿੰਦਭਾਈ ਕਹਿੰਦੇ ਹਨ ਕਿ ਉਹ ਹੱਥੀਂ ਪੇਂਟਿੰਗ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਕਦੇ ਕੰਪਿਊਟਰ ਤੇ ਕਦੇ ਮਸ਼ੀਨ ਕੁਝ ਨਾ ਕੁਝ ਟੁੱਟਦਾ ਰਹਿੰਦਾ ਹੈ ਅਤੇ ਸਾਨੂੰ ਉਨ੍ਹਾਂ ਦੀ ਮੁਰੰਮਤ ਕਰਦੇ ਰਹਿਣਾ ਪੈਂਦਾ ਹੈ।
ਸਾਈਨ-ਬੋਰਡ ਪੇਂਟਰ, ਵਲੀ ਮੁਹੰਮਦ ਮੀਰ ਕੁਰੈਸ਼ੀ (41) ਵੀ ਹੁਣ ਡਿਜੀਟਲ ਸਾਈਨ ਦਾ ਕੰਮ ਕਰਦੇ ਹਨ। ਕਦੇ-ਕਦਾਈਂ ਉਨ੍ਹਾਂ ਨੂੰ ਹੱਥੀਂ ਸਾਈਨ ਬੋਰਡ ਪੇਂਟ ਕਰਨ ਦਾ ਕੰਮ ਮਿਲ਼ਦਾ ਹੈ।
ਬਹੁਤ ਸਾਰੇ ਹੋਰ ਪੇਂਟਰਾਂ ਵਾਂਗ, ਵਲੀ ਦੇ ਗੁਰੂ ਵੀ ਹੁਸੈਨਭਾਈ ਹਾਡਾ ਹੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਕੰਮ ਸਿਖਾਇਆ। ਪਰ 75 ਸਾਲਾ ਇਸ ਬਜ਼ੁਰਗ ਪੇਂਟਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਪਣੇ ਬੱਚੇ ਇਸ ਕਲਾ ਬਾਰੇ ਕੁਝ ਨਹੀਂ ਜਾਣਦੇ। ਉਨ੍ਹਾਂ ਦੇ ਬੇਟੇ ਹਨੀਫ ਅਤੇ ਪੋਤੇ- ਹਾਜ਼ੀਰ ਅਤੇ ਆਮਿਰ ਗਾਂਧੀਨਗਰ ਦੇ ਸੈਕਟਰ 17 ਵਿੱਚ ਸਟਿੱਕਰ, ਸਾਈਨ ਅਤੇ ਫਲੈਕਸ ਡਿਜ਼ਾਈਨ ਦੀ ਆਪਣੀ ਦੁਕਾਨ ਚਲਾਉਂਦੇ ਹਨ।
'' ਔਰ ਲੋਗੋ ਕੋ ਕਰਨਾ ਚਾਹੀਏ, '' ਠੰਡਾ ਹਊਕਾ ਭਰਦਿਆਂ ਹੂਸੈਨਬਾਈ ਕਹਿੰਦੇ ਹਨ।
ਤਰਜਮਾ: ਕਮਲਜੀਤ ਕੌਰ