ਸੱਤ ਸਾਲਾ ਕਜਰੀ ਨੂੰ ਦੋ ਵਿਅਕਤੀਆਂ ਨੇ ਉਦੋਂ ਅਗਵਾ ਕੀਤਾ ਜਦੋਂ ਉਹ ਉੱਤਰ ਪ੍ਰਦੇਸ਼ ਦੇ ਲਖਨਊ ਵਿਖੇ ਆਪਣੇ ਕਿਰਾਏ ਦੇ ਘਰ ਦੇ ਮਗਰਲੇ ਵਿਹੜੇ ਵਿੱਚ ਆਪਣੀ ਭੂਆ ਦੇ ਤਿੰਨ ਸਾਲਾ ਮੁੰਡੇ (ਭਰਾ) ਨਾਲ਼ ਖੇਡ ਰਹੀ ਸੀ।
ਘਟਨਾ ਦੇ ਦਸ ਸਾਲ ਬਾਅਦ, ਦਸੰਬਰ 2020 ਵਿੱਚ, ਉਸ ਦਾ ਇੱਕ ਹੋਰ ਭਰਾ – ਬੈਂਕ ਏਜੰਟ– ਕੰਮ ਦੇ ਸਿਲਸਿਲੇ ਵਿੱਚ ਸ਼ਹਿਰ ਕਿਸੇ ਦੇ ਘਰ ਗਿਆ। ਉੱਥੇ ਉਹਦਾ ਧਿਆਨ ਫ਼ਰਸ਼ 'ਤੇ ਪੋਚਾ ਮਾਰਦੀ ਇੱਕ ਕੁੜੀ ਵੱਲ ਗਿਆ ਜੋ ਕਜਰੀ ਵਾਂਗ ਹੀ ਦਿਸ ਰਹੀ ਸੀ। ਫਿਰ ਉਹਨੇ ਲੜਕੀ ਨਾਲ਼ ਗੱਲ ਕੀਤੀ ਅਤੇ ਉਸ ਦੇ ਪਿਤਾ ਦਾ ਨਾਮ ਪੁੱਛਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਔਰਤ ਨੇ ਉਹਦੀ ਗੱਲ ਨੂੰ ਵਿਚਾਲਿਓਂ ਟੋਕ ਦਿੱਤਾ। ਇੱਕ ਵਾਰ ਤਾਂ ਕਜਰੀ ਦਾ ਉਹ ਰਿਸ਼ਤੇਦਾਰ ਘਰ ਪਰਤ ਆਇਆ ਅਤੇ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਅਤੇ ਲੜਕੀਆਂ ਦੀ ਮਦਦ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਲਖਨਊ ਵਿੱਚ ਸਥਾਪਤ ਵਨ-ਸਟਾਪ ਸੈਂਟਰ ਨੂੰ ਫ਼ੋਨ ਕੀਤਾ। ਕੁਝ ਘੰਟਿਆਂ ਦੇ ਅੰਦਰ ਮੋਹਨ ਲਾਲਗੰਜ ਥਾਣੇ ਅਤੇ ਵਨ ਸਟਾਪ ਨਾਲ਼ ਸਬੰਧਤ ਪੁਲਿਸ ਟੀਮ ਨੇ ਘਰ ਉਸ ਘਰ ਛਾਪਾ ਮਾਰਿਆ ਅਤੇ ਕਜਰੀ ਨੂੰ ਬਚਾ ਲਿਆ ਅਤੇ ਉਸ ਨੂੰ ਉਸਦੇ ਪਰਿਵਾਰ ਨਾਲ਼ ਮਿਲਾਇਆ।
ਇਸ ਸਮੇਂ 21 ਸਾਲਾ ਕਜਰੀ ਦੀ ਮਾਨਸਿਕ ਹਾਲਤ ਠੀਕ ਨਹੀਂ ਤੇ ਉਹਦੇ ਅਗਲੇ ਦੰਦ ਗਾਇਬ ਹਨ। ਤਸਕਰੀ, ਜਿਣਸੀ ਸ਼ੋਸ਼ਣ ਅਤੇ ਬਾਲ ਮਜ਼ਦੂਰੀ ਦੇ ਤਸੀਹਿਆਂ ਨੇ ਕਜਰੀ ਦੇ ਦਿਮਾਗ਼ ਵਿੱਚ 10 ਸਾਲ ਪੁਰਾਣੀਆਂ ਯਾਦਾਂ ਲਗਭਗ ਮਿਟਾ ਛੱਡੀਆਂ।

ਕਜਰੀ , ਉਸ ਵੇਲ਼ੇ ਸਿਰਫ਼ ਸੱਤ ਸਾਲਾਂ ਦੀ ਸੀ ਜਦੋਂ ਉਸਨੂੰ ਘਰੋਂ ਅਗਵਾ ਕਰ ਲਿਆ ਗਿਆ ਸੀ , ਤਸਕਰੀ ਕੀਤੀ ਗਈ ਸੀ , ਜਿਣਸੀ ਸ਼ੋਸ਼ਣ ਕੀਤਾ ਗਿਆ ਅਤੇ ਅਗਲੇ 10 ਸਾਲਾਂ ਤੱਕ ਨੌਕਰਾਣੀ ਬਣਾ ਕੇ ਰੱਖਿਆ ਗਿਆ
*****
"ਪਹਿਲਾਂ-ਪਹਿਲ ਮੈਂ ਸਿਰਫ਼ ਦੁਖੀ ਹੁੰਦਾ, ਪਰ ਹੁਣ ਮੈਂ ਡੂੰਘੀ ਨਿਰਾਸ਼ਾ ਤੇ ਨਾਉਮੀਦੀ ਨਾਲ਼ ਭਰਿਆ ਪਿਆ ਹਾਂ," ਕਜਰੀ ਦੇ 56 ਸਾਲਾ ਪਿਤਾ, ਧੀਰੇਂਦਰ ਸਿੰਘ ਕਹਿੰਦੇ ਹਨ। ਉਹ ਲਖਨਊ ਦੇ ਇੱਕ ਨਿੱਜੀ ਕਾਲਜ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਹਨ ਅਤੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਉਹ ਆਪਣੀ ਪਤਨੀ ਅਤੇ ਦੋ ਧੀਆਂ (ਸਣੇ ਕਜਰੀ) ਨਾਲ਼ ਰਹਿੰਦੇ ਹਨ।
"ਮੈਂ ਲਗਭਗ 15 ਸਾਲਾਂ ਤੋਂ ਲਖਨਊ ਦੀਆਂ ਵੱਖੋ-ਵੱਖ ਕੰਪਨੀਆਂ ਤੇ ਕਾਲਜਾਂ ਵਿੱਚ ਸੁਰੱਖਿਆ ਗਾਰਡ ਦਾ ਕੰਮ ਕਰ ਚੁੱਕਿਆ ਹਾਂ। ਪਰ 2021 ਤੋਂ ਹੀ ਮੈਂ ਇੱਕ ਥਾਂ ਟਿਕ ਕੇ ਨੌਕਰੀ ਨਾ ਕਰ ਸਕਿਆ। ਕਿਉਂਕਿ ਕਦੇ ਮੈਨੂੰ ਪੁਲਿਸ ਕੋਲ਼ ਆਪਣਾ ਬਿਆਨ ਦਰਜ ਕਰਾਉਣ ਅਤੇ ਕਦੇ ਕਜਰੀ ਦੀ ਕੋਈ ਨਾ ਕੋਈ ਜਾਂਚ ਵਾਸਤੇ ਆਏ ਦਿਨ ਛੁੱਟੀ ਦੀ ਲੋੜ ਰਹਿੰਦੀ ਹੀ ਰਹੀ। ਬਾਰ-ਬਾਰ ਛੁੱਟੀ ਮੰਗੇ ਜਾਣ 'ਤੇ ਮੈਨੂੰ ਕੰਮ ਤੋਂ ਜਵਾਬ ਹੁੰਦਾ ਹੀ ਰਹਿੰਦਾ। ਫਿਰ ਮੈਨੂੰ ਦੁਬਾਰਾ ਨਵੀਂ ਨੌਕਰੀ ਲੱਭਣੀ ਪੈਂਦੀ ਹੈ," ਧੀਰੇਂਦਰ ਕਹਿੰਦੇ ਹਨ।
ਧੀਰੇਂਦਰ ਮਹੀਨੇ ਦਾ 9,000 ਰੁਪਏ ਕਮਾਉਂਦੇ ਹਨ, ਇੰਨੇ ਪੈਸਿਆਂ ਨਾਲ਼ ਪਰਿਵਾਰ ਦੇ ਖਰਚੇ ਪੂਰੇ ਨਹੀਂ ਪੈਂਦੇ। "ਮੈਂ ਕਜਰੀ ਨੂੰ ਬਾਰ-ਬਾਰ ਲਖਨਊ ਨਹੀਂ ਲਿਜਾ ਸਕਦਾ ਕਿਉਂਕਿ ਨਾ ਤਾਂ ਮੈਂ ਉਹਦੀ ਸੁਰੱਖਿਆ ਖਤਰੇ ਵਿੱਚ ਪਾਉਣੀ ਚਾਹੁੰਦਾ ਤੇ ਨਾ ਹੀ ਮੈਂ ਬਾਰ-ਬਾਰ ਆਉਣ-ਜਾਣ ਦਾ ਖ਼ਰਚਾ ਹੀ ਪੂਰਾ ਕਰ ਸਕਦਾਂ,ਖ਼ਾਸ ਕਰਕੇ ਉਦੋਂ ਜਦੋਂ ਕੁਝ ਵੀ ਨਜ਼ਰ ਨਾ ਆਉਂਦਾ ਹੋਵੇ।''
ਕਜਰੀ ਦੇ ਲੱਭਣ ਦੇ ਸਾਢੇ ਤਿੰਨ ਸਾਲਾਂ ਬਾਅਦ ਵੀ ਨਿਆ ਲਈ ਇੰਨਾ ਭਟਕਣ ਦੇ ਬਾਵਜੂਦ ਉਨ੍ਹਾਂ ਦੇ ਹੱਥ ਵਿੱਚ ਕੁਝ ਨਹੀਂ ਆਇਆ। ਕਾਨੂੰਨੀ ਸਹਾਇਤਾ ਦਫ਼ਤਰ, ਮੋਹਨ ਲਾਲਗੰਜ ਥਾਣੇ ਅਤੇ ਕੈਸਰਬਾਗ ਜ਼ਿਲ੍ਹਾ ਅਦਾਲਤ ਦੇ ਇੰਨੇ ਗੇੜੇ ਮਾਰਨ ਦੇ ਬਾਵਜੂਦ ਵੀ ਅਜੇ ਤੱਕ ਮੈਜਿਸਟਰੇਟ ਦੇ ਸਾਹਮਣੇ ਕਜਰੀ ਦਾ ਬਿਆਨ ਤੱਕ ਦਰਜ ਨਹੀਂ ਕੀਤਾ ਗਿਆ, ਕਿਉਂਕਿ ਜੇ ਭਾਰਤੀ ਦੰਡਾਵਲੀ ਦੀ ਧਾਰਾ 164 ਦੀ ਗੱਲ ਕਰੀਏ ਤਾਂ ਇਸ ਅਨੁਸਾਰ ''ਅਦਾਲਤ ਪੁਲਿਸ ਤੋਂ 2020 ਦੀ ਐੱਫ਼ਆਈਆਰ ਮੰਗੇਗੀ'' ਉਸ ਵੇਲ਼ੇ ਦੀ, ਜਦੋਂ ਕਜਰੀ ਨੂੰ ਬਚਾਇਆ ਗਿਆ ਸੀ, ਧੀਰੇਂਦਰ ਬਿਆਨ ਕਰਦੇ ਹਨ।
ਕਜਰੀ ਦੇ ਮਾਮਲੇ ਵਿੱਚ ਸਿਰਫ਼ ਇੱਕੋ ਵਾਰ ਹੀ ਐੱਫ਼ਆਈਆਰ ਦਾਇਰ ਹੋਈ, ਉਹ ਵੀ ਉਹਦੇ ਲਾਪਤਾ ਹੋਣ ਦੇ ਦੋ ਦਿਨ ਬਾਅਦ, ਜੋ ਧੀਰੇਂਦਰ ਨੇ ਦਸੰਬਰ 2010 'ਚ ਭਾਰਤੀ ਦੰਡਾਵਲੀ ਦੀ ਧਾਰਾ 363 ਅਤੇ 364 ਤਹਿਤ ਦਰਜ ਕਰਵਾਈ ਸੀ। ਇਹ ਲਿਖਤੀ ਦਸਤਾਵੇਜ਼ ਹੈ ਜੋ ਸਮੇਂ ਦੇ ਨਾਲ਼ ਮਿਟਣਾ ਸ਼ੁਰੂ ਹੋ ਗਿਆ ਹੈ। 14 ਸਾਲ ਬਾਅਦ, ਇਹ ਹੁਣ ਪੜ੍ਹਿਆ ਵੀ ਨਹੀਂ ਜਾਂਦਾ। ਪੁਲਿਸ ਕੋਲ਼ 2010 ਦੀ ਇਸ ਐਫ਼ੱਆਈਆਰ ਦੀ ਡਿਜੀਟਲ ਜਾਂ ਡੁਪਲੀਕੇਟ ਕਾਪੀ ਵੀ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ 2020 (ਕਜਰੀ ਦੇ ਲੱਭਣ) ਦੀ ਫ਼ੌਲੋ ਐੱਫ਼ਆਈਆਰ ਦਰਜ ਕਰਨ ਵਾਸਤੇ ਵੀ ਉਸ ਪੁਰਾਣੀ ਐੱਫ਼ਆਈਆਰ ਦੀ ਲੋੜ ਹੈ।
ਕੁੱਲ ਮਿਲ਼ਾ ਕੇ ਕਿਹਾ ਜਾਵੇ ਕਿ ਮੌਜੂਦਾ ਸਮੇਂ ਅਦਾਲਤ ਨੂੰ ਜੋ '2020 ਐੱਫਆਈਆਰ' ਚਾਹੀਦੀ ਹੈ ਉਹ ਮੌਜੂਦ ਹੀ ਨਹੀਂ ਅਤੇ ਇਸੇ ਕਾਰਨ ਕਜਰੀ ਦਾ ਕੇਸ ਨਿਆਂ ਪ੍ਰਣਾਲੀ ਦੇ ਰਿਕਾਰਡ ਵਿੱਚ ਵੀ ਨਹੀਂ ਹੈ।


ਕਜਰੀ ਦੇ ਲੱਭਣ ਦੇ ਸਾਢੇ ਤਿੰਨ ਸਾਲਾਂ ਬਾਅਦ ਵੀ ਨਿਆ ਲਈ ਇੰਨੇ ਭਟਕਣ ਦੇ ਬਾਵਜੂਦ ਉਨ੍ਹਾਂ ਦੇ ਹੱਥ ਵਿੱਚ ਕੁਝ ਨਹੀਂ ਆਇਆ। ਕਾਨੂੰਨੀ ਸਹਾਇਤਾ ਦਫ਼ਤਰ , ਮੋਹਨ ਲਾਲਗੰਜ ਥਾਣੇ ਅਤੇ ਕੈਸਰਬਾਗ ਜ਼ਿਲ੍ਹਾ ਅਦਾਲਤ ਦੇ ਇੰਨੇ ਗੇੜੇ ਮਾਰਨ ਦੇ ਬਾਵਜੂਦ ਵੀ ਅਜੇ ਤੱਕ ਮੈਜਿਸਟਰੇਟ ਦੇ ਸਾਹਮਣੇ ਕਜਰੀ ਦਾ ਬਿਆਨ ਤੱਕ ਦਰਜ ਨਹੀਂ ਕੀਤਾ ਗਿਆ


ਖੱਬੇ: ਕਜਰੀ ਆਪਣੇ ਮਾਪਿਆਂ ਨਾਲ਼। ਸੱਜੇ: ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਉਨ੍ਹਾਂ ਦਾ ਘਰ
''ਜਿਸ ਵੇਲ਼ੇ ਕਜਰੀ ਨੂੰ ਬਚਾਇਆ ਗਿਆ ਸੀ, ਉਦੋਂ ਹੀ ਉਸ ਔਰਤ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਸੀ, ਜਿਸ ਦੇ ਘਰੋਂ ਉਹ ਮਿਲ਼ੀ ਸੀ। 2010 ਵਿੱਚ ਕਜਰੀ ਦੇ ਲਾਪਤਾ ਹੋਣ 'ਤੇ ਦਾਇਰ ਕੀਤੀ ਗਈ ਐੱਫਆਈਆਰ ਵਿੱਚ ਉਹਦੇ ਸਿਰਫ਼ ਅਗਵਾ ਕੀਤੇ ਜਾਣ ਦੇ ਦੋਸ਼ ਸਨ। ਪਰ ਜਦੋਂ ਉਸ ਨੂੰ ਬਚਾਇਆ ਗਿਆ, ਤਾਂ ਤਸਕਰੀ ਅਤੇ ਜਿਣਸੀ ਸ਼ੋਸ਼ਣ ਦੇ ਅਪਰਾਧਾਂ ਨਾਲ਼ ਸਬੰਧਤ ਆਈਪੀਸੀ ਦੀਆਂ ਗੰਭੀਰ ਧਾਰਾਵਾਂ ਦੀ ਵਰਤੋਂ ਕਰਦਿਆਂ ਐੱਫਆਈਆਰ ਦਰਜ ਕਰਨਾ ਬੇਹੱਦ ਮਹੱਤਵਪੂਰਨ ਸੀ," ਲਖਨਊ ਦੇ ਇੱਕ ਸੁਤੰਤਰ ਵਕੀਲ, ਅਪੂਰਵ ਸ਼੍ਰੀਵਾਸਤਵ ਕਹਿੰਦੇ ਹਨ, ਜੋ ਇਸ ਮਾਮਲੇ ਦੀ ਜਾਣਕਾਰੀ ਰੱਖਦੇ ਹਨ। ਉਨ੍ਹਾਂ ਕਿਹਾ,''ਪਹਿਲ ਦੇ ਅਧਾਰ 'ਤੇ ਕਜਰੀ ਦਾ ਬਿਆਨ ਪੁਲਿਸ ਅਤੇ ਮੈਜਿਸਟਰੇਟ ਦੇ ਸਾਹਮਣੇ ਦਰਜ ਕੀਤਾ ਜਾਣਾ ਚਾਹੀਦਾ ਸੀ ਜੋ ਅੱਜ ਤੱਕ ਨਹੀਂ ਹੋਇਆ।''
ਕਜਰੀ ਨੂੰ ਬਚਾਏ ਜਾਣ ਦੇ 48 ਘੰਟਿਆਂ ਦੇ ਅੰਦਰ ਹੀ ਸੀਆਰਪੀਸੀ ਦੀ ਧਾਰਾ 161 ਤਹਿਤ ਮੋਹਨ ਲਾਲਗੰਜ ਥਾਣੇ ਵਿੱਚ ਉਸ ਦਾ ਬਿਆਨ ਲਿਆ ਗਿਆ। ਲਖਨਊ ਦੇ ਦੋ ਹਸਪਤਾਲਾਂ ਵਿੱਚ ਉਸ ਦੀ ਡਾਕਟਰੀ ਜਾਂਚ ਕੀਤੀ ਗਈ। ਪਹਿਲੇ ਹਸਪਤਾਲ 'ਚ ਕਜਰੀ ਦੇ ਢਿੱਡ 'ਤੇ ਦਾਗ, ਹੇਠਲੇ ਜਬਾੜੇ ਤੋਂ ਗਾਇਬ ਦੰਦਾਂ ਅਤੇ ਸੱਜੀ ਛਾਤੀ 'ਤੇ ਕਾਲ਼ੇ ਨਿਸ਼ਾਨਾਂ ਦੀ ਜਾਂਚ ਹੋਈ। ਦੂਜੇ ਹਸਪਤਾਲ ਨੇ ਉਸ ਨੂੰ ਮਨੋਰੋਗ ਵਿਭਾਗ ਵਿੱਚ ਰੈਫਰ ਕਰ ਦਿੱਤਾ।
ਹਸਪਤਾਲ ਦੀ 2021 ਦੀ ਰਿਪੋਰਟ ਵਿੱਚ ਇਹ ਸਿੱਟਾ ਕੱਢਿਆ ਗਿਆ ਹੈ ਕਿ ਕਜਰੀ ਦਾ ਆਈਕਿਊ 50-55 ਹੈ ਅਤੇ ਉਸਦਾ "ਮਾਨਸਿਕ ਤਵਾਜਨ ਗੜਬੜ" ਹੈ, ਭਾਵ ਇਹ ਉਹਦੀ "50 ਪ੍ਰਤੀਸ਼ਤ ਅਪੰਗਤਾ" ਦਾ ਸੰਕੇਤ ਹੈ। ਕਜਰੀ ਨੂੰ ਤਸ਼ਖੀਸ ਤੋਂ ਬਾਅਦ ਸੱਤ ਦਿਨਾਂ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਉਸਦੀ ਮਾਨਸਿਕ ਬਿਮਾਰੀ ਲਈ ਕਾਊਂਸਲਿੰਗ ਅਤੇ ਇਲਾਜ ਦਿੱਤਾ ਗਿਆ ਸੀ। ''ਜਿਣਸੀ ਸ਼ੋਸ਼ਣ ਅਤੇ ਤਸਕਰੀ ਨਾਲ਼ ਜੁੜੇ ਮਾਮਲੇ 'ਚ ਇਹ ਸਰੀਰਕ ਲਾਭ ਨਾਕਾਫੀ ਹੈ। ਪੀੜਤ ਨੂੰ ਸਦਮੇ, ਅਪਰਾਧਬੋਧ ਅਤੇ ਬਾਅਦ ਦੇ ਅਸਰਾਤਾਂ 'ਚੋਂ ਨਿਕਲ਼ਣ ਵਾਲ਼ੇ ਤਣਾਅ ਵਿਕਾਰ ਦੇ ਲੱਛਣਾਂ ਤੋਂ ਉਭਰਣ ਲਈ ਨਿਰੰਤਰ ਮਨੋਵਿਗਿਆਨਕ ਇਲਾਜ ਅਤੇ ਮਨੋਵਿਗਿਆਨਕ ਸਲਾਹ-ਮਸ਼ਵਰਾ ਜ਼ਰੂਰੀ ਹੈ। ਬਾਈਕਾਟ (ਛੇਕੇ ਜਾਣ) ਤੇ ਕਲੰਕ ਦਾ ਮੁਕਾਬਲਾ ਕਰਨ ਲਈ ਸਮਾਜਿਕ ਏਕਤਾ ਨੂੰ ਯਕੀਨੀ ਬਣਾਉਣਾ ਵੀ ਮਹੱਤਵਪੂਰਨ ਹੈ,'' ਸ਼੍ਰੀਵਾਸਤਵ ਕਹਿੰਦੇ ਹਨ।
ਲੋੜੀਂਦੀ ਮਨੋ-ਸਮਾਜਿਕ ਸਹਾਇਤਾ ਨਾ ਮਿਲ਼ਣ ਤੇ ਨਾ ਹੀ ਸਮੇਂ ਸਿਰ ਹੋਈ ਐੱਫਆਈਆਰ ਕਾਰਨ 2010 ਅਤੇ 2020 ਦੇ ਵਿਚਕਾਰ ਕਜਰੀ ਦੇ ਜੀਵਨ ਨਾਲ਼ ਜੁੜੇ ਵੇਰਵੇ ਬਹੁਤ ਹੀ ਨਿਰਾਸ਼ਾਜਨਕ ਹੁੰਦੇ ਚਲੇ ਗਏ ਅਤੇ ਹਰ ਲੰਘਦੇ ਦਿਨ ਦੇ ਨਾਲ਼ ਧੁੰਦਲੇ ਵੀ।


ਕਜਰੀ ਦੇ ਸਰੀਰਕ ਸ਼ੋਸਣ ਦੌਰਾਨ ਜਿਸਮ ' ਤੇ ਪਏ ਨਿਸ਼ਾਨ
"ਦੋ ਆਦਮੀਆਂ ਨੇ ਮੈਨੂੰ ਚੁੱਕ ਲਿਆ ਅਤੇ ਮੇਰਾ ਮੂੰਹ ਬੰਦ ਕਰ ਦਿੱਤਾ। ਫਿਰ ਉਹ ਮੈਨੂੰ ਬੱਸ ਵਿੱਚ ਬਿਠਾ ਕੇ ਚਿਨਾਹਾਟ ਨਾਂ ਦੀ ਜਗ੍ਹਾ 'ਤੇ ਲੈ ਗਏ," ਭੋਜਪੁਰੀ ਅਤੇ ਹਿੰਦੀ ਦੋਵਾਂ ਵਿੱਚ ਗੱਲ ਕਰਦਿਆਂ ਕਜਰੀ ਕਹਿੰਦੀ ਹੈ। ਚਿਨਹਾਟ ਲਖਨਊ ਦਾ ਇੱਕ ਬਲਾਕ ਹੈ ਜਿੱਥੋਂ ਕਜਰੀ ਨੂੰ ਬਚਾਇਆ ਗਿਆ ਸੀ। ਜਿਸ ਘਰ ਵਿੱਚ ਉਸਨੂੰ ਬੰਦਕ ਬਣਾ ਕੇ ਰੱਖਿਆ ਗਿਆ ਸੀ, ਉੱਥੇ ਵੀ ਭੋਜਪੁਰੀ ਬੋਲੀ ਜਾਂਦੀ ਸੀ। ਉਹ ਗੱਲਬਾਤ ਦੌਰਾਨ ਅਕਸਰ ' ਨੰਗੇ ਗੋੜ ਰੱਖਤੇ ਥੇ ' ਸ਼ਬਦ ਦੁਹਰਾਉਂਦੀ ਸੀ, ਜਿਸਦਾ ਮਤਲਬ ਹੈ 'ਉਹ ਮੈਨੂੰ ਨੰਗੇ ਪੈਰੀਂ ਰੱਖਦੇ ਸਨ।'
ਘਰ ਦੀ ਪਹਿਲੀ ਮੰਜ਼ਿਲ 'ਤੇ ਰਹਿੰਦੇ ਤਿੰਨ ਮੈਂਬਰਾਂ ਵਿੱਚੋਂ ਕਜਰੀ ਨੂੰ ਰੇਖਾ ਨਾਂ ਦੀ ਔਰਤ ਚੇਤੇ ਹੈ। ਉਹਨੂੰ ਹੇਠਲੀ ਮੰਜ਼ਿਲ 'ਤੇ ਕਿਰਾਏ ਦੇ ਕਮਰਿਆਂ ਵਿੱਚ ਰਹਿੰਦੇ ਕਈ ਕਿਰਾਏਦਾਰ ਵੀ ਚੇਤੇ ਆਏ।
"ਉਹ ਮੈਨੂੰ ਦਿਨ ਵਿੱਚ ਦੋ ਰੋਟੀਆਂ ਹੀ ਦਿੰਦੇ। ਇੱਕ ਰੋਟੀ ਵੀ ਵੱਧ ਨਾ ਮਿਲ਼ਦੀ। ਮੈਂ ਹਮੇਸ਼ਾ ਨੰਗੇ ਪੈਰ ਰਹਿੰਦੀ। ਸਰਦੀਆਂ ਵਿੱਚ ਵੀ, ਉਹ ਮੈਨੂੰ ਕੰਬਲ ਜਾਂ ਚਾਦਰ ਤੱਕ ਨਾ ਦਿੰਦੇ। ਮੈਨੂੰ ਸਿਰਫ਼ ਫਟੇ-ਪੁਰਾਣੇ ਕੱਪੜੇ ਦਿੱਤੇ ਜਾਂਦੇ... ਜਦੋਂ ਮੈਨੂੰ ਮਹੀਨਾ (ਮਾਹਵਾਰੀ) ਆਉਂਦਾ ਸੀ ਤਾਂ ਰੇਖਾ ਮੈਨੂੰ ਗੰਦੇ ਕੱਪੜੇ ਦਿੰਦੀ ਸੀ। ਕਈ ਵਾਰ ਤਾਂ ਉਹ ਮੈਨੂੰ ਪੋਚਾ ਵਰਤਣ ਨੂੰ ਕਹਿ ਦਿੰਦੀ ਸੀ," ਕਜਰੀ ਕਹਿੰਦੀ ਹਨ।
ਉਹਨੂੰ ਉਹ ਦਿਨ ਚੇਤੇ ਆਉਂਦੇ ਹਨ ਜਦੋਂ ਉਹ ਹਮੇਸ਼ਾ ਹਿੰਸਾ ਅਤੇ ਡਰ ਦੇ ਪਰਛਾਵੇਂ ਹੇਠ ਘਰ ਦੇ ਕੰਮ ਜਿਵੇਂ ਝਾੜੂ-ਪੋਚਾ, ਕੱਪੜੇ ਧੋਣ,ਭਾਂਡੇ ਮਾਂਜਣ, ਖਾਣਾ ਪਕਾਉਣ, ਪਖਾਨੇ ਸਾਫ਼ ਕਰਨ ਜਿਹੇ ਕੰਮੇ ਲੱਗੀ ਰਹਿੰਦੀ। ਇੱਕ ਵਾਰ ਤਾਂ ਰੇਖਾ ਨੇ ਐਡੀ ਜ਼ੋਰ ਦੀ ਕਜਰੀ ਦੇ ਮੂੰਹ 'ਤੇ ਮੁੱਕਾ ਮਾਰਿਆ ਕਿ ਉਹਦੇ ਦੋ ਦੰਦ ਹੀ ਟੁੱਟ ਗਏ, ਕਾਰਨ ਕਿ ਖਾਣਾ ਸਵਾਦ ਨਹੀਂ ਬਣਿਆ ਸੀ।
"ਜਦੋਂ ਮੇਰੀ ਮਾਹਵਾਰੀ ਠੀਕ ਹੋ ਜਾਂਦੀ ਤਾਂ ਉਹ ਮੈਨੂੰ ਇੱਕ ਕਮਰੇ ਵਿੱਚ ਲੈ ਜਾਇਆ ਕਰਦੀ," ਫ਼ਰਸ਼ ਵੱਲ ਘੂਰਦਿਆਂ ਕਜਰੀ ਕਹਿੰਦੀ ਹੈ। ਘਰ ਵਿੱਚ ਰਹਿਣ ਵਾਲ਼ਾ ਇੱਕ ਬੰਦਾ "ਅੰਦਰੋਂ ਬੂਹਾ ਬੰਦ ਕਰ ਲੈਂਦਾ। ਮੇਰੇ ਕੱਪੜੇ ਲਾਹ ਕੇ ਮੇਰੇ ਉੱਤੇ ਲੇਟ ਜਾਂਦਾ ਤੇ ਫਿਰ ਜੋ ਉਹਦਾ ਮਨ ਕਰਦਾ ਕਰਨ ਲੱਗਦਾ। ਮੈਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਪਰ ਉਹ ਪੂਰਾ ਜ਼ੋਰ ਲਾ ਮੈਨੂੰ ਰੋਕਦਾ ਤੇ ਹਿੱਲਣ ਤੱਕ ਨਾ ਦਿੰਦਾ। ਕਈ ਵਾਰੀਂ ਉਹ ਹੋਰ ਕਿਰਾਏਦਾਰਾਂ ਨੂੰ ਵੀ ਬੁਲਾ ਲੈਂਦਾ ਅਤੇ ਮੈਨੂੰ ਉਨ੍ਹਾਂ ਦੇ ਹਵਾਲੇ ਕਰ ਦਿੰਦਾ। ਉਹ ਮੈਨੂੰ ਆਪਣੇ ਹੇਠਾਂ ਪੈਣ ਲਈ ਮਜ਼ਬੂਰ ਕਰਦੇ।''


ਖੱਬੇ: ਕਜਰੀ ਦੇ ਪੈਰਾਂ ਤੇ ਢਿੱਡ 'ਤੇ ਸੱਟਾਂ ਦੇ ਨਿਸ਼ਾਨ। ਸੱਜੇ: ਕਜਰੀ ਦੇ ਪਿਤਾ ਨੇ ਧੀ ਦੇ ਕੇਸ ਨਾਲ਼ ਜੁੜੇ ਦਸਤਾਵੇਜ਼ ਤੇ ਹਰ ਸੂਚਨਾ ਇਕੱਠੀ ਕਰਕੇ ਰੱਖੀ ਹੈ, ਇੰਨਾ ਹੀ ਨਹੀਂ ਅਲਮਾਰੀ ਵਿੱਚ ਬੜੀ ਸਾਂਭ ਕੇ
ਜਦੋਂ ਕਜਰੀ ਨੂੰ ਬਚਾਇਆ ਗਿਆ ਸੀ ਉਸ ਵੇਲ਼ੇ ਨੂੰ ਚੇਤੇ ਕਰਦਿਆਂ ਧੀਰੇਂਦਰ ਕਹਿੰਦੇ ਹਨ,"ਕਜਰੀ ਨੇ ਦੋਸ਼ ਲਾਇਆ ਸੀ ਕਿ ਘਰ ਦੇ ਕੰਮ ਕਰਨ ਬਦਲੇ ਤੇ ਬਾਰ-ਬਾਰ ਬਲਾਤਕਾਰ ਕਰਨ ਦੇਣ ਬਦਲੇ ਰੇਖਾ ਕਿਰਾਏਦਾਰਾਂ ਤੋਂ ਪੈਸੇ ਵਸੂਲਦੀ ਸੀ।''
ਕਜਰੀ ਦੇ ਪਿਤਾ ਹੁਣ ਥੱਕ ਗਏ ਹਨ। "ਅਸੀਂ ਜਨਵਰੀ 2021 ਤੋਂ ਭੱਜਨੱਸ ਰਹੇ ਹਾਂ," ਉਹ ਕਹਿੰਦੇ ਹਨ। ਇੱਥੇ 'ਅਸੀਂ' ਕਹਿਣ ਮਗਰ ਕਾਨੂੰਨੀ ਸਹਾਇਤਾ ਦੇਣ ਵਾਲ਼ੇ ਮੌਜੂਦ ਲੋਕ ਸ਼ਾਮਲ ਨਹੀਂ ਹਨ। ਲਖਨਊ ਸਥਿਤ ਗੈਰ-ਸਰਕਾਰੀ ਕਾਨੂੰਨੀ ਸਹਾਇਤਾ ਸੰਗਠਨ ਐਸੋਸੀਏਸ਼ਨ ਫਾਰ ਐਡਵੋਕੇਸੀ ਐਂਡ ਲੀਗਲ ਇਨੀਸ਼ੀਏਟਿਵਜ਼ ਟਰੱਸਟ (ਏਏਐਲਆਈ) ਨੇ 2020 ਵਿੱਚ ਵਨ-ਸਟਾਪ ਸੈਂਟਰ ਰਾਹੀਂ ਉਨ੍ਹਾਂ ਨਾਲ਼ ਸੰਪਰਕ ਕੀਤਾ ਸੀ। ਉਦੋਂ ਤੱਕ ਤਾਂ ਕਜਰੀ ਦੇ ਕੇਸ 'ਚ ਘੱਟੋ-ਘੱਟ ਚਾਰ ਵਕੀਲ ਬਦਲ ਚੁੱਕੇ ਸਨ।
ਏ.ਏ.ਐੱਲ.ਆਈ. ਦੇ ਮੌਜੂਦਾ ਵਕੀਲ ਨੇ ਧੀਰੇਂਦਰ ਨੂੰ ਇੱਕ ਨਵੀਂ ਸ਼ਿਕਾਇਤ ਦਾ ਖਰੜਾ ਭੇਜਿਆ ਹੈ, ਜਿਸ ਦੇ ਅਧਾਰ 'ਤੇ ਐੱਫਆਈਆਰ ਦਰਜ ਕੀਤੀ ਜਾ ਸਕਦੀ ਸੀ। ਜਦੋਂ ਕਜਰੀ ਦੇ ਪਿਤਾ ਨੇ ਕੁਝ ਗ਼ਲਤ ਤੱਥਾਂ ਵੱਲ ਇਸ਼ਾਰਾ ਕੀਤਾ ਤਾਂ ਵਕੀਲ ਭੜਕ ਗਿਆ ਤੇ ਬੱਸ ਉੱਥੇ ਹੀ ਕਾਰਵਾਈ ਰੁੱਕ ਜਿਹੀ ਗਈ। ਧੀਰੇਂਦਰ ਨੇ ਡਰਾਫਟ 'ਤੇ ਦਸਤਖ਼ਤ ਨਾ ਕੀਤੇ ਤੇ ਨਾ ਹੀ ਵਕੀਲ ਨੇ ਸੋਧੀ ਹੋਈ ਕਾਪੀ ਹੀ ਭੇਜੀ।
"ਜੇ ਕੋਈ ਫ਼ੋਨ ਵੀ ਗੁੰਮ ਹੋ ਜਾਵੇ ਤਾਂ ਉਹ ਦੁਨੀਆ ਉਲਟਾ ਦਿੰਦੇ ਨੇ, ਪਰ ਮੇਰੀ ਤਾਂ ਧੀ ਅਗਵਾ ਕੀਤੀ ਗਈ ਅਤੇ 10 ਸਾਲਾਂ ਤੱਕ ਗੁਲਾਮ ਬਣਾ ਕੇ ਰੱਖੀ ਗਈ ਸੀ। ਪਰ ਇੱਥੇ ਉਨ੍ਹਾਂ ਦੇ ਹੱਥ ਖੜ੍ਹੇ ਨੇ," ਹਿਰਖੇ ਮਨ ਨਾਲ਼ ਧੀਰੇਂਦਰ ਕਹਿੰਦੇ ਹਨ। 2010 ਤੋਂ ਕਜਰੀ ਕੇਸ ਲਈ ਉਨ੍ਹਾਂ ਨੇ ਜੋ ਵੀ ਜਾਣਕਾਰੀ ਇਕੱਠੀ ਕੀਤੀ ਹੈ- ਜਿਸ ਵਿੱਚ ਦਸਤਾਵੇਜ, ਲਿਫ਼ਾਫੇ ਤੇ ਤਸਵੀਰਾਂ ਸ਼ਾਮਲ ਨੇ, ਆਪਣੀ ਲੋਹੇ ਦੀ ਅਲਮਾਰੀ ਦੇ ਲਾਕਰ ਵਿੱਚ ਸਾਂਭ ਕੇ ਰੱਖੀ ਹੈ। ਇਹ ਨਿਆਂ ਦੀ ਲੜਾਈ ਪ੍ਰਤੀ ਉਨ੍ਹਾਂ ਦੇ ਦ੍ਰਿੜ ਸੰਕਲਪ ਦਾ ਸਬੂਤ ਹੈ।
ਇਹ ਕਹਾਣੀ ਭਾਰਤ ਵਿੱਚ ਜਿਣਸੀ ਅਤੇ ਲਿੰਗ-ਅਧਾਰਤ ਹਿੰਸਾ (ਐਸਜੀਬੀਵੀ) ਤੋਂ ਬਚੇ ਲੋਕਾਂ ਦੀ ਦੇਖਭਾਲ਼ ਲਈ ਸਮਾਜਿਕ , ਸੰਸਥਾਗਤ ਅਤੇ ਢਾਂਚਾਗਤ ਰੁਕਾਵਟਾਂ ' ਤੇ ਕੇਂਦ੍ਰਤ ਇੱਕ ਰਾਸ਼ਟਰਵਿਆਪੀ ਰਿਪੋਰਟਿੰਗ ਪ੍ਰੋਜੈਕਟ ਦਾ ਹਿੱਸਾ ਹੈ। ਇਹ ਡਾਕਟਰਜ਼ ਵਿਦਾਊਟ ਬਾਰਡਰਜ਼ ਭਾਰਤ ਦੁਆਰਾ ਸਮਰਥਿਤ ਪਹਿਲ ਦਾ ਹਿੱਸਾ ਹੈ।
ਜਿਊਂਦੇ ਬਚੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਦੇ ਨਾਮ ਉਨ੍ਹਾਂ ਦੀ ਪਛਾਣ ਨੂੰ ਸੁਰੱਖਿਅਤ ਰੱਖਣ ਦੇ ਲਿਹਾਜ਼ ਨਾਲ਼ ਬਦਲ ਦਿੱਤੇ ਗਏ ਹਨ।
ਤਰਜਮਾ: ਕਮਲਜੀਤ ਕੌਰ